ਸਾਕਾ ਚਮਕੌਰ ਸਾਹਿਬ

By December 25, 2015 0 Comments


ਮੁੱਢ-ਕਦੀਮ ਤੋਂ ਹੀ ਸੰਸਾਰ ਵਿਚ ਬਹੁਤ ਹੀ ਯੁੱਧ ਹੁੰਦੇ ਆਏ ਨੇ, ਪਰ ਚਮਕੌਰ ਸਾਹਿਬ ਦੀ ਧਰਤੀ ‘ਤੇ ਦਸੰਬਰ, 1704 ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲ ਹਕੂਮਤ ਵਿਚਕਾਰ ਹੋਏ ਵਿਲੱਖਣ ਯੁੱਧ ਵਰਗਾ ਕੋਈ ਹੋਰ ਯੁੱਧ ਇਤਿਹਾਸ ਵਿਚ ਪੜ੍ਹਨ-ਸੁਣਨ ਵਿਚ ਨਹੀਂ ਮਿਲਦਾ। ਆਮ ਤੌਰ ‘ਤੇ ਸੰਸਾਰ ਭਰ ਦੇ ਹੋਰ ਜੰਗਾਂ-ਯੁੱਧਾਂ ਦਾ ਮੂਲ ਕਾਰਨ ਇਹੋ ਮੰਨਿਆ ਜਾਂਦਾ ਰਿਹਾ ਹੈ-ਜ਼ਰ, ਜ਼ੋਰੂ ਤੇ ਜ਼ਮੀਨ। ਪਰ ਗੁਰੂ ਸਾਹਿਬਾਨ ਵੱਲੋਂ ਲੜੇ ਗਏ ਇਸ ਯੁੱਧ ਦਾ ਕਾਰਨ ਕਦਾਚਿੱਤ ਵੀ ਅਜਿਹਾ ਨਹੀਂ ਰਿਹਾ, ਸਗੋਂ ਗੌਰ ਨਾਲ ਝਾਤੀ ਮਾਰੀਏ ਤਾਂ ਸਤਿਗੁਰਾਂ ਨੇ ਸਦਾ ਹੀ ਹੱਕ-ਸੱਚ, ਮਨੁੱਖੀ ਕਦਰਾਂ-ਕੀਮਤਾਂ ਤੇ ਆਜ਼ਾਦੀ ਦੀ ਗੱਲ ‘ਤੇ ਹੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਜਬਰ-ਜ਼ੁਲਮ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਖਿਲਵਾੜ ਕਰਨ ਵਾਲੇ ਹਰੇਕ ਗੁਨਾਹਗਾਰ ਨੂੰ ਪਹਿਲਾਂ ਤਾਂ ਪਿਆਰ, ਵੀਚਾਰ ਅਤੇ ਸਦਾਚਾਰ ਨਾਲ ਸਮਝਾਉਣ ਦੀ ਪਹਿਲਕਦਮੀ ਕੀਤੀ, ਪਰ ਫਿਰ ਵੀ ਜਦੋਂ ਵਿਰੋਧੀ ਇਸ ਸਭ ਤੋਂ ਉਲਟ ਤਕਰਾਰ ਕਰਨ ਲੱਗੇ ਤਾਂ ਗੁਰੂ ਜੀ ਨੇ ਉਨ੍ਹਾਂ ਜ਼ਾਲਮਾਂ ਨੂੰ ਤਲਵਾਰ ਦੀ ਤੇਜ਼ ਧਾਰ ਦੇ ਨਾਲ ਸਮਝਾਇਆ।

saka chamkaur sahib (2)

‘ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥’
(ਜ਼ਫਰਨਾਮਾ ਵਿਚੋਂ)
ਆਓ ਸਿੱਖ ਇਤਿਹਾਸ ਵਿਚ ਸੰਨ 1704 ਵਿਚ ਪੋਹ ਮਹੀਨੇ ਦੀਆਂ ਕਕਰੀਲੀਆਂ ਰਾਤਾਂ ਦੇ ਉਨ੍ਹਾਂ ਪੰਨਿਆਂ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ, ਜਦੋਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਦਾ-ਸਦਾ ਲਈ ਅਲਵਿਦਾ ਕਹਿ ਕੇ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਦੇ ਤੇਜ਼ ਵਹਾਓ ਵਾਲੇ ਪਾਣੀ ‘ਚ ਸਾਰਾ ਸਿੱਖ ਪਰਿਵਾਰ ਖੇਰੂੰ-ਖੇਰੂੰ ਕਰਵਾ ਕੇ ਅਤੇ ਹੱਥ-ਲਿਖਤਾਂ ਦੇ ਵਡਮੁੱਲੇ ਖਜ਼ਾਨੇ ਸਮੇਤ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਕਰਵਾ ਕੇ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਹੋਰ 40 ਕੁ ਸਿੰਘਾਂ ਸਮੇਤ ਰੋਪੜ ਦੇ ਰਾਹ ਬੁੱਧੀ ਚੰਦ ਦੀ ਕੱਚੀ ਹਵੇਲੀ ਵਿਚ ਜਾ ਪਹੁੰਚੇ।

saka chamkaur

ਗੁਰੂ ਜੀ ਬੁੱਧੀ ਚੰਦ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਤੇ ਭਾਈ ਦਯਾ ਸਿੰਘ ਨੂੰ ਮਨ ਹੀ ਮਨ ਕੁਝ ਕਹਿ ਰਹੇ ਸਨ, ਜਿਸ ਬਾਰੇ ਕਵੀ ਅੱਲਾ ਯਾਰ ਖਾਂ ਜੋਗੀ ਨੇ ਇਉਂ ਵਰਨਣ ਕੀਤਾ ਹੈ :
‘ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ, ਯਿਹ ਵੁਹੀ ਹੈ।
ਕਲ ਲੁੱਟ ਕੇ ਜਿਸ ਜਗਹ ਸੇ ਜਾਨਾ, ਯਿਹ ਵੁਹੀ ਹੈ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ, ਯਿਹ ਵੁਹੀ ਹੈ।
ਮੱਟੀ ਕਹਿ ਦੇਤੀ ਹੈ ਠਿਕਾਨਾ, ਯਿਹ ਵੁਹੀ ਹੈ।’ (ਗੰਜਿ ਸ਼ਹੀਦਾਂ)
ਰਾਤ ਦਾ ਪਸਾਰਾ ਹੋ ਚੁੱਕਾ ਸੀ। ਸਿਆਣਿਆਂ ਦਾ ਕਥਨ ਹੈ ਕਿ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਨੀਂਦ ਉੱਡ ਜਾਂਦੀ ਹੈ। ਪਰ ਥੱਕੇ-ਟੁੱਟੇ ਸਿੰਘ ਜਿਵੇਂ ਵੀ ਸਨ, ਇਹ ਸਭ ਜਾਣਦੇ ਹੋਏ ਵੀ ਕਿ ਸਵੇਰੇ ਕੀ ਭਾਣਾ ਵਰਤਣਾ ਹੈ, ਪਾਤਸ਼ਾਹ ਕੱਲ੍ਹ ਸਵੇਰੇ ਹੋਣ ਵਾਲੀ ਜੰਗ ਦੀ ਸਾਰ ਜਾਣਦੇ ਹਨ ਕਿ ਸ਼ਾਇਦ ਕੱਲ੍ਹ ਨੂੰ ਇਹ ਸਾਰੇ ਪਿਆਰੇ ਸਿੰਘ ਧਰਮ ਦੀ ਖਾਤਰ ਸ਼ਹੀਦੀਆਂ ਪਾ ਜਾਣਗੇ। ਫਿਰ ਪਾਤਸ਼ਾਹ ਉੱਠ ਕੇ ਆਪਣੇ-ਆਪ ਹੀ ਹਵੇਲੀ ਦੀਆਂ ਚੌਹਾਂ ਬਾਹੀਆਂ ਵੱਲ ਘੁੰਮ ਕੇ ਅਗਲੇ ਦਿਨ ਹੋਣ ਵਾਲੀ ਜੰਗ ਦੇ ਮੁਕਾਬਲੇ ਲਈ ਸਰਵੇਖਣ ਕਰਦੇ ਹਨ।
ਦਿਨ ਦਾ ਚੜ੍ਹਾਅ ਹੋਇਆ। ਦੁਸ਼ਮਣਾਂ ਦੀ ਫੌਜ ਹਵੇਲੀ ਨੂੰ ਘੇਰਾ ਪਾਈ ਹਮਲਾ ਕਰਨ ਲਈ ਤਿਆਰ ਖੜ੍ਹੀ ਸੀ। ਕਵੀ ਜੋਗੀ ਜੀ ਲਿਖਦੇ ਹਨ :
‘ਅ ਅਦਾ ਕੀ ਫੌਜ ਕੇ ਨਾ ਸ਼ੁਮਾਰੋ-ਹਿਸਾਬ ਥੇ।
ਸਰਦਾਰਿ-ਫ਼ੌਜ ਏਕ ਨਹੀਂ ਦੋ ਨਵਾਬ ਥੇ।
ਰਾਜੇ ਕਈ ਪਹਾੜ ਕੇ ਭੀ ਹਮ-ਰਕਾਬ ਥੇ।’

ਦੁਸ਼ਮਣ ਦੀ ਫ਼ੌਜ ਦਾ ਵਿਸ਼ਾਲ ਘੇਰਾ ਵੇਖ ਕੇ ਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ-‘ਮੇਰੇ ਪਿਆਰਿਓ, ਅੱਜ ਸਿੱਖੀ ਦਾ saka chamkaur sahib (1)ਇਮਤਿਹਾਨ ਹੈ। ਅੱਜ ਦੀ ਜੰਗ ਵਿਚ ਤੁਸੀਂ ਸਿੱਧ ਕਰਨਾ ਹੈ ਕਿ ਇਕੱਲਾ-ਇਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੈ। ਮਾਲਕ ਅੱਗੇ ਅਰਦਾਸ ਕਰੀਏ ਕਿ ਅਸੀਂ ਸਾਰੇ ਏਸ ਇਮਤਿਹਾਨ ਦੀ ਘੜੀ ‘ਚ ਪੂਰੇ ਉਤਰੀਏ।’ ਤੇ ਫਿਰ ਸਤਿਗੁਰਾਂ ਨੇ ਵਿਉਂਤ ਅਨੁਸਾਰ ਹਵੇਲੀ ਦੀਆਂ ਚੌਹਾਂ ਬਾਹੀਆਂ ‘ਤੇ 8-8 ਸਿੰਘਾਂ ਨੂੰ ਮੋਰਚੇ ‘ਤੇ ਬਿਠਾ ਦਿੱਤਾ, ਹੋਰ ਦੋ ਹਵੇਲੀ ਦੇ ਮੁੱਖ ਦੁਆਰ ‘ਤੇ ਅਤੇ ਦੋ ਹੋਰ ਹਵੇਲੀ ਦੇ ਵਿਹੜੇ ਵਿਚ ਪਹਿਰਾ ਦੇਣ ਲਈ ਲਾ ਦਿੱਤੇ। ਸਤਿਗੁਰੂ ਜੀ ਆਪ ਭਾਈ ਦਯਾ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਸਮੇਤ ਦੋਵੇਂ ਸਹਿਬਜ਼ਾਦਿਆਂ ਹਵੇਲੀ ਦੀ ਛੱਤ ਉੱਪਰ ਡਟ ਗਏ। ਹਵੇਲੀ ਵੱਲ ਵਧਦੇ ਦੁਸ਼ਮਣਾਂ ਨੂੰ ਰੋਕਣ ਲਈ ਗੁਰੂ ਜੀ ਨੇ ਤੀਰਾਂ ਦੀ ਬੌਛਾੜ ਕੀਤੀ।
ਮੁਗਲ ਸਰਦਾਰ ਨਾਹਰ ਖਾਂ ਕੰਧ ਦੀ ਓਟ ਲੈ ਕੇ ਹਵੇਲੀ ਦੀ ਕੰਧ ਚੜ੍ਹਨ ਲੱਗਾ ਤਾਂ ਸਤਿਗੁਰਾਂ ਦੇ ਇਕੋ ਤੀਰ ਦੀ ਬਖਸ਼ਿਸ਼ ਨਾਲ ਉਹ ਥਾਏਂ ਢੇਰੀ ਹੋ ਗਿਆ। ਮੁਗਲ ਸੈਨਾ ਤਾਂ ਇਕ ਵਾਰ ਠਠੰਬਰ ਗਈ ਤੇ ਪਿੱਛੇ ਨੂੰ ਭੱਜਣ ਲੱਗੀ। ਉਂਜ ਵੀ ਹਵੇਲੀ ਦੀ ਛੱਤ ਤੋਂ ਹੋ ਰਹੀ ਤੀਰਾਂ ਤੇ ਗੋਲੀਆਂ ਦੀ ਬੌਛਾੜ ਨਾਲ ਹਵੇਲੀ ਦੇ ਬਾਹਰ ਮੁਗਲ ਸਿਪਾਹੀਆਂ ਦੀਆਂ ਲੋਥਾਂ ਦੇ ਢੇਰ ਲੱਗ ਰਹੇ ਸਨ। ਆਪਣੀਆਂ ਫੌਜਾਂ ਦਾ ਭਾਰੀ ਨੁਕਸਾਨ ਹੁੰਦਾ ਵੇਖ ਕੇ ਮੁਗਲ ਜਰਨੈਲਾਂ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਇਕੋ ਵੇਲੇ ਹਮਲਾ ਕਰਕੇ ਹਵੇਲੀ ਦਾ ਦਰਵਾਜ਼ਾ ਤੋੜ ਦਿਓ। ਹਵੇਲੀ ਦੇ ਦਰਵਾਜ਼ੇ ‘ਤੇ ਖੜ੍ਹੇ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਨੇ ਬੜੀ ਹੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਕਈ ਮੁਗਲ ਜਰਨੈਲਾਂ ਨੂੰ ਪਾਰ ਬੁਲਾਉਂਦੇ ਹੋਏ ਆਪ ਵੀ ਸ਼ਹੀਦੀਆਂ ਪਾ ਗਏ। ਹੁਣ ਭਾਈ ਸ਼ੇਰ ਸਿੰਘ ਅਤੇ ਭਾਈ ਨਾਹਰ ਸਿੰਘ ਦਰਵਾਜ਼ੇ ‘ਤੇ ਪਹਿਰੇਦਾਰ ਆ ਖਲੋਤੇ। ਮੁਗਲ ਫੌਜ ਦਾ ਘੇਰਾ ਤੰਗ ਹੁੰਦਾ ਵੇਖ ਕੇ ਸਿੰਘਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ-‘ਪਾਤਸ਼ਾਹ ਜੀਓ! ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ‘ਚੋਂ ਨਿਕਲ ਜਾਓ।’ ਪਰ ਧੰਨ ਗੁਰੂ ਗੋਬਿੰਦ ਸਿੰਘ ਮੁਸਕਰਾਅ ਕੇ ਕਹਿਣ ਲੱਗੇ-‘ਭੋਲਿਓ! ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਪਏ ਕਰਦੇ ਓ? ਤੁਸੀਂ ਸਾਰੇ ਸਿੱਖ ਮੇਰੇ ਸਪੁੱਤਰ ਹੋ।’

ਹੁਣ ਤੱਕ ਬਹੁਤ ਸਾਰੇ ਸਿੰਘ ਆਹਮੋ-ਸਾਹਮਣੀ ਲੜਾਈ ‘ਚ ਸ਼ਹੀਦੀਆਂ ਪਾ ਚੁੱਕੇ ਸਨ। ਇਹ ਵੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਕੋਲ ਆ ਕੇ ਬੇਨਤੀ ਕੀਤੀ-‘ਪਿਤਾ ਜੀ, ਮੈਨੂੰ ਵੀ ਆਗਿਆ ਦਿਓ… ਮੈਂ ਵੀ ਰਣ ਵਿਚ ਜਾ ਕੇ ਵੈਰੀਆਂ ਦੇ ਆਹੂ ਲਾਹਵਾਂ।’ ਗੁਰੂ ਜੀ ਨੇ ਅਜੀਤ ਸਿੰਘ ਦਾ ਮੱਥਾ ਚੁੰਮਿਆ, ਫਿਰ ਛਾਤੀ ਨਾਲ ਲਾਇਆ ਅਤੇ ਹਥਿਆਰਬੰਦ ਕਰਕੇ ਰਣ ਵਿਚ ਜਾਣ ਦੀ ਆਗਿਆ ਦਿੱਤੀ। ਪੰਜ ਸਿੰਘਾਂ ਦੇ ਜਥੇ ਸਮੇਤ ਬਾਬਾ ਅਜੀਤ ਸਿੰਘ ਨੇ ਦੁਸ਼ਮਣਾਂ ਦੇ ਐਸੇ ਆਹੂ ਲਾਹੇ ਕਿ ਮੁਗਲ ਫੌਜਾਂ ਅਲੀ-ਅਲੀ ਕਰਦੀਆਂ ਪਿਛਾਂਹ ਨੂੰ ਭੱਜੀਆਂ। ਆਖਰ ਮੁਗਲ ਫੌਜਾਂ ਦੇ ਇਕ ਵੱਡੇ ਕਾਫਲੇ ਨੇ ਸਾਹਿਬਜ਼ਾਦੇ ਨੂੰ ਘੇਰ ਲਿਆ ਤੇ ਉਹ ਮੈਦਾਨੇ-ਜੰਗ ‘ਚ ਸ਼ਹਾਦਤ ਪ੍ਰਾਪਤ ਕਰ ਗਏ। ਸਾਹਿਬਜ਼ਾਦੇ ਨੂੰ ਸ਼ਹਾਦਤ ਪ੍ਰਾਪਤ ਕਰਦਿਆਂ ਵੇਖ ਮੇਰੇ ਪਾਤਸ਼ਾਹ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ-‘ਹੇ ਮਾਲਕ ਤੇਰਾ ਸ਼ੁਕਰ ਹੈ, ਜੋ ਅਜੀਤ ਸਿੰਘ ਨੇ ਧਰਮ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ ਹੈ।’
ਦੂਸਰੇ ਪਾਸੇ ਵੱਡੇ ਵੀਰ ਦੀ ਸ਼ਹਾਦਤ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਗੁਰੂ ਜੀ ਪਾਸ ਆ ਕੇ ਬੇਨਤੀ ਕਰਨ ਲੱਗੇ-‘ਪਿਤਾ ਜੀਓ, ਮੈਨੂੰ ਵੀ ਜੰਗ ਦੇ ਮੈਦਾਨ ‘ਚ ਜੂਝਣ ਦੀ ਆਗਿਆ ਦਿਓ। ਮੈਂ ਵੀ ਵੱਡੇ ਵੀਰ ਵਾਂਗ ਸ਼ਹੀਦੀ ਜਾਮ ਪੀਣਾ ਚਾਹੁੰਦਾ ਹਾਂ। ਮੈਂ ਵਾਅਦਾ ਕਰਦਾ ਹਾਂ ਕਿ ਦਾਦਾ ਜੀ ਤੇ ਪੜਦਾਦਾ ਜੀ ਦੇ ਨਾਂਅ ਨੂੰ ਲਾਜ ਨਹੀਂ ਲੱਗਣ ਦੇਵਾਂਗਾ।’ ਬਾਬਾ ਜੁਝਾਰ ਸਿੰਘ ਦਾ ਜਜ਼ਬਾ ਵੇਖ ਕੇ ਸਤਿਗੁਰੂ ਜੀ ਦੋਵੇਂ ਹੱਥ ਜੋੜ ਕੇ ਮਾਲਕ ਅੱਗੇ ਜੋਦੜੀ ਕਰਦੇ ਹੋਏ ਵੈਰਾਗ ਵਿਚ ਬੇਨਤੀ ਕਰਨ ਲੱਗੇ-‘ਹੇ ਮਾਲਕ, ਮੈਂ ਇਸੇ ਸਮੇਂ ਦੀ ਉਡੀਕ ਵਿਚ ਸਾਂ ਕਿ ਸ਼ਹੀਦ ਪਿਤਾ ਦਾ ਪੁੱਤਰ ਹੋਣ ਦੇ ਨਾਲ-ਨਾਲ ਮੈਂ ਸ਼ਹੀਦ ਪੁੱਤਰਾਂ ਦਾ ਪਿਤਾ ਅਖਵਾਉਣ ਦਾ ਮਾਣ ਹਾਸਲ ਕਰ ਸਕਾਂ।’ ਬਾਬਾ ਜੁਝਾਰ ਸਿੰਘ ਨੂੰ ਵੀ ਪਿਤਾ ਗੁਰੂ ਨੇ ਹੱਥੀਂ ਤਿਆਰ ਕਰਕੇ ਜੰਗ ਦੇ ਮੈਦਾਨ ਨੂੰ ਤੋਰਿਆ ਅਤੇ ਉਹ ਵੀ ਵੱਡੇ ਵੀਰ ਵਾਂਗ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ।
ਦੁਨੀਆ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਐਸਾ ਪਿਤਾ ਹੋਵੇਗਾ, ਜਿਸ ਨੇ ਆਪਣੇ ਹੱਥੀਂ ਤਿਆਰ ਕਰਕੇ ਆਪਣੇ ਪੁੱਤਰਾਂ ਨੂੰ ਸ਼ਹਾਦਤ ਦੇ ਜਾਮ ਪੀਣ ਲਈ ਜੰਗ ਦੇ ਮੈਦਾਨ ਵੱਲ ਤੋਰਿਆ ਹੋਵੇ। ਵੇਖਣ ਵਿਚ ਤਾਂ ਇਹੋ ਹੀ ਆਉਂਦਾ ਰਿਹਾ ਹੈ ਕਿ ਆਪਣੇ ਪੁੱਤਰਾਂ ਨੂੰ ਰਾਜ-ਭਾਗ ‘ਤੇ ਬਿਠਾਉਣ ਲਈ ਦੂਸਰਿਆਂ ਦੇ ਪੁੱਤਰਾਂ ਨੂੰ ਜੰਗ ਵੱਲ ਧਕੇਲਿਆ ਜਾਂਦਾ ਰਿਹਾ।
ਪੰਜਾਂ ਵਿਚੋਂ ਤਿੰਨ ਪਿਆਰੇ ਤੇ ਦੋ ਵੱਡੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਹੁਣ ਮੇਰੇ ਦਾਤਾਰ ਪਿਤਾ ਜੀ ਆਪ ਜੰਗ ਦੇ ਮੈਦਾਨ ਵਿਚ ਸ਼ਹੀਦੀ ਪਾਉਣ ਲਈ ਜਾਣ ਲੱਗੇ ਤਾਂ ਸਿੰਘਾਂ ਨੇ ਖਾਲਸਾ ਪੰਥ ਦਾ ਹੁਕਮ ਦੇ ਕੇ ਉਨ੍ਹਾਂ ਨੂੰ ਰੋਕ ਲਿਆ। ਖਾਲਸਾ-ਪੰਥ ਦੇ ਹੁਕਮ ਦੀ ਤਾਮੀਲ ਕਰਦਿਆਂ ਸਤਿਗੁਰੂ ਆਪਣੇ ਹਮਉਮਰ ਤੇ ਹਮਸ਼ਕਲ ਭਾਈ ਸੰਗਤ ਸਿੰਘ ਦੇ ਸਿਰ ‘ਤੇ ਕਲਗੀ-ਤੋੜਾ ਸਜਾਅ ਕੇ ਭਾਈ ਦਯਾ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਚਮਕੌਰ ਦੀ ਗੜ੍ਹੀ ‘ਚੋਂ ਨਿਕਲ ਗਏ।
ਧੰਨ ਹਨ ਉਹ ਸੂਰਮੇ ਜੋ ਧਰਮ ਦੀ ਖਾਤਰ ਸ਼ਹਾਦਤਾਂ ਪਾ ਕੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਇਤਿਹਾਸ ਦੇ ਪੰਨਿਆਂ ‘ਤੇ ਰਹਿੰਦੀ ਦੁਨੀਆ ਤੱਕ ਪੱਕਿਆਂ ਕਰ ਗਏ। ਦੁਨੀਆ ਦੇ ਨਕਸ਼ੇ ‘ਤੇ ਕੋਈ ਅਜਿਹਾ ਪਵਿੱਤਰ ਅਸਥਾਨ ਨਹੀਂ ਹੋਵੇਗਾ, ਜਿਥੇ ਕਿਸੇ ਬਾਪ ਨੇ ਧਰਮ ਦੀ ਖਾਤਰ ਆਪਣੇ ਬੇਟੇ ਕੁਰਬਾਨ ਕਰ ਦਿੱਤੇ ਹੋਣ।
‘ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।’
ਦਿਲਜੀਤ ਸਿੰਘ
-ਮਹਿਤਾ ਚੌਕ, ਅੰਮ੍ਰਿਤਸਰ।
E-mail : wmunch09@gmail.com

Posted in: ਸਾਹਿਤ