ਪ੍ਰਗਟ ਭਏ ਗੁਰੂੂ ਤੇਗ਼ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ

By December 21, 2015 0 Comments


ਮਨਜੀਤ ਸਿੰਘ ਕਲਕੱਤਾ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਿਸ਼ਵ ਇਤਿਹਾਸ ਵਿੱਚ ਲਾਸਾਨੀ ਹੈ। ਕਿਸੇ ਹੋਰ ਧਰਮ ਦੇ ਵਿਸ਼ਵਾਸਾਂ, ਅਕੀਦਿਆਂ ਅਤੇ ਧਾਰਮਿਕ guru teg bhadar jiਚਿੰਨ੍ਹਾਂ (ਤਿਲਕ-ਜੰਜੂ) ਜਿਨ੍ਹਾਂ ’ਤੇ ਨਾ ਗੁਰੂ ਜੀ ਅਕੀਦਤ ਰੱਖਦੇ ਸਨ ਤੇ ਨਾ ਹੀ ਆਪ ੳੁਨ੍ਹਾਂ ਦੇ ਧਾਰਨੀ ਸਨ, ਦੀ ਰਾਖੀ ਲੲੀ ੳੁਨ੍ਹਾਂ ਨੇ ਕੁਰਬਾਨੀ ਦੇ ਦਿੱਤੀ। ਜਦੋਂ ਬਾਦਸ਼ਾਹ ਅੌਰੰਗਜ਼ੇਬ ਨੇ ਫ਼ਿਰਕੂ ਰਾਜ ਦੀ ਜਾਬਰ ਤਾਕਤ ਨਾਲ ਸਨਾਤਨ ਧਰਮ ਨੂੰ ਖ਼ਤਮ ਕਰਨਾ ਚਾਹਿਆ ਤਾ ਨੌਵੇਂ ਪਾਤਸ਼ਾਹ ਨੇ ਧਰਮ ਹੇਤ ਸੀਸ ਦੇ ਕੇ ਧਰਮ ਦੀ ਆਜ਼ਾਦੀ ਲਈ ਇਸ ਯੁੱਗ ਦਾ ਸੱਭ ਤੋਂ ਵੱਡਾ ਤੇ ਨਿਆਰਾ ਸਾਕਾ ਕਰ ਕੇ ਇਤਿਹਾਸ ਰਚਿਆ। ‘ਤਿਲਕ ਜੰਜੂ’, ‘ਧਰਮ ਹੇਤ ਸਾਕਾ’ ਦੇ ਸਾਡੇ ਮੁਲਕ ਨੇ ਬਹੁਤ ਸੰਕੀਰਨ ਅਰਥ ਕੱਢੇ ਹਨ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਰਫ਼ ਇੱਕ ਧਰਮ ਨਾਲ ਜੋੜਨਾ ਅਤੇ ਇੱਕ ਦੇਸ਼ (ਹਿੰਦ) ਦੀ ਚਾਦਰ ਕਹਿਣਾ, ਇਸ ਸ਼ਹਾਦਤ ਦੀ ਵਿਸ਼ਵ ਵਿਆਪਕਤਾ ਨੂੰ ਸੀਮਤ ਕਰਨਾ ਹੈ।
ਇਸ ਸ਼ਹੀਦੀ ਸਾਕੇ ਦਾ ਸਰੂਪ, ਸਿਧਾਂਤ ਅਤੇ ਪ੍ਰਸੰਗ ਅਲੌਕਿਕ ਤੇ ਬੇਮਿਸਾਲ ਹੈ। ਇਸ ਸ਼ਹੀਦੀ ਸਾਕੇ ਦਾ ਤਤਕਾਲੀ ਕਾਰਨ ਭਾਵੇਂ (ਤਿਲਕ, ਜੰਜੂ) ਬਣੇ ਪਰ ਇਸ ਦੇ ਦੀਰਘ ਅਰਥ ਇੱਕ ਵਿਸ਼ੇਸ਼ ਧਰਮ ਦੀ ਰਾਖੀ ਹੀ ਨਹੀਂ ਸਗੋਂ ਧਰਮ ਦੀ ਅਾਜ਼ਾਦੀ ਕਾਇਮ ਕਰਨਾ ਹੈ। ਧਰਮ ਹੇਤ ਦਾ ਅਰਥ ‘ਮਜ਼ਹਬ ਤੁਮ ਕੋ ਤੁਮ੍ਹਾਰਾ ਖ਼ੂਬ, ਹਮਕੋ ਹਮਾਰਾ ਖ਼ੂਬ” ਹੈ। ਇਹ ਪੂਰੇ ਵਿਸ਼ਵ ਦੀ ਧਰਮ ਸੰਸਥਾ ਲਈ ਹੈ, ਭਾਵੇਂ ਕਿਸੇ ਵੀ ਦੇਸ਼ ਵਿੱਚ, ਕੋਈ ਵੀ ਧਰਮ ਹੈ, ੳੁਸ ਨੂੰ ਆਪਣੀ ਹਸਤੀ ਕਾਇਮ ਰੱਖਣ, ਵਿਕਾਸ ਅਤੇ ਵਿਗਾਸ ਦਾ ਰੱਬੀ ਹੁਕਮ ਵਿੱਚ ਬਰਾਬਰੀ ਦਾ ਹੱਕ ਹੈ। ‘ਸਾਧਨ ਹੇਤ’ (ਸਾਧਨ ਹੇਤ ਇਤਿ ਜਿਨ ਕਰੀ) ਦਾ ਭਾਵ ਕਿਸੇ ਭਗਵੇਂ ਕੱਪੜੇ ਪਾਉਣ ਵਾਲੇ ਵਿਹਲੜ ਸਾਧ ਦੀ ਨਹੀਂ ਸਗੋਂ ਭਲੇ ਧਰਮੀ ਲੋਕਾਂ ਦੇ ਹੱਕਾਂ ਅਤੇ ਸਨਮਾਨ ਦੀ ਰਾਖੀ ਕਰਨਾ ਹੈ।
ਹਿੰਦੁਸਤਾਨ ਦੇ ਇਤਿਹਾਸ ਵਿੱਚ ਸ਼ਹੀਦ ਤੇ ਸ਼ਹਾਦਤ ਸ਼ਬਦ ਦਾ ਅਭਾਵ ਹੈ ਅਤੇ ਕਿਸੇ ਸ਼ਹਾਦਤ ਦਾ ਕੋਈ ਜ਼ਿਕਰ ਨਹੀਂ ਹੈ। ਇੱਥੋਂ ਦੇ ਸਨਾਤਨ ਧਰਮ ਵਿੱਚ ਸ਼ਬਦ ਬਲੀ ਅਤੇ ਬਲੀਦਾਨ ਹੈ ਪਰ ਬਲੀ ਆਪਣੀ ਨਹੀਂ ਸਗੋਂ ਦੇਵਤਿਆਂ ਨੂੰ ਰਿਝਾਉਣ ਅਤੇ ਵਰ ਪ੍ਰਾਪਤੀ ਲਈ ਕਿਸੇ ਬੱਚੇ ਜਾਂ ਵਧੇਰੇ ਕਰਕੇ ਪਸ਼ੂ ਦੀ ਦਿੱਤੀ ਜਾਂਦੀ ਹੈ। ਇਸਲਾਮ ਵਿੱਚ ਸ਼ਹੀਦ ਦਾ ਸ਼ਬਦ ਹੈ ਜਿਵੇਂ ਹਸਨ ਅਤੇ ਹੁਸੈਨ ਦੀ ਕਰਬਲਾ ਦੇ ਮੈਦਾਨ ਵਿੱਚ ਹੋਈ ਸ਼ਹਾਦਤ ਦਾ ਜ਼ਿਕਰ ਹੈ। ਇਸ ਦਾ ਡਾ. ਸਰ ਮੁਹੰਮਦ ਇਕਬਾਲ ਨੇ ਇਨ੍ਹਾਂ ਸ਼ਬਦਾਂ ਰਾਹੀਂ ਜ਼ਿਕਰ ਕੀਤਾ ਹੈ, ‘ਜ਼ਿੰਦਾ ਹੋਤਾ ਹੈ ਇਸਲਾਮ ਹਰ ਕਰਬਲਾ ਕੇ ਬਾਅਦ’। ਪਰ ਵਿਸ਼ੇਸ਼ ਤੌਰ ’ਤੇ ਇਸਲਾਮ ਵਿੱਚ ਗਾਜ਼ੀ ਜਾਂ ਸ਼ਹੀਦ ਉਸ ਨੂੰ ਕਿਹਾ ਗਿਆ ਹੈ, ਜੋ ਕਿਸੇ ਗ਼ੈਰ ਮੁਸਲਿਮ ਦੇਸ਼ ’ਤੇ ਇਸਲਾਮੀ ਰਾਜ ਕਾਇਮ ਕਰਨ ਲਈ ਹੋਏ ਯੁੱਧ ਵਿੱਚ ਮਾਰਿਆ ਗਿਆ ਹੋਵੇ। ਆਮ ਤੌਰ ’ਤੇ ਇਸਲਾਮ ਵਿੱਚ ਵੀ ਕੁਰਬਾਨੀ ਜਾਨਵਰ ਦੀ ਹੀ ਦਿੱਤੀ ਜਾਂਦੀ ਹੈ, ਜਿਵੇਂ ਬਕਰੀਦ ਦੇ ਦਿਨ। ਹਸਿੱਖੀ ਵਿੱਚ ਇਨ੍ਹਾਂ ਦੋਵਾਂ ਦੇ ਉਲਟ ਸ਼ਹੀਦ ਉਹ ਹੈ ਜੋ ਧਰਮ, ਹੱਕ, ਸੱਚ ਤੇ ਇਨਸਾਫ਼ ਦੇ ਉੱਚ ਅਸੂਲਾਂ ਲਈ ਕਿਸੇ ਜਰਵਾਣੇ ਜਾਂ ਜਾਬਰ ਤਾਕਤ ਦਾ ਡਰ ਭੈਅ ਪਰਵਾਨ ਨਾ ਕਰਦਾ ਹੋਇਆ ਸਵੈਇੱਛਾ ਨਾਲ ਮੌਤ ਨੂੰ ਗਲਵੱਕੜੀ ਪਾਉਂਦਾ ਹੈ।
ਨੌਵੇਂ ਪਾਤਸ਼ਾਹ ਦੇ ਜੀਵਨ ਦਾ ਸਿਖਰ ਸ਼ਹਾਦਤ ਹੈ। ਉਨ੍ਹਾਂ ਦਾ ਸਮੁੱਚਾ ਜੀਵਨ ਤਿਆਗ, ਕੁਰਬਾਨੀ, ਪਰਉਪਕਾਰ ਤੇ ਸੇਵਾ ਲਈ ਅਰਪਿਤ ਰਿਹਾ। ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਗੁਰੂ ਹਰਿ ਰਾਇ ਸਾਹਿਬ ਜੋ (ਬਾਬਾ ਗੁਰਦਿੱਤਾ ਦੇ ਸਪੁੱਤਰ ਸਨ) ਨੂੰ ਬਖ਼ਸ਼ੀ। ਗੁਰੂ ਤੇਗ਼ ਬਹਾਦਰ ਜੀ ਨੇ ਗੁਰਗੱਦੀ ਲਈ ਕੋਈ ਚਾਹਤ ਨਹੀਂ ਦਿਖਾਈ ਸਗੋਂ ਗੁਰੂ ਪਿਤਾ ਦੇ ਹੁਕਮ ’ਤੇ ਆਪਣੇ ਨਾਨਕੇ ਬਾਬਾ ਬਕਾਲਾ ਵਿਖੇ ਜਾ ਵਸੇਬਾ ਕੀਤਾ। ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਛੋਟੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਬਖ਼ਸ਼ ਦਿੱਤੀ। ਇਹ ਸਾਰਾ ਸਮਾਂ ਗੁਰੂ ਤੇਗ਼ ਬਹਾਦਰ ਜੀ ਨੇ ਬਾਬੇ ਬਕਾਲੇ ਵਿੱਚ ਨਾਮ ਸਿਮਰਨ ਤੇ ਸਤਸੰਗ ਵਿੱਚ ਗੁਜ਼ਾਰਿਆ। ਉਧਰ, ਸਮੇਂ ਦੇ ਬਾਦਸ਼ਾਹ ਅੌਰੰਗਜ਼ੇਬ ਦੇ ਜ਼ੁਲਮ ਤੋਂ ਸਾਰੇ ਦੇਸ਼ ਵਿੱਚ ਭੈਅ ਪਸਰ ਰਿਹਾ ਸੀ। ਉਸ ਦੇ ਤਾਨਾਸ਼ਾਹੀ ਹੁਕਮ ਦੀ ਗਾਜ਼ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ’ਤੇ ਪਈ। ਆਪਣੇ ਬਚਾਅ ਲਈ ਹਰ ਪ੍ਰਕਾਰ ਦੀ ਪੂਜਾ ਅਰਚਨਾ, ਯੱਗ ਤੇ ਹਵਨ ਆਦਿ ਕਰ ਕੇ ਨਿਰਾਸ਼ ਹੋਏ ਪੰਡਤ ਚੱਕ ਨਾਨਕੀ (ਹੁਣ ਸ੍ਰੀ ਆਨੰਦਪੁਰ ਸਾਹਿਬ) ਗੁਰੂ ਤੇਗ਼ ਬਹਾਦਰ ਸਾਹਿਬ ਦੇ ਦਰ ’ਤੇ ਹਾਜ਼ਰ ਹੋਏ ਤੇ ਧਰਮ ਬਚਾਉਣ ਦੀ ਪੁਕਾਰ ਕੀਤੀ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੇ ਆਗੂ ਕਿਰਪਾ ਰਾਮ ਨੂੰ ਇਹ ਕਹਿ ਕੇ ਨਿਸ਼ਚਿੰਤ ਕਰ ਦਿੱਤਾ ਕਿ ‘ਬਾਦਸ਼ਾਹ ਨੂੰ ਕਹੋ ਕਿ ਜੇ ਗੁਰੂ ਤੇਗ਼ ਬਹਾਦਰ ਧਰਮ ਤਬਦੀਲ ਕਰਨ ਲਈ ਰਜ਼ਾਮੰਦ ਹੋ ਜਾਵੇ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ’। ਬਾਦਸ਼ਾਹ ਨੂੰ ਇਹ ਉੱਤਰ ਭੇਜ ਗੁਰੂ ਪਾਤਸ਼ਾਹ ਆਪ ਹੀ ਬਾਦਸ਼ਾਹ ਦਾ ਕਹਿਰ ਝੱਲਣ ਲਈ ਦਿੱਲੀ ਰਵਾਨਾ ਹੋ ਗਏ। ਸਿੱਖ ਇਤਿਹਾਸ ਅਨੁਸਾਰ ੳੁਨ੍ਹਾਂ ਨੂੰ ਆਗਰੇ ਵਿੱਚ ਗ੍ਰਿਫ਼ਤਾਰ ਕਰ ਕੇ ਫ਼ੌਜ ਦੀ ਨਿਗਰਾਨੀ ਹੇਠ ਦਿੱਲੀ ਲਿਆਂਦਾ ਗਿਆ। ਦੀਨ ਵਿੱਚ ਆਉਣ ਜਾਂ ਕਰਾਮਾਤ ਦਿਖਾਉਣ ਲਈ ਬਾਦਸ਼ਾਹ ਦਾ ਹੁਕਮ ਵਾਰ-ਵਾਰ ਸੁਣਾਇਆ ਗਿਆ। ਗੁਰੂ ਜੀ ਨੇ ਕਰਾਮਾਤ ਨੂੰ ਕਹਿਰ ਦੱਸਿਆ।
ਲੋਕਾਂ ਨੂੰ ਭੈਅ-ਭੀਤ ਕਰਨ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਰ੍ਹੇਆਮ ਸ਼ਹੀਦ ਕਰਨ ਲਈ ਗੁਰੂ ਸਾਹਿਬ ਨੂੰ ਪਿੰਜਰੇ ਵਿੱਚ ਲਿਆਂਦਾ ਗਿਆ। ਜੱਲਾਦ ਜਲਾਲੂਦੀਨ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ। ਸ਼ਹੀਦੀ ਹੁੰਦਿਆਂ ਸਾਰ ਕੁਦਰਤੀ ਕਹਿਰ ਦਾ ਅਜਿਹਾ ਗਰਦ ਭਰਿਆ ਤੂਫ਼ਾਨ ਉੱਠਿਆ ਕਿ ਲੋਕ ਭੱਜ ਉੱਠੇ। ਇਸੇ ਭੱਜ ਨੱਠ ਵਿੱਚ ਭਾਈ ਜੈਤਾ ਨੇ ਗੁਰੂ ਜੀ ਦਾ ਸੀਸ ਤੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਧਡ਼ ਚੁੱਕ ਲਿਆ। ਸੀਸ ਲੈ ਕੇ ਭਾਈ ਜੈਤਾ ਅਾਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ ਅਤੇ ਧੜ ਭਾਈ ਲੱਖੀ ਸ਼ਾਹ ਆਪਣੀ ਰਿਹਾਇਸ਼ ’ਤੇ ਲੈ ਆਇਆ। ੳੁਨ੍ਹਾਂ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ੳੁਸ ਸਥਾਨ ’ਤੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ। ਭਾਈ ਜੈਤਾ ਜੀ ਸੀਸ ਲੈ ਕੇ ਗੁਰੂ ਗੋਬਿੰਦ ਰਾਇ ਕੋਲ ਆਨੰਦਪੁਰ ਸਾਹਿਬ ਪਹੁੰਚੇ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਮੁੱਚੇ ਸੰਸਾਰ ਦੇ ਇਤਿਹਾਸ ਵਿੱਚ ਨਾ ਮਿਟਣ ਵਾਲੀ ਛਾਪ ਛੱਡੀ। ਧਰਮ, ਰਾਜਨੀਤੀ ਤੇ ਸੱਭਿਆਚਾਰ ਵਿੱਚ ਇਨਕਲਾਬੀ ਤਬਦੀਲੀਆਂ ਦਾ ਮੁੱਢ ਬੱਝਾ, ਜੋ ਅਜੋਕੇ ਸਮੇਂ ਵਿੱਚ ਸਪੱਸ਼ਟ ਹੈ। ਬਾਦਸ਼ਾਹ ਅੌਰੰਗਜ਼ੇਬ ਇਸ ਦੇਸ਼ ਵਿੱਚ ਇੱਕ ਮਜ਼ਹਬ ਤੇ ਇੱਕ ਭਾਸ਼ਾ ਕਾਇਮ ਕਰ ਅਨੇਕਤਾ ਖ਼ਤਮ ਕਰ ਕੇ ਕਥਿਤ ਏਕਤਾ ਤੇ ਅਖੰਡਤਾ ਕਾਇਮ ਕਰਨਾ ਚਾਹੰਂਦਾ ਸੀ, ਉਹੀ ਯਤਨ ਅੱਜ ਜਾਰੀ ਹਨ। ਦੇਸ਼ ਵਿੱਚ ਵਿਚਰਨ ਵਾਲੇ ਘੱਟ ਗਿਣਤੀ ਧਰਮਾਂ ਦੇ ਪੈਰੋਕਾਰਾਂ ਨੂੰ ਨਿਗਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਹਕੀਕਤ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਕਿ ਕੁਦਰਤ ਦੀ ਫੁਲਵਾੜੀ ਵੀ ਇੱਕ ਕਿਸਮ ਜਾਂ ਰੰਗਾਂ ਦੇ ਫੁੱਲ ਬੂਟਿਆਂ ਨਾਲ ਸਜੀ ਹੋਈ ਨਹੀਂ ਹੈ। ਅੱਜ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ‘ਅਮਨੈਸਟੀ ਇੰਟਰਨੈਸ਼ਨਲ’ ਅਤੇ ‘ਹਿਊਮਨ ਰਾਈਟਸ ਵਾਚ’ ਵਰਗੀਆਂ ਜਥੇਬੰਦੀਆਂ ਕਾਇਮ ਹਨ। ਸਾਰੇ ਦੇਸ਼ਾਂ ਦੀ ਕੌਮਾਂਤਰੀ ਸੰਸਥਾ (ਯੂ.ਐਨ.ਓ) ਵਿੱਚ ਰੰਗ, ਨਸਲ, ਭਾਸ਼ਾ ਜਾਂ ਧਰਮ ਦੇ ਆਧਾਰ ’ਤੇ ਕਿਸੇ ਵੀ ਵਿਤਕਰੇ ਵਿਰੁੱਧ ਵਿਸ਼ਵ ਸਾਂਝੀ ਆਵਾਜ਼ ਉਠਾਈ ਜਾ ਸਕਦੀ ਹੈ ਪਰ 370 ਸਾਲ ਪਹਿਲਾਂ ਹਿੰਦੁਸਤਾਨ ਦੇ ਘੱਟ ਗਿਣਤੀ ਸਨਾਤਨ ਮਤ ਨੂੰ ਬਾਦਸ਼ਾਹ ਅੌਰੰਗਜ਼ੇਬ ਦੇ ਜ਼ੁਲਮ ਤੋਂ ਬਚਾਉਣ ਲਈ ਜੋ ਕੌਮਾਂਤਰੀ ਧਰਮ ਰੱਖਿਅਕ ਸੰਸਥਾ ਸਾਹਮਣੇ ਆਈ, ਉਹ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਨ।

Posted in: ਸਾਹਿਤ