‘ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ’

By December 21, 2015 0 Comments


ਡਾ. ਜਸਪਾਲ ਸਿੰਘ
ਧਰਮ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬੇਮਿਸਾਲ ਹੈ। ਵਿਸ਼ਵ ਭਰ ਦੇ guru-teg-bahadur-jiਦਸਤਾਵੇਜ਼ਾਂ ਵਿੱਚੋਂ ਕਿਧਰੇ ਹੋਰ ਅਜਿਹੀ ਅਦੁੱਤੀ ਸ਼ਹਾਦਤ ਦੀ ਮਿਸਾਲ ਨਹੀਂ ਮਿਲਦੀ, ਜਿਸ ਵਿੱਚ ਕਿਸੇ ਇਤਿਹਾਸਕ ਸ਼ਖ਼ਸੀਅਤ ਨੇ ਉਸ ਵਿਚਾਰ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ ਹੋਵੇ, ਜਿਸ ਵਿਚਾਰ ਨਾਲ ਉਸ ਦੀ ਆਪਣੀ ਸਹਿਮਤੀ ਨਾ ਹੋਵੇ। ਜਾਂ ਫਿਰ ਇੰਜ ਕਹੀਏ ਕਿ ਧਰਮਾਂ ਦੀ ਦੁਨੀਆਂ ਵਿੱਚ ਕੋਈ ਹੋਰ ਅਜਿਹੀ ਘਟਨਾ ਵੇਖਣ ਨੂੰ ਨਹੀਂ ਮਿਲਦੀ ਜਿਸ ਵਿੱਚ ਇੱਕ ਧਰਮ ਦੇ ਆਗੂ ਨੇ ਦੂਜੇ ਧਰਮ ਦੇ ਧਰਮ-ਚਿੰਨ੍ਹਾਂ ਦੀ ਹੋਂਦ ਤੇ ਬਰਕਰਾਰੀ ਲਈ ਆਪਣੀ ਕੁਰਬਾਨੀ ਦੇ ਦਿੱਤੀ ਹੋਵੇ।
ਸ਼ਹਾਦਤ ਦਾ ਸਾਰਾ ਬਿਰਤਾਂਤ ਇਤਿਹਾਸ ਦੇ ਪੰਨਿਆਂ ’ਤੇ ਗੌਰਵਮਈ ਢੰਗ ਨਾਲ ਦਰਜ ਹੈ। ਦੇਸ਼ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਧਰਮ, ਵਿਚਾਰਾਂ ਦੀ ਆਜ਼ਾਦੀ ਲੋਕਾਂ ਕੋਲੋਂ ਖੋਹ ਲਈ ਗਈ ਸੀ। ਤੱਅਸੁਬ ਅਤੇ ਵਿਤਕਰੇ ਦਾ ਰਾਜ ਸੀ। ਤਿਲਕ ਤੇ ਜਨੇਊ ਜਬਰੀ ਉਤਾਰੇ ਜਾ ਰਹੇ ਸਨ। ਇਸ ਹਾਲਾਤ ਵਿੱਚ ਕਸ਼ਮੀਰੀ ਪੰਡਤ ਕਿਰਪਾਰਾਮ 500 ਬ੍ਰਾਹਮਣਾਂ ਦੇ ਜਥੇ ਨੂੰ ਨਾਲ ਲੈ ਕੇ ਆਨੰਦਪੁਰ ਵਿਖੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਹਿੰਦੂ ਧਰਮ ਦੀ ਅਗਵਾਈ ਕਰਨ ਵਾਲੇ ਇਨ੍ਹਾਂ ਬ੍ਰਾਹਮਣਾਂ ਦੇ ਚਿਹਰੇ ਉਤਰੇ ਹੋਏ ਸਨ, ਮਨ ਬੁਝਿਆ ਹੋਇਆ ਸੀ ਪਰ ਇੱਕ ਆਸ ਦੀ ਕਿਰਨ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਬਾਰ ਵੱਲ ਖਿੱਚ ਲਿਆਈ ਸੀ। ਬ੍ਰਾਹਮਣਾਂ ਨੇ ਧਰਮ ਦੀ ਆਜ਼ਾਦੀ ਉੱਪਰ ਆਏ ਸੰਕਟ ਦਾ ਵੇਰਵਾ ਸੁਣਾਇਆ। ਸਾਰੀ ਵਿੱਥਿਆ ਸੁਣ ਕੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਿਸੇ ਮਹਾਨ ਪੁਰਖ ਦੇ ਸੀਸ ਦੀ ਕੁਰਬਾਨੀ ਦੀ ਲੋੜ ਹੈ। ਇਸੇ ਸਮੇਂ 9 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਇ ਨੇ ਕਿਹਾ, ‘‘ਗੁਰੂ ਪਿਤਾ! ਤੁਹਾਡੇ ਸਿਵਾ ਅਜਿਹੀ ਕੁਰਬਾਨੀ ਹੋਰ ਕੌਣ ਕਰ ਸਕਦਾ ਹੈ? ਗੁਰੂ ਤੇਗ਼ ਬਹਾਦਰ ਸਾਹਿਬ, ਬਾਲਕ ਗੁਰੂ ਗੋਬਿੰਦ ਸਿੰਘ ਦੇ ਬਚਨ ਸੁਣ ਕੇ ਪ੍ਰਸੰਨ ਹੋਏ ਤੇ ੳੁਨ੍ਹਾਂ ਨੇ ਦਿੱਲੀ ਪਹੁੰਚ ਕੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੱਤੀ।
ਭਾਈ ਰਤਨ ਸਿੰਘ ਭੰਗੂ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਬੜੇ ਸੁੰਦਰ ਢੰਗ ਨਾਲ ਲਿਖੀ ਹੈ। ਸੰਖੇਪ ਵਿੱਚ ਗੱਲ ਕਰੀਏ ਤਾਂ ਇਸ ਲਿਖਤ ਮੁਤਾਬਿਕ ਸੰਸਾਰ ਵਿੱਚ ਉਸ ਸਮੇਂ ਆਮ ਕਹਾਵਤ ਪ੍ਰਚੱਲਿਤ ਸੀ ਕਿ ਜਿਹੜਾ ਵੀ ਗੁਰੂ ਤੇਗ਼ ਬਹਾਦਰ ਦੀ ਸ਼ਰਨ ਵਿੱਚ ਜਾਂਦਾ ਹੈ, ਉਸ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ‘ਚਲੀ ਕਹਾਵਤ ਸਭ ਜਗੈ ਯਹ ਸਾਚੋ ਅਵਤਾਰ।। ਸਰਨੀ ਆਵੈ ਜੋ ਉਸੋ ਸੋਊ ਉਤਰੈ ਪਾਰ।।’ ਚਾਰੇ ਪਾਸੇ ਫੈਲੀ ਇਸ ਚਰਚਾ ਤੋਂ ਪ੍ਰੇਰਿਤ ਹੋ ਕੇ ਬ੍ਰਾਹਮਣਾਂ ਦਾ ਇੱਕ ਵੱਡਾ ਜਥਾ ਗੁਰੂ ਸਾਹਿਬ ਕੋਲ ਪਹੁੰਚਿਆ ਅਤੇ ਪੈਦਾ ਹੋਏ ਹਾਲਾਤ ਤੋਂ ਜਾਣੂ ਕਰਵਾਇਆ ਤੇ ਫ਼ਰਿਆਦ ਕੀਤੀ, ‘ਅਬ ਆਇ ਪਰੀ ਹਮਨੈ ਪੈ ਭਾਰੀ।। ਅਬ ਹਮ ਕੋ ਤੁਮ ਲੇਹੁ ਉਬਾਰੀ।।’ ਫ਼ਰਿਆਦ ਸੁਣ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਉੱਤਰ ਦਿੱਤਾ, ‘ਜੇ ਮੇਰੇ ਸਿਰ ਦੀ ਕੁਰਬਾਨੀ ਨਾਲ ਤੁਹਾਡੇ ਵਿਸ਼ਵਾਸ ਦੀ, ਅਕੀਦੇ ਦੀ ਰੱਖਿਆ ਹੋ ਸਕਦੀ ਹੈ ਤਾਂ ਮੈਂ ਇੱਕ ਛਿਣ ਦੇਰ ਨਹੀਂ ਲਾਵਾਂਗਾ।
ਹਕੀਕਤ ਇਹ ਹੈ ਕਿ ਤਿਲਕ ਤੇ ਜੰਜੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਵਾਲੇ ਗੁਰੂ ਤੇਗ਼ ਬਹਾਦਰ ਪਾਤਸ਼ਾਹ, ਆਪ ਤਿਲਕ ਤੇ ਜੰਜੂ ਦੇ ਧਾਰਨੀ ਨਹੀਂ ਸਨ। ਇੱਕ ਇਤਿਹਾਸਕ ਸੱਚਾਈ ਹੈ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜੰਜੂ ਪਹਿਨਣ ਤੋਂ ਨਾਂਹ ਕਰ ਦਿੱਤੀ ਸੀ। ਇਸ ਫ਼ੈਸਲੇ ਪਿੱਛੇ ਇੱਕ ਵੱਡੀ ਸਿਧਾਂਤਕ ਸੋਚ ਸੀ ਪਰ ਜਦੋਂ ਤਿਲਕ ਤੇ ਜੰਜੂ ਉੱਪਰ ਸੰਕਟ ਆਣ ਪਿਆ ਅਤੇ ਮਸਲਾ ਧਰਮ ਤੇ ਵਿਚਾਰਾਂ ਦੀ ਆਜ਼ਾਦੀ ਦਾ ਬਣ ਗਿਆ ਤਾਂ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਸਰੀਰ ਦੀ ਆਹੂਤੀ ਦੇ ਦਿੱਤੀ: ਤਿਲਕ ਜੰਞੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮੈ ਸਾਕਾ। ਸਾਧਨ ਹੇਤ ਇਤੀ ਜਿਨਿ ਕਰੀ। ਸੀਸੁ ਦੀਆ ਪਰੁ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨਿ ਕੀਆ। ਸੀਸੁ ਦੀਆ ਪਰੁ ਸਿਰਰੁ ਨ ਦੀਆ। ਨਾਟਕ ਚੇਟਕ ਕੀਏ ਕੁਕਾਜਾ। ਪ੍ਰਭ ਲੋਗਨ ਕਹ ਆਵਤ ਲਾਜਾ। ਠੀਕਰ ਫੋਰ ਦਿਲੀਸ ਸਿਰ, ਪ੍ਰਭ ਪੁਰ ਕੀਯਾ ਪਯਾਨ।
ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨਿ।
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸ਼ੋਕ।
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ।
ਇੱਕ ਹੋਰ ਨੁਕਤਾ ਬਹੁਤ ਅਹਿਮ ਹੈ। ਸ਼ਹਾਦਤ ਦੇ ਸੰਦਰਭ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਰਚਨਾ ਦੇ ਅੰਤਰੀਵ ਭਾਵ ਨੂੰ ਸਮਝਣਾ ਵੀ ਜ਼ਰੂਰੀ ਹੈ। ਉਨ੍ਹਾਂ ਦੀ ਬਾਣੀ ਦੇ ਪਾਸਾਰ ਵਿੱਚ ਵੈਰਾਗ ਦੀ ਪ੍ਰਧਾਨਤਾ ਹੈ। ਸੰਸਾਰ ਨਾਸ਼ਵਾਨ ਹੈ, ਰੇਤ ਦੀ ਕੰਧ ਦੀ ਤਰ੍ਹਾਂ ਹੈ, ਸਰੀਰ ਥਿਰ ਰਹਿਣ ਵਾਲਾ ਨਹੀਂ, ਮਨੁੱਖ ਪਾਣੀ ਦੇ ਬੁਲਬੁਲੇ ਵਾਂਗ ਉਪਜਦਾ ਤੇ ਬਿਨਸਦਾ ਹੈ, ਜਗਤ ਦੀ ਪ੍ਰੀਤ ਮਿਥਿਆ ਹੈ, ਦੁਨਿਆਵੀ ਰਿਸ਼ਤਿਆਂ ਦਾ ਮੋਹ ਝੂਠ ਹੈ। ਇਨ੍ਹਾਂ ਤੱਥਾਂ ਵੱਲ ਉਨ੍ਹਾਂ ਦੀ ਬਾਣੀ ਵਾਰ-ਵਾਰ ਸੰਕੇਤ ਕਰਦੀ ਹੈ। ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦਾ ਵੈਰਾਗ ਨਾਂਹਮੁਖੀ ਨਹੀਂ, ਨਾ ਹੀ ਹਕੀਕਤ ਤੋਂ ਓਪਰਾ ਹੈ। ਇਹ ਵੈਰਾਗ ਸੰਸਾਰ ਤੋਂ ਉਪਰਾਮਤਾ ਨਹੀਂ, ਨਿਰਾਸ਼ਤਾ ਨਹੀਂ, ਜ਼ਿੰਮੇਵਾਰੀ ਤੋਂ ਭੱਜਣਾ ਨਹੀਂ। ਇਸ ਸੱਚਾਈ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਗ਼ੁਲਾਮੀ ਦਾ ਕਾਰਨ ਬਣਦਾ ਹੈ। ਇਤਿਹਾਸ ਸਾਖੀ ਹੈ ਕਿ ਆਪਣੀ ਜ਼ਿੰਮੇਵਾਰੀ ਦੂਜਿਆਂ ’ਤੇ ਸੁੱਟ ਦੇਣ ਦੀ ਫਿਤਰਤ ਨੇ ਹੀ ਹਿੰਦੁਸਤਾਨ ਨੂੰ ਸਦੀਆਂ ਤਕ ਗ਼ੁਲਾਮ ਬਣਾਈ ਰੱਖਿਆ ਹੈ। ਅਸਲ ਵਿੱਚ, ਜਿਸ ਤਿਆਗ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਉਹ ਜ਼ਿੰਮੇਵਾਰੀ ਨੂੰ ਸਹੇੜਨ ਦਾ ਪੈਗਾਮ ਦਿੰਦਾ ਹੈ। ਅਸਲ ਵਿੱਚ, ਗੁਰੂ ਸਾਹਿਬ ਅਜਿਹੇ ਮਨੁੱਖ ਦੇ ਜੀਵਨ ਨੂੰ ਸਾਰਥਿਕ ਮੰਨਦੇ ਹਨ, ਜਿਹੜਾ ‘ਭੈ ਮੁਕਤ’ ਜੀਵਨ ਜੀਉਂਦਾ ਹੈ। ਨਾ ਕਿਸੇ ਤੋਂ ਭੈ-ਭੀਤ ਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਭੈ-ਭੀਤ ਕਰਦਾ ਹੈ। ਅਮਨ ਤੇ ਅਹਿੰਸਾ ਦੀਆਂ ਕਦਰਾਂ ਕੀਮਤਾਂ ਦੀ ਰਾਖੀ, ਮਨੁੱਖ ਭੈ ਤੋਂ ਮੁਕਤ ਹੋ ਕੇ ਹੀ ਕਰ ਸਕਦਾ ਹੈ।
ਹਿੰਦੀ ਦੇ ਮਹਾਨ ਕਵੀ ਮੈਥਲੀਸ਼ਰਣ ਗੁਪਤ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਨਿਵੇਕਲੇ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ ਹੈ:
ਥਾ ਆਨੰਦਪੁਰ ਪਰਾਂਗਣ ਮੇਂ,
ਹਾ ਹਾ ਕਾਰ ਕਿ ਜਯ ਜਯ ਕਾਰ।
ਰੋਤੇ ਰੋਤੇ ਗਾਤੇ ਥੇ ਸਭ, ‘ਸਿਰ ਦੇ ਡਾਲਾ, ਦਿਯਾ ਨਾ ਸਾਰ।’
ਕਾਂਪ ਉਠਾ ਆਕਾਸ਼ ਅਚਾਨਕ,
ਪਰਾਂਤ ਪਰਾਂਤ ਕਰ ਉਠ ਪੁਕਾਰ।
ਸੁਨਾ ਸਭੀ ਨੇ, ਕਹਾ ਸਭੀ ਨੇ,
‘ਸਿਰ ਦੇ ਡਾਲਾ, ਦਿਯਾ ਨਾ ਸਾਰ।’
ਡਾ. ਜਸਪਾਲ ਸਿੰਘ
*ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ

Posted in: ਸਾਹਿਤ