ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ

By December 21, 2015 0 Comments


sahibzadeਸਿੱਖ ਧਰਮ ਦੀ ਨੀਂਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਅਤੇ ਸਿੱਖ ਧਰਮ ਦਾ ਮਨੋਰਥ ਮਨੁੱਖਤਾ ਦਾ ਕਲਿਆਣ ਕਰਨ ਲਈ ਹੱਕ, ਸੱਚ, ਨਿਆਂ ਦਾ ਰਾਜ ਸਥਾਪਤ ਕਰਨਾ ਮਿਥਿਆ। ਅਜਿਹੇ ਰਾਜ ਦੀ ਸਥਾਪਤੀ ਲਈ ਸਮਕਾਲੀ ਅਨਿਆਂ ਤੇ ਅੱਤਿਆਚਾਰ ਵਿਰੁੱਧ ਇੱਕ ਅਜਿਹੀ ਆਵਾਜ਼ ਉੱਠੀ ਜਿਸ ਨੇ ਸਿੱਖ ਇਤਿਹਾਸ ਦਾ ਰੁਖ ਹੀ ਪਲਟ ਦਿੱਤਾ। ਹੱਕ, ਸੱਚ ਤੇ ਨਿਆਂ ਲਈ ਸ਼ਹਾਦਤ ਦੀ ਲੋੜ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਧਰਮ ਲਈ ਸ਼ਹਾਦਤਾਂ ਸਿੱਖ ਇਤਿਹਾਸ ਦਾ ਸਰਮਾਇਆ ਹਨ। ਜ਼ੁਲਮ ਤੇ ਅਨਿਆਂ ਵਿਰੁੱਧ ਗੁਰੂ ਅਰਜਨ ਦੇਵ ਜੀ ਲਾਹੌਰ ਅਤੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਚ ਸ਼ਹਾਦਤ ਦਿੱਤੀ। ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਕਰਕੇ ਖ਼ਾਲਸਾ ਪੰਥ ਨੂੰ ਧਰਮ ਯੁੱਧ ਲਈ ਤਿਆਰ ਕਰ ਦਿੱਤਾ। ਇਸ ਤਰ੍ਹਾਂ ਸਿੱਖ ਪੰਥ ਦੇ ਇਕ ਸ਼ਾਨਾਂ-ਮੱਤਾ ਇਤਿਹਾਸ ਦੀ ਸਿਰਜਣਾ ਹੋਈ। ਸਿੱਖ ਇਤਿਹਾਸ ਅਨੇਕਾਂ ਸਾਕਿਆਂ ਤੇ ਘੱਲੂਘਾਰਿਆਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਸਾਕਾ ਸਰਹੰਦ ਜਿਸ ਨੂੰ ਅਸੀਂ ‘ਨਿੱਕੀਆਂ ਜਿੰਦਾਂ, ਵੱਡਾ ਸਾਕਾ’ ਵਜੋਂ ਯਾਦ ਕਰਦੇ ਹਾਂ, ਇਹ ਸਾਕਾ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਸ਼ਹੀਦੀ ਦਾ ਸਾਕਾ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇਕ ਅਨੋਖੀ ਕਰਾਮਾਤ ਕਹੀ ਜਾ ਸਕਦੀ ਹੈ। ਇਸ ਸਾਕੇ ਦੇ ਇਤਿਹਾਸ ਦਾ ਆਰੰਭ ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ ਤੋਂ ਹੁੰਦਾ ਹੈ। ਖ਼ਾਲਸਾ ਪੰਥ ਦੀ ਸਾਜਨਾ ਨੇ ਦੱਬੇ-ਕੁਚਲੇ ਲੋਕਾਂ ਨੂੰ ਅਖੌਤੀ ਉਚ ਵਰਗ ਦੇ ਬਰਾਬਰ ਲਿਆਂਦਾ। ਚਿੜੀਆਂ ਬਾਜਾਂ ਦਾ ਸ਼ਿਕਾਰ ਕਰਨ ਦੇ ਸਮਰੱਥ ਹੋ ਗਈਆਂ। ਗਿੱਦੜਾਂ ਦੀ ਬਿਰਤੀ ਵਾਲੇ ਲੋਕ ਸ਼ੇਰ ਬਣ ਗਏ। ਰਣਜੀਤ ਨਗਾਰੇ ਤੇ ਖ਼ਾਲਸਈ ਜੈਕਾਰੇ ਨੇ ਮੁਗ਼ਲ ਹਕੂਮਤ ਦੇ ਨਾਲ-ਨਾਲ ਹਿੰਦੂ ਪਹਾੜੀ ਰਾਜਿਆਂ ਨੂੰ ਵੀ ਬੇਚੈਨ ਕਰ ਦਿੱਤਾ। ਦੋਹਾਂ ਧਿਰਾਂ ਨੇ ਰਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ। ਘੇਰੇ ਦਾ ਸਮਾਂ ਵਧਣ ਲੱਗਾ ਤਾਂ ਫਿਰ ਹਕੂਮਤ ਨੂੰ ਬੇਚੈਨੀ ਵਿੱਚ ਝੂਠੀਆਂ ਕਸਮਾਂ ਤੇ ਵਾਅਦਿਆਂ ਦੀ ਤਰਕੀਬ ਸੁੱਝੀ। ਸਿੰਘਾਂ ਦੇ ਕਹਿਣ ’ਤੇ ਸ੍ਰੀ ਦਸਮੇਸ਼ ਜੀ ਨੇ ਕਿਲ੍ਹਾ ਖਾਲੀ ਕਰ ਦਿੱਤਾ। ਜਿਉਂ ਹੀ ਖ਼ਾਲਸੇ ਦਾ ਜਥਾ ਬਾਹਰ ਨਿਕਲਿਆ ਵਾਅਦੇ ਤੋੜ ਕੇ ਹਮਲਾ ਕਰ ਦਿੱਤਾ ਗਿਆ। ਸਰਸਾ ਨਦੀ ਕੰਢੇ ਘੋਰ ਯੁੱਧ ਹੋਇਆ। ਇਥੋਂ ਹੀ ਪਰਿਵਾਰ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ ਤੇ ਸਤਿਗੁਰ ਜੀ ਚਮਕੌਰ ਨੂੰ ਨਿਕਲ ਗਏ। ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਜਾ ਪਹੁੰਚੇ। ਧਨ-ਮਾਲ ਤਾਂ ਪਿੱਛੇ ਲੁਟਾ ਆਏ ਸਨ ਪਰ ਜੋ ਕੁਝ ਥੋੜ੍ਹਾ ਬਹੁਤ ਕੋਲ ਸੀ ਨੂੰ ਵੇਖ ਕੇ ਗੰਗੂ ਦਾ ਮਨ ਡੋਲ ਗਿਆ। ਕੁਝ ਇਹ ਧਨ ਤੇ ਕੁਝ ਸਰਕਾਰੋਂ ਪ੍ਰਾਪਤ ਹੋ ਜਾਣ ਦੀ ਲਾਲਸਾ ਉਸ ਨੂੰ ਮੋਰਿੰਡੇ ਥਾਣੇ ਲੈ ਗਈ। ਇਸ ਕਮੀਨੀ ਹਰਕਤ ਨੂੰ ਕਵੀ ਅੱਲ੍ਹਾ ਯਾਰ ਖਾਂ ਨੇ ਬਿਆਨਦਿਆਂ ਕਿਹਾ:
ਬਦਜ਼ਾਤ ਬਦਸਿਫ਼ਾਤ ਵੁਹ ਗੰਗੂ ਨਮਕ ਹਰਾਮ।
ਟੁਕੜੋਂ ਪ: ਸਤਿਗੁਰੂ ਕੇ ਜੁ ਪਲਤਾ ਰਹਾ ਮੁਦਾਮ….
ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।
ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ।
(ਸ਼ਹੀਦਾਨਿ ਵਫ਼ਾ)
ਸੂਰਜ ਚੜ੍ਹਨ ਦੇ ਨਾਲ ਹੀ ਥਾਣਾ ਚੜ੍ਹ ਆਇਆ ਜੋ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਿਆ ਅਤੇ ਜਾ ਵਜ਼ੀਰ ਖਾਂ ਦੇ ਹਵਾਲੇ ਕੀਤੇ। ਪੋਹ ਦੀਆਂ ਠੰਢੀਆਂ ਰਾਤਾਂ, ਦੋ ਕੋਮਲ ਤੇ ਨੰਨੀਆਂ ਜਿੰਦਾਂ ਅਤੇ ਮਾਤਾ ਗੁਜਰੀ ਜੀ ਸਰਕਾਰੀ ਹੁਕਮ ਨਾਲ ਭੁੱਖੇ ਭਾਣੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤੇ ਗਏ। ਕਹਿਰ ਦੀ ਭਾਰੀ ਸੀਤ, ਠਰੂ-ਠਰੂ ਕਰਦੇ ਦਾਦੀ ਮਾਂ ਦੀ ਗੋਦੀ ਵਿੱਚ ਨੰਨੇ ਬਾਲਾਂ ਦੀ ਬਾਬਿਆਂ-ਦਾਦਿਆਂ ਦੀ ਕੁਰਬਾਨੀ ਦੀਆਂ ਕਹਾਣੀਆਂ, ਪਿਤਾ ਦਸਮੇਸ਼ ਦੀ ਸੂਰਮਗਤੀਆਂ ਦੀਆਂ ਸਾਖੀਆਂ ਸੁਣਦਿਆਂ ਰਾਤ ਲੰਘ ਗਈ। ਦਿਨ ਚੜ੍ਹਿਆ ਤਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਹੋਇਆ। ਦਾਦੀ ਮਾਂ ਨੇ ਕਾਲਜੇ ਉੱਤੇ ਹੱਥ ਰੱਖ ਕੇ ਬੜੇ ਪਿਆਰ ਤੇ ਦੁਲਾਰ ਨਾਲ ਆਪਣੇ ਲਾਲ ਤਿਆਰ ਕੀਤੇ, ਕਲਗੀਆਂ ਸਜਾਈਆਂ ਤੇ ਕੁਰਬਾਨੀਆਂ ਦੇ ਇਤਿਹਾਸ ਦਾ ਪਾਠ ਯਾਦ ਕਰਾਇਆ। ਕਵੀ ਅੱਲ੍ਹਾ ਯਾਰ ਖਾਂ ਅਨੁਸਾਰ:
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪ: ਨਨ੍ਹੀ ਸੀ ਕਲਗੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ।
(ਸ਼ਹੀਦਾਨਿ ਵਫ਼ਾ)
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਪੇਸ਼ ਕੀਤਾ ਗਿਆ। ਉਥੇ ਵਜ਼ੀਰ ਖਾਂ, ਕਾਜੀ ਤੇ ਹੋਰ ਦਰਬਾਰੀ ਅਹਿਲਕਾਰ ਹਾਜ਼ਰ ਸਨ। ਬੱਚਿਆਂ ਨੂੰ ਪਿਆਰਦਿਆਂ ਧਨ-ਦੌਲਤਾਂ, ਜਗੀਰਾਂ ਤੇ ਰਾਜ-ਭਾਗ ਦੇ ਲਾਲਚ ਦੇ ਕੇ ਪ੍ਰੇਰਦਿਆਂ ਪੁੱਛਿਆ ਇਸਲਾਮ ਧਾਰਨ ਕਰੋਗੇ ਕਿ ਮੌਤ। ਗੁਰੂ ਕੇ ਲਾਲਾਂ ਦੀਆਂ ਕੋਮਲ ਬੁੱਲ੍ਹੀਆਂ ਦੇ ਬੋਲ ਸਨ ਮੌਤ।
ਫਿਰ ਅਗਲੇ ਦਿਨ ਦਰਬਾਰ ਵਿਚ ਪੇਸ਼ ਕਰਨ ਦਾ ਹੁਕਮ ਹੋਇਆ। ਭੁੱਖੇ ਭਾਣੇ ਮੁੜ ਠੰਢੇ ਬੁਰਜ ਵਿੱਚ ਭੇਜ ਦਿੱਤੇ। ਇਸ ਬਿਪਤਾ ਮਾਰੇ ਸਮੇਂ ਵਿੱਚ ਰੱਬੀ ਰੂਹ ਇਕ ਛੋਟੇ ਜਿਹੇ ਨੌਕਰ ਮੋਤੀ ਰਾਮ ਮਹਿਰਾ ਦੇ ਦਿਲ ਵਿੱਚ ਤਰਸ ਆਇਆ। ਇਸ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਰਾਖੀ ਕਰ ਰਹੇ ਸਿਪਾਹੀਆਂ ਨੂੰ ਵੱਢੀ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। (ਪਿੱਛੋਂ ਜ਼ਾਲਿਮਾਂ ਨੇ ਭਾਈ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿਤਾ)।
ਅਗਲੇ ਦਿਨ ਦੁਬਾਰਾ ਪੇਸ਼ੀ ਹੋਈ ਮੁੜ ਲਾਲਚ, ਡਰਾਵੇ ਅਤੇ ਕਸ਼ਟ ਦਿੱਤੇ ਪਰ ਸਾਹਿਬਜ਼ਾਦਿਆਂ ਅਡੋਲ ਰਹਿੰਦਿਆਂ ਬੁਲੰਦ ਹੌਸਲੇ ਨਾਲ ਜਵਾਬ ਦਿੰਦਿਆਂ ਕਿਹਾ:
ਤੁਮ ਸੇ ਹਜ਼ਾਰੋਂ ਬੜ ਕੇ ਹੈਂ ਹਮ ਬੇ-ਨਜ਼ੀਰ ਹੈ।
ਅਪਨੀ ਨਜ਼ਰ ਮੇ ਮਾਲ ਤੁਮ੍ਹਾਰੇ ਹਕੀਰ ਹੈਂ।
ਪਰਵਾਹ ਨਹੀ ਹੈ ਬੇ ਸਰੋ ਸ਼ਾਮਾ ਲੜੇਂਗੇ ਹਮ।
ਜਾਲਿਮ ਸੇ ਬੁਤ-ਪ੍ਰਸਤ ਸੇ ਹਾਂ ਹਾਂ ਲੜੇਂਗੇ ਹਮ।
(ਸ਼ਹੀਦਾਨਿ ਵਫ਼ਾ)
ਸਾਹਿਬਜ਼ਾਦਿਆਂ ਦੇ ਦਲੇਰੀ ਭਰੇ ਬੋਲ ਸੁਣ ਸਭ ਦਰਬਾਰੀਆਂ ਦੇ ਸਿਰ ਨੀਵੇਂ ਹੋ ਗਏ, ਖਾਮੋਸ਼ੀ ਛਾ ਗਈ। ਕਾਜ਼ੀ ਨੂੰ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ। ਮਾਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਨੂੰ ਜਿਸ ਦਾ ਭਰਾ ਖਿਜਰ ਖਾਂ ਦਸਮੇਸ਼ ਜੀ ਨਾਲ ਜੰਗ ਵਿੱਚ ਮਾਰਿਆ ਗਿਆ ਸੀ, ਨੂੰ ਬੱਚਿਆਂ ਰਾਹੀਂ ਬਦਲਾ ਲੈਣ ਲਈ ਕਿਹਾ, ਪਰ ਉਸ ਨੇ ਨਾਂਹ ਕਰਦਿਆਂ ਕਿਹਾ ਜੇ ਬਦਲਾ ਲੈਣਾ ਹੋਇਆ ਤਾਂ ਬਾਪ ਤੋਂ ਹੀ ਲਿਆ ਜਾਵੇਗਾ। ਪਰ ਇਹ ਵੱਡਾ ਪਾਪ ਹੈ, ਇੰਜ ਨਹੀ ਹੋਣਾ ਚਾਹੀਦਾ:
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰਖੇ ਹਮ ਕੋ ਖੁਦਾ ਐਸੇ ਪਾਪ ਸੇ।
(ਸ਼ਹੀਦਾਨਿ ਵਫ਼ਾ)
ਅੰਤ ਕਾਜੀ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫ਼ੁਰਮਾਨ ਜਾਰੀ ਕੀਤਾ। ਗੁਰੂ ਦੇ ਲਾਲਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਬੇਖੌਫ, ਬਿਨਾਂ ਡਰ ਖੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ-ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ ਅੰਦਰ ਅਕਾਲ ਚਲਾਣਾ ਕਰ ਗਏ। ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਮੁੱਲ ਲਈ ਤੇ ਸਸਕਾਰ ਕੀਤਾ।
ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਅੰਤ ਵਿੱਚ ਮੇਰੀ ਬੇਨਤੀ ਹੈ ਕਿ ਸ਼ਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੇ ਜਿਸ ਦਲੇਰੀ ਨਾਲ ਭੇੈਅ ਤੋਂ ਰਹਿਤ ਹੋ ਕੇ ਸ਼ਹਾਦਤ ਪ੍ਰਾਪਤ ਕੀਤੀ ਉਹ ਸਾਡੇ ਲਈ ਅਤੇ ਵਿਸ਼ੇਸ਼ ਕਰਕੇ ਨੌਜੁਆਨਾਂ ਤੇ ਬੱਚਿਆਂ ਲਈ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਤੱਤਪਰ ਰਹਿਣ ਅਤੇ ਹਰ ਹਾਲਤ ਵਿੱਚ ਆਪਣੇ ਧਰਮ ਵਿਚ ਪਰਪੱਕ ਰਹਿਣ ਦੀ ਪ੍ਰੇਰਨਾ ਦਾ ਸੋਮਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Tags: ,
Posted in: ਸਾਹਿਤ