ਨਿਊਜ਼ੀਲੈਂਡ ਦੇ ਐਸ.ਆਈ.ਟੀ. ਕਾਲਜ ਇਨਵਰਕਾਰਗਿਲ ‘ਚ ਦਸਤਾਰਧਾਰੀ ਸਿੱਖ ਲੜਕੀ ਨੇ ਪਾਸ ਕੀਤੀ ਗ੍ਰੈਜੂਏਸ਼ਨ

By December 14, 2015 0 Comments


sikh girlਆਕਲੈਂਡ-14 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਐਸ. ਆਈ. ਟੀ. (ਸਦਰਨ ਇੰਸਟੀਚਿਊਟ ਆਫ ਟੈਕਨਾਲੋਜੀ) ਇਨਵਰਕਾਰਗਿਲ ਜੋ ਕਿ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਐਨ ਕੰਢੇ ‘ਤੇ ਵਸਿਆ ਇਕ ਸ਼ਹਿਰ ਹੈ ਜੋ ਕਿ ਆਕਲੈਂਡ ਤੋਂ ਲਗਪਗ 1640 ਕਿਲੋਮੀਟਰ ਦੂਰ ਹੈ। ਇਥੇ ਐਸ. ਆਈ. ਟੀ. ਕਾਲਜ ਦੇ ਵਿਚ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਇਸ ਸ਼ਹਿਰ ਦੀ ਖਾਸੀਅਤ ਹੈ ਕਿ ਇਥੇ ਕੁਝ ਕੋਰਸ ਨਿਊਜ਼ੀਲੈਂਡ ਦੇ ਪੱਕੇ ਵਸਨੀਕਾ ਨੂੰ ਲਗਪਗ ਮੁਫਤ ਹੀ ਕਰਵਾਏ ਜਾਂਦੇ ਹਨ। ਪੜ੍ਹਾਈ ਦਾ ਸਤਰ ਉਚਾ ਹੋਣ ਕਰਕੇ ਇਥੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਬਹੁਤ ਪਹੁੰਚਦੇ ਹਨ। ਬੀਤੇ ਦਿਨੀਂ ਕਾਲਜ ਦੇ ਗ੍ਰੈਜੂਏਸ਼ਨ ਸਮਾਗਮ ਦੇ ਵਿਚ ਪਹਿਲੀ ਵਾਰ ਇਥੇ ਦਸਤਾਰਧਾਰੀ ਸਿੱਖ ਲੜਕੀ ਡਾ. ਕਮਲਜੀਤ ਕੌਰ ਨੇ ਗ੍ਰੈਜੂਏਸ਼ਨ ਗਾਊਨ ਪਹਿਨ ਕੇ ‘ਪੋਸਟ ਗ੍ਰੈਜੂਏਸ਼ਟ ਡਿਪਲੋਮਾ ਇਨ ਬਿਜਨਸ ਇੰਟਰਪ੍ਰਾਈਜ’ ਦੇ ਵਿਚ ਆਪਣਾ ਡਿਪਲੋਮਾ ਸਰਟੀਫਿਕੇਟ ਹਾਸਿਲ ਕੀਤਾ। ਇਸ ਲੜਕੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘ਸ੍ਰੀ ਗੁਰੂ ਨਾਨਕ ਬਾਣੀ ਵਿਚ ਮਨੁੱਖੀ ਭਾਵ ਸਰੰਚਨਾ’ ਵਿਸ਼ੇ ਉਤੇ ਸਾਲ 2013 ਦੇ ਵਿਚ ਡਿਗਰੀ ਵੀ ਹਾਸਿਲ ਕੀਤੀ ਹੋਈ ਹੈ। ਡਾ. ਕਮਲਜੀਤ ਕੌਰ ਦਾ ਪੇਕਾ ਪਿੰਡ ਸਹਿਬਾਜ ਪੁਰ ਜਿਲ੍ਹਾ ਭਗਤ ਸਿੰਘ ਨਗਰ ਹੈ। ਪਿਤਾ ਸ. ਦੀਦਾਰ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਆਪਣੀ ਇਸ ਬੇਟੀ ਨੂੰ ਸ. ਦਵਿੰਦਰ ਸਿੰਘ ਪਿੰਡ ਖੱਖਾਂ ਜ਼ਿਲ੍ਹਾ ਹੁਸ਼ਿਆਰ ਦੇ ਲੜ੍ਹ ਲਾਇਆ। ਸ. ਦਵਿੰਦਰ ਸਿੰਘ ਵੀ ਪੂਰਨ ਗੁਰਸਿੱਖ ਹਨ ਅਤੇ ਡਿਗਰੀ ਵੰਡ ਸਮਾਰੋਹ ਵੇਲੇ ਉਹ ਵੀ ਆਪਣੀ ਪਤਨੀ ਦੇ ਇਸ ਪ੍ਰਾਪਤੀ ਉਤੇ ਬਹੁਤ ਪ੍ਰਸੰਨ ਨਜ਼ਰ ਆ ਰਹੇ ਸਨ। ਇਸ ਜੋੜੇ ਨੂੰ ਉਥੇ ਹਾਜਿਰ ਸਾਰੇ ਅਧਿਆਪਕਾ ਅਤੇ ਹੋਰ ਵਿਦਿਆਰਥੀਆਂ ਨੇ ਵਧਾਈ ਦਿੱਤੀ। ਵਰਨਣਯੋਗ ਹੈ ਕਿ ਇਸ ਸਾਰੇ ਡਿਗਰੀ ਸਮਾਰੋਹ ਦੇ ਵਿਚ ਸਰਟੀਫਿਕੇਟ ਪ੍ਰਾਪਤ ਕਰਨ ਵਾਲਿਆਂ ਦੇ ਵਿਚ ਕੁਝ ਭਾਰਤੀ ਅਤੇ ਪੰਜਾਬੀ ਮੁੰਡੇ ਵੀ ਸਨ ਪਰ ਕੋਈ ਵੀ ਦਸਤਾਰਧਾਰੀ ਨਹੀਂ ਸੀ। ਇਸ ਕੁੜੀ ਨੇ ਮੁੰਡਿਆਂ ਦੀ ਦਸਤਾਰ ਦਾ ਘਾਟਾ ਵੀ ਪੂਰਾ ਕਰਕੇ ਪੂਰੇ ਸਿੱਖ ਜਗਤ ਦੀ ਨਿਊਜ਼ੀਲੈਂਡ ਵਿਚ ਸ਼ਾਨ ਵਧਾਈ।