ਸੱਥਾਂ ਵਿੱਚ ਬੈਠਣ ਵਾਲੇ ਅਕਾਲੀ ਹੁਣ ਆਲੀਸ਼ਾਨ ਹੋਟਲਾਂ ’ਚ ਲਾਉਂਦੇ ਨੇ ਡੇਰੇ

By December 12, 2015 0 Comments


circuitਬਠਿੰਡਾ, (12 ਦਸੰਬਰ, ਚਰਨਜੀਤ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਹੁਣ ਪੰਜ ਤਾਰਾ ਸਭਿਆਚਾਰ ਦੀ ਮੌਜ ਵਿੱਚ ਉਲਝ ਗਈ ਹੈ। ਨਾ ਹੀ ਪ੍ਰੋਟੋਕਾਲ ਦਾ ਫਿਕਰ ਅਤੇ ਨਾ ਹੀ ਸਰਕਾਰੀ ਰੁਤਬੇ ਦਾ ਖਿਆਲ ਰਿਹਾ ਹੈ। ਸੱਥਾਂ ਵਿੱਚ ਬੈਠ ਕੇ ਸਿਆਸਤ ਕਰਨ ਵਾਲੇ ਅਕਾਲੀਆਂ ਲਈ ਆਲੀਸ਼ਾਨ ਹੋਟਲ ਤਰਜੀਹੀ ਬਣ ਗਏ ਹਨ। ਤਾਹੀਓਂ ਹੁਣ ਪੰਜਾਬ ਦੇ ਸਰਕਟ ਹਾਊਸ ਸੁੰਨੇ ਹੋ ਗਏ ਹਨ, ਜਿਨ੍ਹਾਂ ਤੋਂ ਨੇਤਾਵਾਂ ਨੇ ਮੂੰਹ ਫੇਰ ਲਏ ਹਨ। ਉਪ ਮੁੱਖ ਮੰਤਰੀ ਪੰਜਾਬ ਲੰਘੇ ਅੱਠ ਵਰ੍ਹਿਆਂ ਵਿੱਚ ਕਦੇ ਵੀ ਪੰਜਾਬ ਦੇ ਕਿਸੇ ਸਰਕਟ ਹਾਊਸ ਵਿੱਚ ਨਹੀਂ ਠਹਿਰੇ ਹਨ ਜਦੋਂਕਿ ਮੁੱਖ ਮੰਤਰੀ ਦੀ ਤਰਜੀਹ ਪਾਰਟੀ ਆਗੂਆਂ ਦੇ ਮਹਿਲਾਂ ਵਰਗੇ ਘਰ ਰਹੇ ਹਨ। ਇਹੋ ਹਾਲ ਵਜ਼ੀਰਾਂ ਦਾ ਹੈ।

ਪ੍ਰਾਹੁਣਚਾਰੀ ਮਹਿਕਮੇ ਤੋਂ ਪ੍ਰਾਪਤ ਆਰ.ਟੀ.ਆਈ. ਸੂਚਨਾ ਅਨੁਸਾਰ ਪੰਜਾਬ ਦੇ ਸੱਤ ਸ਼ਹਿਰਾਂ ਵਿੱਚ ਸਰਕਟ ਹਾਊਸ ਹਨ, ਜਿਨ੍ਹਾਂ ’ਤੇ ਸਰਕਾਰ ਕਰੋੜਾਂ ਰੁਪਏ ਖਰਚਦੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 1 ਅਪਰੈਲ 2007 ਤੋਂ ਹੁਣ ਤੱਕ ਪੰਜਾਬ ਦੇ ਕਿਸੇ ਸਰਕਟ ਹਾਊਸ ਵਿੱਚ ਨਹੀਂ ਠਹਿਰੇ ਹਨ। ਜਦੋਂ ਵੀ ਉਪ ਮੁੱਖ ਮੰਤਰੀ ਦੌਰੇ ’ਤੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਜਾਂਦੇ ਹਨ ਤਾਂ ਉਹ ਉਥੋਂ ਦੇ ਪੰਜ ਤਾਰਾਂ ਹੋਟਲਾਂ ਵਿੱਚ ਠਹਿਰਦੇ ਹਨ। ਮੁੱਖ ਮੰਤਰੀ ਪੰਜਾਬ ਅੱਠ ਵਰ੍ਹਿਆਂ ਦੌਰਾਨ ਸਭ ਤੋਂ ਵੱਧ 71 ਵਾਰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਠਹਿਰੇ ਹਨ। ਮੁੱਖ ਮੰਤਰੀ ਨੇ ਜਲੰਧਰ ਦੇ ਸਰਕਟ ਹਾਊਸ ਵਿੱਚ ਚਾਰ ਵਾਰ, ਪਟਿਆਲਾ ਦੇ ਸਰਕਟ ਹਾਊਸ ਵਿੱਚ ਦੋ ਵਾਰ ਅਤੇ ਫ਼ਿਰੋਜ਼ਪੁਰ ਦੇ ਸਰਕਟ ਹਾਊਸ ਵਿੱਚ ਇੱਕ ਵਾਰ ਰਾਤ ਬਿਤਾਈ ਹੈ। ਮੁੱਖ ਮੰਤਰੀ ਲੁਧਿਆਣਾ ਵਿੱਚ ਇੱਕ ਕਾਰੋਬਾਰੀ ਦੇ ਘਰ, ਪਟਿਆਲਾ ਵਿੱਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਘਰ ਅਤੇ ਬਠਿੰਡਾ ਵਿੱਚ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੇ ਘਰ ਠਹਿਰਦੇ ਹਨ। ਕੈਬਨਿਟ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਵੀ ਇਨ੍ਹਾਂ ਵਰ੍ਹਿਆਂ ਦੌਰਾਨ ਕਦੇ ਸਰਕਟ ਹਾਊਸ ਵਿੱਚ ਰਾਤ ਨਹੀਂ ਕੱਟੀ ਹੈ। ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਿਰਫ ਇੱਕ ਵਾਰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਠਹਿਰੇ ਹਨ।
ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਰਾਜ ਭਾਗ ਦੌਰਾਨ ਕਦੇ ਸਰਕਟ ਹਾਊਸ ਵਿੱਚ ਨਹੀਂ ਠਹਿਰੇ ਸਨ। ਉਹ ਤਾਂ ਸਰਕਾਰੀ ਮੀਟਿੰਗਾਂ ਵੀ ਮੋਤੀ ਮਹਿਲ ਵਿੱਚ ਹੀ ਕਰਦੇ ਸਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਰਾਜ ਭਾਗ ਸਮੇਂ ਹਮੇਸ਼ਾ ਸਰਕਟ ਹਾਊਸ ਵਿੱਚ ਰਹਿੰਦੇ ਸਨ। ਰਾਹੁਲ ਗਾਂਧੀ ਵੀ ਆਪਣੀ ਪੰਜਾਬ ਫੇਰੀ ਦੌਰਾਨ ਬਠਿੰਡਾ ਦੇ ਸਰਕਟ ਹਾਊਸ ਵਿੱਚ ਠਹਿਰੇ ਸਨ। ਆਮ ਆਦਮੀ ਪਾਰਟੀ ਦੇ ਨੇਤਾ ਵੀ ਸਰਕਟ ਹਾਊਸਾਂ ਵਿੱਚ ਠਹਿਰ ਰਹੇ ਹਨ।

ਲੋਕ ਸੰਪਰਕ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਉਜਾਗਰ ਸਿੰਘ ਪਟਿਆਲਾ ਦਾ ਕਹਿਣਾ ਹੈ ਕਿ ਪ੍ਰੋਟੋਕਾਲ ਅਨੁਸਾਰ ਪਹਿਲਾਂ ਮੁੱਖ ਮੰਤਰੀ ਤੇ ਵਜ਼ੀਰ ਆਦਿ ਸਰਕਟ ਹਾਊਸ ਪੁੱਜਦੇ ਸਨ, ਜਿਥੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਂਦਾ ਸੀ। ਉਥੇ ਹੀ ਉਹ ਸਰਕਾਰੀ ਮੀਟਿੰਗਾਂ ਅਤੇ ਆਮ ਲੋਕਾਂ ਨੂੰ ਮਿਲਦੇ ਸਨ। ਹੁਣ ਦੇ ਨੇਤਾ ਸਰਕਾਰੀ ਸਟੇਟਸ ਨੂੰ ਭੁੱਲ ਕੇ ਨਿੱਜੀ ਰੁਤਬੇ ਖਾਤਰ ਹੋਟਲਾਂ ਵਿੱਚ ਜਾਂਦੇ ਹਨ।
ਸੂਚਨਾ ਅਨੁਸਾਰ ਬਠਿੰਡਾ ਦੇ ਸਰਕਟ ਹਾਊਸ ਵਿੱਚ ਅੱਠ ਵਰ੍ਹਿਆਂ ਵਿੱਚ 1741 ਮਹਿਮਾਨ ਠਹਿਰੇ ਹਨ, ਜਿਨ੍ਹਾਂ ’ਚੋਂ ਸਿਰਫ 27 ਵਾਰ ਵਜ਼ੀਰ ਠਹਿਰੇ ਹਨ। ਪਟਿਆਲਾ ਦੇ ਸਰਕਟ ਹਾਊਸ ਵਿੱਚ ਸਿਰਫ 10 ਵਾਰ ਕਿਸੇ ਨਾ ਕਿਸੇ ਵਜ਼ੀਰ ਨੇ ਰਾਤ ਕੱਟੀ ਹੈ ਜਦੋਂਕਿ ਇੱਥੇ 188 ਵਾਰ ਕੇਂਦਰੀ ਅਧਿਕਾਰੀ ਜਾਂ ਮੰਤਰੀ ਵਗੈਰਾ ਠਹਿਰੇ ਹਨ। ਭਾਜਪਾ ਵਜ਼ੀਰਾਂ ਅਤੇ ਕੇਂਦਰੀ ਵਜ਼ੀਰਾਂ ਤੇ ਐਮ.ਪੀਜ਼ ਨੇ ਤਰਜੀਹ ਸਰਕਟ ਹਾਊਸਾਂ ਨੂੰ ਦਿੱਤੀ ਹੈ। ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਸਾਲ 2007-2012 ਦੌਰਾਨ 50 ਵਾਰ ਵਜ਼ੀਰ ਠਹਿਰੇ ਜਦੋਂ ਕਿ 2012 ਤੋਂ ਮਗਰੋਂ ਸਿਰਫ 14 ਵਾਰ ਹੀ ਵਜ਼ੀਰਾਂ ਨੇ ਇੱਥੇ ਰਾਤ ਕੱਟੀ। ਲੁਧਿਆਣਾ ਦੇ ਸਰਕਟ ਹਾਊਸ ਵਿੱਚ 46 ਵਾਰ ਵਜ਼ੀਰਾਂ ਨੇ ਇੱਕ ਇੱਕ ਕਮਰਾ ਬੁੱਕ ਕਰਾਇਆ ਜਦੋਂ ਕਿ ਕੇਂਦਰੀ ਅਧਿਕਾਰੀ ਤੇ ਵਜ਼ੀਰ ਵਗੈਰਾ ਇੱਥੇ 147 ਵਾਰ ਰਾਤ ਦੌਰਾਨ ਠਹਿਰੇ ਹਨ। ਜਲੰਧਰ ਦੇ ਸਰਕਟ ਹਾਊਸ ਵਿੱਚ 41 ਵਾਰ ਅਤੇ ਫ਼ਿਰੋਜ਼ਪੁਰ ਦੇ ਸਰਕਟ ਹਾਊਸ ਵਿੱਚ 11 ਵਾਰ ਕਿਸੇ ਨਾ ਕਿਸੇ ਵਜ਼ੀਰ ਨੇ ਕਮਰਾ ਬੁੱਕ ਕਰਾਇਆ। ਫ਼ਰੀਦਕੋਟ ਦੇ ਸਰਕਟ ਹਾਊਸ ਵਿੱਚ 15 ਵਾਰ ਵਜ਼ੀਰ ਠਹਿਰੇ ਹਨ।

ਸੁਖਬੀਰ ਖ਼ੁਦ ਚੁੱਕਦੇ ਨੇ ਆਪਣੀ ਠਹਿਰ ਦਾ ਖ਼ਰਚਾ: ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਦਾ ਸ਼ੁਰੂ ਤੋਂ ਹੀ ਹੋਟਲ ਵਿੱਚ ਠਹਿਰਨ ਦਾ ਰੁਝਾਨ ਹੈ ਅਤੇ ਉਹ ਖੁਦ ਠਹਿਰ ਦਾ ਖ਼ਰਚਾ ਕਰਦੇ ਹਨ। ਉਨ੍ਹਾਂ ਆਖਿਆ ਕਿ ਸਰਕਟ ਹਾਊਸਾਂ ਵਿੱਚ ਸੁਵਿਧਾਵਾਂ ਅਤੇ ਸਟਾਫ ਦੀ ਕਮੀ ਹੈ। ਤੇਜ਼ੀ ਦਾ ਯੁੱਗ ਹੋਣ ਕਰਕੇ ਵਜ਼ੀਰ ਤਾਂ ਹੁਣ ਬਹੁਤਾ ਕਿਤੇ ਬਾਹਰ ਠਹਿਰਦੇ ਹੀ ਨਹੀਂ ਹਨ ਅਤੇ ਲੋੜ ਪਵੇ ਤਾਂ ਪਾਰਟੀ ਆਗੂਆਂ ਦੇ ਘਰ ਰੁਕ ਲੈਂਦੇ ਹਨ।
courtesy : Punjabi Tribune

Posted in: ਪੰਜਾਬ