ਪਿੰਕੀ ਵੱਲੋਂ ਕੀਤੇ ਖੁਲਾਸਿਆਂ ’ਤੇ ਵਿਚਾਰ ਕਰੇਗੀ ਸਰਕਾਰ: ਮਲੂਕਾ

By December 12, 2015 0 Comments


malukaਸੰਗਰੂਰ: ਪੰਜਾਬ ਪੁਲੀਸ ਦੇ ਬਰਖ਼ਾਸਤ ਮੁਲਾਜ਼ਮ ਕੈਟ ਗੁਰਮੀਤ ਸਿੰਘ ਪਿੰਕੀ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ ਬਾਰੇ ਕੀਤੇ ਗਏ ਖੁਲਾਸਿਆਂ ਦਾ ਮਾਮਲਾ ਕਾਫ਼ੀ ਅਹਿਮ ਹੈ ਜਿਸ ਦੀ ਜਾਂਚ ਕਰਾਉਣ ਬਾਰੇ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ। ੲਿਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਇਥੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਤੱਕ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਪਿੰਕੀ ਵੱਲੋਂ ਕੀਤੇ ਖੁਲਾਸਿਆਂ ਬਾਰੇ ਵਿਚਾਰ ਕੀਤਾ ਜਾਵੇਗਾ।

ਮਲੂਕਾ ਨੇ ਕਿਹਾ ਕਿ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਗੁਰਮੀਤ ਸਿੰਘ ਪਿੰਕੀ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਿੰਕੀ ਖੁਦ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕਰ ਰਿਹਾ ਹੈ।

ਪੰਜਾਬ ਵਿੱਚ ਵੱਧ ਰਹੇ ਰਾਜਨੀਤਕ ਟਕਰਾਅ ਦੇ ਸਬੰਧ ਵਿੱਚ ੳੁਨ੍ਹਾਂ ਕਿਹਾ ਕਿ ਅਜਿਹੇ ਰਾਜਨੀਤਕ ਟਕਰਾਅ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ ਕਿਉਂਕਿ ਸੰਨ 2002 ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀ ਭਾਸ਼ਾ ਵਰਤਣੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਹਮੇਸ਼ਾ ਹੀ ਟਕਰਾਅ ਦੀ ਰਾਜਨੀਤੀ ਕੀਤੀ ਹੈ। ਸੰਨ 2002 ਤੋਂ ਪਹਿਲਾਂ ਸਾਰੇ ਸਿਆਸੀ ਆਗੂ ਮਿਲ ਬੈਠਦੇ ਸੀ ਅਤੇ ਇੱਕ ਦੂਜੇ ਨਾਲ ਆਪਸੀ ਭਾਈਚਾਰਕ ਸਾਂਝ ਸੀ ਪਰ ਕੈਪਟਨ ਦੀ ਟਕਰਾਅ ਵਾਲੀ ਰਾਜਨੀਤੀ ਨੇ ਆਪਸੀ ਸਾਂਝ ਨੂੰ ਢਾਹ ਲਾਈ ਹੈ।

ਭਗਵੰਤ ਮਾਨ ਵੱਲੋਂ ਡੋਪ ਟੈਸਟ ਕਰਾਉਣ ਦੀ ਦਿੱਤੀ ਚੁਣੌਤੀ ਬਾਰੇ ਮਲੂਕਾ ਨੇ ਕਿਹਾ ਕਿ ਉਨ੍ਹਾਂ ਨੇ ਚੁਣੌਤੀ ਕਬੂਲ ਕੀਤੀ ਸੀ ਪਰ ਉਸ ਤੋਂ ਬਾਅਦ ਨਾ ਤਾਂ ਭਗਵੰਤ ਮਾਨ ਅਤੇ ਨਾ ਹੀ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਦਿੱਤੀ ਹੈ।

Posted in: ਪੰਜਾਬ