ਪੰਜਾਂ ਪਿਆਰਿਆਂ ਅਤੇ ਅਵਤਾਰ ਸਿੰਘ ਮੱਕੜ ਦਰਮਿਆਨ ਹੋਈ ਮੀਟਿੰਗ

By December 12, 2015 0 Comments


ਅੰਮਿ੍ਤਸਰ : ਅਕਾਲ ਤਖਤ ਸਾਹਿਬ ‘ਤੇ ਅੰਮ੍ਰਿਤ ਸੰਚਾਰ ਸੀ ਸੇਵਾ ਨਿਭਾਉਣ ਵਾਲੇ ਪੰਜਾਂ ਪਿਆਰਿਆਂ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਕੁਝ ਸਿਧਾਂਤਕ ਨੁਕਤਿਆਂ ‘ਤੇ ਚੱਲ ਰਹੇ ਤਨਾਅ ਦੇ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਪੰਜਾਂ ਪਿਆਰਿਆਂ ਵਿੱਚਕਾਰ ਮੀਟਿੰਗ ਹੋਈ।

ਇਸ ਮੀਟਿੰਗ ‘ਚ ਪੰਜ ਪਿਆਰਿਆਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਅਤੇ ਸਕੱਤਰ ਡਾ: ਰੂਪ ਸਿੰਘ ਵੀ ਸ਼ਾਮਲ ਸਨ । ਪੰਜ ਪਿਆਰਿਆਂ ਅਤੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਸ ਮੀਟਿੰਗ ਦੀ ਤਾਂ ਪੁਸ਼ਟੀ ਕਰ ਦਿੱਤੀ ਗਈ ਪਰ ਚਰਚਾ ਦੇ ਵੇਰਵੇ ਦੇਣ ਤੋਂ ਦੋਵ੍ਹਾਂ ਧਿਰਾਂ ਨੇ ਇਨਕਾਰ ਕੀਤਾ । ਇਸ ਸਬੰਧੀ ਪੰਜ ਪਿਆਰਿਆਂ ‘ਚੋਂ ਭਾਈ ਸਤਨਾਮ ਸਿੰਘ ਖੰਡਾ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਕਿਸੇ ਪ੍ਰਭਾਵ ਜਾਂ ਪੇਸ਼ਕਸ਼ ਬਾਰੇ ਪੁੱਛਣ ‘ਤੇ ਉਨ੍ਹਾਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਨਾਲ ਗੱਲ ਕਰਨ ਲਈ ਕਹਿ ਕੇ ਕੋਈ ਜਾਣਕਾਰੀ ਦੇਣ ਤੋਂ ਅਸਮਰੱਥਾ ਪ੍ਰਗਟਾਈ ।

ਓਧਰ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਵੱਲੋਂ ਵੀ ਇਸ ਨੂੰ ਆਪਣੇ ਕਰਮਚਾਰੀਆਂ ਨਾਲ ਆਮ ਮੀਟਿੰਗ ਵੀ ਦੱਸਿਆ । ਇਸ ਸਬੰਧੀ ਜਿਥੇ ਪੰਜ ਪਿਆਰਿਆਂ ਵੱਲੋਂ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਸਬੰਧੀ ਜਾਰੀ ਆਦੇਸ਼ ਸਿੱਧੇ ਰੂਪ ‘ਚ ਵਾਪਸ ਲੈਣ ਤੋਂ ਇਨਕਾਰ ਕਰਨ ਦੀ ਸੂਹ ਹੈ, ਓਥੇ ਸ਼ੋ੍ਰਮਣੀ ਕਮੇਟੀ ਸਿਧਾਂਤਕ ਤੌਰ ‘ਤੇ ਪੰਜ ਪਿਆਰਿਆਂ ਦੇ ਫ਼ੈਸਲੇ ਦੀ ਲਟਕ ਰਹੀ ਤਲਵਾਰ ਤੋਂ ਆਪਣਾ ਖਹਿੜਾ ਛੁਡਾਉਣ ਦੇ ਸਾਰੇ ਯਤਨ ਕਰ ਰਹੀ ਹੈ । ਸ਼ੋ੍ਰਮਣੀ ਕਮੇਟੀ ਦੇ ਅਜਿਹੇ ਯਤਨਾਂ ‘ਚ ਤੇਜੀ ਦਾ ਕਾਰਨ 14 ਦਸੰਬਰ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਕਿਸੇ ਖਲਲ ਦੀ ਸੰਭਾਵਨਾ ਘਟਾਉਣ ਵਜੋਂ ਵੀ ਵੇਖਿਆ ਜਾ ਰਿਹਾ ਹੈ ।

ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਪੰਜ ਪਿਆਰਿਆਂ ਨੂੰ ਮੀਟਿੰਗ ਤੋਂ ਪਹਿਲਾਂ ਕਿਸੇ ਹੋਰ ਨਵੇਂ ਆਦੇਸ਼ ਦੀ ਸਥਿਤੀ ਨਾ ਬਨਾਉਣ ਬਾਬਤ ਅੰਦਰ ਖਾਤੇ ਅਪੀਲ ਕੀਤੀ ਹੈ । ਬੈਠਕ ਦੌਰਾਨ ਜਿਥੇ ਸ਼ੋ੍ਰਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਆਪਣੇ ਦਿੱਤੇ ਆਦੇਸ਼ ਵਾਪਸ ਲੈਣ ‘ਤੇ ਜ਼ੋਰ ਪਾਇਆ ਓਥੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਸੇਵਾ ਬਹਾਲੀ ਦੀ ਮੰਗ ਪਹਿਲਾਂ ਸਿਰੇ ਲਾਉਣ ਲਈ ਕਿਹਾ ਗਿਆ ।