ਗੋਲਕ ਚੋਰ ਮੁਲਾਜਮਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤਾ 250 ਕਿਲੋਮੀਟਰ ਦਾ ਗੇੜਾ

By December 12, 2015 0 Comments


ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਕੁਲਦੀਪ ਸਿੰਘ ਰਿਣੀ)- ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਗੋਲਕ ਚੋਰੀ ਦੇ ਦੋਸ਼ ’ਚ ਮੁਅੱਤਲ ਹੋਏ ਤਿੰਨ ਮੁਲਾਜਮਾਂ ਨੂੰ ਮੁਅੱਤਲੀ ਉਪਰੰਤ ਹੈਡਕੁਆਟਰ ਬਦਲਣ ਦੀ ਸ਼ਜਾ ਦਿੰਦਿਆ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੇ ਪੜਤਾਲ ਵਿਚ ਦੋਸ਼ੀ ਪਾਏ ਤਿੰਨੋਂ ਮੁਲਾਜਮਾਂ ਨੰੂ ਲਗਭਗ 250 ਕਿਲੋਮੀਟਰ ਦਾ ਗੇੜਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਉਕਤ ਮੁਲਾਜਮਾਂ ਵੱਲੋਂ ਕੀਤੀ ਗਈ ਇਸ ਵੱਡੀ ਗਲਤੀ ਸਬੰਧੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਰੋਹ ਵਿਚ ਹਨ, ਉੱਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਵੱਲੋਂ ਵੀ ਕਮੇਟੀ ਵਿਚ ਪੱਕੇ ਇਹਨਾ ਮੁਲਾਜਮਾਂ ਵੱਲੋਂ ਕੀਤੀ ਗਈ ਇਸ ਨਿੰਦਣਯੋਗ ਹਰਕਤ ਸਬੰਧੀ ਗੁੱਸਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਕਤ ਮੁਲਾਜਮਾਂ ਦੀ ਮੁਅੱਤਲੀ ਦੇ ਨਾਲ ਹੀ ਇਹਨਾਂ ਦੇ ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਤੋਂ ਕਰੀਬ 250 ਕਿਲੋਮੀਟਰ ਦੀ ਦੂਰੀ ਤੇ ਬਣਾ ਦਿੱਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਲਿਖਤੀ ਕਾਰਵਾਈ ’ਚ ਗੋਲਕ ਚੋਰੀ ਦੇ ਦੋਸ਼ ’ਚ ਮੁਅੱਤਲ ਮੁਲਾਜਮਾਂ ’ਚੋਂ ਬਿਜਲੀ ਮਿਸਤਰੀ ਲਖਵਿੰਦਰ ਸਿੰਘ ਲਾਡੀ ਦਾ ਹੈਡਕੁਆਟਰ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਕਰੀਬ 224 ਕਿਲੋਮੀਟਰ, ਕਲਰਕ ਜਗਦੇਵ ਸਿਘ ਜੋਗਾ ਦਾ ਹੈਡਕੁਆਟਰ ਗੁਰਦੁਆਰਾ ਸਾਹਿਬ ਕਪਾਲ ਮੋਚਨ (ਯਮੁਨਾਨਗਰ) ਹਰਿਆਣਾ ਕਰੀਬ 276 ਕਿਲੋਮੀਟਰ ਅਤੇ ਮਨਮੋਹਣ ਸਿੰਘ ਮੋਹਣਾ ਦਾ ਹੈਡਕੁਆਟਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀ ਜ਼ੀਂਦ ਹਰਿਆਣਾ ਵਿਖੇ ਬਣਾਇਆ ਗਿਆ ਹੈ।

Posted in: ਪੰਜਾਬ