ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ

By December 12, 2015 0 Comments


guru gobind singh ji baba Banda singh bhadurਦੁਸ਼ਟ ਦਮਨ, ਸੰਤ ਸਿਪਾਹੀ, ਮਹਾਨ ਇਨਕਲਾਬੀ ਅਤੇ ਸਾਹਿਤ ਸ਼੍ਰੋਮਣੀ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸੰਮਤ 1723 ਬਿਕਰਮੀ ਨੂੰ ਅਰਥਾਹ ਪੋਹ ਸੁਦੀ ਸੱਤਵੀਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਹੋਇਆ। ਉਨ੍ਹਾਂ ਦੇ ਪ੍ਰਕਾਸ਼ ਸਮੇਂ ਨੌਵੇਂ ਗੁਰੂ ਅਤੇ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਆਸਾਮ ਦੇ ਦੌਰੇ ‘ਤੇ ਸਨ। ਆਪਣੇ, ਦੁਨੀਆ ਵਿਚ ਅਵਤਾਰ ਧਾਰਨ ਦੇ ਮਕਸਦ ਬਾਰੇ ਬਿਆਨ ਕਰਦਿਆਂ ਦਸਮ ਪਾਤਸ਼ਾਹ ਇਉਂ ਦੱਸਦੇ ਹਨ-
ਜਹਾਂ ਤਹਾ ਤੁਮ ਧਰਮ ਬਿਥਾਰੋ
ਦੁਸਟ ਦੋਖਯਨਿ ਪਕਰਿ ਪਛਾਰੋ॥
ਯਾਹੀ ਕਾਜ ਧਰਾ ਹਮ ਜਨਮੰ
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਿਨ
ਦੁਸਟ ਸਭਨ ਕੋ ਮੂਲ ਉਪਾਰਨ॥
ਹਮ ਇਹ ਕਾਜ ਜਗਤ ਮੋ ਆਏ
ਧਰਮ ਹੇਤੁ ਗੁਰਦੇਵ ਪਠਾਏ॥
(ਬਚਿਤ੍ਰ ਨਾਟਕ, ਅਧਿਆਇ 6)
ਗੁਰੂ ਸਾਹਿਬ ਦਾ ਜਨਮ ਪਟਨੇ ਵਿਚ ਹੀ ਬੀਤਿਆ। ਉਨ੍ਹਾਂ ਹਿੰਦੀ, ਬ੍ਰਿਜ, ਫਾਰਸੀ, ਉਰਦੂ ਅਤੇ ਪੰਜਾਬੀ ਦੀ ਉੱਚ ਵਿੱਦਿਆ ਹਾਸਲ ਕੀਤੀ ਅਤੇ ਨਾਲ-ਨਾਲ ਸ਼ਸਤਰ ਵਿੱਦਿਆ ਵਿਚ ਵੀ ਉੱਚਕੋਟੀ ਦੀ ਮੁਹਾਰਤ ਹਾਸਲ ਕੀਤੀ।
ਪਿਤਾ ਜੀ ਦੀ ਅਜ਼ੀਮ ਸ਼ਹਾਦਤ ਤੋਂ ਬਾਅਦ ਬਾਲਕ ਗੋਬਿੰਦ ਰਾਇ ਨੇ ਗੁਰਗੱਦੀ ਸੰਭਾਲੀ। 1699 ਈ: ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੋਏ ਵਿਸ਼ਾਲ ਇਕੱਠ ਵਿਚ ਇਕ ਅਜੀਬ ਕੌਤਕ ਵਰਤਾਇਆ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਹੱਥ ਵਿਚ ਨੰਗੀ ਤਲਵਾਰ ਲੈ, ਸਟੇਜ ਉੱਤੇ ਆਏ ਅਤੇ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਸੰਗਤ ਵਿਚੋਂ ਪੰਜ ਸਿੱਖ ਨਿੱਤਰੇ, ਜਿਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਥਾਪਿਆ ਅਤੇ ਪੰਜ ਪਿਆਰੇ ਹੋਣ ਦਾ ‘ਵਰ’ ਬਖਸ਼ਿਆ। ਫਿਰ ਉਨ੍ਹਾਂ ਸਨਮੁਖ ਨਿਮਰਤਾ ਨਾਲ ਆਪ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ। ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦਾ ਨਾਂਅ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਿਆ। ਲੋਕਤੰਤਰ ਵਿਚ ਸੱਤਾ ਦੇ ਜਿਸ ਵਿਕੇਂਦਰੀਕਰਨ ਅਤੇ ਸਮਾਨਤਾ ਦੀ ਗੱਲ ਕੀਤੀ ਜਾਂਦੀ ਹੈ, ਉਸ ਦੀ ਬੁਨਿਆਦ ਗੁਰੂ ਸਾਹਿਬ ਨੇ ਗੁਰੂ ਅਤੇ ਸਿੱਖ ਵਿਚਾਲੇ ਫਰਕ ਨੂੰ ਦੂਰ ਕਰਕੇ 1699 ਈ: ਦੀ ਵਿਸਾਖੀ ਵਾਲੇ ਦਿਨ ਰੱਖੀ, ਤਾਂ ਹੀ ਤਾਂ ਕਵੀ ਭਾਈ ਗੁਰਦਾਸ ਦੂਜੇ ਨੇ ਲਿਖਿਆ ਹੈ-
‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।’
ਜਮਹੂਰੀਅਤ ਦੇ ਬਾਨੀ ਗੁਰੂ ਸਾਹਿਬ, ਖਾਲਸੇ ਦੇ ਰੂਪ ਵਿਚ ਅਪਾਰ ਜਨਸ਼ਕਤੀ ਨੂੰ ਮਾਣ ਦਿੰਦਿਆਂ ਇਉਂ ਮੁਖਾਤਿਬ ਹੁੰਦੇ ਹਨ-
‘ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੇ ਗਰੀਬ ਕਰੋਰ ਪਰੇ।’
ਖਾਲਸੇ ਦੀ ਸਿਰਜਣਾ, ਸਮੇਂ ਦੀ ਬਹੁਤ ਵੱਡੀ ਲੋੜ ਸੀ ਅਤੇ ਇਸ ਨੇ ਭਾਰਤ ਦੇ ਇਤਿਹਾਸ ਨੂੰ ਇਕ ਉਸਾਰੂ, ਨਰੋਆ ਅਤੇ ਕ੍ਰਾਂਤੀਕਾਰੀ ਮੋੜਾ ਦਿੱਤਾ। ਪੰਜ ਪਿਆਰੇ ਵੱਖ-ਵੱਖ ਪ੍ਰਾਂਤਾਂ ਦੇ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਅਤੇ ਵਿਭਿੰਨ ਜਾਤਾਂ ਦੇ ਸਨ। ਉਨ੍ਹਾਂ ਨੇ ਇਨ੍ਹਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਦੀ ਦਾਤ ਦੇ ਕੇ ਜਿਥੇ ਸਦੀਆਂ ਤੋਂ ਸਮਾਜ ਨੂੰ ਚਿੰਬੜੀ ਹੋਈ ਜਾਤ-ਪਾਤ ਦੀ ਕੁਪ੍ਰਥਾ ਉੱਤੇ ਤਕੜੀ ਸੱਟ ਮਾਰੀ ਅਤੇ ਸਮਾਜ ਵਿਚ ਬਰਾਬਰੀ ਲਿਆਉਣ ਦਾ ਬੀੜਾ ਚੁੱਕਿਆ, ਉਥੇ ਸਮਾਜ ਦੇ ਲਿਤਾੜੇ ਅਤੇ ਆਪਣੇ-ਆਪ ਨੂੰ ਨਿਮਾਣੇ, ਬੇਕਸ ਅਤੇ ਨਿਆਸਰੇ ਮਜ਼ਲੂਮ ਲੋਕਾਂ ਨੂੰ ਮਰਦੇ-ਕਾਮਿਲ ਬਣਾ ਦਿੱਤਾ। ਉਨ੍ਹਾਂ ਵਿਚ ਆਪਣੇ ਹੱਕਾਂ ਲਈ ਅਤੇ ਜ਼ੁਲਮ ਤੇ ਅਨਿਆਂ ਵਿਰੁੱਧ ਉਠ ਖਲੋਣ ਦੀ ਪ੍ਰਚੰਡ ਜਵਾਲਾ ਜਗਾ ਦਿੱਤੀ।
ਗੁਰੂ ਸਾਹਿਬ ਨੇ ਅਨਿਆਂ ਅਤੇ ਧਾਰਮਿਕ ਕੱਟੜਪੁਣੇ ਵਿਰੁੱਧ ਲਾਸਾਨੀ ਸੰਘਰਸ਼ ਵਿਚ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਆਪਣੇ ਪੂਜ ਪਿਤਾ, ਮਾਤਾ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ ਨੂੰ ਹੱਸਦਿਆਂ-ਹੱਸਦਿਆਂ, ਦੇਸ਼ ਧਰਮ ਤੋਂ ਕੁਰਬਾਨ ਕਰ ਦਿੱਤਾ। ਅਜਿਹੇ ਮਹਾਨ ਤਿਆਗ ਅਤੇ ਬੇਜੋੜ ਕੁਰਬਾਨੀ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚੋਂ ਭਾਲਣੀ ਮੁਸ਼ਕਿਲ ਹੈ। ਉਨ੍ਹਾਂ ਦੀ ਲੜਾਈ ਕਿਸੇ ਖਾਸ ਫਿਰਕੇ ਦੇ ਵਿਰੁੱਧ ਨਹੀਂ, ਬਲਕਿ ਫਿਰਕਾਪ੍ਰਸਤੀ ਅਤੇ ਕੱਟੜਪੁਣੇ ਵਿਰੁੱਧ ਸੀ। ਗੁਰੂ ਸਾਹਿਬ ਤਾਂ ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖੀ ਏਕਤਾ ਦੇ ਮਹਾਨ ਅਲੰਬਰਦਾਰ ਸਨ। ਆਪ ਫ਼ਰਮਾਉਂਦੇ ਹਨ-
‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ।’
ਉਨ੍ਹਾਂ ਅਨੁਸਾਰ ਮਾਨਵਤਾ ਨੂੰ ਪਿਆਰ ਕਰਨਾ ਸੱਚੀ ਇਬਾਦਤ ਹੈ, ਕਿਉਂਕਿ ਪਿਆਰ ਦਾ ਦੂਜਾ ਨਾਂਅ ਹੀ ‘ਰੱਬ’ ਹੈ।
‘ਸਾਚ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ, ਤਿਨਹੀ ਪ੍ਰਭੁ ਪਾਯੋ।’
ਬਹੁਤ ਸਾਰੇ ਮੁਸਲਮਾਨ ਵੀ ਗੁਰੂ ਸਾਹਿਬ ਦੇ ਮੁਰੀਦ ਰਹੇ ਹਨ, ਜਿਨ੍ਹਾਂ ਵਿਚ ਪੀਰ ਭੀਖਨ ਸ਼ਾਹ, ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ, ਨੂਰਾ ਮਾਹੀ ਅਤੇ ਜਰਨੈਲ ਸੈਦ ਖਾਂ ਦੇ ਨਾਂਅ ਖਾਸ ਤੌਰ ‘ਤੇ ਕਾਬਲੇ ਜ਼ਿਕਰ ਹਨ।
ਕਿਸੇ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਦਾ ਮੁੱਲਾਂਕਣ ਕਰਨ ਲੱਗਿਆਂ ਜ਼ਿੰਦਗੀ ਦੇ ਵਰ੍ਹੇ ਨਹੀਂ ਵੇਖੇ ਜਾਂਦੇ, ਸਗੋਂ ਉਸ ਦੀਆਂ ਮਹਾਨ ਘਾਲਣਾਵਾਂ, ਸਮਾਜ ਨੂੰ ਦੇਣ ਅਤੇ ਪ੍ਰਾਪਤੀਆਂ ਨੂੰ ਤੋਲਿਆ ਜਾਂਦਾ ਹੈ। ਗੁਰੂ ਸਾਹਿਬ ਭਾਵੇਂ 42 ਸਾਲ ਦੇ ਥੋੜ੍ਹੇ ਜਿਹੇ ਅਰਸੇ ਲਈ ਮਾਤਲੋਕ ਵਿਚ ਵਿਚਰੇ ਪਰ ਆਪਣੀ ਮਹਾਨ ਅਤੇ ਉੱਚ ਕਰਨੀ ਦੁਆਰਾ ਉਨ੍ਹਾਂ ਨੇ ਦੇਸ਼ ਅਤੇ ਸੰਸਾਰ ਦੇ ਇਤਿਹਾਸ ਉੱਤੇ ਸਦੀਵੀ ਨਕਸ਼ ਛੱਡੇ। 42 ਸਾਲ ਦੀ ਸੰਸਾਰਕ ਆਯੂ ਤੋਂ ਬਾਅਦ ਗੁਰੂ ਸਾਹਿਬ ਮਹਾਂਰਾਸ਼ਟਰ ਵਿਚ ਨਾਂਦੇੜ ਵਿਖੇ ਸੰਮਤ 1765 ਵਿਚ ਜੋਤੀ ਜੋਤ ਸਮਾ ਗਏ।

ਤੀਰਥ ਸਿੰਘ ਢਿੱਲੋਂ
-98154-61710
Tags:
Posted in: ਸਾਹਿਤ