ਧਰਮ ਚਲਾਵਨ ਸੰਤ ਉਬਾਰਨ ਵਾਲੀ ਹਸਤੀ ਗੁਰੂ ਗੋਬਿੰਦ ਸਿੰਘ

By December 12, 2015 0 Comments


guru Gobind Singhਇਹ ਪੰਜਾਬ ਦਾ ਲੋਕ-ਸਾਹਿਤ ਹੈ, ‘ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ।’ ਕਿਸੇ ਗੁੰਮਨਾਮ ਕਵੀ ਦੀ ਕਲਗੀਧਰ ਪਾਤਸ਼ਾਹ ਪ੍ਰਤੀ ਮੋਹ ਭਿੱਜੀ ਸ਼ਰਧਾ ਵਿਚੋਂ ਭਾਵਨਾਵਾਂ ਨੂੰ ਟੁੰਬਣ ਵਾਲੀ ਹਿਰਦੇ ਦੀ ਪੁਕਾਰ ਹੈ। ਗੁਰੂ ਪੰਥ ਕਿੰਨੀਆਂ ਤਸ਼ਬੀਹਾਂ ਤੇ ਵਿਸ਼ੇਸ਼ਣਾਂ ਨਾਲ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦਾ ਹੈ, ‘ਚੋਜੀ ਪ੍ਰੀਤਮ, ਕਲਗੀਆਂ ਵਾਲੇ, ਬਾਜਾਂ ਵਾਲੇ, ਨੀਲੇ ਦੇ ਸ਼ਾਹ ਸਵਾਰ, ਪੁੱਤਰਾਂ ਦੇ ਦਾਨੀ, ਪਰਮ ਪੁਰਖ, ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਦੁਸ਼ਟ ਦਮਨ, ਸੰਤ ਸਿਪਾਹੀ, ਸਾਹਿਬੇ ਕਮਾਲ, ਮਰਦ ਅਗੰਮੜਾ, ਬਾਦਸ਼ਾਹ ਦਰਵੇਸ਼, ਸ਼ਮਸ਼ੀਰ-ਏ-ਬਹਾਦਰ, ਸਰਬੰਸਦਾਨੀ…। ਕਈ ਵਾਰ ਸਤਿਗੁਰਾਂ ਦੀ ਦੈਵੀ ਸ਼ਖ਼ਸੀਅਤ ਦੇ ਸਾਹਵੇਂ ਸਾਨੂੰ ਏਨੇ ਸ਼ਬਦ ਵੀ ਅਧੂਰੇ ਜਾਪਦੇ ਹਨ। ਇਸੇ ਲਈ ਸਤਿਗੁਰਾਂ ਦੇ ਵਚਿੱਤਰ ਜੀਵਨ ਤੋਂ ਗ਼ੈਰ-ਸਿੱਖ ਲੇਖਕ ਵੀ ਬਹੁਤ ਪ੍ਰਭਾਵਿਤ ਹੋਏ।
ਮੈਕਾਲਫ ਨੇ ਲਿਖਿਆ-ਆਪ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਗਾਰਡਨ ਕਹਿੰਦਾ-ਜਨਤਾ ਦੀਆਂ ਮੁਰਦਾ ਹੱਡੀਆਂ ਵਿਚ ਜ਼ਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੌੜਾਈ। ਲਤੀਫ ਲਿਖਦਾ-ਜਿਸ ਕਾਰਜ ਨੂੰ ਉਨ੍ਹਾਂ ਹੱਥ ਪਾਇਆ, ਉਹ ਮਹਾਨ ਸੀ। ਗੋਕਲ ਚੰਦ ਨਾਰੰਗ ਲਿਖ ਰਿਹਾ-ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਨੂੰ ਸ਼ਾਹੀ ਬਾਜਾਂ ਦਾ ਸ਼ਿਕਾਰ ਕਰਨ ਦੀ ਜਾਚ ਸਿਖਾਈ। ਅੱਲ੍ਹਾ ਯਾਰ ਖਾਂ ਜੋਗੀ ਤਾਂ ਪੁਕਾਰ ਉਠਿਆ-
ਇਨਸਾਫ ਗਰ ਕਰੇ ਜ਼ਮਾਨਾ ਤੋ ਯਕੀਂ ਹੈ।
ਗੁਰੂ ਗੋਬਿੰਦ ਕਾ ਤੋ ਸਾਨੀ ਹੀ ਨਹੀਂ ਹੈ।
ਕਰਤਾਰ ਕੀ ਸੌਗੰਧ ਅੱਲਾ ਕੀ ਕਸਮ ਹੈ।
ਜਿਤਨੀ ਭੀ ਤਾਰੀਫ਼ ਹੋ ਗੋਬਿੰਦ ਕੀ ਵੋਹ ਕਮ ਹੈ।
ਕਲਗੀਧਰ ਪਾਤਸ਼ਾਹ ਜੀ ਨੂੰ ਕਲਮ ਤੇ ਤੇਗ ਦੇ ਧਨੀ ਕਿਹਾ ਜਾਂਦਾ ਹੈ। ਇਸ ਲਈ ਜੇਕਰ ਉਨ੍ਹਾਂ ਦੀ ਤੇਗ ਦੇ ਜੌਹਰ ਦੇਖੋ ਤਾਂ 14 ਦੇ ਕਰੀਬ ਧਰਮ ਯੁੱਧ ਹੋਏ, ਜਿਨ੍ਹਾਂ ਵਿਚ ਸਤਿਗੁਰਾਂ ਦੀ ਫਤਹਿ ਹੋਈ। ਇਨ੍ਹਾਂ ਯੁੱਧਾਂ ਪਿੱਛੇ ਕਾਰਨ ਕੋਈ ਰਾਜਸੀ ਜਾਂ ਦੁਨਿਆਵੀ ਨਹੀਂ ਸੀ, ਸਗੋਂ ਸਤਿਗੁਰਾਂ ਦੀ ਜੀਵਨ ਕਥਾ ਅਨੁਸਾਰ ‘ਧਰਮ ਚਲਾਵਨ ਸੰਤ ਉਬਾਰਨ’ ਸੀ।
ਦੂਜੇ ਪਾਸੇ ਕਲਗੀਧਰ ਪਾਤਸ਼ਾਹ ਦੀ ਕਲਮ ਦੀ ਸ਼ਕਤੀ ਦੇਖੋ ਤਾਂ ਬਚਿੱਤਰ ਨਾਟਕ ਅਸਚਰਜ ਜਨਕ ਸਵੈਜੀਵਨੀ ਹੈ ਪਰ ਇਸ ਵਿਚ ਇਤਿਹਾਸਕ ਪੱਖ ਵੀ ਕਮਾਲ ਹੈ। ਕਲਗੀਧਰ ਰਚਿਤ ਜਾਪੁ ਸਾਹਿਬ, ਸਵੱਯੇ ਤੇ ਅਕਾਲ ਉਸਤਤਿ ਬਾਣੀਆਂ ਵਿਚੋਂ ਅਧਿਆਤਮਿਕਤਾ ਤੇ ਦੈਵੀ ਰਮਜਾਂ ਦੇ ਦਰਸ਼ਨ ਹੁੰਦੇ ਹਨ। ਜਾਪੁ ਸਾਹਿਬ ਦੇ ਸਮੂਹ ਛੰਦਾਂ ਦੀ ਚਾਲ ਤੇ ਵਿਸ਼ੇਸ਼ ਕਰਕੇ ‘ਏਕ ਅਛਰੀ ਛੰਦ’ ਭਾਰਤੀ ਅਧਿਆਤਮਿਕ ਕਾਵਿ ਪਰੰਪਰਾ ‘ਚ ਕਾਵਿ ਕਲਾ ਦੀ ਸਿਖਰ ਹੈ। ਜ਼ਫ਼ਰਨਾਮਾ ਪੜ੍ਹੋ ਤਾਂ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਜਬਰ ਨੂੰ ਇਕ ਬਾਦਸ਼ਾਹ ਦਰਵੇਸ਼ ਕਲਗੀਧਰ ਪਾਤਸ਼ਾਹ ਦੀ ਕਲਮ ਦੀ ਸ਼ਕਤੀ ਦੇ ਦੀਦਾਰ ਹੋਣਗੇ। ਇਸੇ ਤਰ੍ਹਾਂ ਚੰਡੀ ਚਰਿੱਤਰ, ਚੌਬੀਸ ਅਵਤਾਰ, ਵਾਰ ਦੁਰਗਾ ਕੀ, ਸ਼ਸਤ੍ਰ ਨਾਮ ਮਾਲਾ, ਚਰਿਤ੍ਰੋ ਪਖਯਾਨ ਆਦਿ ਰਚਨਾਵਾਂ ਵਿਚੋਂ ਨੀਤੀ ਕਥਾ, ਉਚਤਮ ਸਾਹਿਤ ਤੇ ਮਨੋਵਿਗਿਆਨਕ ਫਲਸਫੇ ਦੇ ਦਰਸ਼ਨ ਹੋਣਗੇ।
ਹੁਣ ਜੇਕਰ ਕਲਗੀਧਰ ਪਾਤਸ਼ਾਹ ਦੀ ਸਦੀਵੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਇਸ ਲੋਕ ਟੱਪੇ ਅਨੁਸਾਰ ਜੱਗ ਰੁੱਸਦਾ ਤਾਂ ਰੁੱਸ ਜਾਏ ਪਰ ਮੇਰਾ ਕਲਗੀਆਂ ਵਾਲਾ ਮੇਰੀ ਜੀਵਨ ਜਾਚ ਤੋਂ ਨਿਰਾਸ਼ ਨਾ ਹੋਵੇ, ਕਿਉਂਕਿ ਸੰਸਾਰੀ ਲੋਕਾਂ ਦੇ ਜੀਵਨ ਜਿਊਣ ਦੇ ਕਈ ਵਾਰ ਆਪਣੇ ਹੀ ਪੈਮਾਨੇ ਹੁੰਦੇ ਹਨ, ਜੋ ਇਕ ਸਿੱਖ ਨੂੰ ਸਰੂਪ ਤੇ ਸਿਧਾਂਤ ਤੋਂ ਤੋੜਨ ਵਾਲੇ ਵੀ ਹੋ ਸਕਦੇ ਹਨ ਪਰ ਸੱਚਾ ਸਿੱਖ ਜੋ ਸਦੀਵੀ ਖੁਸ਼ੀ ਦੀ ਲੋਚਾ ਰੱਖਦਾ ਹੈ, ਉਹ ਸਤਿਗੁਰਾਂ ਵੱਲੋਂ ਬਖਸ਼ੇ ਸਰੂਪ ਤੇ ਸਿਧਾਂਤ ਤੋਂ ਬੇਮੁੱਖ ਨਹੀਂ ਹੋਵੇਗਾ।
ਇਸੇ ਤਰ੍ਹਾਂ ਚੰਗੀ ਜੀਵਨ ਜਾਚ ਤੇ ਉਸਾਰੂ ਕਾਰਜਾਂ ਵਿਚ ਸੰਸਾਰ ਤੇ ਸਮਾਜ ਦੇ ਭਲੇ ਲਈ ਕਾਰਜਸ਼ੀਲ ਹੋਣ ਵਾਸਤੇ ਕਲਗੀਧਰ ਦੇ ਇਹ ਬੋਲ ਪ੍ਰੇਰਕ ਸ਼ਕਤੀ ਹਨ, ‘ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥’ ਹੁਣ ਜੇਕਰ ‘ਖਾਲਸਾ ਮੇਰੋ ਰੂਪ ਹੈ ਖਾਸ’ ਸਤਿਗੁਰਾਂ ਵੱਲੋਂ ਬਖਸ਼ੇ ਕੌਮੀ ਜਾਗ੍ਰਿਤੀ ਤੇ ਸੁਚੇਤਤਾ ਦੇ ਸ਼ਬਦ ਸੋਚਾਂ ਵਿਚ ਹੋਣ ਤਾਂ ਸਿੱਖ ਦਾ ਕਕਾਰਾਂ ਨਾਲ ਸਦੀਵੀ ਪਿਆਰ ਰਹੇਗਾ। ਕੌਮੀ ਜਾਹੋ-ਜਲਾਲ ਤੇ ਨਿਰਮਲ ਪੰਥ ਦੀਆਂ ਰਵਾਇਤਾਂ ਤੇ ਬੀਰ ਰਸ ਦੀ ਪ੍ਰੇਰਨਾ ਹਨ ਇਹ ਬੋਲ, ‘ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ’ ਜਾਂ ‘ਜਬੋ ਬਾਣ ਲਾਗਿਯੋ, ਤਬੈ ਰੋਸ ਜਾਗਿਯੋ’ ਆਦਿ।
ਇਸ ਸੰਸਾਰ ਵਿਚ ਫੋਕਟ ਕਰਮਕਾਂਡ, ਵਹਿਮ-ਭਰਮ, ਜੰਤਰਾਂ, ਮੰਤਰਾਂ, ਤੰਤਰਾਂ ਦੇ ਪਾਖੰਡ ਕਰਮਾਂ ਦਾ ਕਲਗੀਧਰ ਪਾਤਸ਼ਾਹ ਨੇ ਇਉਂ ਖੰਡਨ ਕੀਤਾ : ‘ਸਭੈ ਝੂਠੁ ਮਾਨੋ ਜਿਤੇ ਜੰਤ੍ਰ ਮੰਤ੍ਰੰ॥ ਸਭੈ ਫੋਕਟੰ ਧਰਮ ਹੈ ਭਰਮ ਤੰਤ੍ਰੰ॥’
ਕਲਗੀਧਰ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਮੁਰਦੇ ਖਿਆਲ, ਮੁਰਦਿਆਂ ਦੀ ਪੂਜਾ ਤੇ ਮੜੀ-ਮਸਾਣਾਂ ਦੀ ਕੂਰ ਕਿਰਿਆ ਤਿਆਗ ਕੇ ਇਨ੍ਹਾਂ ਅੰਮ੍ਰਿਤ ਬਚਨਾਂ ਉੱਪਰ ਭਰੋਸਾ ਰੱਖਣਾ ਹੈ, ‘ਇਕ ਮੜੀਅਨ ਕਬਰਨ ਵੈ ਜਾਹੀ॥ ਦੁਹੂੰਅਨ ਮਹਿ ਪਰਮੇਸਰ ਨਾਹੀ॥’ ਇਸੇ ਤਰ੍ਹਾਂ ਹਰ ਪ੍ਰਕਾਰ ਦੇ ਨਸ਼ਿਆਂ ਤੋਂ, ਬੇਲੋੜਾ ਖਾਣ ਤੋਂ ਅਤੇ ਆਲਸ ਤਿਆਗ ਕੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਕਲਗੀਧਰ ਪਿਤਾ ਦਾ ਸਬਕ ‘ਅਲਪ ਆਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ’ ਦ੍ਰਿੜ੍ਹ ਕਰਨਾ ਹੈ ਤਾਂ ਫਿਰ ‘ਸਦਾ ਰਹੈ ਕੰਚਨ ਸੀ ਕਾਯਾ’ ਗੁਰ ਸਬਕ ਦੀ ਸ਼ਕਤੀ ਪ੍ਰਤੱਖ ਨਜ਼ਰ ਆਏਗੀ। ਵਿਸ਼ਵ ਸ਼ਾਂਤੀ ਲਈ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਖਤਮ ਕਰਨ ਲਈ ਅਤੇ ਸਰਬੱਤ ਦੇ ਭਲੇ ਦਾ ਅਮਲੀ ਪ੍ਰਤਾਪ ਕਲਗੀਧਰ ਪਿਤਾ ਜੀ ਦੇ ਇਹ ਉਪਦੇਸ਼ ਦ੍ਰਿੜ੍ਹ ਕੀਤਿਆਂ ਪ੍ਰਗਟ ਹੋਵੇਗਾ, ‘ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਬੈ ਏਕੋ ਪਹਚਾਨਬੋ।’ ਇਸ ਲਈ ਸਦਾ ਹੀ ਸਵੈਚੇਤਨਾ ਤੇ ਜਾਗ੍ਰਿਤੀ ਲਈ ਗੁਣਗੁਣਾਉਂਦੇ ਰਹਿਣਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ…॥

ਡਾ: ਇੰਦਰਜੀਤ ਸਿੰਘ ਗੋਗੋਆਣੀ
-ਖਾਲਸਾ ਕਾਲਜ, ਅੰਮ੍ਰਿਤਸਰ। ਮੋਬਾ: 98159-85559

Posted in: ਸਾਹਿਤ