ਧਰਮ ਹੇਤ ਗੁਰਦੇਵ ਪਠਾਏ

By December 12, 2015 0 Comments


Guru Gobind Singh Jiiਸਿੱਖ ਧਰਮ ਦੁਨੀਆ ਦਾ ਮਹਾਨ, ਨਿਵੇਕਲਾ ਅਤੇ ਵਿਗਿਆਨਕ ਧਰਮ ਹੈ। ਇਸ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਅਤੇ ਇਸ ਨੂੰ ਬੁਲੰਦ ਮਹਿਲ ਵਜੋਂ ਸਥਾਪਿਤ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਤੇ ਚਾਰੇ ਸਪੁੱਤਰਾਂ ਭਾਵ ਸਮੁੱਚੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ। ਅੰਤ ਦਸਮ ਪਾਤਸ਼ਾਹ ਜੀ ਨੇ ਆਪਣੇ ਸਵਾਸ ਵੀ ਇਸੇ ਧਰਮ ਲਈ ਹੀ ਦੇ ਦਿੱਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਧਰਮ ਤੇ ਮਨੁੱਖਤਾ ਦਾ ਬੇਜੋੜ ਉਪਾਸ਼ਕ ਸਮੁੱਚੇ ਵਿਸ਼ਵ ਇਤਿਹਾਸ ਵਿਚ ਨਾ ਤਾਂ ਅੱਜ ਤੱਕ ਪੈਦਾ ਹੋਇਆ ਹੈ ਅਤੇ ਨਾ ਹੀ ਸ਼ਾਇਦ ਕਦੇ ਪੈਦਾ ਹੋਵੇਗਾ। ਧਰਮ ਤੇ ਮਾਨਵਤਾ ਦੀ ਰੱਖਿਆ ਲਈ ਹੀ ‘ਅਕਾਲ ਪੁਰਖ’ ਨੇ ਉਨ੍ਹਾਂ ਨੂੰ ਇਸ ਜਗਤ ਵਿਚ ਭੇਜਿਆ ਸੀ :
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਯਨਿ ਪਕਰਿ ਪਛਾਰੋ॥
(ਬਚਿਤ੍ਰ ਨਾਟਕ)
ਅਦੁੱਤੀ ਵਿਦਵਾਨ, ਵਿਦਵਾਨਾਂ ਦੇ ਕਦਰਦਾਨ ਤੇ ਨੀਚੋਂ-ਊਚ ਕਰਨ ਵਾਲੇ ਦਸਮ ਗੁਰੂ ਜੀ ਦਾ ਸਾਰਾ ਜੀਵਨ ਹੀ ਮਹਾਨ ਅਤੇ ਰਾਹ ਦਸੇਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਦਰਸ਼ਨ ਭਾਈਚਾਰਕ ਏਕਤਾ ਤੇ ਮਨੁੱਖੀ ਅਖੰਡਤਾ ਦਾ ਹਾਮੀ ਹੈ। ਅਕਾਲ ਪੁਰਖ ਦੇ ਨਿਵਾਜੇ ਹੋਏ ਸਤਿਗੁਰੂ ਜੀ ਪਰਮ ਪੁਰਖ ਦਾ ਦਾਸ ਬਣ ਕੇ ਇਸ ਸੰਸਾਰ ਵਿਚ ਵਿਚਰੇ। ਉਨ੍ਹਾਂ ਆਪਣੀ ਜੀਵਨ ਯਾਤਰਾ ਦੌਰਾਨ ਅਨੇਕਾਂ ਕਾਰਜ ਕੀਤੇ। ਮਰਦ ਅਗੰਮੜੇ, ਪੁਰਖ ਭਗਵੰਤ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਦਸਮ ਪਾਤਸ਼ਾਹ ਜੀ ਦਾ 22 ਦਸੰਬਰ 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਇਆ :
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥ (ਬਚਿਤ੍ਰ ਨਾਟਕ)
ਆਪ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਕਲਮਬੱਧ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ। ਗੁਰੂ ਜੀ ਦਾ ਜੀਵਨ ਹਰ ਪੱਖੋਂ ਮੁਕੰਮਲ ‘ਤੇ ਆਦਰਸ਼ਕ ਹੈ। ਸ੍ਰੀ ਗੁਰੂ ਗੋਬਿੰਦBal Guru Gobind Rai ਸਿੰਘ ਜੀ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਲਈ ਯਤਨਸ਼ੀਲ ਰਹੇ। ਦਸਮੇਸ਼ ਪਿਤਾ ਨੇ ਆਪਣੀ ਸੰਸਾਰਕ ਯਾਤਰਾ ਦੌਰਾਨ ਪਰਮਾਤਮਾ ਵੱਲੋਂ ਸੌਂਪੇ ਕਾਰਜ ਨੂੰ ਸਫਲਤਾ ਨਾਲ ਸੰਪੂਰਨ ਕੀਤਾ। ਆਪ ਨੇ 9 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਜੀ ਨੂੰ ਮਨੁੱਖਤਾ ਦੀ ਰੱਖਿਆ ਲਈ ਬਲੀਦਾਨ ਦੇਣ ਲਈ ਤੋਰਿਆ, ਫਿਰ ਖਾਲਸਾ ਪੰਥ ਦੀ ਸਿਰਜਣਾ ਕੀਤੀ, ਧਰਮ ਯੁੱਧ ਲੜੇ, ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕ ਕੇ ਜਾਗ੍ਰਿਤੀ ਪੈਦਾ ਕੀਤੀ, ਔਰੰਗਜ਼ੇਬ ਦੇ ਵਿਸ਼ਾਲ ਰਾਜ ਨਾਲ ਟੱਕਰ ਲਈ। ਆਪ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਨੂੰ ਸੀਨੇ ਨਾਲ ਲਾ ਕੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗਰੀਬ ਸਿੱਖਾਂ ਦੇ ਸਿਰ ਬੰਨ੍ਹਿਆ ਤੇ ਕਿਹਾ :
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ,
ਨਹੀਂ ਮੋ ਸੇ ਗਰੀਬ ਕਰੋਰ ਪਰੇ॥
ਗੁਰੂ ਸਾਹਿਬ ਜੀ ਨੇ 1699 ਈ: ਵਿਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਅਜਿਹੇ ਮਰਜੀਵੜਿਆਂ ਦੀ ਕੌਮ ਪੈਦਾ ਕੀਤੀ, ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰ ਦਿੱਤੀ। ਉਨ੍ਹਾਂ ਨੇ ਸਾਰੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਖਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ। ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਭਾਵ ਪੰਜ ਪਿਆਰਿਆਂ ਨੂੰ ਇਕੋ ਹੀ ਬਾਟੇ ਤੋਂ ਅੰਮ੍ਰਿਤ ਛਕਾ ਕੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਕੇ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ।
ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਵੀ ਜਾ ਲਈ, ਜਿਨ੍ਹਾਂ ਨੇ ਅੰਮ੍ਰਿਤ ਦਾ ਘੁੱਟ ਪੀਤਾ, ਉਹ ਸ਼ੇਰ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਲੋਕਾਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ-ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਮਾਤ ਦਿੱਤੀ। ਸਤਿਗੁਰਾਂ ਦਾ ਧਰਮ ਯੁੱਧ ਕਿਸੇ ਜਾਤ ਜਾਂ ਮਜ਼੍ਹਬ ਵਿਰੁੱਧ ਨਹੀਂ ਸੀ, ਬਲਕਿ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਖਾਲਸਾ ਸਿਰਜਣਾ ਦਾ ਮੁੱਖ ਉਦੇਸ਼ ਮਨੁੱਖਤਾ ਨੂੰ ਨਿਰਭੈ ਤੇ ਨਿਡਰ ਬਣਾਉਣਾ ਸੀ। ਗੁਰੂ ਸਾਹਿਬ ਨਾ ਕਿਸੇ ਨੂੰ ਡਰਾਉਣ ਤੇ ਨਾ ਹੀ ਕਿਸੇ ਤੋਂ ਡਰਨ ਦੇ ਹੱਕ ਵਿਚ ਸਨ। ਆਪ ਜੀ ਦੇ ਸਨਮੁੱਖ ਨੌਵੇਂ ਪਾਤਸ਼ਾਹ ਦਾ ਇਹ ਉਪਦੇਸ਼ ਸੀ :
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ॥
(ਪੰਨਾ 1427)
ਦਸਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਸ਼ਕਤੀਸ਼ਾਲੀ, ਅੱਤਿਆਚਾਰੀ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇਥੇ ਹੀ ਬੱਸ ਨਹੀਂ, ਸਗੋਂ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ। ਸੰਸਾਰ ਦੇ ਕਿਸੇ ਪੀਰ-ਪੈਗ਼ੰਬਰ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਤੋਂ ਵਧੇਰੇ ਮਹਾਨਤਾ ਨਹੀਂ ਦਿੱਤੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਖਾਲਸਾ ਬਣਿਆ ਤੇ ਖਾਲਸੇ ਨੂੰ ਗੁਰੂ ਬਣਾਇਆ। ਇਹ ਗੁਰੂ-ਚੇਲੇ ਦਾ ਕੌਤਕ ਵਾਹ-ਵਾਹ ਦੇ ਯੋਗ ਸੀ :
ਵਾਹ ਵਾਹ ਗੋਬਿੰਦ ਸਿੰਘ
ਆਪੇ ਗੁਰੁ ਚੇਲਾ॥ (ਵਾਰ 41)
‘ਬਚਿਤ੍ਰ ਨਾਟਕ’ ਵਿਚ ਦਸਮੇਸ਼ ਪਿਤਾ ਨੇ ਆਪਣੇ ਜੀਵਨ ਦੇ ਮੂਲ ਉਦੇਸ਼ ਬਾਰੇ ਕਈ ਥਾਵਾਂ ‘ਤੇ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਦੁਸ਼ਟਾਂ ਦਾ ਨਾਸ਼ ਕਰਨਾ ਤੇ ਸੰਤਾਂ ਨੂੰ ਉਭਾਰਨਾ ਸੀ। ਆਪਣੇ ਕਲਿਆਣਕਾਰੀ ਜੀਵਨ ਦੇ ਉਦੇਸ਼ ਤੇ ਸ਼ੁਭ-ਆਗਮਨ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ :
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤ੍ਰ ਨਾਟਕ)
ਇਹ ਕਹਿਣਾ ਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚ ਮਨੁੱਖਤਾ ਨੂੰ ਸੰਗਠਤ ਕਰਨ ਦੀ ਬਾ-ਕਮਾਲ ਸ਼ਕਤੀ ਸੀ। ਇਸੇ ਕਰਕੇ ਹੀ ਆਪ ਜੀ ਦੇ ਉਪਦੇਸ਼ਾਂ ਦਾ ਮਨੁੱਖਤਾ ਨੇ ਭਰਪੂਰ ਅਸਰ ਕਬੂਲਿਆ ਅਤੇ ਉਹ ਮਹਾਨ ਯੋਧੇ ਬਣ ਕੇ ਵਿਚਰਨ ਲੱਗੇ। ਉਨ੍ਹਾਂ ਦਾ ਉਦੇਸ਼ ਜਾਂ ਨਿਸ਼ਾਨਾ ਨਿੱਜੀ ਗਰਜ ਜਾਂ ਵੈਰ ਦੀ ਭਾਵਨਾ ਨਹੀਂ, ਬਲਕਿ ਅਕਾਲ ਪੁਰਖ ਦੇ ਉਪਦੇਸ਼ ਦੀ ਪਾਲਣਾ ਹੈ।
ਆਪ ਨੇ ਕੇਵਲ ਜੰਗ ਵਿਚ ਸਿੰਘਾਂ ਨੂੰ ਹੀ ਸ਼ਹੀਦ ਨਹੀਂ ਕਰਵਾਇਆ ਬਲਕਿ ਸਾਹਿਬਜ਼ਾਦਿਆਂ, ਮਾਤਾ ਜੀ ਤੇ ਪਿਤਾ ਜੀ ਦੀ ਸ਼ਹੀਦੀ ਦੇ ਕੇ ਸਰਬੰਸਦਾਨੀ ਦਾ ਰੁਤਬਾ ਪ੍ਰਾਪਤ ਕੀਤਾ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਕਲਗੀਧਰ ਪਿਤਾ ਨੇ ਆਪਣੇ ਚਾਰੇ ਪੁੱਤਰ ਧਰਮ ਦੀ ਰੱਖਿਆ ਲਈ ਸ਼ਹੀਦ ਕਰਵਾ ਦਿੱਤੇ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਯੁੱਧ ਵਿਚ ਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਦੀਵਾਰ ਵਿਚ ਚਿਣ ਕੇ ਸ਼ਹੀਦ ਕੀਤੇ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਅਨੰਦਮਈ ਦਿਨ ਦੇਖੇ, ਪਾਉਂਟਾ ਸਾਹਿਬ ਦੀ ਧਰਤੀ ‘ਤੇ ਕੁਦਰਤੀ ਨਜ਼ਾਰੇ ਵੀ ਮਾਣੇ, ਭੁੱਖਾਂ ਕੱਟੀਆਂ, ਉਨੀਂਦਰੇ ਵੀ ਕੱਟੇ, ਨੰਗੇ ਪੈਰੀਂ ਕੰਡਿਆਂ ਉੱਪਰ ਮਾਛੀਵਾੜੇ ਦੇ ਜੰਗਲਾਂ ਵਿਚ ਸਫਰ ਵੀ ਕੀਤੇ ਅਤੇ ਧਰਮ ਲਈ ਜੰਗਾਂ ਵੀ ਲੜੀਆਂ। ਇਸ ਸਭ ਦੇ ਬਾਵਜੂਦ ਵੀ ਕੋਈ ਸ਼ਿਕਵਾ, ਸ਼ਿਕਾਇਤ ਨਹੀਂ ਕੀਤੀ, ਬਸ ਕੀਤਾ ਤਾਂ ਕੇਵਲ ਪਰਮਾਤਮਾ ਦਾ ਸ਼ੁਕਰਾਨਾ। ਅਨੇਕਾਂ ਮੁਸ਼ਕਿਲਾਂ ਝੱਲਣ ਤੋਂ ਬਾਅਦ ਵੀ ਦਸਮੇਸ਼ ਪਿਤਾ ਵਿਚ ਕੋਈ ਫਰਕ ਨਾ ਆਇਆ। ਉਨ੍ਹਾਂ ਦੇ ਇਸ ਸਹਿਜ ਸੁਭਾਅ ਨੇ ਹਜ਼ਾਰਾਂ ਸ਼ਹੀਦ ਪੈਦਾ ਕਰ ਦਿੱਤੇ, ਜਿਨ੍ਹਾਂ ਨੇ ਸਮਾਂ ਆਉਣ ‘ਤੇ ਮਨੁੱਖਤਾ ਅਤੇ ਮਜ਼ਲੂਮਾਂ ਦੀ ਖ਼ਾਤਰ ਕੁਰਬਾਨੀ ਕਰਨ ਤੋਂ ਵੀ ਗੁਰੇਜ਼ ਨਾ ਕੀਤਾ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦਸਮ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੇ ਸਨਮਾਨ ਨੂੰ ਉੱਚਾ ਚੁੱਕਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਲਗਾ ਦਿੱਤਾ। ਸਤਿਗੁਰੂ ਜੀ ਦਾ ਸਾਡੇ ਸਿਰ ‘ਤੇ ਵੱਡਾ ਕਰਜ਼ ਹੈ, ਜਿਸ ਨੂੰ ਅਸੀਂ ਉਤਾਰ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਕਮਾ ਕੇ ਅਸੀਂ ਕੁਝ ਹੱਦ ਤੱਕ ਸੁਰਖਰੂ ਜ਼ਰੂਰ ਹੋ ਸਕਦੇ ਹਾਂ। ਸੋ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਜਾਤ-ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਲਈ ਸਦਾ ਤਤਪਰ ਰਹਾਂਗੇ ਅਤੇ ਧਰਮ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਕਰਨ ਨੂੰ ਸਦਾ ਤਿਆਰ-ਬਰ-ਤਿਆਰ ਰਹਾਂਗੇ।

ਜਥੇਦਾਰ ਅਵਤਾਰ ਸਿੰਘ
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
Tags:
Posted in: ਸਾਹਿਤ