ਅਕਾਲੀ ਨੇਤਾ ‘ਡਿੰਪੀ ਢਿੱਲੋਂ’ ਦੀ ਬੱਸ ਨੇ 12 ਸਾਲਾ ਲੜਕੀ ਕੁਚਲੀ

By December 11, 2015 0 Comments


girlਮੰਡੀ ਕਿਲਿਆਂਵਾਲੀ, 11 ਦਸੰਬਰ (ਇਕਬਾਲ ਸਿੰਘ ਸ਼ਾਂਤ) – ਅੱਜ ਸ਼ਾਮ ਪਿੰਡ ਚਨੂੰ ਵਿਖੇ ਹਲਕਾ ਗਿੱਦੜਬਾਹਾ ਅਕਾਲੀ ਦਲ ਦੇ ਇੰਚਾਰਜ਼ ਹਰਦੀਪ ਸਿੰਘ ‘ਡਿੰਪੀ ਢਿੱਲੋ’ ਦੀ ਟਰਾਂਸਪੋਰਟ ਨਿਊ ਦੀਪ ਬੱਸ ਸਰਵਿਸ ਦੀ ਤੇਜ਼ ਰਫ਼ਤਾਰ ਬੱਸ ਨੇ 12 ਸਾਲਾ ਲੜਕੀ ਨੂੰ ਕੁਚਲ ਦਿੱਤਾ। ਲੜਕੀ ਦੀ ਮੌਤ ਤੋਂ ਰੋਹਜਦਾ ਲੋਕਾਂ ਨੇ ਉਕਤ ਕੰਪਨੀ ਦੀਆਂ ਦੋ ਬੱਸਾਂ ਦੀ ਭੰਨ ਤੋੜ ਕਰ ਦਿੱਤੀ। ਮ੍ਰਿਤਕ ਲੜਕੀ ਪਿੰਡ ਚਨੂੰ ਦੇ ਸਰਕਾਰੀ ਸਕੂਲ ‘ਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਇੱਕ ਗਰੀਬ ਪ੍ਰਜਾਪਤ ਪਰਿਵਾਰ ਨਾਲ ਸਬੰਧਤ ਸੀ।

ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਪਿੰਡ ਚਨੂੰ ਵਿਖੇ ਦਰਜੀ ਦਾ ਕਿੱਤਾ ਕਰਦੇ ਸ਼ਿਵਰਾਜ ਸਿੰਘ ਦੀ 12 ਸਾਲਾ ਲੜਕੀ ਅਰਸ਼ਦੀਪ ਕੌਰ ਸੜਕ ਕੰਢੇ ਜਾ ਰਹੀ ਸੀ। ਇਸੇ ਦੌਰਾਨ ਗਿੱਦੜਬਾਹਾ ਤੋਂ ਲੰਬੀ ਵੱਲ ਜਾਂਦੀ ਨਿਊ ਦੀਪ ਬੱਸ ਸਰਵਿਸ ਦੀ ਤੇਜ਼ ਰਫ਼ਤਾਰ ਬੱਸ ਨੇ ਲੜਕੀ ਅਰਸ਼ਦੀਪ ਕੌਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਤੇ ਦੂਰ ਤੱਕ ਦਰੜਦੀ ਹੋਈ ਲੈ ਗਈ। ਇਸ ਹਾਦਸੇ ਵਿੱਚ ਅਰਸ਼ਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਉਪਰੰਤ ਬੱਸ ਦੇ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ‘ਤੇ ਰੋਹਜਦਾ ਲੋਕਾਂ ਨੇ ਲੜਕੀ ਨੂੰ ਕੁਚਲਣ ਵਾਲੀ ਬੱਸ ਅਤੇ ਇਸੇ ਕੰਪਨੀ ਦੀ ਇੱਕ ਹੋਰ ਬੱਸ ਨੂੰ ਘੇਰ ਕੇ ਉਸਦੇ ਸ਼ੀਸ਼ੇ ਭੰਨ ਦਿੱਤੇ ਤੇ ਗੁੱਸੇ ‘ਚ ਭਰੇ ਪੀਤੇ ਲੋਕ ਬੱਸ ਨੂੰ ਅੱਗ ਲਗਾਉਣ ਦੀ ਤਿਆਰੀ ‘ਚ ਸਨ ਪਰ ਕੁਝ ਸਿਆਣੇ ਬੰਦਿਆਂ ਨੇ ਵਰਜ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪਿੰਡ ਚਨੂੰ ਵਿਖੇ ਤਣਾਅ ਦਾ ਮਾਹੌਲ ਸੀ ਅਤੇ ਪੁਲੀਸ ਨੇ ਆਲੇ-ਦੁਆਲੇ ਦੇ ਥਾਣਿਆਂ ਵਿਚੋਂ ਨਫ਼ਰੀ ਮੰਗਵਾ ਲਈ ਸੀ।