ਕਰਿਆਨਾ ਸਟੋਰ ਤੋਂ ਦਿਨ ਦਿਹਾੜੇ ਚੋਰ ਨੇ ਉਡਾਏ 2.50 ਲੱਖ ਰੁਪਏ

By December 11, 2015 0 Comments


ਅਜਨਾਲਾ, 11 ਦਸੰਬਰ – ਸਥਾਨਕ ਸ਼ਹਿਰ ‘ਚ ਚੋਰੀਆਂ ਤੇ ਦਿਨ ਦਿਹਾੜੇ ਲੁੱਟ ਖੋਹ ਦਾ ਦੌਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਸਥਾਨਕ ਸ਼ਹਿਰ ਦੇ ਬਾਜ਼ਾਰ ਚੋਗਾਵਾਂ ਰੋਡ ‘ਤੇ ਸਥਿਤ ਬੈਂਕ ਆਫ਼ ਪਟਿਆਲਾ ਬਰਾਂਚ ਦੇ ਸਾਹਮਣੇ ਇਕ ਕਰਿਆਨੇ ਦੀ ਦੁਕਾਨ ਚੋਂ ਦਿਨ ਦਿਹਾੜੇ ਗੱਲੇ ਚੋਂ ਇਕ ਚੋਰ ਵੱਲੋਂ 2.50 ਲੱਖ ਰੁਪਏ ਦੀ ਰਕਮ ਉਡਾ ਕੇ ਫੁਰਰ ਹੋਣ ਦੀ ਸੂਚਨਾ ਮਿਲੀ ਹੈ। ਪ੍ਰਭਾਵਿਤ ਦੁਕਾਨਦਾਰ ਸ੍ਰੀ ਸੁਰਿੰਦਰਪਾਲ ਪੁੱਤਰ ਸ੍ਰੀ ਪਰਮਾਨੰਦ ਨੇ ਅੱਖਾਂ ‘ਚ ਗਲੇਡੂ ਭਰ ਕੇ ਆਪਣੀ ਕਿਸਮਤ ਨੂੰ ਕੋਸਦਿਆਂ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਸਾਢੇ 11 ਵਜੇ ਜਦੋਂ ਉਹ ਆਪਣੀ ਦੁਕਾਨ ‘ਤੇ ਮੌਜੂਦ ਸੀ ਤੇ ਉਸਦੀ ਦੁਕਾਨ ਤੋਂ ਥੋੜ੍ਹੀ ਦੂਰੀ ਦੀ ਗਲੀ ਦੇ ਮੋੜ ਤੇ ਇਕ ਟੇਲਰ ਮਾਸਟਰ ਨੂੰ ਮਿਰਗੀ ਦਾ ਦੌਰਾ ਪੈ ਕੇ ਡਿੱਗਣ ਦਾ ਰੌਲਾ ਪਿਆ ਤਾਂ ਉਹ ਵੀ ਆਪਣੀ ਦੁਕਾਨ ਦੀ ਗੱਦੀ ਤੋਂ ਉੱਠ ਕੇ ਫ਼ੌਰੀ ਤੌਰ ਤੇ ਮਿਰਗੀ ਪੀੜਤ ਵਿਅਕਤੀ ਨੂੰ ਵੇਖਣ ਲਈ ਪੁੱਜਾ। ਕਰੀਬ 5 ਮਿੰਟਾਂ ਦੇ ਅੰਦਰ ਅੰਦਰ ਹੀ ਜਦੋਂ ਉਹ ਮੁੜ ਆਪਣੀ ਦੁਕਾਨ ‘ਤੇ ਆ ਕੇ ਗੱਦੀ ‘ਤੇ ਬੈਠਾ ਤਾਂ ਖੁੱਲ੍ਹੇ ਰਹਿ ਗਏ ਗੱਲੇ ਚੋਂ 2 ਲੱਖ 50 ਹਜ਼ਾਰ ਰੁਪਏ ਦੀ ਰਕਮ ਗਾਇਬ ਸੀ। ਉਸਨੇ ਇਹ ਰਕਮ ਆਪਣੇ ਘਰੋਂ ਕਿਸੇ ਪਾਰਟੀ ਨੂੰ ਅਦਾਇਗੀ ਕਰਨ ਲਈ ਲਿਆ ਕੇ ਗੱਲੇ ‘ਚ ਰੱਖੀ ਸੀ। ਜਦੋਂ ਉਹ ਮਿਰਗੀ ਪ੍ਰਭਾਵਿਤ ਵਿਅਕਤੀ ਨੂੰ ਵੇਖਣ ਲਈ ਗਿਆ ਸੀ ਤਾਂ ਉਸ ਸਮੇਂ ਉਸਦੀ ਦੁਕਾਨ ‘ਤੇ ਇਕ ਅਣਪਛਾਤਾ ਵਿਅਕਤੀ ਸਟਿੱਕਰ ਖ਼ਰੀਦਣ ਲਈ ਆਇਆ ਸੀ, ਜੋ ਵਾਪਸੀ ‘ਤੇ ਗ਼ਾਇਬ ਸੀ। ਉਸਨੇ ਇਸ ਮਾਮਲੇ ‘ਚ ਪੁਲੀਸ ਥਾਣਾ ਅਜਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

Posted in: ਪੰਜਾਬ