ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਤਿੰਨ ਗੋਲਕ ਚੋਰ ਮੁਲਾਜਮ ਮੁਅੱਤਲ

By December 11, 2015 0 Comments


ਸ੍ਰੀ ਮੁਕਤਸਰ ਸਾਹਿਬ,11ਦਸੰਬਰ (ਕੁਲਦੀਪ ਸਿੰਘ ਰਿਣੀ)-ਸਥਾਨਕ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਧੀਨ ਪੱਕੇ ਤੌਰ ਤੇ ਸੇਵਾ ਕਰ ਰਹੇ ਤਿੰਨ ਮੁਲਾਜਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਲਕ ਚੋਰੀ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ ਅਤੇ ਤਿੰਨੋਂ ਮੁਲਾਜਮਾਂ ਦਾ ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਬਾਹਰ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਧਾਨ ਅਵਤਾਰ ਸਿੰਘ ਦੇ ਦਸਤਖਤਾਂ ਹੇਠ ਇਸ ਸਬੰਧੀ ਹੁਕਮ ਜਾਰੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਅਕਤੂਬਰ ਮਹੀਨੇ ਵਿਚ ਹੋਈ ਇਸ ਘਟਨਾ ਸਬੰਧੀ ਜੇਕਰ ਸੂਤਰਾਂ ਦੀ ਮੰਨੀਏ ਤਾਂ ਕਥਿਤ ਤੌਰ ਤੇ ਉਕਤ ਤਿੰਨੇ ਮੁਲਾਜਮ ਜਗਦੇਵ ਸਿੰਘ ਜੋਗਾ ਕਲਰਕ, ਮਨਮੋਹਨ ਸਿੰਘ ਮੋਹਣਾ ਸੇਵਾਦਾਰ ਅਤੇ ਲਖਵਿੰਦਰ ਸਿੰਘ ਲਾਡੀ ਬਿਜਲੀ ਮਿਸਤਰੀ ਸਥਾਨਕ ਸ੍ਰੀ ਦਰਬਾਰ ਸਾਹਿਬ ਅਧੀਨ ਇੱਕ ਗੁਰਦੁਆਰਾ ਸਾਹਿਬ ਦੀ ਗੋਲਕ ’ਚੋ ਪੈਸੇ ਕੱਢ ਕੇ ਇੱਕ ਕਮਰੇ ਵਿਚ ਬੈਠੇ ਗਿਣ ਰਹੇ ਸਨ ਕਿ ਇਸ ਸਬੰਧੀ ਕਿਸੇ ਵੱਲੋਂ ਫੋਟੋ ਖਿੱਚ ਲਈ ਗਈ, ਓਧਰ ਸੂਤਰਾਂ ਦੀ ਮੰਨੀਏ ਤਾਂ ਫੋਟੋ ਖਿੱਚਣ ਵਾਲਾ ਸਖ਼ਸ਼ ਵੀ ਉਕਤ ਤਿੰਨਾਂ ਦੇ ਵਿਚੋਂ ਇੱਕ ਹੀ ਹੈ ਜਿਸ ਨੇ ਕਿਸੇ ਲਾਲਚ ਅਧੀਨ ਇਸ ਕੰਮ ਨੂੰ ਅੰਜਾਮ ਦਿੱਤਾ। ਘਟਨਾ ਦੇ ਪਿਛੋਕੜ ਨੂੰ ਵੇਖੀਏ ਤਾਂ ਸਾਹਮਣੇ ਆਉਂਦਾ ਹੈ ਕਿ ਬੀਤੇ ਕੁਝ ਸਮੇਂ ਤੋਂ ਸਥਾਨਕ ਸ੍ਰੀ ਦਰਬਾਰ ਸਾਹਿਬ ਅਧੀਨ ਆਉਂਦੇ ਇੱਕ ਗੁਰਦੁਆਰਾ ਸਾਹਿਬ ਦੀ ਗੋਲਕ ਬੀਤੇ ਕੁਝ ਮਹੀਨਿਆਂ ਤੋਂ ਘੱਟ ਨਿਕਲਣ ਕਾਰਨ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਈਕਮਾਂਡ ਦੀਆਂ ਨਜ਼ਰਾਂ ’ਚ ਸੀ ਅਤੇ ਇਸ ਸਬੰਧੀ ਗੁਪਤ ਤੌਰ ਤੇ ਸਾਰੀ ਕਾਰਵਾਈ ਵੀ ਚਲ ਰਹੀ ਸੀ, ਜਿਸ ਦਾ ਸਿੱਟੇ ਵਜੋਂ ਗੋਲਕ ਚੋਰ ਇਹ ਮੁਲਾਜਮ ਕਾਬੂ ਵਿਚ ਆ ਗਏ।