ਪਿੰਕੀ ਕੈਟ ਦੇ ਖੁਲਾਸਿਆਂ ਨਾਲ ਪੀੜਤਾਂ ਦੇ ਜ਼ਖ਼ਮ ਮੁੜ ਰਿਸੇ

By December 11, 2015 0 Comments


ਹਰਪ੍ਰੀਤ ਸਿੰਘ ਗਿੱਲ
1

2

ਅੰਮਿ੍ਤਸਰ:80-90 ਦਹਾਕੇ ਦੀ ਕਾਲੀਆਂ ਰਾਤਾਂ ਦੌਰਾਨ ਪੰਜਾਬ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸਚਾਈ ਕਿਸੇ ਕੋਲੋਂ ਲੁਕੀ ਨਹੀਂ ਸੀ ਪਰ ਪਿੰਕੀ ਕੈਟ ਵੱਲੋਂ ਉਸ ਦੌਰ ਦੇ ਗਵਾਹ ਵਜੋਂ ਖ਼ੁਲਾਸੇ ਕਰਨ ਨਾਲ ਪੀੜਾਂ ਨਾਲ ਭਰੇ ਉਸ ਅਧਿਆਏ ਦੇ ਸਫ਼ੇ ਮੁੜ ਖੁੱਲ੍ਹ ਗਏ ਹਨ | ਪਿੰਕੀ ਦੇ ਦਾਅਵਿਆਂ ਨਾਲ ਜਿੱਥੇ ਸਰਕਾਰਾਂ ਅਤੇ ਪੁਲਿਸ ਲਈ ਵੱਡੀ ਨਮੋਸ਼ੀ ਦੀ ਸਥਿਤੀ ਬਣੀ ਹੈ, ਉੱਥੇ ਇਸ ਸੰਤਾਪ ਦਾ ਸ਼ਿਕਾਰ ਬਣੇ ਪਰਿਵਾਰਾਂ ਦੇ ਜ਼ਖ਼ਮ ਮੁੜ ਰਿਸ ਤੁਰੇ ਹਨ | ਪੰਜਾਬ ‘ਚ ਖਾੜਕੂਵਾਦ ਦੌਰਾਨ ਹਜ਼ਾਰਾਂ ਸਿੱਖ ਨੌਜਵਾਨ ਜਾਇਜ਼- ਨਾਜਾਇਜ਼ ਪੁਲਿਸ ਮੁਕਾਬਲਿਆਂ ‘ਚ ਹੋਣੀ ਦੀ ਬਲੀ ਚਾੜ ਦਿੱਤੇ ਗਏ ਪਰ ਇਸ ਕਾਲੇ ਇਤਿਹਾਸ ਦਾ ਸਭ ਤੋਂ ਕੌੜਾ ਸੱਚ ਪੁਲਿਸ ਵੱਲੋਂ ਘਰੋਂ ਚੁੱਕਣ ਦੇ ਬਾਵਜੂਦ ਅਣਪਛਾਤੇ ਕਹਿ ਕੇ ਮਾਰੇ ਨੌਜਵਾਨਾਂ ਦਾ ਹੈ, ਜਿੰਨ੍ਹਾਂ ਦੇ ਪਰਿਵਾਰਾਂ ਨੂੰ ਸਸਕਾਰ ਕਰਨਾ ਵੀ ਨਸੀਬ ਨਹੀਂ ਹੋਇਆ | ਉਕਤ ਹਾਲਾਤ ਦਾ ਸੇਕ ਸਮੁੱਚੇ ਪੰਜਾਬ ਨੂੰ ਗਾਹੇ ਬਗਾਹੇ ਮਹਿਸੂਸ ਜ਼ਰੂਰ ਹੋਇਆ ਪਰ ਇਸ ਅੱਗ ਦੀ ਅਸਲ ਝੁਲਸ ਸਰਹੱਦੀ ਖੇਤਰ ਦੇ ਲੋਕਾਂ ਨੇ ਹੰਡਾਈ, ਜਿੰਨ੍ਹਾਂ ਨੇ ਪਹਿਲਾਂ ਖਾੜਕੂਆਂ ਦੀਆਂ ਜ਼ਬਰੀ ਪਨਾਹਾਂ ਦਾ ਭਾਰ ਝੱਲਿਆ ਅਤੇ ਫਿਰ ਇਸ ਦਾ ਇਵਜ਼ ਪੁਲਿਸ ਕੋਲੋਂ ਆਪਣੇ ਪੁੱਤ ਮਰਵਾ ਕੇ ਤਾਰਿਆ | ਅਜਿਹੀਆਂ ਕਹਾਣੀਆਂ ਭਾਵੇਂ ਇਸ ਖੇਤਰ ਦੇ ਹਰ ਘਰ ਨਾਲ ਜੁੜੀਆਂ ਹੋਈਆਂ ਹਨ ਪਰ ਉਨ੍ਹਾਂ ‘ਚੋਂ ਕੁਝ ਲੂੰ ਕੰਡੇ ਕਰਦੀਆਂ ਘਟਨਾਵਾਂ ਉਨ੍ਹਾਂ ਧੀਆਂ ਦੀ ਜ਼ੁਬਾਨੀ ਸੁਣਨ ਨੂੰ ਮਿਲੀਆਂ ਜਿੰਨ੍ਹਾਂ ਦੇ ਪਿਓ ਇਸ ਬਨੇਰੇ ਬੈਠੀ ਡੈਣ ਨੇ ਉਦੋਂ ਨਿਗਲ ਲਏ ਜਦੋਂ ਉਨ੍ਹਾਂ ਦਾ ਜਨਮ ਵੀ ਅਜੇ ਨਹੀਂ ਸੀ ਹੋਇਆ ਜਾਂ ਕੁਝ ਨੇ ਅਜੇ ਕਿਲਕਾਰੀ ਮਾਰਨੀ ਵੀ ਨਹੀਂ ਸੀ ਸਿੱਖੀ | ਮਨ ‘ਚ ਵੈਰਾਗ ਤੇ ਅੱਖਾਂ ‘ਚ ਗਹਿਰ ਲਈ ਬੈਠੀਆਂ ਇਹ ਮਾਸੂਮ ਜਿੰਦਾਂ ਉਨ੍ਹਾਂ ਦੋਸ਼ੀਆਂ ਨੂੰ ਅੱਜ ਵੀ ਸਜ਼ਾਵਾਂ ਲੋਚਦੀਆਂ ਹਨ, ਜਿੰਨ੍ਹਾਂ ‘ਬਾਪੂ’ ਕਹਿਣ ਦਾ ਮੌਕਾ ਉਨ੍ਹਾਂ ਕੋਲੋਂ ਜੰਮਣ ਤੋਂ ਪਹਿਲਾਂ ਖੋਹ ਲਿਆ, ਪਰ ਨਾ ਕਾਨੂੰਨ ਦਾ ਇਲਮ ਅਤੇ ਨਾ ਸਾਧਨ ਹੋਣ ਕਾਰਨ ਉਹ ‘ਰੱਬ ਆਪੇ ਸਜ਼ਾ ਦੇਵੇਗਾ ਕਹਿ ਕੇ ਹੁਣ ਵੀ ਭਾਣਾ ਮੰਨ ਰਹੀਆਂ ਹਨ’ | ਕਿਸੇ ਨਾਲ ਸਿੱਧੇ ਵੈਰ ਦੀ ਭਾਵਨਾ ਤੋਂ ਦੂਰ ਉਹ ਸਰਬੱਤ ਦਾ ਭਲਾ ਮੰਗਦੀਆਂ ਇਹ ਅਰਦਾਸ ਜ਼ਰੂਰ ਕਰਦੀਆਂ ਹਨ ਕਿ ਕਿਸੇ ਧੀ ਨਾਲ ਇੰਝ ਨਾ ਹੋਵੇ ਜਿਵੇਂ ਉਨ੍ਹਾਂ ਨਾਲ ਵਾਪਰੀ ਹੈ | ਇਕ ਪ੍ਰਾਈਵੇਟ ਹਸਪਤਾਲ ‘ਚ ਸਟਾਫ ਨਰਸ ਵਜੋਂ ਲੋਕਾਂ ਦੀ ਜ਼ਿੰਦਗੀਆਂ ਬਚਾ ਰਹੀ ਰੁਪਿੰਦਰ ਕੌਰ ਦੇ 1994 ‘ਚ ਚੁਗਾਵੇਂ ਨੇੜੇ ਖਿਆਲਾ ਪਿੰਡ ‘ਚ ਜਨਮ ਤੋਂ ਕਰੀਬ ਛੇ ਮਹੀਨੇ ਪਹਿਲਾਂ ਹੀ ਉਸਦੇ ਪਿਤਾ ਬਲਜਿੰਦਰ ਸਿੰਘ ਨੂੰ ਪੁਲਿਸ ਵੱਲੋਂ ਚੁੱਕਿਆ ਗਿਆ ਜਿਸਦੀ ਹੁਣ ਤੱਕ ਕੋਈ ਉੱਘ ਸੁੱਘ ਨਹੀਂ ਹੈ | ਜਨਮ ਮਗਰੋਂ ਉਸਦੀ ਮਾਂ ਵੀ ਛੱਡ ਕੇ ਚਲੀ ਗਈ ਅਤੇ ਦਾਦੀ ਨੇ ਉਸ ਨੂੰ ਕਾਲੀਆਂ ਯਾਦਾਂ ਨਾਲ ਪਾਲਿਆ | ਖਾੜਕੂਆਂ ਨੂੰ ਪਨਾਹ ਦੇ ਦੋਸ਼ਾਂ ‘ਚ ਖੇਤੀਬਾੜੀ ਕਰਦੇ ਬਲਜਿੰਦਰ ਸਿੰਘ ਨੂੰ ਪੁਲਿਸ ਤੰਗ ਕਰਦੀ ਸੀ, ਜਿਸ ਤੋਂ ਦੁਖੀ ਸਾਰਾ ਪਰਿਵਾਰ ਪਟਿਆਲੇ ਕਿਰਾਏ ‘ਤੇ ਰਹਿਣ ਲੱਗਾ | ਰੁਪਿੰਦਰ ਅਜੇ ਆਪਣੀ ਮਾਂ ਦੀ ਕੁੱਖ ‘ਚ ਸੀ ਜਦੋਂ ਸੂਹ ਲੈਂਦੀ ਪੁਲਿਸ ਪਟਿਆਲੇ ਪਹੁੰਚ ਗਈ ਅਤੇ ਬਲਜਿੰਦਰ ਸਿੰਘ ਨੂੰ ਪਤਨੀ ਸਮੇਤ ਚੁੱਕ ਲਿਆ ਗਿਆ | ਰੁਪਿੰਦਰ ਦੀ ਮਾਂ ਨੂੰ ਤਾਂ ਕੁਝ ਸਮੇਂ ਬਾਅਦ ਛੱਡ ਦਿੱਤਾ ਪਰ ਪਿਤਾ ਮੁੜ ਨਾ ਬਹੁੜਿਆ | ਅਜੇ ਵੀ ਸੜਕਾਂ ਵੱਲ ਭਾਵੁਕ ਨਜ਼ਰਾਂ ਨਾਲ ਵੇਖਦੀ ਰੁਪਿੰਦਰ ਕਹਿੰਦੀ ਹੈ ਕਿ ਖੌਰ੍ਹੇ ਪਾਪਾ ਜਿਊਾਦੇ ਹੋਣ ਪਰ ਝੱਲੀ ਇਹ ਵੀ ਜਾਣਦੀ ਹੈ ਕਿ ਇਸ ਆਸ ਨੂੰ ਤੰਦ ਪੈਣ ਦੀ ਹੁਣ ਸੰਭਾਵਨਾ ਨਹੀਂ | ਅੰਮਿ੍ਤਸਰ ਨਜ਼ਦੀਕ ਪਿੰਡ ਥਾਂਦੇ ਦੀ 1993 ‘ਚ ਜਨਮੀ ਕਰਮਜੀਤ ਕੌਰ ਮਹਿਜ਼ ਛੇ ਮਹੀਨੇ ਦੀ ਸੀ ਜਦੋਂ ਉਸਦੀ ਮਾਂ ਬਲਜੀਤ ਕੌਰ ਅਤੇ ਪਿਤਾ ਭੁਪਿੰਦਰ ਸਿੰਘ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ | ਭੁਪਿੰਦਰ ਸਿੰਘ ਅਤੇ ਉਸਦਾ ਛੋਟਾ ਭਰਾ ਖ਼ੁਦ ਪੁਲਿਸ ‘ਚ ਸਨ ਪਰ ਪਿੰਡ ਰਹਿੰਦਿਆਂ ਖਾੜਕੂਆਂ ਦੀ ਆਮਦ ਵੇਲੇ ਉਨ੍ਹਾਂ ਕੋਲ ਠਾਹਰ ਲੈਣ ਦੇ ਦੋਸ਼ਾਂ ਤਹਿਤ ਦੋਵਾਂ ਭਰਾਵਾਂ ਨੂੰ ਪੁਲਿਸ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ | ਹਾਲਾਤ ਇਹ ਬਣ ਗਏ ਕਿ ਦੋਵਾਂ ਨੂੰ ਪੁਲਿਸ ਤੋਂ ਬਚਦਿਆਂ ਗੈਰ ਹਾਜ਼ਰ ਰਹਿਣ ਕਾਰਨ ਨੌਕਰੀ ਵੀ ਛੱਡਣੀ ਪਈ | 1993 ਦੀ ਇਕ ਸ਼ਾਮ ਪਿੰਡ ਨੂੰ ਘੇਰਾ ਪਾਈ ਪੁਲਿਸ ਨੇ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਕੁਝ ਬਰਾਮਦ ਨਾ ਹੋਣ ਦੇ ਬਾਵਜੂਦ ਦੋਵਾਂ ਜੀਆਂ ਨੂੰ ਚੁੱਕ ਕੇ ਲੈ ਗਏ | ਦੋ ਦਿਨ ਬਾਅਦ ਨੇੜਲੇ ਪਿੰਡ ਵਡਾਲੀ ਵਿਖੇ ਹੀ ਦੋਵਾਂ ਦਾ ਫਰਜ਼ੀ ਮੁਕਾਬਲਾ ਬਣਾ ਦਿੱਤਾ ਗਿਆ ਅਤੇ ਅਣਪਛਾਤੇ ਕਹਿ ਕੇ ਲਾਸ਼ਾਂ ਵੀ ਨਹੀਂ ਦਿੱਤੀਆਂ | ਸਥਿਤੀ ਤੋਂ ਅਣਜਾਣ ਬਜ਼ੁਰਗ ਪਿਤਾ ਜਦ ਆਪਣੇ ਨੂੰ ਹ ਪੁੱਤ ਦੀ ਭਾਲ ਕਰਨ ਲੱਗਾ ਤਾਂ ਉਸ ਨੂੰ ਵੀ ਪੁਲਿਸ ਨੇ ਚੁੱਕ ਕੇ ਮਾਰ ਮੁਕਾਇਆ | ਹਿਰਦੇਵੇਦਕ ਪਹਿਲੂ ਇਹ ਰਿਹਾ ਕਿ ਕਰਮਜੀਤ ਨੂੰ ਵੱਡੇ ਹੋਣ ਤੱਕ ਵੀ ਉਸਦੀ ਦਾਦੀ ਨੇ ਕੁਝ ਨਹੀਂ ਦੱਸਿਆ ਅਤੇ ਉਹ ਆਪਣੇ ਪੁਲਿਸ ਤੋਂ ਬੱਚ ਗਏ ਚਾਚੇ ਦੀ ਧੀ ਬਣ ਕੇ ਪਲਦੀ ਰਹੀ | 16 ਸਾਲ ਦੀ ਉਮਰ ‘ਚ ਦਸਵੀਂ ਕਰਦਿਆਂ ਉਸਨੂੰ ਪਹਿਲੀ ਵਾਰ ਆਪਣੇ ਮਾਂ ਬਾਪ ਨੂੰ ਪੁਲਿਸ ਵੱਲੋਂ ਮਾਰੇ ਜਾਣ ਅਤੇ ਖ਼ੁਦ ਦੇ ਅਨਾਥ ਹੋਣ ਦੀ ਅਸਲੀਅਤ ਦਾ ਪਤਾ ਲੱਗਾ ਤੇ ਉਹ ਗੁੰਮਸੁੰਮ ਹੋ ਗਈ ਪਰ ਹੁਣ ਆਪਣੇ ਆਪ ਨੂੰ ਸੰਭਾਲਦਿਆਂ ਉਹ ਕਾਨੂੰਨ ਅਨੁਸਾਰ ਕਾਤਲਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹੈ | ਰੁਪਿੰਦਰ ਨੂੰ ਮਲਾਲ ਹੈ ਕਿ ਕਿਵੇਂ ਰਖਵਾਲੀ ਕਰਨ ਵਾਲੀ ਪੁਲਿਸ ਹੀ ਕਾਤਲ ਬਣ ਗਈ ਅਤੇ ਉਸਨੂੰ ਰੋਕਣ ਵਾਲਾ ਕੋਈ ਕਾਨੂੰਨ ਵੀ ਨਾ ਰਿਹਾ | ਸਰਹੱਦੀ ਪਿੰਡ ਮਹਿਦੀਪੁਰ ‘ਚ ਖੇਤੀਬਾੜੀ ਕਰਦੇ ਆਪਣੇ ਪਿਤਾ ਬਲਵੰਤ ਸਿੰਘ ਨੂੰ ਪੁਲਿਸ ਵੱਲੋਂ ਅਗਵਾ ਕਰ ਲੈਣ ਦੇ ਤਿੰਨ ਮਹੀਨੇ ਬਾਅਦ 1992 ‘ਚ ਜਨਮੀ ਸਰਬਜੀਤ ਕੌਰ ਦੀ ਦਰਦਨਾਕ ਕਹਾਣੀ ਵੀ ਕੰਨ ਸੁੰਨੇ ਕਰ ਦਿੰਦੀ ਹੈ | ਉਸਦੇ ਪਿਤਾ ਅਤੇ ਦੋ ਚਾਚੇ ਸੁਖਵੰਤ ਸਿੰਘ ਤੇ ਕੁਲਵੰਤ ਸਿੰਘ ਵੀ ਖਾੜਕੂਆਂ ਨੂੰ ਰੋਟੀ ਖਵਾਉਣ ਕਾਰਨ ਪੁਲਿਸ ਦੀ ਨਿਗਾਹੇ ਚੜ੍ਹ ਗਏ ਅਤੇ ਘਰ ‘ਚ ਛਾਪੇ ਵੱਜਣ ਲੱਗੇ | ਇਕ ਦਿਨ ਕੁਲਵੰਤ ਸਿੰਘ ਨੂੰ ਖੇਮਕਰਨ ਪੁਲਿਸ ਨੇ ਸਵੇਰਸਾਰ ਘਰੋਂ ਚੁੱਕਿਆ ਅਤੇ ਨੇੜਲੇ ਪਿੰਡ ਵਰਨਾਲੇ ਲਾਗੇ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ, ਲਾਸ਼ ਅਣਪਛਾਤਾ ਕਹਿ ਕੇ ਸਾੜ ਦਿੱਤੀ ਗਈ | ਦਾਦੇ ਨੂੰ ਭੱਜ ਦੌੜ ਕਰਦਿਆਂ ਹਫਤੇ ਬਾਅਦ ਕੱਪੜੇ ਦਿਖਾਏ ਗਏ ਤਾਂ ਪਤਾ ਲੱਗਾ | ਬਲਵੰਤ ਤੇ ਸੁਖਵੰਤ ਬੇਘਰ ਹੋ ਕੇ ਰਹਿਣ ਲੱਗੇ ਅਤੇ ਪਤਾ ਨਹੀਂ ਕਦੋਂ ਪੁਲਿਸ ਦੇ ਢਾਹੇ ਚੜ੍ਹ ਗਏ, ਜਿਨ੍ਹਾਂ ਦੀ ਕੋਈ ਉੱਘ ਸੁੱਘ ਨਹੀਂ ਨਿਕਲੀ | ਛਲਕਦੀਆਂ ਅੱਖਾਂ ਨਾਲ ਸਰਬਜੀਤ ਨੇ ਦੱਸਿਆ ਕਿ ਜਦੋਂ ਆਪਣੀ ਮਾਂ ਦਾ ਹੁਣ ਤੱਕ ਆਪਣੇ ਪਤੀ ਨੂੰ ਤਲਾਸ਼ਦਾ ਚਿਹਰਾ ਵੇਖਦੀ ਹੈ ਤਾਂ ਹੋਰ ਕੁਝ ਪੁੱਛਣ ਦਾ ਹੀਆ ਨਹੀਂ ਕਰਦੀ | ਸਾਂਘਣੇ ਨੇੜੇ 9 ਨਵੰਬਰ, 1992 ਨੂੰ ਆਪਣੀ ਭੈਣ ਨੂੰ ਮਿਲਣ ਗਏ ਪੱਟੀ ਤਹਿਸੀਲ ਦੇ ਅਕਰਪੁਰਾ ਵਾਸੀ ਨਿਰਵੈਰ ਸਿੰਘ ਨੂੰ ਅੰਮਿ੍ਤਸਰ ਪੁਲਿਸ ਵੱਲੋਂ ਫਰਜ਼ੀ ਮੁਕਾਬਲੇ ‘ਚ ਉਦੋਂ ਮਾਰ ਦਿੱਤਾ ਜਦੋਂ ਉਸਦੀ ਧੀ ਸਿਮਰਨਜੀਤ ਸਿਰਫ ਤਿੰਨ ਮਹੀਨੇ ਦੀ ਸੀ | ਆਪਣੀ ਮਾਂ ਲਖਵਿੰਦਰ ਕੌਰ ਨੂੰ ਯਾਦਾਂ ਦੀ ਤਾਣੀ ‘ਚ ਹਉਕੇ ਲੈਣ ਤੋਂ ਸੰਭਾਲਦਿਆਂ ਉਹ ਕਰੜਾ ਮਨ ਕਰਕੇ ਦੱਸਦੀ ਹੈ ਕਿ ਖੇਤੀਬਾੜੀ ਕਰਦੇ ਉਸਦੇ ਪਿਤਾ ਨੂੰ ਉਸਦੀ ਭੂਆ ਘਰ ਜਾਂਦਿਆਂ ਚੁੱਕ ਕੇ ਪੁਲਿਸ ਨੇ ਤਿੰਨ ਹੋਰਨਾਂ ਨਾਲ ਮਾਰ ਮੁਕਾਇਆ ਅਤੇ ਮਾਨੋਚਾਹਲ ਦੇ ਸਾਥੀ ਕਹਿੰਦਿਆਂ ਟਰਾਲੀ ‘ਚ ਲਾਸ਼ਾਂ ਅੰਮਿ੍ਤਸਰ ਸਦਰ ਥਾਣੇ ਲੈ ਆਂਦੀਆਂ | ਲਖਵਿੰਦਰ ਕੌਰ ਨੂੰ ਜਦੋਂ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਤਾਂ ਪਤੀ ਦਾ ਮੂੰਹ ਵੇਖਣ ਅੰਮਿ੍ਤਸਰ ਪੁੱਜੀ, ਜਿੱਥੇ ਦੂਰੋਂ ਭੀੜ ‘ਚ ਖਲੋ ਕੇ ਉਸਨੇ ਪਤੀ ਦੀ ਪਛਾਣ ਕੀਤੀ ਅਤੇ ਸਸਕਾਰ ਲਈ ਲਾਸ਼ ਦੇਣ ਸਬੰਧੀ ਪੁਲਿਸ ਅੱਗੇ ਦੁਹਾਈਆਂ ਪਾਈਆਂ ਪਰ ਸਮੇਂ ਦਾ ਦੈਂਤ ਜ਼ਬਰ ‘ਤੇ ਉਤਾਰੂ ਰਿਹਾ ਅਤੇ ਬਾਅਦ ‘ਚ ਪਤਾ ਨਹੀਂ ਕਿੱਥੇ ਪੁਲਿਸ ਨੇ ਆਪੇ ਲਾਸ਼ਾਂ ਸਾੜ ਦਿੱਤੀਆਂ | ਧੀ ਦੇ ਦੱਸਿਆ ਕਿ ਲਖਵਿੰਦਰ ਮੁੜ ਫੁੱਟ-ਫੁੱਟ ਰੋਂਦੀ ਕਹਿਣ ਲੱਗੀ ਕਿ ਇੰਨ੍ਹਾਂ ਜ਼ਾਲਮਾਂ ਨੂੰ ਰੱਬ ਜ਼ਰੂਰ ਸਜ਼ਾਵਾਂ ਦੇਵੇਗਾ | ਤਰਨ ਤਾਰਨ ਦੇ ਪਿੰਡ ਬਹਿਲਾ ਦੀ ਜਨਮੀ ਰਾਜਵਿੰਦਰ ਕੌਰ ਸਿਰਫ ਇਕ ਵਰ੍ਹੇ ਦੀ ਸੀ ਜਦੋਂ 6 ਜੂਨ, 1992 ਨੂੰ ਉਸਦੇ ਪਿਤਾ ਸਕੱਤਰ ਸਿੰਘ ਅਤੇ ਦਾਦਾ ਨਿਰੰਜਨ ਸਿੰਘ ਨੂੰ ਪਿੰਡ ‘ਚ ਹੀ ਪੁਲਿਸ ਨੇ ਮਾਰ ਮੁਕਾਇਆ | ਆਪਣੀ ਮਾਂ ਤੋਂ ਸੁਣੀ ਹੱਡ-ਬੀਤੀ ਬਾਰੇ ਉਹ ਦੱਸਦੀ ਹੈ ਕਿ ਖੇਤੀਬਾੜੀ ਨਾਲ ਉਸਦਾ ਪਿਤਾ ਪਿੰਡ ‘ਚ ਡਾਕਟਰੀ ਦਾ ਕਿੱਤਾ ਕਰਦਾ ਸੀ | ਪਿੰਡ ‘ਚ ਸੀ. ਆਰ. ਪੀ. ਐਫ. ਤੇ ਪੁਲਿਸ ਵੱਲੋਂ ਮਾਰੇ ਸਾਂਝੇ ਛਾਪੇ ਦੌਰਾਨ ਘਰੇ ਕੋਠਾ ਛੱਤ ਰਹੇ ਦੋਵ੍ਹਾਂ ਪਿਓ-ਪੁੱਤਾਂ ਨੂੰ ਪੁਲਿਸ ਨੇੜਲੀ ਇਕ ਬੰਦ ਪਈ ਕੋਠੀ ਦੀ ਤਲਾਸ਼ੀ ਲਈ ਸਾਰੇ ਪਿੰਡ ਦੇ ਸਾਹਮਣੇ ਅੱਗੇ ਲਗਾ ਕੇ ਲੈ ਗਈ, ਜਿਥੋਂ ਕੁਝ ਦੇਰ ਬਾਅਦ ਗੋਲੀ ਚੱਲਣ ਦੀਆਂ ਆਵਾਜ਼ਾਂ ਆਈਆਂ, ਜਿਸ ਮਗਰੋਂ ਪੁਲਿਸ ਰਾਜਵਿੰਦਰ ਦੇ ਬਾਪ ਅਤੇ ਦਾਦੇ ਦੀਆਂ ਲਾਸ਼ਾਂ ਲੱਦ ਕੇ ਲੈ ਗਈ, ਜਿੰਨ੍ਹਾਂ ਨੂੰ ਸਸਕਾਰ ਲਈ ਮੰਗਣ ਦੀ ਵੀ ਕੋਈ ਹਿੰਮਤ ਨਹੀਂ ਜੁਟਾ ਸਕਿਆ | ਅਗਲੇ ਦਿਨ ਅਖ਼ਬਾਰ ਦੀ ਸੁਰਖੀ ਪਿਓ-ਪੁੱਤਾਂ ਦੇ ਪੁਲਿਸ ਮੁਕਾਬਲੇ ਦੀ ਸੀ | ਕੋਟਲੀ ਪਿੰਡ ਦੇ ਕੁਲਦੀਪ ਸਿੰਘ ਦੀ ਧੀ ਗੁਰਪ੍ਰੀਤ ਕੌਰ ਮਹਿਜ਼ ਦੋ ਵਰਿ੍ਹਆਂ ਦੀ ਸੀ ਜਦੋਂ ਉਸਦੇ ਪਿਤਾ ਨੂੰ ਫਰਜ਼ੀ ਮੁਕਾਬਲੇ ‘ਚ ਖਿਆਲਾ ਰਾਮ ਤੀਰਥ ਨੇੜੇ ਮਾਰ ਦਿੱਤਾ ਗਿਆ | ਐਮ. ਏ. ਦੀ ਪੜ੍ਹਾਈ ਕਰ ਰਹੀ ਗੁਰਪ੍ਰੀਤ ਦੱਸਦੀ ਹੈ ਕਿ ਖਾੜਕੂਆਂ ਨੂੰ ਪਨਾਹ ਦੇਣ ਦੇ ਦੋਸ਼ਾਂ ‘ਚ ਪੁਲਿਸ ਅਕਸਰ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕਰਦੀ ਸੀ ਪਰ ਇਕ ਦਿਨ ਉਸਦੇ ਪਿਤਾ ਨੂੰ ਘਰੋਂ ਬਾਹਰ ਜਾਂਦਿਆਂ ਚੁੱਕਿਆ ਤੇ ਅਗਲੇ ਦਿਨ ਮੁਕਾਬਲਾ ਬਣਾ ਦਿੱਤਾ | ਕੁਲਦੀਪ ਸਿੰਘ ਦਾ ਅਣਪਛਾਤਾ ਕਹਿ ਕੇ ਸਥਾਨਕ ਸ਼ੀਤਲਾ ਮੰਦਰ ਵਿਖੇ ਪੁਲਿਸ ਵਲੋਂ ਸਸਕਾਰ ਕੀਤਾ ਜਾ ਰਿਹਾ ਸੀ ਜਦੋਂ ਪਿੰਡ ਦੇ ਕਿਸੇ ਪੁਲਿਸ ਵਾਲੇ ਨੇ ਜਾਣਕਾਰੀ ਦਿੱਤੀ, ਉਸਦਾ ਦਾਦਾ ਹਰਜਿੰਦਰ ਸਿੰਘ ਜਦੋਂ ਤੱਕ ਓਥੇ ਪਹੁੰਚਿਆ ਪੁੱਤਰ ਦਾ ਸਸਕਾਰ ਹੋ ਚੁੱਕਾ ਸੀ | ਗੁਰਪ੍ਰੀਤ ਨੂੰ ਗਿਲਾ ਹੈ ਕਿ ਉਸਦਾ ਬਚਪਣ ਖੋਹਣ ਵਾਲਿਆਂ ਨੂੰ ਕਿਸੇ ਨੇ ਝਾੜ ਤੱਕ ਨਹੀਂ ਪਾਈ ਤਾਂ ਸਜ਼ਾਵਾਂ ਕਿਥੋਂ ਹੋਣੀਆਂ ਸਨ | ਉਕਤ ਘਟਨਾਵਾਂ ਦੀਆਂ ਸ਼ਿਕਾਰ ਧੀਆਂ ਦੀ ਹੋਣੀ ਇਥੋਂ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਸਮਾਜ ਅਤੇ ਕਈਆਂ ਨੂੰ ਸ਼ਰੀਕੇ ਨੇ ਵੀ ਦਰਕਿਨਾਰ ਕਰ ਦਿੱਤਾ, ਜਿੰਨ੍ਹਾਂ ਨੂੰ ਇੱਥੇ ਇਕ ਖਾੜਕੂ ਦੀ ਸਿੰਘਣੀ ਵੱਲੋਂ ਚਲਾਏ ਜਾ ਰਹੇ ਟਰੱਸਟ ‘ਚ ਛੱਤ ਮਿਲੀ ਅਤੇ ਆਪਣੀ ਹੱਡ-ਬੀਤੀ ਬਿਆਨ ਕਰਨ ਦਾ ਮੌਕਾ ਮਿਲਿਆ | ਇਨ੍ਹਾਂ ਤੋਂ ਇਲਾਵਾ ਸਰਹੱਦੀ ਖੇਤਰ ਦੇ ਲਗਭਗ ਹਰ ਪਿੰਡ ਦੀ ਦਾਸਤਾਨ ਇਹੋ ਹੀ ਹੈ, ਜੋ ਵਿਸ਼ੇਸ਼ਕਰ 90 ਤੋਂ 93 ਤੱਕ ਚੱਲੇ ਕਤਲੋਗਾਰਤ ਮੌਕੇ ਅਣਕਹੇ ਰਹਿ ਗਏ ਜ਼ੁਲਮ ਦੀ ਤਰਜ਼ਮਾਨੀ ਕਰਦਿਆਂ ਦੁਨੀਆਂ ਨੂੰ ਸੱਚ ਵਿਖਾਉਣ ਲਈ ਸੂਖ਼ਮ ਜਾਂਚ ਦੀ ਮੰਗ ਕਰਦੀ ਹੈ |

Source Link : http://beta.ajitjalandhar.com/news/20151210/1/1165408.cms#1165408
Tags: , ,
Posted in: ਸਾਹਿਤ