ਫਰਜ਼ੀ ਮੁਕਾਬਲਿਆਂ ਦੀ ਭੇਟ ਚੜ੍ਹ ਗਏ ਇਕਲੌਤੇ ਪੁੱਤਰਾਂ ਨੂੰ ਰੋਂਦੀਆਂ ਬੁੱਢੀਆਂ ਅੱਖਾਂ

By December 11, 2015 0 Comments


ਹਰਪ੍ਰੀਤ ਸਿੰਘ ਗਿੱਲ
fake
ਅੰਮਿ੍ਤਸਰ: ਪੰਜਾਬ ਦੇ ਕਾਲੇ ਦੌਰ ਦੀ ਪਿੰਕੀ ਕੈਟ ਦੇ ਖੁਲਾਸਿਆਂ ਨਾਲ ਮੁੜ ਨਿੱਤਰੀ ਦਰਦਨਾਕ ਕਹਾਣੀ ਦੀਆਂ ਤੰਦਾਂ ਨੂੰ ਹੰਗਾਲੀਏ ਤਾਂ ਹਰ ਰੂਹ ਹੱਥ ਲਾਇਆਂ ਕਰਾਹੁੰਦੀ ਹੈ | ਸਾਹਮਣੇ ਤਸਦੀਕ ਹੋਈ ਸਥਿਤੀ ਅਨੁਸਾਰ ਮਨੁੱਖੀ ਅਧਿਕਾਰਾਂ ਨੂੰ ਮਿੱਟੀ ‘ਚ ਦੱਬ ਉਸ ਵੇਲੇ ਜਿਥੇ ਹਾਕਮ ਕੁੰਭਕਰਨ ਬਣ ਗਏ ਸਨ ਓਥੇ ਇਨ੍ਹਾਂ ਹੱਕਾਂ ਦੀ ਰਾਖੀ ਲਈ ਤਾਇਨਾਤ ਪੁਲਿਸ ਹੀ ਜ਼ੁਲਮ ਦਾ ਜ਼ਖੀਰਾ ਬਣ ਕੇ ਉੱਭਰੀ, ਜਿਸ ਨੇ ਮਾਵਾਂ ਸਾਹਮਣੇ ਘਰੋਂ ਚੁੱਕੇ ਇਕਲੌਤੇ ਪੁੱਤ ਵੀ ਅਣਪਛਾਤੇ ਕਹਿ ਕੇ ਮਾਰ ਮੁਕਾਏ ਤੇ ਸਸਕਾਰ ਲਈ ਲਾਸ਼ਾਂ ਵੀ ਨਹੀਂ ਦਿੱਤੀਆਂ | ਅੱਜ ਗੱਲ ਤੁਰੀ ਤਾਂ ਇਨ੍ਹਾਂ ਬੁੱਢੀਆਂ ਹੱਡੀਆਂ ਦੀਆਂ ਛਲਕਦੀਆਂ ਅੱਖਾਂ ਨਾਲੋਂ ਵੱਧ ਵਿਲਕਦੀ ਉਨ੍ਹਾਂ ਦੀ ਰੂਹ ਲੱਗੀ, ਜੋ ਕਿਸੇ ਦੁਨਿਆਵੀ ਨਿਆਂ ਦੀ ਉਮੀਦ ਤੋਂ ਪਰ੍ਹੇ ਅੰਬਰੀਂ ਜਾ ਵੱਸੇ ਆਪਣੇ ਪੁੱਤਾਂ ਕੋਲ ਜਲਦ ਅਪੜਣਾਂ ਚਾਹੁੰਦੀਆਂ ਹਨ | ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਪੁੱਛਣ ‘ਤੇ ਉਹ ਨਾ ਉਮੀਦ ਹਨੋਰਾ ਕਰਦੀਆਂ ਹਨ ਕਿ ਜਿੰਨ੍ਹਾਂ ਸਰਕਾਰੀ ਫੀਤੀਆਂ ਲਾਕੇ ਮੋਇਆਂ ਦੇ ਸਸਕਾਰ ਨਹੀਂ ਕਰਨ ਦਿੱਤੇ ਉਨ੍ਹਾਂ ਦਾ ਹੁਣ ਕੋਈ ਕੀ ਵਿਗਾੜ ਲਊ | ਭਿੱਖੀਵਿੰਡ ਨੇੜੇ ਸੁਰਸਿੰਘ ਪਿੰਡ ਦੀ ਮਾਤਾ ਸੁਰਜੀਤ ਕੌਰ ਦੇ ਪਤੀ ਦੀ ਮੌਤ ਉਸਦੇ ਇਕਲੌਤੇ ਪੁੱਤ ਸੁਖਦੇਵ ਸਿੰਘ ਦੇ ਜਨਮ ਤੋਂ ਛੇ ਮਹੀਨੇ ਬਾਅਦ ਹੀ ਹੋ ਗਈ ਸੀ | ਮਾਤਾ ਦੱਸਦੀ ਹੈ ਕਿ ਜਵਾਨੀ ਵਾਰੇ ਵਿਧਵਾ ਤੇ ਘੱਟ ਜ਼ਮੀਨੇ ਹੋਣ ਕਾਰਨ ਉਸ ਨੇ ਆਪਣੇ ਪੁੱਤ ਸੁੱਖੇ ਨੂੰ ਬੜੀਆਂ ਤੰਗੀਆਂ ‘ਚ ਪਾਲਿਆ | ਪੁੱਤ ਗੱਭਰੂ ਹੋਇਆ, ਉਸਨੂੰ ਸਮੇਂ ਤੋਂ ਡਰ ਤਾਂ ਆਉਂਦਾ ਪਰ ਉਸਦੀਆਂ ਖੁਸ਼ੀਆਂ ‘ਚ ਖੀਵੀ ਉਹ ਸੁੱਖਾਂ ਮੰਗਦੀ ਰਹਿੰਦੀ | ਪੁੱਤ ਵਿਆਇਆ, ਪੋਤਰੇ ਜੰਮੇ ਪਰ ਕਿਸਮਤ ਦੀ ਡੈਣ ਨੂੰ ਇਹ ਖੁਸ਼ੀ ਮਨਜ਼ੂਰ ਨਹੀਂ ਸੀ, 1992 ‘ਚ ਇਕ ਦਿਨ 25 ਸਾਲਾ ਪੁੱਤਰ ਨੂੰ ਸਰਹਾਲੀ ਥਾਣੇ ਦੀ ਪੁਲਿਸ ਵੱਲੋਂ ਬੰਬੀ ਤੋਂ ਪਾਣੀ ਲਾਉਂਦੇ ਨੂੰ ਅਗਵਾ ਕਰ ਲਿਆ ਗਿਆ | ਉਨੇਂ ਭੱਜ ਦੌੜ ਕੀਤੀ ਪਰ ਅਸਫਲ, ਚਾਰ ਪੰਜ ਦਿਨ ਬਾਅਦ ਸਰਹਾਲੀ ਥਾਣੇ ਦੇ ਮੁਲਾਜ਼ਮ ਨੇ ਤਰਸ ਕਰਦਿਆਂ ਦੱਸਿਆ ਕਿ ਸੁਖਦੇਵ ਨੂੰ ਅਗਲੇ ਦਿਨ ਹੀ ਫਰਜ਼ੀ ਮੁਕਾਬਲਾ ਬਣਾਕੇ ਮਾਰ ਦਿੱਤਾ ਸੀ | ਪਰਿਵਾਰ ਨੂੰ ਜਿਊਾਦਾ ਮੂੰਹ ਵੇਖਣਾਂ ਤਾਂ ਦੂਰ ਸਸਕਾਰ ਕਰਨਾ ਵੀ ਨਸੀਬ ਨਹੀਂ ਹੋਇਆ | ਹਉਕਾ ਭਰਦਿਆਂ ਉਹ ਦੱਸਦੀ ਹੈ ਕਿ ਇਸ ਮਗਰੋਂ ਸੁਖੇ ਦੇ ਸਹੁਰਿਆਂ ਨੇ ਆਪਣੀ ਧੀ ਦਾ ਦੂਸਰਾ ਵਿਆਹ ਕਰ ਦਿੱਤਾ ਅਤੇ ਦੋਵੇਂ ਪੋਤਰੇ ਤੇ ਉਹ ਸੁਖਦੇਵ ਦੀਆਂ ਯਾਦਾਂ ਸਹਾਰੇ ਰਹਿ ਗਏ | ਜ਼ੱਦੀ ਜ਼ਮੀਨ ਦੇ ਸ਼ਰੀਕਾਂ ਨਾਲ ਝਗੜੇ ਕਾਰਨ ਤਰੀਕਾਂ ‘ਚ ਉਲਝੀ ਮਾਤਾ ਸਤਬੀਰ ਕੌਰ ਸ਼ਹੀਦ ਖਾੜਕੂ ਭਾਈ ਧਰਮ ਸਿੰਘ ਕਾਸ਼ਤੀਵਾਲ ਦੀ ਸਿੰਘਣੀ ਵੱਲੋਂ ਚਲਾਏ ਜਾ ਰਹੇ ਟਰੱਸਟ ‘ਚ ਪੋਤਰਿਆਂ ਸਮੇਤ ਦਿਨ ਕਟੀ ਕਰ ਰਹੀ ਹੈ | ਕਹਿੰਦੀ ਹੈ ਪੋਤਰੇ ਰਾਜ਼ੀ ਰਹਿਣ ਪਰ ਮੈਨੂੰ ਮੇਰਾ ਪੁੱਤ ਹੁਣ ਸ਼ਾਇਦ ਅੱਖਾਂ ਮੀਚਣ ਮਗਰੋਂ ਹੀ ਮਿਲੂ | ਸਰਹੱਦੀ ਪਿੰਡ ਕਸੇਲ ਦੀ ਮਾਤਾ ਗੁਰਨਾਮ ਕੌਰ ਦੇ ਦੋਵੇਂ ਹੀ ਪੁੱਤਰ ਜਸਬੀਰ ਸਿੰਘ ਅਤੇ ਹਰਜੀਤ ਸਿੰਘ ਪੁਲਿਸ ਨੇ ਅਣਵਿਆਹੇ ਹੀ ਮਾਰ ਮੁਕਾਏ, ਜਿੰਨ੍ਹਾਂ ਦੀਆਂ ਤਸਵੀਰਾਂ ਹਿੱਕ ਨਾਲ ਲਾਈ ਉਹ ਜਲਦ ਉਨ੍ਹਾਂ ਕੋਲ ਪਹੁੰਚਣਾਂ ਲੋਚਦੀ ਹੈ | ਹੈਰਾਨੀ ਦੀ ਗੱਲ ਹੈ ਕਿ ਉਸਨੂੰ ਸੰਘਰਸ਼ ‘ਚ ਸ਼ਾਮਿਲ ਰਹੇ ਆਪਣੇ ਵੱਡੇ ਪੁੱਤ ਦੀ ਮੌਤ ਦਾ ਮਲਾਲ ਘੱਟ ਹੈ ਪਰ ਛੋਟੇ ਹਰਜੀਤ ਨੂੰ ਬੇਕਸੂਰ ਮਾਰਨ ਦਾ ਦੁੱਖ ਉਸ ‘ਤੇ ਮਣਾਂ ਮੂੰਹੀਂ ਭਾਰ ਪਾਈ ਬੈਠਾ ਹੈ | ਉਹ ਦੱਸਦੀ ਹੈ ਕਿ ਜਸਬੀਰ ਖਾੜਕੂਆਂ ‘ਚ ਸ਼ਾਮਿਲ ਹੋਕੇ ਘਰੋਂ ਚਲਾ ਗਿਆ | ਕਰੀਬ ਪੰਜ ਮਹੀਨੇ ਬਾਅਦ 1991 ਦੇ ਅੱਧ ‘ਚ ਝਬਾਲ ਨੇੜਲੇ ਪਿੰਡ ਬਘਿਆੜੀ ਵਿਖੇ ਉਹ ਮੁਕਾਬਲੇ ‘ਚ ਮਾਰਿਆ ਗਿਆ | ਘਰੇ ਜਵਾਨ ਧੀ ਹੋਣ ਕਾਰਨ ਡਰਦਿਆਂ ਉਨ੍ਹਾਂ ਲਾਸ਼ ਦੀ ਪਛਾਣ ਵੀ ਨਹੀਂ ਕੀਤੀ ਅਤੇ ਛੋਟੇ ਸਾਊ ਪੁੱਤ ਦੇ ਹੁੰਦਿਆਂ ਉਸਨੇ ਜਸਬੀਰ ਦੀ ਮੌਤ ‘ਤੇ ਸਬਰ ਕਰ ਲਿਆ | ਅੱਖਾਂ ‘ਚੋਂ ਬੇਲਗਾਮ ਅੱਥਰੂਆਂ ਨੂੰ ਪੂੰਝਦਿਆਂ ਮਾਤਾ ਗੁਰਨਾਮ ਕੌਰ ਬੋਲੀ ਕਿ ਕਰੀਬ ਵਰ੍ਹੇ ਬਾਅਦ ਜਦੋਂ ਉਨ੍ਹਾਂ ਜਸਬੀਰ ਦੇ ਵਰੀ੍ਹਣੇਂ ਦਾ ਪਾਠ ਘਰ ਰਖਵਾਇਆ ਤਾਂ ਵਿਚਲੇ ਦਿਨ ਝਬਾਲ ਪੁਲਿਸ ਦਾ ਮੁਖੀ (ਨਾਂਅ ਵੀ ਦੱਸਿਆ) ਆਣ ਧਮਕਿਆ, ਜਿਸਨੇ ਉਸਦੇ ਫੁੱਲਾਂ ਵਰਗੇ ਬੇਕਸੂਰ ਪੁੱਤ ਹਰਜੀਤ ਨੂੰ ਵਾਲਾਂ ਤੋਂ ਧੂੰਹਦਿਆਂ ਗੱਡੀ ‘ਚ ਸੁਟ ਲਿਆ ਤੇ ਲੈ ਗਏ | ਹਰਜੀਤ ‘ਤੇ ਤਸ਼ੱਦਦ ਕਰਨ ਮਗਰੋਂ ਨੇੜਲੇ ਪਿੰਡ ਮੰਨਣ ਵਿਖੇ ਫਰਜ਼ੀ ਮੁਕਾਬਲੇ ‘ਚ ਮਾਰਕੇ ਸਾੜ ਦਿੱਤਾ ਗਿਆ | ਜ਼ੁਲਮ ਦੀ ਸਿਖਰ ਬਿਆਨ ਕਰਦਿਆਂ ਮਾਤਾ ਨੇ ਦੱਸਿਆ ਕਿ ਹੋਣੀ ਤੋਂ ਬੇਖਬਰ ਉਹ ਦੋਵੇਂ ਮਾਵਾਂ ਧੀਆਂ ਝਬਾਲ ਜਾਕੇ ਥਾਣੇਦਾਰ ਦੇ ਪੈਰੀਂ ਪੈ ਕੇ ਹਰਜੀਤ ਦੀ ਜਾਨ ਬਖਸ਼ਣ ਲਈ ਲੇਲੜੀਆਂ ਲੈਣ ਲੱਗੀਆਂ | ਮਾਂ ਨੇ ਪੁੱਤ ਦੀ ਜਾਨ ਬਖਸ਼ੀ ਦੇ ਰੂਪ ‘ਚ ਸਾਰੀ ਉਮਰ ਨੌਕਰਾਣੀ ਤੱਕ ਬਣਕੇ ਰਹਿਣਾ ਮੰਨ ਲਿਆ ਪਰ ਹੰਕਾਰੀ ਥਾਣੇਦਾਰ ਨੇ ਉਨ੍ਹਾਂ ਨੂੰ ਅੱਗੋਂ ਚਪੇੜਾਂ ਮਾਰੀਆਂ | ਇਥੇ ਇਕ ਸਿਪਾਹੀ ਨੇ ਹਰਜੀਤ ਦਾ ਪਰਨਾ ਦਿੰਦਿਆਂ ਰੱਬ ਤਰਸੀ ‘ਚ ਉਸਦੀ ਮੌਤ ਬਾਰੇ ਦੱਸਿਆ ਤਾਂ ਜਵਾਨ ਧੀ ਨੂੰ ਲੈਕੇ ਪੱਥਰ ਹੋਈ ਉਹ ਵਾਪਸ ਮੁੜ ਆਈ | ਝਬਾਲ ਨੇੜਲੇ ਪਿੰਡ ਠੱਠਾ ‘ਚ ਆਪਣੇ ਕਿਲ੍ਹੇ ਜਿੱਡੇ ਘਰ ਦੇ ਵਿਹੜੇ ‘ਚ ਬੈਠੀ 90 ਸਾਲਾ ਬਜ਼ੁਰਗ ਮਾਤਾ ਲਖਵਿੰਦਰ ਕੌਰ ਦੀ ਦੁੱਖਾਂ ਭਰੀ ਬਾਤ ਉਸਦੇ ਪੁੱਤਰ ਨੂੰ ਪੁਲਿਸ ਵੱਲੋਂ ਅਗਵਾ ਕਰਕੇ ਖੰਨਾ ਵਿਖੇ ਕਤਲ ਕਰ ਦੇਣ ਦੇ ਦੁਆਲੇ ਘੁੰਮਦੀ ਹੈ | ਹਰਦੇਵ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਅਤੇ ਪੜ੍ਹੇ ਲਿਖੇ ਵੱਡੇ ਜ਼ਮੀਦਾਰ ਪਰਿਵਾਰ ‘ਚੋਂ ਸੀ | ਖਾੜਕੂਆਂ ਦੀ ਮਦਦ ਦੇ ਦੋਸ਼ਾਂ ‘ਚ ਜਦੋਂ ਪੁਲਿਸ ਨੇ ਤੰਗ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਦੇਸ਼ ਛੱਡਕੇ ਆਪਣੀ ਛੋਟੀ ਭੈਣ ਕੋਲ ਕੈਨੇਡਾ ਚਲੇ ਜਾਣ ਦਾ ਮਨ ਬਣਾ ਲਿਆ | ਬਜ਼ੁਰਗ ਮਾਂ-ਬਾਪ ਨੇ ਵੀ ਪੁੱਤ ਦੀ ਜਾਨ ਬਚਾਉਣ ਲਈ ਹਾਮੀ ਭਰ ਦਿੱਤੀ ਅਤੇ ਪਾਸਪੋਰਟ ਵੀਜ਼ਾ ਆਦਿ ਦਾ ਪ੍ਰਬੰਧ ਹੋ ਗਿਆ | ਅਜਿਹੇ ‘ਚ ਹੋਣੀ ਪੁਲਿਸ ਦੇ ਰੂਪ ‘ਚ ਉਸਨੂੰ ਭਾਲ ਰਹੀ ਸੀ ਪਰ ਉਹ ਬੇਖਬਰ 1992 ‘ਚ ਇਕ ਦਿਨ ਅੰਮਿ੍ਤਸਰ ਆਪਣੀ ਖੇਤੀਬਾੜੀ ਦੇ ਕੰਮ ਗਿਆ ‘ਤੇ ਠੰਡੀ ਖੂਹੀ ਲਾਗੋਂ ਖੰਨਾ ਦੀ ਪੁਲਿਸ ਨੇ ਅਗਵਾ ਕਰ ਲਿਆ | ਬਜ਼ੁਰਗ ਪਿਤਾ ਹੱਥ ਪੈਂਦੇ ਰਿਸ਼ਤੇਦਾਰਾਂ ਨਾਲ ਸਥਾਨਕ ਤਰਨ ਤਾਰਨ, ਅੰਮਿ੍ਤਸਰ ਪੁਲਿਸ ਕੋਲ ਭਾਲ ਕਰਦਾ ਰਿਹਾ ਪਰ ਚੰਡੀਗੜ੍ਹੋਂ ਇਕ ਉੱਚ ਅਧਿਕਾਰੀ ਤੋਂ ਦੋ ਮਹੀਨੇ ਬਾਅਦ ਪਤਾ ਲੱਗਾ ਕਿ ਹਰਦੇਵ ਨੂੰ ਚੁੱਕਣ ਤੋਂ ਦੋ ਦਿਨ ਬਾਅਦ ਹੀ ਖੰਨਾ ਵਿਖੇ ਖਾੜਕੂ ਗੁਰਮੁੱਖ ਸਿੰਘ ਨਾਗੋਕੇ ਤੇ ਉਸਦੀ ਪਤਨੀ ਨਾਲ ਅਣਪਛਾਤਾ ਕਹਿਕੇ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ ਗਿਆ ਸੀ | ਦੋ ਮਹੀਨੇ ਬਾਅਦ ਖੰਨਾ ਪੁਲਿਸ ਨੇ ‘ਅਣਪਛਾਤੇ’ ਦੇ ਕੱਪੜੇ ਦਿਖਾਏ, ਜੋ ਹਰਦੇਵ ਦੇ ਸਨ ਪਰ ਘੜੀ, ਜੁੱਤੀ ਅਤੇ ਬਟੂਆ ਬਦਲ ਦਿੱਤੇ ਗਏ ਸਨ, ਜੋ ਸ਼ਾਇਦ ਕਿਸੇ ਪੁਲਿਸ ਵਾਲੇ ਦੀ ਹੋਰ ਛੋਟੀ ਸੋਚ ਦਾ ਸੰਕੇਤ ਸੀ ਪਰ ਇਸਨੇ ਬਜ਼ੁਰਗ ਮਾਂ ਤੇ ਹਰਦੇਵ ਦੀ ਪਤਨੀ ਨੂੰ ਜਿਊਾਦੇ ਹੋਣ ਦਾ ਭਰਮ ਕਈ ਵਰ੍ਹੇ ਪਾਈ ਰੱਖਿਆ | ਇਸ ਘਟਨਾ ਬਾਰੇ ਪਿੰਕੀ ਕੈਟ ਨੇ ਵੀ ਆਪਣੇ ਖੁਲਾਸਿਆਂ ‘ਚ ਜ਼ਿਕਰ ਕੀਤਾ ਹੈ ਪਰ ਉਸਨੇ ਅਖ਼ਬਾਰਾਂ ਦੀ ਲੱਗੀ ਸੁਰਖੀ ਤੋਂ ਉਲਟ ਕਿਸੇ ਅਣਪਛਾਤੇ ਬਾਰੇ ਜ਼ਿਕਰ ਨਹੀਂ ਕੀਤਾ | ਖੇਮਕਰਨ ਨੇੜੇ ਸਰਹੱਦੀ ਪਿੰਡ ਆਸਲ ਉਤਾੜ ਦੀ ਬਜ਼ੁਰਗ ਮਾਤਾ ਹਰਬੰਸ ਕੌਰ ਦੇ ਖੇਤੀਬਾੜੀ ਕਰਦੇ ਪੁੱਤਰ ਜੈਮਲ ਸਿੰਘ ‘ਤੇ ਖਾੜਕੂਆਂ ਨੂੰ ਪਨਾਹ ਦੇਣ ਦੇ ਪੁਲਿਸ ਵੱਲੋਂ ਦੋਸ਼ ਲੱਗੇ | ਉਹ ਨਾਂਅ ਲੈਕੇ ਦੱਸਦੀ ਹੈ ਕਿ ਮਹਿਦੀਪੁਰ ਦਾ ਫਲਾਣਾਂ ਥਾਣੇਦਾਰ 1992 ਦੇ ਇਕ ਦਿਨ ਉਸਦੀ ਬਹਿਕ ‘ਤੇ ਆਇਆ ਅਤੇ ਕਛਿਹਰੇ ‘ਚ ਧੜੋਂ ਨੰਗੇ ਉਸਦੇ ਜਵਾਨ ਪੁੱਤ ਨੂੰ ਪਿੰਡ ਦੀ ਪੰਚਾਇਤ ਸਾਹਮਣੇ ਚੁੱਕਕੇ ਲੈ ਗਿਆ | ਉਹ ਪੰਚਾਇਤ ਨਾਲ ਆਪਣੇ ਮੂਲੋਂ ਬੇਕਸੂਰ ਜੈਮਲ ਨੂੰ ਲੱਭਣ ਨੇੜਲੇ ਥਾਣੇ, ਚੌਾਕੀ- ਵਲਟੋਹੇ, ਖੇਮਕਰਨ ਤਰਲੇ ਮਿਨਤਾਂ ਕਰਨ ਪੁੱਜੀ ਪਰ ਕੁਝ ਪਿੜ ਪੱਲੇ ਨਹੀਂ ਪਿਆ | ਸ਼ਾਲ ਦੇ ਪੱਲੇ ਨਾਲ ਛਿਜ ਚੁੱਕੀਆਂ ਅੱਖਾਂ ਨੂੰ ਪੂੰਝਦਿਆਂ ਮਾਤਾ ਹਰਬੰਸ ਕੌਰ ਬੋਲੀ, ‘ਤਿੰਨ ਦਿਨ ਬਾਅਦ ਮੈਨੂੰ ਪਤਾ ਲੱਗਾ ਕਿ ਜ਼ਾਲਮਾਂ ਨੇ ਫਤਿਹਾਬਾਦ-ਭਿੰਡੀਆਂ ਸੂਏ ‘ਤੇ ਝੂਠੇ ਮੁਕਾਬਲੇ ‘ਚ ਜੈਮਲ ਨੂੰ ਮਾਰ ਮੁਕਾਇਆ’ | ਕਰੀਬ ਇਕ ਮਿੰਟ ਦੇ ਸੰਨਾਟੇ ਮਗਰੋਂ ਉਨ੍ਹੇ ਮੁੜ ਸਿਸਕੀ ਲਈ, ‘ਹੱਡ ਰਗੜਕੇ ਪਾਲੇ ਆਪਣੇ ਪੁੱਤ ਦਾ ਸਸਕਾਰ ਵੀ ਨਾ ਕਰ ਸਕੀ’ | ਆਪਣੇ ਪੁੱਤ ਦੀਆਂ ਮਾਸੂਮ ਧੀਆਂ ਨਾਲ ਟਰੱਸਟ ‘ਚ ਰਹਿ ਰਹੀ ਮਾਤਾ ਨੂੰ ਕਿਸੇ ਕਾਨੂੰਨ ਤੋਂ ਨਿਆਂ ਮਿਲਣ ਦੀਆਂ ਗੱਲਾਂ ‘ਤੇ ਭਰੋਸਾ ਨਹੀਂ | ਮਸ਼ਹੂਰ ਪਿੰਡ ਸਖੀਰਾ ਤੋਂ ਮਾਤਾ ਕਸ਼ਮੀਰ ਕੌਰ ਦੀ ਪੀੜ ਵੀ ਚੀਸਾਂ ਭਰੀ ਹੈ, ਜਿਸਦਾ ਪੁਲਿਸ ਤੋਂ ਲੁਕਦਿਆਂ ਘਰੋਂ ਬੇਘਰ ਹੋਇਆ 18 ਸਾਲ ਦਾ ਜਵਾਨ ਪੁੱਤ ਪ੍ਰਗਟ ਸਿੰਘ ਗੱਗੋਬੂਹੇ ਨੇੜੇ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ | ਬਜ਼ੁਰਗ ਮਾਤਾ ਦੱਸਦੀ ਹੈ ਕਿ ਵਿਆਹ ਤੋਂ ਦੇਰੀ ਨਾਲ ਮਿਲਿਆ ਪ੍ਰਗਟ ਅਜੇ ਦਸਵੀਂ ਜਮਾਤ ਸੀ ਜਦੋਂ ਬੰਬੀ ‘ਤੇ ਝੋਨੇ ਨੂੰ ਪਾਣੀ ਲਾਉਂਦਿਆਂ ਉਸਨੂੰ ਖਾੜਕੂ ਆਪਣੇ ਨਾਲ ਲੈ ਗਏ | ਦੇਰ ਸ਼ਾਮ ਤੱਕ ਘਰੇ ਨਾ ਮੁੜਣ ‘ਤੇ ਪਿੰਡ ‘ਚ ਲੱਗੇ ਮੇਲੇ ‘ਚੋਂ ਸਾਥੀ ਮੁੰਡਿਆਂ ਤੋਂ ਉਸਨੂੰ ਜਾਣਕਾਰੀ ਮਿਲੀ | ਉਹ ਆਪਣੇ ਭੋਲੇ ਪੁੱਤਰ ਨੂੰ ਇਸ ਰਾਹੇ ਨਹੀਂ ਸੀ ਪੈਣ ਦੇਣਾ ਚਾਹੁੰਦੀ ਸੋ ਪਤਾ ਕਰਕੇ ਚੰਡੀਗੜ੍ਹ ਨੇੜੇ ਇਕ ਗੁਰਦੁਆਰੇ ‘ਚ ਸੇਵਾ ਕਰਦੇ ਨੂੰ ਮਿਲਣ ਗਈ | ਕਿਸੇ ਪ੍ਰਭਾਵਸ਼ਾਲੀ ਵਿਅਕਤੀ ਰਾਹੀਂ ਉਸਨੂੰ ਪੇਸ਼ ਕਰਵਾਕੇ ਛੁਡਵਾ ਲਿਆ ਗਿਆ | ਪ੍ਰਗਟ ਦਾ ਨਿੱਕੀ ਉਮਰੇ ਹੀ ਵਿਆਹ ਕਰਕੇ ਉਹ ਪਰਿਵਾਰ ਅਤੇ ਖੇਤੀਬਾੜੀ ‘ਚ ਰੁੱਝ ਗਏ, ਇਕ ਪੋਤਰਾ ਵੀ ਪੈਦਾ ਹੋਇਆ | ਕੁਝ ਸਮਾਂ ਲੰਘਿਆ ਤਾਂ ਝਬਾਲ ਪੁਲਿਸ ਦਾ ਮੁਖੀ (ਜਿਸਦਾ ਕਸ਼ਮੀਰ ਕੌਰ ਨਾਂਅ ਵੀ ਦੱਸਦੀ ਹੈ) ਉਸਨੂੰ ਬਾਹਰ ਕਿਸੇ ਕੰਮ ਗਏ ਨੂੰ ਚੁੱਕਕੇ ਲੈ ਗਿਆ ਅਤੇ ਦੋ ਦਿਨ ਬਾਅਦ ਗੱਗੋਬੂਹੇ ਨੇੜੇ ਮੁਕਾਬਲਾ ਬਣਾਕੇ ਇਕ ਹੋਰ ਨੌਜਵਾਨ ਨਾਲ ਮਾਰ ਮੁਕਾਇਆ | ਪਹੁੰਚ ਕਰਨ ਦੇ ਬਾਵਜੂਦ ਉਹ ਪੁੱਤ ਦੀ ਲਾਸ਼ ਲੈਣ ‘ਚ ਅਸਫਲ ਰਹੀ ਅਤੇ ਪ੍ਰਗਟ ਦਾ ਸਸਕਾਰ ਵੀ ਪੁਲਿਸ ਨੇ ਹੀ ਕਰ ਦਿੱਤਾ | ਪੁੱਤ ਦੀ ਮੌਤ ਦੇ ਗਮ ‘ਚ ਬਿਮਾਰ ਹੋਈ ਮਾਤਾ ਕਸ਼ਮੀਰ ਕੌਰ ਆਪਣੀ ਜ਼ਮੀਨ ਵੀ ਵੇਚਕੇ ਖਰਚ ਚੁੱਕੀ ਹੈ ਅਤੇ ਪੋਤਰੇ ਸਮੇਤ ਕਈ ਸਾਲਾਂ ‘ਤੋਂ ਟਰੱਸਟ ‘ਚ ਰਹਿ ਰਹੀ ਹੈ | ਆਪਣੇ ਪੋਤਰੇ ਨੂੰ ਵੀ ਬਹੁਤੀ ਵਾਰ ਪ੍ਰਗਟ ਕਹਿਕੇ ਬਲਾਉਂਦੀ ਕਸ਼ਮੀਰ ਕੌਰ ਨੂੰ ਦੋਸ਼ੀਆਂ ਦੇ ਸਜ਼ਾਵਾਂ ਨਾ ਮਿਲਣ ਦਾ ਗਿਲਾ ਤਾਂ ਹੈ ਪਰ ਹੁਣ ਵੀ ਉਹ ਅਜਿਹੀ ਕੋਈ ਆਸ ਨਹੀਂ ਰੱਖਦੀ | ਅਜਿਹਾ ਹੀ ਇਕ ਹੋਰ ਭਾਣਾ ਵਾਪਰਿਆ ਸ਼ਹੂਰਾ ਪਿੰਡ ਦੀ ਬਜ਼ੁਰਗ ਮਾਤਾ ਕਸ਼ਮੀਰ ਕੌਰ ਦੇ ਗਾਇਕ ਪੁੱਤ ਮੇਜਰ ਸਿੰਘ ‘ਤੇ | ਮਾਖੋਂ ਮਿੱਠੀ ਆਵਾਜ਼ ਵਾਲੇ ਮੇਜਰ ਨੂੰ ਮੇਲਿਆਂ ਆਦਿ ‘ਤੇ ਗਾਉਣ ਦਾ ਸ਼ੌਾਕ ਸੀ, ਜੋ ਜਾਨ ਲੇਵਾ ਸਾਬਤ ਹੋਇਆ | ਉਸ ਵੇਲੇ ਖਾੜਕੂ ਸਿੰਘਾਂ ਦੀਆਂ ਵਾਰਾਂ ਗਾਉਣ ਵਾਲੇ ਕਵੀਸ਼ਰਾਂ ਦੀ ਚੜ੍ਹਾਈ ਵੇਖਕੇ ਉਸਨੇ ਵੀ ਜਥਾ ਬਣਾ ਲਿਆ | ਮਾਤਾ ਦੱਸਦੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਬਾਰੇ ਬਣਾਈ ਮਸ਼ਹੂਰ ਤਿੱਖੀ ਵਾਰ ‘ਭੁੱਲਗੀ ਮੈਂ ਜੈਕਟ ਪਾਉਣੀ’ ਉਸੇ ਦੀ ਸੀ ਅਤੇ ਉਸਨੇ ਜਦੋਂ ਇਹ ਰਚਨਾ ਇਕ ਮੇਲੇ ‘ਚ ਸੁਣਾਈ ਤਾਂ ਲੋਕਾਂ ਦਾ ਉਤਸ਼ਾਹ ਵੇਖਕੇ ਪੁਲਿਸ ਨੇ ਉਸਦੇ ਪੁੱਤ ਨੇ ਨਿਗਾਹ ਧਰ ਲਈ | ਅਗਲੇ ਦਿਨ ਹੀ ਉਸਨੂੰ ਪੁਲਿਸ ਨੇ ਚੁੱਕ ਲਿਆ ਅਤੇ ਕੁਝ ਦਿਨ ਤਸ਼ੱਦਦ ਕਰਨ ਮਗਰੋਂ ਅਕਤੂਬਰ 1987 ਨੂੰ ਅਣਪਛਾਤਾ ਦੱਸਕੇ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ | ਕਾਲੇ ਦਿਨਾਂ ‘ਚ ਹੋਏ ਪੁਲਸੀਆ ਜ਼ੁਲਮਾਂ ਸਬੰਧੀ ਇਸ ਅਧਿਆਏ ਦੀਆਂ ਕੜੀਆਂ ਭਾਵੇਂ ਅੱਖਰਾਂ ਨਾਲ ਸਮਾਪਤ ਨਹੀਂ ਹੋ ਸਕਦੀਆਂ, ਪਰ ਪਿੰਕੀ ਕੈਟ ਦੇ ਦਾਅਵਿਆਂ ਨੂੰ ਅਧਾਰ ਬਣਾਕੇ ਜਾਂਚ ਜ਼ਰੂਰ ਆਰੰਭੀ ਜਾ ਸਕਦੀ ਹੈ | ਇਹ ਜਾਂਚ ਹੋਵੇਗੀ ਜਾਂ ਨਹੀਂ ਇਹ ਤਾਂ ਅਨਿਸ਼ਚਿਤ ਹੈ ਪਰ ਇਸ ਖੁਲਾਸੇ ਨੇ ਕਾਲੇ ਇਤਿਹਾਸ ਦੀਆਂ ਕੌੜੀਆਂ ਯਾਦਾਂ ਨੂੰ ਮੁੜ ਸੁਰਖ ਕਰ ਦਿੱਤਾ ਹੈ |
Source Link : http://beta.ajitjalandhar.com/edition/20151211/2.cms
Tags: ,
Posted in: ਸਾਹਿਤ