ਦਸਮ ਗ੍ਰੰਥ ਨੂੰ ”ਗੰਦ ਦਾ ਟੋਕਰਾ” ਕਹਿਣ ਵਾਲੇ ਸਿਰਫਿਰਿਆਂ ਦਾ ਸਿੱਖ ਕੌਮ ਸਮਾਜਿਕ ਤੌਰ ਤੇ ਬਾਈਕਾਟ ਕਰੇ : ਮਾਨ

By December 9, 2015 0 Comments


ਕੌਮ ਦੇ ਜਥੇਦਾਰਾਂ ਨੂੰ ਜੇਲ੍ਹਾਂ ‘ਚ ਨਹੀਂ ਰੱਖਿਆ ਜਾਂਦਾ – ਮਾਨ

ਫ਼ਤਹਿਗੜ੍ਹ ਸਾਹਿਬ ਤੋਂ ਅਰੁਣ ਆਹੂਜਾ ਦੀ ਵਿਸ਼ੇਸ਼ ਰਿਪੋਰਟ
maan
ਫ਼ਤਹਿਗੜ੍ਹ ਸਾਹਿਬ, 9 ਦਸੰਬਰ – “ਮੁਤੱਸਵੀ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸਿੱਖ ਧਰਮ, ਮਰਿਯਾਦਾਵਾਂ, ਸਿਧਾਤਾਂ ਅਤੇ ਨਿਯਮਾਂ ਨੂੰ ਇਕ ਡੂੰਘੀ ਸਾਜਿ਼ਸ ਤਹਿਤ ਵਿਵਾਦਮਈ ਬਣਾਕੇ ਸਿੱਖ ਕੌਮ ਵਿਚ ਭੰਬਲਭੂਸਾ ਪਾਉਣ ਦੇ ਮਨਸੂਬਿਆਂ ਉਤੇ ਜੋਰ-ਸੋਰ ਨਾਲ ਅਮਲ ਹੋ ਰਿਹਾ ਹੈ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਮੁਤੱਸਵੀ ਸੰਗਠਨ ਅਜਿਹੇ ਸਿੱਖ ਵਿਰੋਧੀ ਅਮਲ ਵੀ ਅਖੋਤੀ ਸਿੱਖ ਬੁੱਧੀਜੀਵੀਆਂ ਕੋਲੋ ਕਰਵਾ ਰਹੇ ਹਨ । ਤਾਂ ਕਿ ਸਿੱਖ ਕੌਮ ਨੂੰ ਮੁਤੱਸਵੀ ਸੰਗਠਨਾਂ ਦੀਆਂ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਪ੍ਰਤੀ ਵੀ ਜਾਣਕਾਰੀ ਨਾ ਮਿਲ ਸਕੇ ਅਤੇ ਉਹ ਚੁੱਪ-ਚਪੀਤੇ ਆਪਣੇ ਮੰਦਭਾਵਨਾ ਭਰੇ ਮਿਸਨਾਂ ਤੇ ਕੰਮ ਕਰਦੇ ਰਹਿਣ । ਇਹ ਕਿੰਨੀ ਸ਼ਰਮਨਾਕ ਅਤੇ ਆਪਣੇ ਇਖ਼ਲਾਕ ਤੋਂ ਡਿੱਗਕੇ ਅਮਲ ਕਰਨ ਵਾਲੀ ਕਾਰਵਾਈ ਹੈ ਕਿ ਅਰਬ ਮੁਲਕਾਂ ਵਿਚ ਦੌਰਾ ਕਰ ਰਹੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਉਥੇ ਆਪਣਾ ਵਿਖਿਆਨ ਕਰਦੇ ਹੋਏ ਸਦੀਆਂ ਤੋ ਚੱਲਦੀ ਆ ਰਹੀ ਸਿੱਖ ਕੌਮ ਦੀ ਰਹਿਤ-ਮਰਿਯਾਦਾਂ ਅਨੁਸਾਰ ਪ੍ਰਵਾਨਿਤ ਗੁਰਸਿੱਖਾਂ ਦੀ ਰੋਜ਼ਾਨਾ ਹੋਣ ਵਾਲੀ ਅਰਦਾਸ ਨੂੰ ਬਦਲਣ ਅਤੇ ਉਸ ਵਿਚ ਹਿੰਦੂਤਵ ਸੋਚ ਨੂੰ ਦਖਲ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ । ਅਜਿਹੀ ਗੈਰ-ਦਲੀਲ ਗੱਲ ਕਰਨ ਵਾਲੇ ਇਹ ਵੀ ਭੁੱਲ ਜਾਂਦੇ ਹਨ ਕਿ ਗੁਰਸਿੱਖਾਂ ਦੀਆਂ ਨਿੱਤ ਦੀਆਂ 5 ਬਾਣੀਆਂ ਵਿਚੋ ਜਾਪੁ ਸਾਹਿਬ, ਚੋਪਈ ਸਾਹਿਬ, ਸਵੱਈਏ ਅਤੇ ਅਰਦਾਸ ਦਸਮ ਗ੍ਰੰਥ ਵਿਚੋ ਹਨ ਅਤੇ ਸ. ਗੁਰਤੇਜ ਸਿੰਘ, ਗੁਰਬਖਸ ਸਿੰਘ ਕਾਲਾ ਅਫਗਾਨਾ ਅਤੇ ਹੋਰ ਕਈ ਚੰਡੀਗੜ੍ਹ ਦੇ ਬੁੱਧੀਜੀਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਦਸਮ ਗ੍ਰੰਥ ਨੂੰ “ਗੰਦ ਦਾ ਟੋਕਰਾ” ਕਹਿਕੇ ਆਪਣੀ ਮਨ-ਆਤਮਾ ਵਿਚ ਭਰੇ ਕਪਟ ਨੂੰ ਹੀ ਪ੍ਰਤੱਖ ਕਰ ਰਹੇ ਹਨ । ਅਜਿਹੇ ਸਿਰਫਿਰਿਆਂ ਅਤੇ ਕੌਮ ਵਿਰੋਧੀ ਜਮਾਤਾਂ ਦੇ ਹੱਥਾਂ ਵਿਚ ਕੱਠਪੁਤਲੀ ਬਣਨ ਵਾਲੇ ਸਿਰਫਿਰਿਆਂ ਦਾ ਸਿੱਖ ਕੌਮ ਸਮਾਜਿਕ ਤੌਰ ਤੇ ਬਾਈਕਾਟ ਕਰੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜੋਕੇ ਸਮੇਂ ਵਿਚ ਖ਼ਾਲਸਾ ਪੰਥ ਦੇ ਮੱਲੋ-ਮੱਲੀ ਬਣੇ ਬੈਠੇ ਠੇਕੇਦਾਰਾਂ ਵੱਲੋ ਸਿੱਖ ਧਰਮ ਦੇ ਗ੍ਰੰਥਾਂ ਬਾਰੇ, ਕੌਮੀ ਰਹਿਤ-ਮਰਿਯਾਦਾਵਾਂ, ਸਿਧਾਤਾਂ ਅਤੇ ਅਰਦਾਸ ਬਾਰੇ ਸਿੱਖ ਕੌਮ ਵਿਚ ਭੰਬਲਭੂਸੇ ਪਾਉਣ ਦੇ ਕੀਤੇ ਜਾ ਰਹੇ ਅਤਿ ਸ਼ਰਮਨਾਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੇ ਅਖੋਤੀ ਬੁੱਧੀਜੀਵੀਆਂ ਅਤੇ ਦਾਰਸਨਿਕਾਂ ਤੋ ਹਰ ਪਲ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਸੈਟਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਅਤੇ ਮੁਤੱਸਵੀ ਸੰਗਠਨ ਇਕ ਤਾਕਤ ਹੋ ਕੇ ਸਿੱਖਾਂ ਨਾਲ “ਜਾਬਰ-ਬਾਬਰ” ਦਾ ਰੂਪ ਧਾਰਕੇ ਤਸੱਦਦ, ਜੁਲਮ ਕਰ ਰਹੇ ਹਨ । 10 ਨਵੰਬਰ 2015 ਨੂੰ ਹੋਏ ਸਰਬੱਤ ਖ਼ਾਲਸੇ ਵੱਲੋ ਨਿਯੁਕਤ ਕੀਤੇ ਗਏ ਤਿੰਨੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਸਰਬੱਤ ਖ਼ਾਲਸਾ ਦੇ ਪ੍ਰਬੰਧਕ ਕਮੇਟੀ ਦੇ ਮੈਬਰਾਂ ਸ. ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਵੱਡੀ ਗਿਣਤੀ ਵਿਚ ਆਗੂਆਂ ਉਤੇ ਦੇਸ਼-ਧ੍ਰੋਹੀ ਅਤੇ ਬ਼ਗਾਵਤ ਦੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾ ਦਿੱਤਾ ਹੈ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਸ. ਸੂਰਤ ਸਿੰਘ ਖ਼ਾਲਸਾ ਜਿਨ੍ਹਾਂ ਨੇ ਕੌਮੀ ਸੰਘਰਸ਼ ਵਿਢਿਆ ਹੋਇਆ ਹੈ, ਉਹਨਾਂ ਨੂੰ ਜ਼ਬਰੀ ਸ਼ਹਾਦਤ ਵੱਲ ਧਕੇਲਿਆ ਜਾ ਰਿਹਾ ਹੈ ਤਾਂ ਉਸ ਸਮੇਂ ਇਹ ਆਪਣੇ ਆਪ ਨੂੰ ਕੌਮ ਦੇ ਬੁੱਧੀਜੀਵੀ ਅਤੇ ਦਾਰਸਨਿਕ ਕਹਾਉਣ ਵਾਲਿਆਂ ਦਾ ਫਰਜ ਨਹੀਂ ਬਣ ਜਾਂਦਾ ਕਿ ਇਸ ਜ਼ਬਰ-ਜੁਲਮ ਵਿਰੁੱਧ ਲੋਕਰਾਇ ਲਾਮਬੰਦ ਕਰਦੇ ਹੋਏ ਸਿੱਖ ਕੌਮ ਦੇ ਸੰਘਰਸ਼ ਨੂੰ ਅੱਗੇ ਵਧਾਉਣ । ਪਰ ਉਹ ਕੌਮੀ ਫਰਜ ਨੂੰ ਪਿੱਠ ਦੇ ਕੇ ਦਸਮ ਗ੍ਰੰਥ, ਸਿੱਖ ਕੌਮ ਦੀ ਅਰਦਾਸ, ਸਿੱਖੀ ਰਵਾਇਤਾ ਅਤੇ ਸਿਧਾਤਾਂ ਸੰਬੰਧੀ ਭੰਬਲਭੂਸੇ ਵਾਲੀ ਬਿਆਨਬਾਜੀ ਕਰਕੇ ਸਿੱਖ ਕੌਮ ਨੂੰ ਖਾਨਾਜੰਗੀ ਵੱਲ ਧਕੇਲਣ ਦੇ ਅਤਿ ਦੁੱਖਦਾਇਕ ਅਮਲ ਕਰ ਰਹੇ ਹਨ । ਜਦੋਕਿ ਗੁਰੂ ਨਾਨਕ ਸਾਹਿਬ ਨੇ ਸਮੇਂ ਦੇ ਹਾਕਮ ਜ਼ਾਲਮ ਬਾਬਰ ਦੇ ਜੁਲਮਾਂ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਹੀ ਨਹੀਂ ਉਠਾਈ ਸੀ, ਬਲਕਿ ਹਰ ਵਰਗ ਦੇ ਨਿਵਾਸੀਆਂ ਨੂੰ ਬਾਬਰ ਨੂੰ ਜ਼ਾਬਰ ਕਹਿਕੇ ਲੋਕਾਂ ਨੂੰ ਜ਼ਬਰ ਵਿਰੁੱਧ ਲਾਮਬੰਦ ਵੀ ਕੀਤਾ ਸੀ । ਪਰ ਅੱਜ ਇਹ ਅਖੋਤੀ ਬੁੱਧੀਜੀਵੀ ਕੌਮ ਨੂੰ ਉਸਾਰੂ ਸੇਧ ਦੇਣ ਦੀ ਬਜਾਇ ਮੁਤੱਸਵੀ ਸੰਗਠਨਾਂ ਦੇ ਮਨਸੂਬਿਆਂ ਨੂੰ ਪੂਰਨ ਕਰਕੇ ਸਿੱਖ ਕੌਮ ਦਾ ਆਪਸੀ ਟਕਰਾਅ ਕਰਵਾਉਣ ਦੇ ਨਾਲ-ਨਾਲ ਭੰਬਲਭੂਸੇ ਵਾਲੀ ਵੀ ਸਥਿਤੀ ਪੈਦਾ ਕਰ ਰਹੇ ਹਨ । ਸ. ਮਾਨ ਨੇ ਇਹ ਵੀ ਸਪੱਸਟ ਕੀਤਾ ਕਿ ਮੌਜੂਦਾ ਅਖੋਤੀ ਸਰਕਾਰੀ ਜਥੇਦਾਰ, ਅਖੋਤੀ ਬੁੱਧੀਜੀਵੀ ਜੋ ਸਿੱਖ ਕੌਮ ਵਿਰੁੱਧ ਭੰਬਲਭੂਸਾ ਪਾਉਣ ਹਿੱਤ ਦਸਮ ਗ੍ਰੰਥ, ਮਰਿਯਾਦਾਵਾਂ ਜਾਂ ਅਰਦਾਸ ਵਿਰੁੱਧ ਕੰਮ ਕਰ ਰਹੇ ਹਨ, ਉਹਨਾਂ ਨੂੰ ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਰਿਹਾਅ ਹੋਣ ਉਪਰੰਤ ਸਿੱਖੀ ਮਰਿਯਾਦਾਵਾਂ ਅਨੁਸਾਰ ਕਾਰਵਾਈ ਕਰਨ ਦੇ ਫਰਜ ਨਿਭਾਉਣਗੇ ।

ਸ. ਮਾਨ ਨੇ ਮੌਜੂਦਾ ਬਾਦਲ ਹਕੂਮਤ ਦੇ ਜ਼ਬਰ-ਜੁਲਮਾਂ ਨੂੰ ਵੀ ਬੀਤੇ ਸਮੇ ਦੇ ਜ਼ਬਰ-ਜੁਲਮਾਂ ਨਾਲ ਤੁਲਣਾ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ 43 ਸਿੱਖਾਂ ਨੂੰ ਸ਼ਹੀਦ ਕਰਨ, ਜੰਮੂ ਵਿਖੇ ਪੁਲਿਸ ਵੱਲੋ ਇਕ ਸਿੱਖ ਨੌਜਵਾਨ ਨੂੰ ਸ਼ਰੇਆਮ ਕਤਲ ਕਰ ਦੇਣ, ਗੁਰਦਾਸਪੁਰ ਦੇ ਸ. ਜਸਪਾਲ ਸਿੰਘ ਚੌੜ ਸਿੱਧਵਾ ਨੂੰ ਸ਼ਹੀਦ ਕਰਨ, ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਵਿਰੁੱਧ ਅਮਨਮਈ ਤਰੀਕੇ ਰੋਸ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਬਹਿਬਲ ਕਲਾਂ ਵਿਖੇ ਦੋ ਸਿੱਖ ਨੌਜ਼ਵਾਨਾਂ ਨੂੰ ਸ਼ਹੀਦ ਕਰ ਦੇਣ ਅਤੇ ਸਰਬੱਤ ਖ਼ਾਲਸਾ ਦੇ ਕੌਮੀ ਇਕੱਠ ਤੋ ਘਬਰਾਕੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਬੰਦੀ ਬਣਾਉਣ ਦੇ ਅਮਲ ਮੁਗਲਾਂ, ਅਫਗਾਨਾਂ ਦੇ ਜੁਲਮਾਂ ਨੂੰ ਵੀ ਮਾਤ ਪਾ ਗਏ ਹਨ । ਅਜਿਹੀ ਬਾਦਲ ਹਕੂਮਤ ਨੂੰ ਕਿਵੇ ਪੰਥਕ ਕਿਹਾ ਜਾ ਸਕਦਾ ਹੈ ਜੋ ਮੁਤੱਸਵੀ ਹੁਕਮਰਾਨਾਂ ਨਾਲ ਮਿਲਕੇ ਸਿੱਖਾਂ ਉਤੇ ਨਿਰੰਤਰ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਇਥੋ ਤੱਕ ਪੰਜਾਬ ਦੇ ਜਿ਼ੰਮੀਦਾਰਾਂ ਨੂੰ ਦਵਾਈਆਂ, ਖਾਦਾ ਵਿਚ ਮਿਲਾਵਟ ਕਰਕੇ ਮਾਲੀ ਤੌਰ ਤੇ ਨੁਕਸਾਨ ਕਰਦੇ ਆ ਰਹੇ ਹਨ, ਨਰਮਾ, ਗੰਨਾਂ ਫਿਰ ਬਾਸਮਤੀ ਅਤੇ ਮਟਰਾਂ ਦੇ ਬੀਜਾਂ ਵਿਚ ਵੱਡੀ ਹੇਰਾ-ਫੇਰੀ ਕਰਕੇ ਅਤੇ ਜਿ਼ੰਮੀਦਾਰਾਂ ਨੂੰ ਅੱਜ ਜੋ ਬਾਸਮਤੀ ਦੀ ਫ਼ਸਲ 3400 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਉਸਦਾ ਕੇਵਲ 1400 ਰੁਪਏ ਕੀਮਤ ਦੇ ਕੇ ਹਰ ਪੱਖ ਤੋ ਜਿ਼ੰਮੀਦਾਰਾਂ ਨੂੰ ਘਸਿਆਰਾ ਬਣਾਉਣ ਦੇ ਅਮਲ ਹੋ ਰਹੇ ਹਨ । ਪੰਜਾਬ ਵਿਚ ਕਾਨੂੰਨੀ ਵਿਵਸਥਾ ਨਾਮ ਦੀ ਕੋਈ ਚੀਜ ਨਹੀਂ ਰਹੀ । ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਬੀਤੇ ਸਮੇ ਵਿਚ ਸਿੱਖ ਕੌਮ ਦਾ ਨਿਰਦਾਇਤਾ ਨਾਲ ਕਤਲੇਆਮ ਕੀਤਾ, ਤਸੱਦਦ ਜੁਲਮ ਕੀਤੇ, ਸਿੱਖਾਂ ਦੇ ਘਰਾਂ, ਜ਼ਮੀਨਾਂ ਨੂੰ ਲੁੱਟਿਆਂ, ਉਹਨਾਂ ਸੁਮੇਧ ਸੈਣੀ ਵਰਗੇ ਕਾਤਲ ਪੁਲਿਸ ਅਫ਼ਸਰਾਂ ਨੂੰ ਪੰਜਾਬ ਦੇ ਡੀ.ਜੀ.ਪੀ. ਅਤੇ ਹੋਰਨਾਂ ਨੂੰ ਵੱਡੀਆਂ ਤਰੱਕੀਆਂ ਦੇਣ ਵਾਲੇ ਸ. ਬਾਦਲ ਅਤੇ ਬਾਦਲ ਹਕੂਮਤ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ਸੂਬੇ ਅਤੇ ਸਿੱਖ ਕੌਮ ਉਤੇ ਜ਼ਬਰੀ ਰਾਜ ਕਰੇ ਅਤੇ ਉਹਨਾਂ ਦੇ ਖੂਨ ਨਾਲ ਹੋਲੀ ਖੇਡਣ ਵਾਲਿਆਂ ਦੀਆਂ ਸਾਜਿ਼ਸਾਂ ਨੂੰ ਨੇਪਰੇ ਚਾੜੇ । ਸ. ਮਾਨ ਨੇ ਕਿਹਾ ਕਿ ਪਿੰਕੀ ਵਰਗੇ ਪੁਲਿਸ ਕੈਟ ਮੁਲਾਜ਼ਮ ਨੇ ਜੋ ਪੁਲਿਸ ਜ਼ਬਰ ਦੇ ਸੱਚ ਨੂੰ ਸਾਹਮਣੇ ਲਿਆਂਦਾ ਹੈ, ਉਸ ਉਤੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਦੇ ਮੈਬਰਾਂ ਤੇ ਅਧਾਰਿਤ, ਸੁਪਰੀਮ ਕੋਰਟ ਤੇ ਪੰਜਾਬ ਹਾਈਕੋਰਟ ਦੇ ਨਿਰਪੱਖ ਜੱਜਾਂ ਤੇ ਅਧਾਰਿਤ ਸਮਾਂਬੱਧ ਕਰਕੇ ਕਮਿਸ਼ਨ ਕਾਇਮ ਹੋਣਾ ਚਾਹੀਦਾ ਹੈ, ਜੋ ਨਿਸ਼ਚਿਤ ਸਮੇ ਵਿਚ ਕਾਤਲਾਂ ਨੂੰ ਸਾਹਮਣੇ ਲਿਆਕੇ ਸਜ਼ਾਵਾਂ ਦੇਣ ਦਾ ਪ੍ਰਬੰਧ ਕਰੇ ।