ਕੇਂਦਰ ਸਰਕਾਰ ਰਾਜਾਂ ਦੀ ਮਾਲੀ ਮਦਦ ਕਰੇ-ਚੰਦੂਮਾਜਰਾ

By December 9, 2015 0 Comments


chandumajraਨਵੀਂ ਦਿੱਲੀ, 9 ਦਸੰਬਰ :ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾਂ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ, ਅਵਾਰਾਂ ਪਸ਼ੂਆਂ ਤੇ ਅਵਾਰਾਂ ਕੁੱਤਿਆਂ ਰਾਹੀਂ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਾਉਣ ਲਈ ਉਹ ਸੂਬਾ ਸਰਕਾਰਾਂ ਦੀ ਮਾਲੀ ਮਦਦ ਕਰੇ।

ਇੱਥੇ ਲੋਕ ਸਭਾ ਅੰਦਰ ਜ਼ੀਰੋ ਆਵਰ ਦੌਰਾਨ ਇਹ ਮਸਲਾ ਉਠਾਉਂਦਿਆਂ ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਅੰਦਰ ਜੰਗਲਾਂ ਦੀ ਕਟਾਈ ਹੋਣ ਕਾਰਨ ਤੇ ਜਲਵਾਯੂ ਅਤੇ ਵਾਤਾਵਰਣ ਵਿੱਚ ਆਈਆਂ ਤਬਦੀਲੀਆਂ ਦੇ ਅਸਰ ਕਾਰਨ ਜੰਗਲੀ ਜਾਨਵਰ ਜੰਗਲਾਂ ਤੋਂ ਬਾਹਰ ਆ ਕੇ ਮੈਦਾਨੀ ਇਲਾਕੇ ਵਿੱਚ ਪਹੁੰਚ ਕੇ ਕਿਸਾਨਾਂ ਦੀਆਂ ਫਸਲਾਂ ਵੀ ਖ਼ਰਾਬ ਕਰ ਰਹੇ ਹਨ ਤੇ ਇੱਥੋਂ ਤੱਕ ਕਿ ਹੁਣ ਜਾਨੀ ਨੁਕਸਾਨ ਵੀ ਕਰ ਰਹੇ ਹਨ।

ਪ੍ਰੋ. ਚੰਦੂਮਾਜਰਾ ਨੇ ਸੁਝਾਅ ਦਿੱਤਾ ਕਿ ਇਹਨਾਂ ਦੀ ਰੋਕਥਾਮ ਲਈ ਜਾਲੀਦਾਰ ਤਾਰ ਦੀ ਵਿਵਸਥਾ ਕਰਵਾਈ ਜਾਵੇ ਤੇ ਇਹਦੇ ਲਈ ਅੱਧੀ ਰਾਸ਼ੀ ਕੇਂਦਰ ਦੇਵੇ ਅਤੇ ਅੱਧੀ ਸੂਬਾ ਸਰਕਾਰ ਤੇ ਕਿਸਾਨ ਪ੍ਰਬੰਧ ਕਰਨ। ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰਾਲੇ ਨੂੰ ਭੇਜੀ ਰਿਪੋਰਟ ’ਤੇ ਅਮਲ ਹੋਵੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ ਕਾਰਨ ਐਕਸੀਡੈਂਟ ਵੱਧ ਰਹੇ ਹਨ, ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਵਧ ਰਹੀ ਸਮੱਸਿਆ ਦੇਸ਼ ਅੰਦਰ ਚਿੰਤਾ ਬਣੀ ਹੋਈ ਹੈ ਜਿਸ ਲਈ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਦੇ ਰੱਖ-ਰੱਖਾਅ ਲਈ ਕੇਂਦਰ ਨੂੰ ਨੀਤੀ ਬਣਾਉਣੀ ਪਏਗੀ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਬਣਾਏ ਕੁਝ ਕਾਨੂੰਨ ਸੂਬਾ ਸਰਕਾਰਾਂ ਵੱਲੋਂ ਚੁੱਕੇ ਕਦਮਾਂ ਵਿੱਚ ਰੁਕਾਵਟਾਂ ਬਣਦੇ ਹਨ, ਇਸ ਲਈ ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਦੇ ਮਾਲੀ ਮਦਦ ਕਰਨ ਦੀ ਲੋੜ ਹੈ।

Posted in: ਪੰਜਾਬ