ਪਿੰਕੀ ਕੈਟ ਦਾ ਸੱਚ, ਕੀ ਬਾਦਲ ਕੇ ਪ੍ਰਵਾਨ ਕਰਨਗੇ…?

By December 8, 2015 0 Comments


ਜਸਪਾਲ ਸਿੰਘ ਹੇਰਾਂ
ਪੰਜਾਬ ‘ਚ ਪੁਲਿਸ ਤੱਸ਼ਦਦ ਦੇ ਕਾਲੇ ਦੌਰ ‘ਚ ਪੁਲਿਸ ਨੇ ਕਿਸ ਤਰਾਂ ਖੂਨ ਪੀਣੀ ਡੈਣ ਬਣ ਕੇ ਪੰਜਾਬ ਦੇ ਸਿੱਖ ਗੱਭਰੂਆਂ ਦਾ ਖੁੂਨFrom Yamunanagar ਪੀਤਾ, ਇਨਾਂ ਸਿੱਖ ਨੌਜਵਾਨਾਂ ਦੇ ਖੂਨ ਨਾਲ ਲਾਲੋ-ਲਾਲ ਹੋਏ ਸੱਚ ਨੂੰ ਹਰ ਜਾਗਰੂਕ ਵਿਅਕਤੀ ਬਾਖੂਬੀ ਜਾਣਦਾ ਹੈ। ਸ਼ਹੀਦ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦਾ ਖੁਰਾ ਖੋਜ ਲੱਭਣ ‘ਚ ਸਫ਼ਲਤਾ ਪ੍ਰਾਪਤ ਕਰਦਿਆਂ ਆਪਣੇ ਆਪ ਨੂੰ ਵੀ ਉਹਨਾਂ ਲਾਸ਼ਾਂ ਦਾ ਸਾਥੀ ਬਣਾ ਲਿਆ ਸੀ। ਪ੍ਰੰਤੂ ਪੰਜਾਬ ‘ਚ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ, ਸੱਚ ਹੁੰਦਾ ਹੋਇਆ ਵੀ ਅੱਜ ਤੱਕ ਹਨੇਰੇ ‘ਚ ਹੈ। ਜਿਹੜੇ ਬਾਦਲਕਿਆਂ ਨੇ 1997 ‘ਚ ਸਿੱਖਾਂ ਦੀਆਂ ਵੋਟਾਂ ਇਸ ਵਾਅਦੇ ਨਾਲ ਬਟੋਰੀਆਂ ਸਨ ਕਿ ਜੇ ਉਹਨਾਂ ਦੀ ਸਰਕਾਰ ਆਈ ਤਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ,ਦੋਸ਼ੀ ਪਲਿਸ ਅਫਸਰਾਂ ਵਿੱਰੁਧ ਕਾਰਵਾਈ ਕੀਤੀ ਜਾਵੇਗੀ। ਜਾਂਚ ਤਾਂ ਕੀ ਹੋਣੀ ਸੀ? ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਰਿਪੋਰਟ ਨੂੰ ਅੱਜ ਤੱਕ ਹਵਾ ਨਹੀਂ ਲੱਗਣ ਦਿੱਤੀ। ਉਲਟਾ ਸਿੱਖ ਨੌਜਵਾਨਾਂ ਦੇ ਕਤਲ ਨਾਲ ਹੱਥ ਰੰਗਣ ਵਾਲੇ ਜ਼ਾਬਰ ਪੁਲਿਸ ਅਫ਼ਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ , ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਦਾ ਇਨਾਮ ਦੇ ਮਾਰਿਆ। ਅੱਜ ਉਸੇ ਸੁਮੇਧ ਸੈਣੀ ਦੇ ਜ਼ਾਲਮ ਕੁਹਾੜੇ ਦਾ ਦਸਤਾ ਰਹੇ , ਪੁਲਿਸ ਕੈਟ ਤੋਂ ਪੁਲਿਸ ਇੰਸਪੈਕਟਰ ਦਾ ਅਹੁੱਦਾ ਤੱਕ ਪ੍ਰਾਪਤ ਕਰ ਲੈਣ ਵਾਲੇ ਗੁਰਮੀਤ ਸਿੰਘ ਪਿੰਕੀ ਨੇ ਪੰਜਾਬ ‘ਚ ਪੁਲਿਸ ਤਸ਼ੱਦਦ ਦੀ ਕਾਲੀ ਕਹਾਣੀ ‘ਤੇ ਮੋਹਰ ਲਾ ਦਿੱਤੀ ਹੈ । ਭਂਾਵੇਂ ਕਿ ਪਿੰਕੀ ਵਰਗੇ ‘ਤੇ ਭਰੋਸਾ ਕਰਨਾ ਸੰਭਵ ਨਹੀਂ ,ਪ੍ਰੰਤੂ ਜਿਸ ਜ਼ੁਲਮ ਤਸ਼ੱਦਦ ‘ਤੇ ਪਿੰਕੀ ਨੇ ਮੋਹਰ ਲਾਈ ਹੈ, ਉਹ ਸੱਚ ਪਹਿਲਾਂ ਵੀ ਲੱਗਭੱਗ ਸਿੱਖਾਂ ਦੇ ਮਨਾਂ ‘ਤੇ ਉਕਰਿਆ ਹੋਇਆ ਸੀ। ਪ੍ਰੰਤੂ ਪਿੰਕੀ ਵਲੋਂ 50 ਝੂਠੇ ਪੁਲਿਸ ਮੁਕਾਬਲਿਆਂ ਦੇ ਖੁਲਾਸੇ ਕਰ ਕੇ, ਸੁਮੇਧ ਸੈਣੀ ਸਮੇਤ ਸ਼ਿਵ ਕੁਮਾਰ , ਸੰਤ ਕੁਮਾਰ, ਬੀ ਐਸ ਗਿੱਲ, ਮੁਹੰਮਦ ਮੁਸਤਫਾ, ਕੰਵਲਜੀਤ ਸਿੰਘ , ਐਸ ਐਸ ਉਪਾਧਿਆਏ , ਰਾਜ ਕਿ੍ਰਸ਼ਨ ਬੇਦੀ ਵਰਗੇ ਪੁਲਿਸ ਅਫਸਰ ਦੇ ਜ਼ੁਲਮ ਦਾ ਪਰਦਾ ਫਾਸ਼ ਕੀਤਾ ਗਿਆ ਹੈ ਅਤੇ ਕੁਝ ਵਰਤਮਾਨ ਸਮੇਂ ਬਾਦਲ ਦੇ ਚਹੇਤੇ ਬਣੇ ਪਲਿਸ ਅਫਸਰਾਂ ‘ਤੇ ਉਂਗਲੀ ਉਠਾਈ ਗਈ ਹੈ। ਇਹ ਉਸ ਪੁਲਿਸ ਜ਼ੁਲਮ ‘ਤੇ ਮੋਹਰ ਹੈ। ਭਾਵੇਂ ਕਿ ਸਾਨੂੰ ਇਹ ਪਤਾ ਹੈ ਕਿ ਵਰਤਮਾਨ ਹਾਕਮਾਂ ਬਾਦਲਕਿਆਂ ਨੇ “ਪਿੰਕੀ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ” ਦੀ ਇੱਕ ਲਾਈਨ ਬੋਲ ਕੇ ਮਾਮਲੇ ‘ਤੇ ਮਿੱਟੀ ਪਾਉਣ ਦਾ ਯਤਨ ਕਰਨਾ ਹੈ। ਪੰਜਾਬ ‘ਚ ਸਿੱਖ ਨੌਜਵਾਨਾਂ ਦੇ ਵਗੇ ਖੂਨ ਦੇ ਦਰਿਆ ਦੇ ਛਿੱਟੇ ਬਾਦਲਕਿਆਂ ਦੇ ਬੂਹੇ ਤੱਕ ਵੀ ਪੁੱਜਦੇ ਹਨ। ਇਸ ਲਈ ਉਹ ਕਦੇ ਵੀ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਵੱਲ ਨਹੀਂ ਤੁਰਨਗੇ ।

ਬਾਦਲਕਿਆਂ ਵਲੋਂ ਇਸ ਸਮੇਂ ਪੰਜਾਬ ਮਿਸ਼ਨ 2017 ਲਈ ਹਿੰਦੂਵਾਦੀ ਵੋਟਰਾਂ ਨੂੰ ਖੁਸ਼ ਕਰਨ ਲਈ ਸਿੱਖ ਵਿਰੋਧੀ ਵਤੀਰਾ ਅਖ਼ਤਿਆਰ ਕੀਤਾ ਹੋਇਆ ਹੈ ਇਸ ਲਈ ਅੱਜ ਦੀ ਤਾਰੀਖ ਵਿਚ ਜੋ ਕੁਝ ਪਿੰਕੀ ਨੇ ਉਗਲਿਆ ਹੈ ਉਸ ਨੂੰ ਬਾਦਲਕੇ ਕਦੇ ਵੀ ਹਜ਼ਮ ਨਹੀਂ ਕਰਨਗੇ। ਸੁਮੇਧ ਸੈਣੀ ਸਮੇਤ ਆਪਣੇ ਚਹੇਤੇ ਪੁਲਿਸ ਅਫ਼ਸਰਾਂ ਵਿਰੁੱਧ ਜਾਂਚ ਅਤੇ ਸਿੱਖਾਂ ਦੀ ਥਾਂ ‘ਅੱਤਵਾਦੀ’ ਦਾ ਫੱਟਾ ਪੁਲਿਸ ਅਫ਼ਸਰਾਂ ਦੇ ਮੱਥੇ ਲਾਉਣ ਲਈ ਬਾਦਲਕੇ ਕਿਸੇ ਵੀ ਕੀਮਤ ’ਤੇ ਤਿਆਰ ਨਹੀਂ ਹੋਣਗੇ। ਅਸੀਂ ਸਮਝਦੇ ਹਾਂ ਕਿ ਪਿੰਕੀ ਵੱਲੋਂ ਕੀਤੇ ਇੰਕਸ਼ਾਫ ਤੋਂ ਬਾਅਦ ਪੰਜਾਬ ਵਿਚ ਸਿੱਖ ਨੌਜਵਾਨਾਂ ਦੇ ਹੋਏ ਕਤਲੇਆਮ ਦਾ ਮਾਮਲਾ ਅੰਤਰਰਾਸ਼ਟਰੀ ਪੱਧਰ ’ਤੇ ਜ਼ਰੂਰ ਚੁੱਕਿਆ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿਚ ਹੋਏ ਮਨੁੱਖੀ ਅਧਿਕਾਰਾਂ ਦੇ ਕਤਲੇਆਮ ਕਾਰਨ ਇਸ ਦੇਸ਼ ਦੇ ਹਾਕਮ, ਦੋਸ਼ੀਆਂ ਦੇ ਕਟਿਹਰੇ ਵਿਚ ਜ਼ਰੂਰ ਖੜੇ ਕੀਤੇ ਜਾਣ। ਅੱਜ ਵੀ ਜਿਹੜੀਆਂ ਤਾਕਤਾਂ ਸਿੱਖਾਂ ’ਤੇ ਦੋਸ਼ ਲਾਉਦੀਆਂ ਹਨ ਉਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਇਸ ਦੇਸ਼ ਦੇ ਹਾਕਮਾਂ ਦੀ ਫਿਰਕੂ ਨਫ਼ਰਤ ਅਤੇ ਇਥੋਂ ਦੀ ਪੁਲਿਸ ਦੀ ਵਹਿਸ਼ੀ ਸੋਚ ਦਾ ਸ਼ਿਕਾਰ ਹੋਏ ਹਨ। ਉਨਾਂ ਨੂੰ ਬਿਨਾਂ ਕਿਸੇ ਦੋਸ਼ ਦੇ, ਬਿਨਾਂ ਕੋਈ ਦਲੀਲ ਸੁਣਿਆ, ਵਹਿਸ਼ੀਆਨਾ ਢੰਗ ਨਾਲ ਕੋਹ-ਕੋਹ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਵਾਰ-ਵਾਰ ਜੰਗਲ ਦਾ ਰਾਜ ਸਥਾਪਿਤ ਹੁੰਦਾ ਰਿਹਾ ਹੈ। ਜੇ ਜੰਗਲ ਦਾ ਰਾਜ ਨਾ ਹੁੰਦਾ ਤਾਂ ਸਿੱਖ ਨੌਜਵਾਨਾਂ ਦੇ ਬੇਹਿਸਾਬੇ ਕਤਲੇਆਮ ਦਾ ਇਨਾਮ ਇਕ ਕੈਟ ਦਾ ਇੰਸਪੈਕਟਰ ਤੱਕ ਦਾ ਸਫ਼ਰ ਨਾ ਬਣਦਾ। ਕੀ ਮਨੁੱੱਖੀ ਅਧਿਕਾਰ ਜੱਥੇਬੰਦੀਆਂ, ਇਨਸਾਫ਼ ਪਸੰਦ ਤਾਕਤਾਂ, ਸਿੱਖਾਂ ਦੇ ਹੋਏ ਇਸ ਵਹਿਸ਼ੀਆਨਾ ਕਤਲੇਆਮ ਵਿਰੁੱਧ ਅਵਾਜ਼ ਬੁਲੰਦ ਕਰਨਗੀਆਂ? ਕੀ ਇਸ ਕਤਲੇਆਮ ਦੇ ਦੋਸ਼ੀ ਕਟਿਹਰਿਆਂ ਵਿਚ ਖੜੇ ਹੋਣਗੇ? ਕੀ ਬਾਦਲਕੇ ਦਾਗ਼ੀ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਕਰਨਗੇ? ਪਿੰਕੀ ਕੈਟ ਦੇ ਖੁਲਾਸੇ ਨੇ ਭਾਵੇਂ ਪੂਰੇ ਸੱਚ ਤੋਂ ਅਜੇ ਪਰਦਾ ਨਹੀਂ ਉਠਾਇਆ। ਪ੍ਰੰਤੂ ਉਸ ਵੱਲੋਂ ਪੁਿਲਸ ਜ਼ਬਰ ਦੀ ਕਹਾਣੀ ’ਤੇ ਲਾਈ ਮੋਹਰ ਬੇਹੱਦ ਮਹੱਤਵਪੂਰਨ ਹੈ ਅਤੇ ਇਹ ਮੋਹਰ ਉਸ ਦੌਰ ਨੂੰ ਕਾਲੇ ਦੌਰ ਵਜੋ ਪ੍ਰਵਾਨ ਕਰਨ ਲਈ ਹੁੰਗਾਰਾ ਭਰਦੀ ਹੈ। ਪਿੰਕੀ ਦਾ ਕੀ ਨਿਸ਼ਾਨਾ ਹੈ? ਅਸੀਂ ਸ਼ਾਇਦ ਅਜੇ ਅੰਦਾਜ਼ਾ ਨਹੀਂ ਲਾ ਸਕਦੇ। ਉਹ ਕਿਸ ਦਾ ਮੋਹਰਾ ਹੈ ਅਤੇ ਕਿਸ ਦੀ ਖੇਡ ਖੇਡ ਰਿਹਾ ਹੈ? ਇਹ ਵੀ ਸਾਫ਼ ਹੋਣਾ ਬਾਕੀ ਹੈ। ਪ੍ਰੰਤੂ ਇਸ ਸਭ ਕੁੱਝ ਦੇ ਬਾਵਜੂਦ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਪੰਜਾਬ ’ਚ ਪੁਲਿਸ ਤਸ਼ੱਦਦ ਦੇ ਇਸ ਕਾਲੇ ਦੌਰ ਦਾ ਸੱਚੋ ਸੱਚ ਇਤਿਹਾਸ ਦਾ ਹਿੱਸਾ ਜ਼ਰੂਰ ਬਣੇ।

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar