ਨਿਊਜ਼ੀਲੈਂਡ ਪੜ੍ਹਨ ਆਉਣ ਵਾਲਿਆਂ ਨੂੰ ਨਵੀਂ ਪਾਲਿਸੀ ਅੱਜ ਤੋਂ ਸ਼ੁਰੂ

By December 6, 2015 0 Comments


…….ਤਿਆਰੀ ਖਿਚੀ ਬੈਠੇ ਪਾੜ੍ਹਿਓ ਜ਼ਰਾ ਸੰਭਲ ਕੇ

90% ਤੱਕ ਅਰਜੀਆਂ ਦੀ ਸਫਲਤਾ ਦਾ ਰਿਕਾਰਡ ਰੱਖਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਕਰੋ ਚੋਣ
– ਤਿੰਨ ਸਾਲਾਂ ਦੀ ਪੜ੍ਹਾਈ ਲਈ ਆਉਣਗੇ ਵਿਦਿਆਰਥੀ
– ਛੋਟੇ ਸਿਖਿਆ ਸੰਸਥਾਨ ਹੁਣ ਸੌਖਿਆਂ ਨਹੀਂ ਦਿਵਾ ਸਕਣਗੇ ਵੀਜ਼ਾ

ਆਕਲੈਂਡ-6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਇਮੀਗ੍ਰੇਸ਼ਨ ਅਤੇ ਇਥੇ ਦੇ ਸਿਖਿਆ ਮੰਤਰਾਲੇ ਵੱਲੋਂ ਕੱਲ੍ਹ 7 ਦਸੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਪਾਲਿਸੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੀਂ ਪਾਲਿਸੀ ਨੂੰ ‘ਪਾਥਵੇਅ ਸਟੂਡੈਂਟ ਵੀਜ਼ਾ ਪਾਇਲਟ’ ਦਾ ਨਾਂਅ ਦਿੱਤਾ ਗਿਆ ਹੈ। ਇਸਦਾ ਮੁਖ ਮਕਸਦ ਨਿਊਜ਼ੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮੁਕਾਬਲੇ ਵਾਲੀ ਸਹੂਲਤ ਦੇਣਾ ਹੈ। ਮੁੱਢਲੇ ਰੂਪ ਵਿਚ ਇਹ ਵੀਜ਼ਾ 18 ਮਹੀਨਿਆਂ ਦਾ ਹੋਵੇਗਾ ਅਤੇ ਫਿਰ ਇਸ ਤੋਂ ਬਾਅਦ 18 ਮਹੀਨਿਆ ਦਾ ਵੀਜ਼ਾ ਵਿਦਿਆਰਥੀ ਦੀ ਰਿਪੋਰਟ ਵੇਖ ਕੇ ਦਿੱਤਾ ਜਾਵੇਗਾ। ਪਹਿਲੇ ਪ੍ਰੋਗਰਾਮ ਦਰਮਿਆਨ ਸਿੱਖਿਆ ਸੰਸਥਾਨ ਦੇ ਕੰਮ ਕਰਨ ਦੇ ਤਰੀਕਾ ਅਤੇ ਸਿਖਿਆ ਲਈ ਕੀਤੇ ਪ੍ਰਬੰਧ ਵੀ ਚੈਕ ਕੀਤੇ ਜਾਣਗੇ। ਇਸ ਤਰ੍ਹਾਂ ਇਕ ਵਿਦਿਆਰਥੀ ਤਿੰਨ ਸਾਲ ਤੱਕ ਦੀ ਇਥੇ ਪੜ੍ਹਾਈ ਪੂਰੀ ਕਰੇਗਾ। ਇਸ ਵੇਲੇ 500 ਦੇ ਕਰੀਬ ਸਿਖਿਆ ਸੰਸਥਾਵਾਂ ਜਿਸ ਦੇ ਵਿਚ ਪ੍ਰਾਇਮਰੀ, ਸੈਕੰਡਰੀ ਅਤੇ ਟੈਰੇਸ਼ਰੀ ਸਿਖਿਆ ਸੰਸਥਾਨ ਨਵੀਂਆਂ ਸ਼ਰਤਾਂ ਪੂਰੀਆਂ ਕਰਦੇ ਹਨ ਜਿਨ੍ਹਾ ਦਾ ਵੇਰਵਾ ਸਰਕਾਰੀ ਵੈਬਸਾਈਟ ਉਤੇ ਪਾਇਆ ਜਾ ਰਿਹਾ ਹੈ।
ਭਾਰਤ ਤੋਂ ਆਉਣ ਵਾਲੇ ਸਾਰੇ ਵਿਦਿਆਰਥੀਆਂ ਦੇ ਲਈ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਹੁਣ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜ਼ਾ ਮਿਲੇਗਾ ਜਿਹੜੇ ਉਨ੍ਹਾਂ ਸਕੂਲਾਂ ਕਾਲਜਾਂ ਦੇ ਵਿਚ ਦਾਖਲਾ ਲੈਣਗੇ ਜਿਨ੍ਹਾਂ ਦੀਆਂ ਵੀਜ਼ਾ ਅਰਜੀਆਂ ਦੀ ਸਫਲਤਾ 90% ਤੱਕ ਰਹੀ ਹੈ। ਆਕਲੈਂਡ ਦੇ ਵਿਚ ਥਾਂ-ਥਾਂ ਖੁੱਲ੍ਹੀਆਂ ਦੁਕਾਨ ਨੁਮਾ ਸਿਖਿਆ ਸੰਸਥਾਵਾਂ ਦੇ ਲਈ ਹੁਣ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਇਕੱਠੀ ਕਰਨਾ ਸੌਖਾ ਕੰਮ ਨਹੀਂ ਰਹੇਗਾ। ਸਿਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ ਹੁਣ ਇਕ ਨਵਾਂ ਸਮਝੌਤਾ ਵੀ ਕਰਨਾ ਪਵੋਗਾ ਜਿਸ ਅਧੀਨ ਉਹ ਵਧੀਆ ਪ੍ਰਬੰਧ ਅਤੇ ਸਿੱਖਆ ਦਾ ਵਿਕਾਸ ਕਰਨਗੇ। ਵਿਦਿਆਰਥੀ ਪਹਿਲੇ ਗੇੜ ਦੀ ਪੂਰੀ ਟਿਊਸ਼ਨ ਫੀਸ ਜਮ੍ਹਾ ਕਰਵਾਉਣਗੇ। ਵਿਦਿਆਰਥੀਆਂ ਨੂੰ ਆਪਣੇ ਰੱਖ-ਰਖਾਵ ਦੇ ਲਈ ਪੈਸਾ ਵੀ ਨਾਲ ਲਿਆਉਣਾ ਹੋਵੇਗਾ। ਕੰਮ ਕਰਨ ਦਾ ਹੱਕ ਵੀ ਨਵੀਂ ਪਾਲਿਸੀ ਦੇ ਮੁਤਾਬਿਕ ਦਿੱਤਾ ਜਾਏਗਾ ਅਤੇ ਪਹਿਲੇ ਗੇੜ ਦੀ ਪੜ੍ਹਾਈ ਵੀ ਵਿਚਾਰੀ ਜਾਵੇਗੀ। ਅੰਕੜੇ ਦਸਦੇ ਹਨ ਕਿ ਵਿਤੀ ਸਾਲ 2014-15 ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿਚ 16% ਦਾ ਵਾਧਾ ਹੋਇਆ ਹੈ ਅਤੇ 84856 ਵੀਜ਼ੇ ਜਾਰੀ ਕੀਤੇ ਗਏ ਹਨ। ਨਿਊਜ਼ੀਲੈਂਡ ਸਰਕਾਰ ਨੂੰ ਸਲਾਨਾ 2.85 ਬਿਲੀਅਨ ਡਾਲਰ ਦੀ ਸਹਾਇਤਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਹੋ ਰਹੀ ਹੈ।
ਅੰਤ ਪੰਜਾਬੀ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਝੂਠੇ ਏਜੰਟਸ ਦੇ ਕੋਲੋਂ ਫਾਈਲ ਤਿਆਰ ਕਰਵਾਉਣ ਦੀ ਜਗ੍ਹਾ ਆਪ ਸਰਕਾਰੀ ਵੈਬਸਾਈਟ ਉਤੇ ਜਾ ਕੇ ਜਾਣਕਾਰੀ ਹਾਸਿਲ ਕਰੋ ਅਤੇ ਲਾਇਸੰਸ ਧਾਰਕ ਏਜੰਟ ਦੇ ਕੋਲੋਂ ਹੀ ਸਲਾਹ ਮਸ਼ਵਰਾ ਕਰੋ। ਨਿਊਜ਼ੀਲੈਂਡ ਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਭਾਰਤੀ ਵਿਦਿਆਰਥੀ ਬਿਨਾਂ ਵਜ਼੍ਹਾ ਲੱਖਾਂ ਰੁਪਏ ਵਾਧੂ ਦੇ ਕੇ ਇਥੇ ਪਹੁੰਚ ਰਹੇ ਹਨ।