ਬੇਅਦਬੀ: ਕੈਪਟਨ ਵੱਲੋਂ ਬਾਦਲ ੳੁਤੇ ਤਿੱਖੇ ਹਮਲੇ

By December 5, 2015 0 Comments


amarinderਚੰਡੀਗੜ੍ਹ, 5 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਸ਼ਮੂਲੀਅਤ ਤੋਂ ਇਨਕਾਰ ਕਰਨ ਦੇ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਸੀਬੀਆਈ ਜਾਂਚ ਵਿਚ ਪੁਲੀਸ ਦੀ ਭੂਮਿਕਾ ਨੂੰ ਸ਼ਾਮਲ ਕੀਤਾ ਜਾਵੇ, ਤਾਂ ਕਿ ਗੜਬੜ ਦੇ ਸਰੋਤਾਂ ਤੱਕ ਪਹੁੰਚਿਆ ਜਾ ਸਕੇ।
ਇੱਥੇ ਇਕ ਬਿਆਨ ਵਿੱਚ ਕੈਪਟਨ ਨੇ ਕਿਹਾ, ‘‘ਮੁੱਖ ਮੰਤਰੀ ਸ੍ਰੀ ਬਾਦਲ ਮੇਰੇ ੳੁਤੇ ਦੋਸ਼ ਲਾਉਂਦੇ ਹਨ ਕਿ ਸਿਮਰਨਜੀਤ ਸਿੰਘ ਮਾਨ ਮੇਰੇ ਰਿਸ਼ਤੇਦਾਰ ਹਨ, ਜਿਸ ਕਰ ਕੇ ਉਹ ਮੇਰੇ ਸਹਾਇਕ ਹਨ। ੲਿੰਜ ੲਿਸ ਅਾਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਨਪ੍ਰੀਤ ਬਾਦਲ ਤਾਂ ਮੁੱਖ ਮੰਤਰੀ ਬਾਦਲ ਦੇ ਵਧੇਰੇ ਕਰੀਬੀ ਰਿਸ਼ਤੇਦਾਰ ਹਨ ਤੇ ਉਹ ਵੀ ਮੁੱਖ ਮੰਤਰੀ ਦੇ ਸਹਾਇਕ ਹਨ?’’ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ, ‘‘ਤੁਸੀਂ ਤਾਂ ਇਹ ਵੀ ਕਿਹਾ ਹੈ ਕਿ ‘ਆਪ’ ਦਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਮੇਰਾ ਕਰੀਬੀ ਹੈ, ਜਦੋਂ ਕਿ ਉਹ 2012 ਵਿਚ ਕਾਂਗਰਸ ਛੱਡ ਗਿਆ ਸੀ। ਉਸ ਤੋਂ ਬਾਅਦ ਉਸ ਨਾਲ ਮੈਂ ਕਦੇ ਗੱਲਬਾਤ ਨਹੀਂ ਕੀਤੀ।’’
ਉਨ੍ਹਾਂ ਕਿਹਾ ਕਿ ਜਦੋਂ ਸੀਬੀਆਈ, ਪੰਜਾਬ ਪੁਲੀਸ ਨੂੰ ਸੁਆਲ ਕਰੇਗੀ ਕਿ ਸ਼ਾਂਤਮਈ ਅੰਦੋਲਨਕਾਰੀਆਂ ’ਤੇ ਕਿਹੜੇ ਪੁਲੀਸ ਮੁਲਾਜ਼ਮਾਂ ਨੇ ਫਾਇਰਿੰਗ ਕੀਤੀ, ਤਾਂ ਉਸ ਵੇਲੇ ਸਚਾਈ ਬਾਹਰ ਆ ਜਾਵੇਗੀ ਅਤੇ ਸਾਰਾ ਮਾਮਲਾ ਹੀ ਸ੍ਰੀ ਬਾਦਲ ਵਲ ਨੂੰ ਸੇਧਤ ਹੋ ਜਾਵੇਗਾ। ਉਨ੍ਹਾਂ ਦੋਸ਼ ਲਾੲਿਅਾ, ‘‘ੲਿਹ ਸਾਰਾ ਮਾਮਲਾ ਬਾਦਲਾਂ ਦੀ ਹੀ ਦੇਣ ਹੈ, ਜਿਨਾਂ ਨੇ ਕਿਸਾਨਾਂ ਦੇ ਅੰਦੋਲਨ ਅਤੇ ਨੌਜਵਾਨਾਂ ਦੀ ਬੇਚੈਨੀ ਤੋਂ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚਣ ਲਈ ਇਸ ਨੂੰ ਅੰਜਾਮ ਦਿਤਾ ਹੈ।’’
ਉਨ੍ਹਾਂ ਨੇ ਸ੍ਰੀ ਬਾਦਲ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿਤਾ ਕਿ ਉਹ (ਸ੍ਰੀ ਬਾਦਲ) ਉਮਰ ਦੇ ਅਖੀਰਲੇ ਪੜਾਅ ੳੁਤੇ ਧਾਰਮਿਕ ਬਿਰਤੀ ਵਾਲੇ ਹੋ ਗਏ ਹਨ। ਉਨ੍ਹਾਂ ਕਿਹਾ, ‘‘ਤੁਸੀਂ ਤਾਂ ਲੋਕਾਂ ਨੂੰ ਹਿੰਸਾ ਕਰਨ ਲਈ ਉਤੇਜਿਤ ਕੀਤਾ ਸੀ, ਜਿਹੜੇ ਮਾਰੇ ਗਏ ਸਨ। ਤੁਹਾਡੇ ਹੱਥ ਬੇਕਸੂਰਾਂ ਦੇ ਖੂਨ ਨਾਲ ਰੰਗੇ ਹੋਏ ਹਨ। ਖ਼ੁਦ ਤੁਸੀਂ ਗ੍ਰਿਫਤਾਰੀ ਦੇ ਬਹਾਨੇ ਕਿਸੇ ਰੈਸਟ ਹਾੳੂਸ ਵਿਚ ਛੁਪ ਗਏ ਸੀ।’’
ਕਾਂਗਰਸੀ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਭਾਵਨਾ ਰੈਲੀਆਂ ਦੌਰਾਨ ਬਾਦਲਾਂ ਵੱਲੋਂ ਕਾਂਗਰਸ ਪਾਰਟੀ ਵਿਰੁਧ ਲਾਏ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆ ਕਿਹਾ ਕਿ ਹਾਕਮ ਧਿਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲੲੀ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰੈਲੀਆਂ ਵਿਚ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਮੁਆਵਜ਼ੇ ਦਾ ਕੀ ਬਣਿਆ? ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਕਿਉਂ ਪਏ ਹਨ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੇ ਮੁੱਦਿਆਂ ਦੇ ਜੁਆਬ ਦੇਣੇ ਚਾਹੀਦੇ ਹਨ।

Posted in: ਪੰਜਾਬ