ਆਕਲੈਂਡ ਸ਼ਹਿਰ ‘ਚ ਦੋ ਭਾਰਤੀ ਮੁੰਡਿਆਂ ਨੇ ਲਿੱਕਰ ਸਟੋਰ ਲੁੱਟਣ ਆਏ ਚੋਰ ਨੂੰ ਮੌਕੇ ‘ਤੇ ਫੜਾਇਆ

By December 4, 2015 0 Comments


-ਪੁਲਿਸ ਦੇ ਆਉਣ ਤੱਕ ਚਿੱਲਰ ਵਿਚ ਤਰੀਕੇ ਨਾਲ ਰੋਕੀ ਰੱਖਿਆ
boys
ਆਕਲੈਂਡ-4 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਆਕਲੈਂਡ ਦੇ ਬਹਤ ਹੀ ਵਿਅਸਤ ਰਹਿੰਦੇ ਕੇ.ਰੋਡ ਉਤੇ ਇਕ ਲਿੱਕਰ ਸਟੋਰ ਉਤੇ ਕੰਮ ਕਰਦੇ ਇਕ ਇਕ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਜੱਸਲ (ਸਟੋਰ ਮੈਨੇਜਰ) ਅਤੇ ਇਕ ਗੁਜਰਾਤੀ ਨੌਜਵਾਨ ਰਵੀ ਅਯੁਧਿਆ ਨੇ ਉਦੋਂ ਬਹਾਦਰੀ ਦਾ ਸਬੂਤ ਦਿੱਤਾ ਜਦੋਂ ਲੁੱਟ-ਖੋਹ ਦੀ ਨੀਅਤ ਨਾਲ ਦਾਖਲ ਹੋਏ ਇਕ ਚੋਰ ਨੂੰ ਉਨ੍ਹਾਂ ਮੌਕੇ ਉਤੇ ਹੀ ਪੁਲਿਸ ਨੂੰ ਫੜਾ ਦਿੱਤਾ।

ਬੀਤੇ ਵੀਰਵਾਰ ਜਦੋਂ ਉਹ ਚੋਰ ਦੋ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਚੁਰਾ ਕੇ ਰੋਕਣ ਦੇ ਬਾਵਜੂਦ ਸ਼ਰੇਆਮ ਧੱਕੇ ਮਾਰ ਕੇ ਬਾਹਰ ਭੱਜ ਰਿਹਾ ਸੀ ਤਾਂ ਪ੍ਰਦੀਪ ਸਿੰਘ ਜੱਸਲ ਨੇ ਉਸਦਾ ਪਿੱਛਾ ਕਰਕੇ ਉਸਨੂੰ ਲਾਗੇ ਹੀ ਦਬੋਚ ਲਿਆ ਤੇ ਵਾਪਿਸ ਦੁਕਾਨ ਵੱਲ ਖੜੀਸ ਲਿਆਂਦਾ। ਉਸ ਚੋਰ ਨੇ ਦੋਵੇਂ ਬੋਤਲਾਂ ਪ੍ਰਦੀਪ ਸਿੰਘ ਵੱਲ ਮਾਰੀਆਂ ਅਤੇ ਦੋਹਾਂ ਨੌਜਵਾਨਾਂ ਉਤੇ ਹਮਲਾ ਬੋਲਿਆ। ਉਸਨੇ ਪ੍ਰਦੀਪ ਸਿੰਘ ਦੇ ਮੂੰਹ ਉਤੇ ਘਸੁੰਨ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਰਵੀ ਨੂੰ ਵੀ ਧੱਕਾ ਦਿੱਤਾ।

ਪ੍ਰਦੀਪ ਸਿੰਘ ਨੇ ਲੋਹੇ ਦੀ ਰਾਡ ਨਾਲ ਉਸਨੂੰ ਡਰਾਇਆ ਅਤੇ ਇਸ ਦਰਮਿਆਨ ਪੈਨਿਕ ਬਟਨ ਵੀ ਦੱਬ ਦਿੱਤਾ ਗਿਆ ਸੀ। ਉਹ ਚੋਰ ਹੁਣ ਦੁਕਾਨ ਦੇ ਅੰਦਰ ਸੀ ਅਤੇ ਗਾਲੀਗਲੋਚ ਕਰ ਰਿਹਾ ਸੀ। ਇਸ ਤਰ੍ਹਾਂ ਕਰਦੇ-ਕਰਦੇ ਉਹ ਚੋਰ ਚਿੱਲਰ ਦੇ ਅੰਦਰ ਚਲਾ ਗਿਆ। ਉਸਨੇ ਅੰਦਰ ਜਾ ਕੇ ਸ਼ਰਾਬ ਪੀਣ ਵੀ ਪੀਤੀ ਜਿਸ ਨੂੰ ਪ੍ਰਦੀਪ ਸਿੰਘ ਹੋਰਾਂ ਨਹੀਂ ਰੋਕਿਆ ਕਿਉਂਕਿ ਉਸਨੂੰ ਪਤਾ ਸੀ ਕਿ ਉਸਨੂੰ ਵਿਅਸਤ ਰੱਖਣਾ ਹੈ ਅਤੇ ਪੁਲਿਸ ਨੇ ਪਹੁੰਚ ਜਾਣਾ ਹੈ। ਐਨੇ ਨੂੰ ਦੁਕਾਨ ਦੇ ਬਾਹਰ ਵੀ ਕਾਫੀ ਲੋਕ ਜਮ੍ਹਾ ਹੋ ਗਏ ਸਨ ਅਤੇ ਪੁਲਿਸ ਵੀ ਜਲਦੀ ਆ ਗਈ। ਪੁਲਿਸ ਨੇ ਉਸਨੂੰ ਚਿੱਲਰ ਦੇ ਵਿਚੋਂ ਕਾਬੂ ਵਿਚ ਲੈ ਲਿਆ। ਪੁਲਿਸ ਨੇ ਇਨ੍ਹਾਂ ਨੌਜਵਾਨਾਂ ਵੱਲੋਂ ਸੁਰੱਖਿਅਤ ਤਰੀਕੇ ਨਾਲ ਮੌਕੇ ‘ਤੇ ਲਏ ਗਏ ਐਕਸ਼ਨ ਦੀ ਤਰੀਫ ਕੀਤੀ ਹੈ ਜਦ ਕਿ ਆਮ ਤੌਰ ‘ਤੇ ਪੁਲਿਸ ਕਹਿੰਦੀ ਹੈ ਕਿ ਅਜਿਹਾ ਕੋਈ ਖਤਰਾ ਮੁੱਲ ਨਾ ਲਓ ਜਿਸ ਨਾਲ ਹਮਲਾਵਰ ਤੁਹਾਡੇ ਉਤੇ ਵਾਰ ਕਰੇ।

ਸ. ਪ੍ਰਦੀਪ ਸਿੰਘ ਹੋਰਾਂ ਕਿਹਾ ਕਿ ਉਨ੍ਹਾਂਸਾਰਾ ਕੁਝ ਵੇਖਕੇ ਹੀ ਅਜਿਹਾ ਕੀਤਾ ਸੀ, ਭਾਵੇਂ ਇਸ ਵਿਚ ਖਤਰਾ ਸੀ, ਪਰ ਹਮਲਾਵਰ ਅਤੇ ਚੋਰ ਭਾਰਤੀਆਂ ਨੂੰ ਸੌਖਿਆਂ ਲੁੱਟ ਹੋ ਜਾਣ ਵਾਲੇ ਸਮਝਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਟੀ ਨੂੰ ਇਕਜੁੱਟ ਹੋ ਕੇ ਕੁਝ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਦੇ ਨਾਲ ਇਹ ਪ੍ਰਭਾਵ ਜਾਵੇ ਕਿ ਭਾਰਤੀਆਂ ਨੂੰ ਲੁੱਟਣਾ ਐਨਾ ਸੌਖਾ ਨਹੀਂ।