ਟਾਕਾਨੀਨੀ ਖੇਤਰ ਵਿਚ ਵਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਸਬੰਧੀ ਪੁਲਿਸ ਹੋਈ ਸਰਗਰਮ

By December 3, 2015 0 Comments


ਜਸਜੀਤ ਸਿੰਘ ਬੇਦੀ ਸਮੇਤ ਕਈਆਂ ‘ਤੇ ਹੋ ਚੁੱਕੇ ਹਨ ਹਮਲੇ
nz
ਆਕਲੈਂਡ-3 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਟਾਕਾਨੀਨੀ ਖੇਤਰ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਦੇ ਵਿਚ ਵਸਦੇ ਸਿੱਖ ਪਰਿਵਾਰਾਂ ਦੇ ਲਈ ਸੁਰੱਖਿਅਤ ਘੁੰਮਣਾ ਖਤਰੇ ਵਾਲੀ ਗੱਲ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਸ. ਜਸਜੀਤ ਸਿੰਘ ਬੇਦੀ ਹੋਰਾਂ ਉਤੇ 4-5 ਸ਼ਰਾਰਤੀ ਨੌਜਵਾਨਾਂ ਨੇ ਉਦੋਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਘਰ ਵੱਲ ਜਾ ਰਹੇ ਸੀ। ਉਨ੍ਹਾਂ ਧੱਕੇ ਮਾਰੇ ਅਤੇ ਘਰ ਦੀ ਫੈਂਸ ਵੱਲ ਜਬਰਦਸਤੀ ਨਾਲ ਧੱਕ ਦਿੱਤਾ। ਇਕ ਸ਼ਰਾਰਤੀ ਨੇ ਇਨ੍ਹਾਂ ਨੂੰ ਕਮੀਜ਼ ਦੀ ਕਾਲਰ ਤੋਂ ਫੜ ਲਿਆ ਜਦ ਕਿ ਦੂਜੇ ਨੇ ਘਸੁੰਨ ਮੁੱਕੀ ਕੀਤੀ। ਇਕ ਹੋਰ ਨੇ ਵਾਕਿੰਗ ਸਕਟੂਰ ਵੀ ਸ. ਬੇਦੀ ਸਾਹਿਬ ਉਤੇ ਸੁੱਟਿਆ। ਇਸ ਤੋਂ ਪਹਿਲਾਂ ਉਸੇ ਦਿਨ ਬੇਦੀ ਜੀ ਦੇ 15 ਸਾਲਾ ਪੁੱਤਰ ਅਤੇ ਉਸਦੇ ਦੋਸਤ ਕੋਲੋਂ ਫੋਨ ਅਤੇ ਸਕੂਟਰ ਆਦਿ ਖੋਅ ਲਿਆ ਸੀ। ਇਹ ਸਾਰਾ ਕੁਝ ਇਕ ਅੱਧ ਮਿੰਟ ਵਿਚ ਹੀ ਕਰਕੇ ਉਹ ਦੌੜ ਗਏ। ਸ. ਜਸਜੀਤ ਸਿੰਘ ਦੀ ਬਾਂਹ ਉਤੇ ਗਹਿਰੀ ਸੱਟ ਲੱਗੀ ਅਤੇ ਉਹ ਦੋ ਹਫਤੇ ਤੱਕ ਕੰਮ ‘ਤੇ ਨਹੀਂ ਜਾ ਸਕੇ। ਇਸ ਘਟਨਾ ਤੋਂ ਬਾਅਦ ਬੱਚਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਬੱਚੇ ਇਕੱਲੇ ਬਾਹਰ ਜਾਣਾ ਸੁਰੱਖਿਅਤ ਨਹੀਂ ਸਮਝਦੇ। ਇਹ ਮਾਮਲਾ ਸੁਪਰੀਮ ਸਿੱਖ ਸੁਸਾਇਟੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਅਤੇ ਸ. ਦਲਜੀਤ ਸਿੰਘ ਹੋਰਾਂ ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਇਸ ਸਬੰਧੀ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਸਰਜਾਂਟ ਫਿਲਿਪ ਵੇਬਰ, ਇੰਸਪੈਕਟਰ ਮਾਰਕ ਰੋਬੌਟਮਨ ਅਤੇ ਇਕ ਹੋਰ ਪੁਲਿਸ ਅਫਸਰ ਨਾਲ ਵਿਚਾਰ ਵਟਾਂਦਰਾ ਕੀਤਾ। ਪੁਲਿਸ ਨੇ ਆਸ਼ਵਾਸ਼ਨ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿਚ ਇਸ ਸਾਰੇ ਘਟਨਾਕ੍ਰਮ ਉਤੇ ਪੜ੍ਹਤਾਲ ਕਰਕੇ ਸ਼ਿਕੰਜਾ ਕੱਸਣਗੇ। ਪੁਲਿਸ ਨੇ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਦੀ ਤੁਰੰਤ ਰਿਪੋਰਟ ਕੀਤੀ ਜਾਵੇ।