2017 ਦੀਆ ਵਿਧਾਨ ਚੋਣਾਂ ਦੌਰਾਨ ਧਰਮ ਨਿਰਪੱਖ ਪਾਰਟੀਆ ਨਾਲ ਗਠਜੋੜ ਕੀਤਾ ਜਾਵੇਗਾ- ਕੈਪਟਨ

By December 2, 2015 0 Comments


ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਬਾਦਲ ਜਿੰਮੇਵਾਰ।
2012 ਵਿੱਚ ਰਹਿ ਗਈਆ ਘਾਟਾਂ ਨੂੰ ਦੂਰ ਕੀਤਾ ਜਾਵੇਗਾ।
2Dec15Capt.photo.2
ਅੰਮ੍ਰਿਤਸਰ 2 ਦਸੰਬਰ (ਜਸਬੀਰ ਸਿੰਘ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਲਈ ਅਕਾਲੀ -ਭਾਜਪਾ ਗਠੋਜੜ ਤੇ ਆਮ ਆਦਮੀ ਪਾਰਟੀ ਕੋਈ ਚੁਨੌਤੀ ਨਹੀ ਹੈ ਅਤੇ 2017 ਵਿੱਚ ਹੋਣ ਵਾਲੀਆ ਚੋਣਾਂ ਵਿੱਚ ਕਾਂਗਰਸ ਧਰਮ ਨਿਰਪੱਖ ਤੇ ਹਮ ਖਿਆਲੀ ਪਾਰਟੀਆ ਨਾਲ ਗਠਜੋੜ ਕਰ ਸਕਦੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਾਂਗਰਸੀ ਵਰਕਰਾਂ ਦੇ ਭਾਰੀ ਰੌਲੇ ਰੱਪੇ ਤੇ ਭੀੜ ਭੜੱਕੇ ਵਿੱਚ ਪੱਤਰਕਾਰਾਂ ਨਾਲ ਪ੍ਰਧਾਨ ਬਨਣ ਉਪਰੰਤ ਪਲੇਠੀ ਗੱਲਬਾਤ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2017 ਦੀਆ ਚੋਣਾਂ ਲਈ ਉਹਨਾਂ ਨੇ ਜੰਗੀ ਪੱਧਰ ਤੇ ਤਿਆਰੀਆ ਆਰੰਭ ਕਰ ਦਿੱਤੀਆ ਹਨ ਤੇ ਕਾਲਜਾਂ ਯੂਨੀਵਰਸਿਟੀਆ ਵਿੱਚ ਜਾ ਕੇ ਉਹ ਨੌਜਵਾਨਾਂ ਨੂੰ ਕਾਂਗਰਸ ਦੀਆ ਨੀਤੀਆ ਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਜਾਣੂ ਕਰਵਾਉਣਗੇ। ਉਹਨਾਂ ਕਿਹਾ ਕਿ 2012 ਵਿੱਚ ਉਹਨਾਂ ਦੀ ਹਾਰ ਇੱਕ ਫੀਸਦੀ ਤੋ ਘੱਟ ਵੋਟਾਂ ਨਾਲ ਹੋ ਸੀ ਤੇ ਇਸ ਵਾਰੀ ਜਿਹੜੀਆ ਤਰੁੱਟੀਆ ਰਹਿ ਗਈਆ ਹਨ ਉਹਨਾਂ ਦੇ ਉਘੜਵੇ ਸਾਰੇ ਪੱਖ ਵਿਚਾਰੇ ਜਾਣਗੇ ਤਾਂ ਕਿ ਭਵਿੱਖ ਵਿੱਚ ਅਜਿਹੀ ਕੋਈ ਘਾਟ ਨਾ ਰਹੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਧਰਮ ਨਿਨਪੱਖਤਾ ਦੀ ਮੁੱਦਈ ਰਹੀ ਹੈ ਤੇ ਖੱਬੀਆ ਧਿਰਾਂ ਦਾ ਨਾਮ ਲੈ ਬਗੈਰ ਉਹਨਾਂ ਕਿਹਾ ਕਿ 2017 ਦੀਆ ਚੋਣਾਂ ਵਿੱਚ ਧਰਮ ਨਿਰਪੱਖ ਸੋਚ ਰੱਖਣ ਵਾਲੀਆ ਪਾਰਟੀਆ ਨਾਲ ਕਾਂਗਰਸ ਦਾ ਗਠਜੋੜ ਹੋ ਸਕਦਾ ਹੈ। ਅਕਾਲੀ -ਭਾਜਪਾ ਗਠਜੋੜ ਬਾਰੇ ਉਹਨਾਂ ਕਿਹਾ ਕਿ ਇਹਨਾਂ ਦਾ ਤਾਂ ਭੋਗ ਪੈ ਗਿਆ ਹੈ ਤੇ ਜਿੰਨੀਆ ਮਰਜੀ ਸਦਭਾਵਨਾ ਰੈਲੀਆ ਕਰ ਲੈਣ ਇਹਨਾਂ ਨੂੰ ਹੁਣ ਲੋਕ ਮੂੰਹ ਨਹੀ ਲਗਾਉਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਲਈ ਕੋਈ ਚੁਨੌਤੀ ਨਹੀ ਹੈ ਅਤੇ ਕੇਜਰੀਵਾਲ ਵੀ ਪੰਜਾਬ ਵਿੱਚ ਆ ਵੀ ਜਾਵੇ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀ ਪਵੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਪਿਛੋਕੜ ਹਰਿਆਣਵੀ ਹੈ ਤੇ ਕੀ ਉਹ ਪੰਜਾਬ ਵਿੱਚ ਆ ਕੇ ਪੰਜਾਬ ਦੀਆ ਮੰਗਾਂ ਜਿਹਨਾਂ ਵਿੱਚ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ ਤੇ ਪਾਣੀਆ ਮਸਲਿਆ ਨੂੰ ਲੈ ਕੇ ਪੰਜਾਬ ਦੇ ਹੱਕ ਵਿੱਚ ਬੋਲੇਗਾ? ਉਹਨਾਂ ਕਿਹਾ ਕਿ ਵੈਸੇ ਵੀ ਆਮ ਆਦਮੀ ਪਾਰਟੀ ਆਪਸ ਵਿੱਚ ਹੀ ਖੱਖੜੀਆ ਕਰੇਲੇ ਹੋਈ ਪਈ ਹੈ ਤੇ ਉਹ ਆਪਸ ਵਿੱਚ ਹੀ ਭਿੱੜ ਜਾਣਗੇ।

ਸੁਖਬੀਰ ਸਿੰਘ ਬਾਦਲ ਵੱਲੋ ਪਟਿਆਲਾ ਵਿਖੇ ਉਹਨਾਂ ਦੇ ਮੋਤੀ ਮਹੱਲ ਦੇ ਬਾਹਰ ਰੈਲੀ ਕਰਨ ਦਾ ਸੁਆਗਤ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਨੂੰ ਹਾਸੋਹੀਣਾ ਦੱਸਦਿਆ ਕਿਹਾ ਕਿ ਉਹਨਾਂ ਦੇ ਘਰ ਦੇ ਚਾਰ ਚੁਫੇਰੇ ਰਿਹਾਇਸ਼ੀ ਇਲਾਕਾ ਹੈ ਤੇ ਫਿਰ ਵੀ ਸੁਖਬੀਰ ਬਾਦਲ ਗਲੀਆ ਜਾਂ ਘਰਾਂ ਦੀਆ ਛੱਤਾਂ ਤੇ ਰੈਲੀਆ ਕਰਨਾ ਚਾਹੁੰਦਾ ਹੈ ਤਾਂ ਕਰ ਲਵੇ। ਉਹਨਾਂ ਕਿਹਾ ਕਿ ਉਹਨਾਂ ਦੇ ਘਰ ਤੋ ਦੋ ਢਾਈ ਕਿਲੋਮੀਟਰ ਦੂਰ ਇੱਕ ਪੋਲੋ ਗਰਾਉਡ ਹੈ ਜਿਥੇ ਸਕੂਲਾਂ ਕਾਲਜਾਂ ਦੇ ਬੱਚੇ ਆ ਕੇ ਖੇਡਦੇ ਹਨ ਜੇਕਰ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਖਿਡਾਰੀ ਹਿਸਾਬ ਕਿਤਾਬ ਕਰ ਲੈਣਗੇ ਕਿਉਕਿ ਉਹ ਗਰਾਉਡ ਤਾਂ ਬਣੀ ਹੀ ਖਿਡਾਰੀਆ ਲਈ ਹੀ ਹੈ।
ਕੈਪਟਨ ਨੇ ਕਿਹਾ ਕਿ ਉਨ•ਾਂ ਵੱਲੋਂ ਬਠਿੰਡੇ ਵਿੱਚ ਕੀਤੀ ਜਾਣ ਵਾਲੀ ਰੈਲੀ ਦੌਰਾਨ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਜਾਵੇਗਾ ਅਤੇ ਇਸੋ ਦਿਨ ਹੀ ਉਹ ਪ੍ਰਧਾਨਗੀ ਦਾ ਆਹੁਦਾ ਸੰਭਾਲਣਗੇ। ਉਨ•ਾਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਇੱਕਮੁੱਠ ਹੈ ਅਤੇ ਬਠਿੰਡਾ ਰੈਲੀ ਲਈ ਪ੍ਰਤਾਪ ਬਾਜਵਾ, ਮਨਪ੍ਰੀਤ ਬਾਦਲ ਸਮੇਤ ਸਾਰੇ ਕਾਂਗਰਸੀਆਂ ਨੂੰ ਸੱਦਾ ਦਿੱਤਾ ਗਿਆ ਹੈ।

ਕੈਪਟਨ ਨੇ ਬਾਦਲਾਂ ਵਲੋਂ ਉਨ•ਾਂ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਵਾਉਣ ਦੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਕੈਪਟਨ ਨੇ ਨਹੀਂ ਸਗੋਂ ਬਾਦਲਾਂ ਨੇ ਖੁਦ ਖਰਾਬ ਕੀਤੇ ਹਨ। ਉਨ•ਾਂ ਕਿਹਾ ਕਿ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿੱਛੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਹੀ ਹੱਥ ਹੈ ਕਿਉਂਕਿ ਪੰਜਾਬ ਦੇ ਲੋਕ ਸਰਕਾਰ ਤੋਂ ਕਾਫੀ ਨਾਰਾਜ਼ ਸਨ ਅਤੇ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੀ ਕੋਝੀ ਹਰਕਤ ਸਰਕਾਰ ਵੱਲੋ ਹੀ ਕੀਤੀ ਗਈ ਹੈ ਅਤੇ ਉਹ ਰਾਸ਼ਟਰਪਤੀ ਤੋ ਮੰਗ ਕਰਦੇ ਹਨ ਕਿ ਇਸਂ ਪੂਰੇ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋ ਕਰਵਾਈ ਜਾਵੇ । ਉਹਨਾਂ ਕਿਹਾ ਕਿ ਜਿਹੜੀ ਜਾਂਚ ਬਾਦਲ ਸਰਕਾਰ ਨੇ ਸੀ.ਬੀ.ਆਈ ਨੂੰ ਦੇਣ ਦੀ ਗੱਲ ਕੀਤੀ ਹੈ ਉਹ ਪੂਰੀ ਤਰ੍ਵਾ ਅਧੂਰੀ ਹੈ ਕਿਉਕਿ ਇਸ ਵਿੱਚ ਦੋ ਸਿੱਖਾਂ ਦਾ ਕਤਲ ਕਰਨ ਤੇ ਨਿਹੱਥੇ ਸਿੱਖਾਂ ਤੇ ਲਾਠੀਚਾਰਜ ਕਰਨ ਦਾ ਮਾਮਲਾ ਸ਼ਾਮਲ ਨਹੀ ਕੀਤਾ ਗਿਆ। ਉਨ•ਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਬਾਦਲ ਉਨ•ਾਂ ਲਈ ਕੋਈ ਚੁਣੌਤੀ ਨਹੀਂ ਹੈ ਅਤੇ 2017 ਵਿੱਚ ਬਾਦਲਾ ਤੇ ਭਾਜਪਾ ਦਾ ਪੂਰਾ ਸਫਾਇਆ ਹੋ ਜਾਵੇਗਾ।

ਭਾਜਪਾ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਗਠਜੋੜ ਬਾਰੇ ਉਹ ਜਿਆਦਾ ਨਹੀਂ ਕਹਿ ਸਕਦੇ ਕਿਉਂਕਿ ਕਿ ਅਕਾਲੀ-ਭਾਜਪਾ ਦੀ ਲੜਾਈ ਮੀਆਂ-ਬੀਵੀ ਦੀ ਲੜਾਈ ਦੇ ਬਰਾਬਰ ਹੈ ਅਤੇ ਇਸ ਦਾ ਫੈਸਲਾ ਉਹਨਾਂ ਆਪ ਹੀ ਕਰਨਾ ਹੈ। ਬਿਕਰਮ ਮਜੀਠੀਆ ਵਲੋਂ ਕੈਪਟਨ ਨੂੰ ਸੀਨੀਅਰ ਸਿਟੀਜਨ ਕਹੇ ਜਾਣ ਬਾਰੇ ਕੈਪਟਨ ਨੇ ਹੱਸਦਿਆ ਹੋਇਆ ਚੁਟਕੀ ਲੈਦਿਆ ਕਿਹਾ ਕਿ ਉਹ ਸੀਨੀਅਰ ਸਿਟੀਜਨ ਨਹੀਂ ਹਨ ਤੇ ਅਕਾਲੀ ਉਨ•ਾਂ ਨੂੰ ਬੁੱਢਾ ਸ਼ੇਰ ਜ਼ਰੂਰ ਕਹਿੰਦੇ ਹਨ।ਉਹਨਾਂ ਕਿਹਾ ਕਿ ਫਿਰ ਸ਼ੇਰ ਤਾਂ ਸ਼ੇਰ ਹੀ ਹੈ। ਸਰਬੱਤ ਖਾਲਸਾ ‘ਚ ਕਾਂਗਰਸੀਆਂ ਦੀ ਸ਼ਮੂਲੀਅਤ ਬਾਰੇ ਉਨ•ਾਂ ਕਿਹਾ ਕਿ ਸਰਬੱਤ ਖਾਲਸਾ ਇੱਕ ਮਰਿਆਦਾ ਹੈ ਅਤੇ ਓਥੇ ਕੋਈ ਵੀ ਸਿੱਖ ਆਪਣੀ ਮਰਜ਼ੀ ਨਾਲ ਹਿੱਸਾ ਲੈ ਸਕਦਾ ਹੈ ਜਦ ਕਿ ਰਮਨਦੀਪ ਸਿੰਘ ਸਿੱਕੀ ਤੇ ਇੰਦਰਜੀਤ ਸਿੰਘ ਜੀਰਾ ਬਤੌਰ ਸਿੱਖ ਆਪਣੀਆ ਧਾਰਮਿਕ ਭਾਵਨਾ ਲੈ ਕੇ ਸ਼ਾਮਲ ਹੋਏ ਸਨ। ਖਡੂਰ ਸਾਹਿਬ ਦੀ ਉਪ ਚੋਣ ਬਾਰੇ ਉਹਨਾਂ ਕਿਹਾ ਕਿ ਚੋਣ ਲਈ ਕਾਂਗਰਸ ਹਮੇਸ਼ਾਂ ਹੀ ਤਿਆਰ ਹੈ ਭਾਂਵੇ ਸਾਰੇ ਸੂਬੇ ਦੀਆ ਚੋਣਾਂ ਕਰਵਾ ਲਈਆ ਜਾਣ। ਕਾਂਗਰਸੀ ਉਮਦੀਵਾਰ ਦੀ ਚੋਣ ਬਾਰੇ ਉਹਨਾਂ ਕਿਹਾ ਕਿ ਇਹ ਮਾਮਲਾ ਕੇਂਦਰੀ ਹਾਈ ਕਮਾਂਡ ਨੇ ਕਰਨਾ ਹੈ ਤੇ ਸਮਾਂ ਆਉਣ ਤੇ ਉਹ ਤਾਂ ਸਿਰਫ ਸਿਫਾਰਸ਼ ਹੀ ਕਰ ਸਕਦੇ ਹਨ।
ਪੱਤਰਕਾਰਾਂ ਤੋ ਹੋ ਰਹੇ ਹਮਲਿਆ ‘ਤੇ ਉਹਨਾਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਪਟਿਆਲਾ ਤੋ ਪੱਤਰਕਾਰ ਬਲਤੇਜ ਸਿੰਘ ਪਨੂੰ ‘ਤੇ ਪਰਚਾ ਪੂਰੀ ਤਰ੍ਵਾ ਇੱਕ ਸਾਜਿਸ਼ ਤਹਿਤ ਦਰਜ ਕੀਤਾ ਗਿਆ ਹੈ ਜਿਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇਸ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋ ਕਰਵਾ ਕੇ ਬਲਤੇਜ ਪਨੂੰ ਨੂੰ ਇਨਸਾਫ ਦਿਵਾਇਆ ਜਾਵੇ। ਉਹਨਾਂ ਕਿਹਾ ਕਿ ਮੀਡੀਆ ਸਿਆਸੀ ਲੋਕਾਂ ਲਈ ਆਕਸੀਜਨ ਹੁੰਦਾ ਹੈ ਤੇ ਮੀਡੀਆ ਨਾਲ ਵਿਗਾੜ ਕੇ ਕਦੇ ਵੀ ਕੋਈ ਤਰੱਕੀ ਨਹੀ ਕਰ ਸਕਿਆ।
ਇਸ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਨਾਲ ਭਾਰੀ ਗਿਣਤੀ ਵਿੱਚ ਲਾਲ ਰੰਗ ਲੱਗੀਆ ਬੱਤੀਆ ਦਾ ਵੱਡਾ ਕਾਫਲਾ ਸੀ ਜਿਹੜਾ ਪਹਿਲਾਂ ਉਹਨਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੋਕਣ ਗਿਆ ਤੇ ਫਿਰ ਪੱਤਰਕਾਰਾਂ ਦੇ ਪਹੁੰਚਣ ਤੋ ਪਹਿਲਾਂ ਹੀ ਪੱਤਰਕਾਰ ਸੰਮੇਲਨ ਵਾਲੀ ਜਗਾ ਲੱਗੀਆ ਪੱਤਰਕਾਰਾਂ ਲਈ ਕੁਰਸੀਆ ਮੱਲ ਕੇ ਬੈਠ ਗਿਆ। ਸਰਕਾਰੀ ਸਾਜਿਸ਼ ਤਹਿਤ ਪੁਲੀਸ ਵਾਲਿਆ ਵੱਲੋ ਦਰਵਾਜਾ ਬੰਦ ਕਰਕੇ ਮੀਡੀਆ ਕਰਮੀਆ ਨੂੰ ਵੀ ਅੰਦਰ ਜਾਣ ਤੋ ਰੋਕਿਆ ਗਿਆ ਜਿਸ ਕਾਰਨ ਪੱਤਰਕਾਰਾਂ ਨੂੰ ਨਾਅਰੇਬਾਜੀ ਵੀ ਕਰਨੀ ਪਈ ਤੇ ਕੈਪਟਨ ਦੇ ਸੁਰੱਖਿਆ ਅਧਿਕਾਰੀ ਖੂਬੀ ਰਾਮ ਸਾਬਕਾ ਆਈ.ਜੀ. ਦੀ ਦਖਲਅੰਦਾਜੀ ਨਾਲ ਅੰਦਰ ਜਾਣ ਦਿੱਤਾ ਗਿਆ। ਮੀਡੀਆ ਵੱਲੋ ਨਾਅਰੇਬਾਜੀ ਕਰਨੀ ਕੈਪਟਨ ਲਈ ਪ੍ਰਧਾਨਗੀ ਸੰਭਾਲਣ ਉਪਰੰਤ ਅਸ਼ੁਭ ਸਗਨ ਮੰਨਿਆ ਜਾ ਰਿਹਾ ਹੈ। ਇਸ ਸਮੇਂ ਉਹਨਾਂ ਦੇ ਨਾਲ ਬੀਬੀ ਅੰਬਿਕਾ ਸੋਨੀ ਵੀ ਬੈਠੀ ਸੀ।