ਕੈਪਟਨ ਨੂੰ ਬਰਾਬਰ ਦੀ ਰੈਲੀ ਦੀ ਚੁਣੋਤੀ ਦੇ ਕੇ ਕਸੁਤੇ ਫਸੇ ਸੁਖਬੀਰ ਸਿੰਘ ਬਾਦਲ

By December 1, 2015 0 Comments


ਕੈਪਟਨ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸੀ ਕੈਪਟਨ ਦੀ ਇਜ਼ੱਤ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਲਈ ਤਿਆਰ
sukhbir
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕਸਭਾ ‘ਚ ਕਾਂਗਰਸ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਕੈਪਟਨ ਦੇ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਬਿਨਾਂ ਸੋਚੇ ਸਮਝੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਵਿਚ ਕੈਪਟਨ ਖਿਲਾਫ ਅਜਿਹਾ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਅਜੀਬ ਜਿਹੀ ਦੁਚਿੱਤੀ ਵਿਚ ਫੱਸੇ ਦਿਖਾਈ ਦੇ ਰਹੇ ਹਨ, ਸ. ਬਾਦਲ ਨੇ ਮੀਡੀਆ ਦੇ ਮੁਖਾਤਿਬ ਹੁੰਦਿਆ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਵਿਚ ਹੀ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਰੈਲੀ ਵਰਗੀ ਰੈਲੀ ਕਰਨ ਦੀ ਚੁਣੋਤੀ ਤਾਂ ਦੇ ਦਿੱਤੀ, ਪਰੰਤੂ ਸੂਬੇ ਦੇ ਰਾਜਨੀਤਕ ਮਾਹਰਾਂ ਦਾ ਮੰਨਣਾ ਹੈ ਕਿ ਸ਼ਾਇਦ ਬਾਦਲ ਸਾਹਿਬ ਦਾ ਇਹ ਬਿਆਨ ਉਨ੍ਹਾਂ ਲਈ ਹੀ ਚੁਣੋਤੀ ਬਣਦਾ ਜਾ ਰਿਹਾ ਹੈ, ਕਿਉਂਕਿ ਬੀਤੇ ਕੁਝ ਸਮੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗਈਆਂ ਰੈਲੀਆਂ ਵਿਚ ਹੋਏ ਇਕੱਠ ਨੂੰ ਬਾਕਮਾਲ ਇਕੱਠ ਮੰਨਿਆ ਜਾਂਦਾ ਰਿਹਾ ਹੈ, ਜਿਨ੍ਹਾਂ ਵਿਚ ਰੈਲੀ ਵਾਲੇ ਖੇਤਰ ਅਧੀਨ ਰਹਿੰਦੇ ਕਾਂਗਰਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਚਾਹਵਾਨ ਹੀ ਸ਼ਾਮਲ ਹੁੰਦੇ ਰਹੇ ਹਨ ਪਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ‘ਤੇ ਪਲਟਵਾਰ ਕਰਦਿਆਂ ਸ. ਬਾਦਲ ਦੀ ਚੁਣੋਤੀ ਨੂੰ ਸਵਿਕਾਰ ਕਰਕੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਅਹੁਦਾ ਸੰਭਾਲਣ ਦੀ ਕਾਰਵਾਈ ਬਠਿੰਡਾ ਵਿਖੇ ਉਸੇ ਜਗ੍ਹਾ ‘ਤੇ ਹੀ ਰੈਲੀ ਕਰਕੇ ਕਰਨਗੇ ਜਿਥੇ ਸ. ਬਾਦਲ ਵੱਲੋਂ ਰੈਲੀ ਕੀਤੀ ਗਈ ਸੀ ਅਤੇ ਕੈਪਟਨ ਨੇ ਹਾਸੀਆ ਲਹਿਜ਼ੇ ਵਿਚ ਇਹ ਵੀ ਕਿਹਾ ਹੈ ਕਿ ਰੈਲੀ ਵਿਚ ਹੋਣ ਵਾਲਾ ਇਕੱਠ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਹੀਂ ਸਗੋਂ ਬਾਕੀ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਨੀਂਦਾ ਉਡਾ ਕੇ ਰੱਖ ਦੇਵੇਗਾ। ਕੈਪਟਨ ਵੱਲੋਂ ਹੋਣ ਵਾਲੀ ਇਸ ਰੈਲੀ ਵਿਚ ਸੂਬੇ ਭਰ ਦੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਕਾਰਕੁੰਨਾਂ ਸਮੇਤ ਕੈਪਟਨ ਦੇ ਚਾਹਵਾਨ ਲੋਕ ਵੀ ਸ਼ਾਮਲ ਹੋਣ ਜਾ ਰਹੇ ਹਨ। ਕਾਪਟਨ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸੂਬੇ ਭਰ ਵਿਚ ਕੈਪਟਨ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦੇ ਇਜ਼ਹਾਰ ਕਰਨ ਦਾ ਸਿਲਸਿਲਾ ਜ਼ੋਰਾਂ ‘ਤੇ ਹੈ।

ਕਾਂਗਰਸ ਹਾਈਕਮਾਂਡ ਨਾਲ ਲੁਕਣਮਿਚੀ ਖੇਡ ਕੇ ਹੀ ਮਿਲੀ ਕੈਪਟਨ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ

ਲੋਕਸਭਾ ਵਿਚ ਕਾਂਗਰਸ ਦੇ ਉੱਪ ਨੇਤਾ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਰੀਬ ਇੱਕ ਸਾਲ ਤੋਂ ਲੋਕਸਭਾ ਸੈਸ਼ਨ ਵਿਚ ਗੈਰ ਹਾਜ਼ਰ ਰਹਿ ਕੇ ਕਾਂਗਰਸ ਹਾਈਕਮਾਂਡ ਨਾਲ ਲੁਕਣਮਿਚੀ ਦਾ ਖੇਡ ਖੇਡ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਕੇਂਦਰ ਦੀ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀਂ ਸੀ ਇਸੇ ਕਰਕੇ ਉਹ ਪੰਜਾਬ ਸੂਬੇ ਦੀ ਰਾਜਨੀਤੀ ਨੂੰ ਤਰਜ਼ੀਹ ਦੇ ਰਹੇ ਸਨ। ਲੋਕਸਭਾ ਵਿਚ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਨੂੰ ਭੂਮੀ ਅਧਿਗ੍ਰਹਿਣ ਬਿਲ, ਜੀ.ਐਸ.ਟੀ ਨੂੰ ਲੈ ਕੇ ਖਾਸੀ ਧੂਲ ਚਟਾਈ, ਜਿਸ ਦੌਰਾਨ ਕਾਂਗਰਸੀ ਲੋਕਸਭਾ ਦੇ ਬਾਹਰ ਧਰਨੇ ਵੀ ਲਗਾ ਕੇ ਬੈਠਦੇ ਰਹੇ ਪਰੰਤੂ ਕੈਪਟਨ ਇਸ ਨੂੰ ਛੱਡ ਕੇ ਪੰਜਾਬ ਵਿਚ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ, ਇਸ ਦੌਰਾਨ ਕੈਪਟਨ ਅਤੇ ਉਸ ਸਮੇਂ ਦੇ ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਿਚ ਖੁੱਲ ਕੇ ਇੱਕ-ਦੂਜੇ ਖਿਲਾਫ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਰਿਹਾ ਅਤੇ ਸੂਬੇ ਦੀ ਰਾਜਨੀਤੀ ਵਿਚ ਇਹ ਵੀ ਚਰਚਾ ਜ਼ੋਰਾਂ ‘ਤੇ ਚੱਲਦੀ ਰਹੀ ਕਿ ਜੇਕਰ ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਤਾਂ ਕੈਪਟਨ ਆਪਣੀ ਵੱਖਰੀ ਪਾਰਟੀ ਬਨਾਉਣ ਦਾ ਐਲਾਨ ਕਰ ਦੇਣਗੇ, ਅਜਿਹਾ ਇਹ ਲਈ ਮੰਨਿਆ ਜਾਂਦਾ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਲ ਇੰਡੀਆ ਜੱਟ ਮਹਾਸਭਾ ਬਣਾ ਚੁੱਕੇ ਸਨ ਜਿਸ ਵਿਚ ਕੈਪਟਨ ਦੇ ਨੇੜਲੇ ਸਮਰਥਕਾਂ ਨੂੰ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਅਹੁਦੇਦਾਰੀਆਂ ਦੇ ਕੇ ਕੈਪਟਨ ਦੀ ਇੱਕ ਵੱਖਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ। ਆਖਿਰਕਾਰ ਸੂਬੇ ਵਿਚ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਸਿਰਫ਼ ਕੈਪਟਨ ਹੀ ਲਗਾ ਸਕਦੇ ਹਨ ਇਸਦਾ ਅੰਦਾਜ਼ਾ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਵੀ ਲੱਗ ਗਿਆ ਅਤੇ ਉਨ੍ਹਾਂ ਬੀਤੇ ਲੋਕਸਭਾ ਸੈਸ਼ਨ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸੱਦ ਕੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਣ ਦਾ ਰਾਸਤਾ ਵੀ ਸਾਫ ਕਰ ਦਿੱਤਾ।

ਕੈਪਟਨ ਦੇ ਪ੍ਰਧਾਨ ਬਨਣ ਤੋਂ ਬਾਅਦ ਕਾਂਗਰਸੀਆਂ ਨੂੰ ਆਪਣੀਆਂ ਟਿਕਟਾਂ ਦੀ ਚਿੰਤਾ ਸਤਾਉਣ ਲੱਗੀ

ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ ਗਿਆ ਹੈ ਤਾਂ ਸੂਬਾ ਕਾਂਗਰਸ ਦੇ ਆਗੂਆਂ, ਜਿਨ੍ਹਾਂ ਵਿਚ ਉਹ ਆਗੂ ਵੀ ਸ਼ਾਮਲ ਹਨ ਜਿਹੜੇ ਸ. ਬਾਜਵਾ ਦੇ ਪ੍ਰਧਾਨ ਹੋਣ ਸਮੇਂ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿਚ ਖਲ੍ਹੋ ਗਏ ਸਨ ਸਮੇਤ ਕੈਪਟਨ ਧੜੇ ਦੇ ਸਮਰਥਕਾਂ ਵਿਚ ਵਿਧਾਨਕਾਰ ਦੀਆਂ ਟਿਕਟਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਚਾਪਲੂਸੀ ਕਰਨ ਦੀਆਂ ਕਥਿਤ ਕੋਸ਼ਿਸ਼ਾ ਸ਼ੁਰੂ ਹੋ ਗਈਆ ਹਨ। ਹੁਣ ਉਹ ਆਗੂ ਵੀ ਕੈਪਟਨ ਦੇ ਪ੍ਰਧਾਨ ਬਨਣ ਤੋਂ ਬਾਅਦ ਇਕੱਠ ਕਰਕੇ ਲੱਡੂ ਵੰਡਣ ਲੱਗ ਗਏ ਹਨ ਜਿਹੜੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਕੈਪਟਨ ਵੱਲੋਂ ਉਨ੍ਹਾਂ ਦੀਆਂ ਟਿਕਟਾਂ ਦੀ ਸਿਫਾਰਿਸ਼ ਨਾ ਕਰਨ ਤੋਂ ਬਾਅਦ ਤੋਂ ਲੈ ਕੇ ਲਾਪਤਾ ਹੋ ਗਏ ਸਨ, ਹੁਣ ਉਨ੍ਹਾਂ ਲੀਡਰਾਂ ਵੱਲੋਂ ਵੀ ਖੁੱਲ ਕੇ 2-2 ਜਾਂ 5-5 ਕਿਲੋ ਦੇ ਲੱਡੂਆਂ ਦੇ ਡੱਬੇ ਲੈ ਕੇ ਪੱਤਰਕਾਰਾਂ ਮੁਹਰੇ ਫ਼ੋਟੋਆਂ ਖਿਚਵਾ ਕੇ ਫੋਕੀ ਸ਼ੋਹਰਤ ਦਾ ਦਿਖਾਵਾ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦੀਨੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣ ਲਈ ਖੁੱਲ ਕੇ ਬਿਆਨ ਬਾਜ਼ੀ ਕਰਨ ਕਾਰਨ ਸੂਬੇ ਦੀ ਰਾਜਨੀਤੀ ਵਿਚ ਚਰਚਾ ਵਿਚ ਆਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸੰਬਧਤ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆਂ ਜੱਟ ਮਹਾਸਭਾ ਦੇ ਜ਼ਿਲ੍ਹਾ ਉੱਪ ਪ੍ਰਧਾਨ ਸ. ਦਮਨਜੀਤ ਸਿੰਘ ਭੱਲਮਾਜਰਾ ਅਤੇ ਜੱਟ ਮਹਾ ਸਭਾ ਦੇ ਸੂਬਾ ਜਰਨਲ ਸਕੱਤਰ ਸ. ਵਰਿੰਦਰਪਾਲ ਸਿੰਘ ਵਿੰਕੀ, ਜਿਨ੍ਹਾਂ ਦੇ ਲਗਾਤਾਰ ਬਿਆਨਾਂ ਤੋਂ ਉਨ੍ਹਾਂ ਦਾ ਨਾਂ ਸੂਬੇ ਦੀਆਂ ਵੱਖ-ਵੱਖ ਏਜੰਸੀਆਂ ਦੀ ਹਿੱਟ ਲਿਸਟ ਵਿਚ ਸ਼ਾਮਲ ਹੋ ਚੁੱਕਾ ਸੀ, ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਕੈਪਟਨ ਨੂੰ ਇਸ ਕਰਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣਾ ਸੀ ਕਿਉਂਕਿ ਜਦੋਂ ਤੱਕ ਕੈਪਟਨ ਸੂਬਾ ਕਾਂਗਰਸ ਦੀ ਬਾਗਦੋੜ ਨਹੀਂ ਸੰਭਾਲਦੇ ਅਤੇ ਕਾਂਗਰਸ ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਚੋਣਾਂ ਨਾ ਲੜਦੀ ਉਦੋਂ ਤੱਕ ਕਾਂਗਰਸ ਪਾਰਟੀ ਸੂਬੇ ਦੀ ਸੱਤਾ ਵਿਚ ਨਹੀਂ ਆ ਸਕਦੀ ਅਤੇ ਪੰਜਾਬ ਦੀ ਡੁੱਬਦੀ ਬੇੜੀ ਨੂੰ ਸਿਰਫ਼ ਕੈਪਟਨ ਹੀ ਪਾਰ ਲਗਾ ਸਕਦੇ ਹਨ। ਸ. ਭੱਲਮਾਜਰਾ ਅਤੇ ਸ. ਵਰਿੰਦਰਪਾਲ ਸਿੰਘ ਵਿੰਕੀ ਦਾ ਕਹਿਣਾ ਹੈ ਕਿ ਹਾਲਾਂਕੀ ਪਿਛਲੇ ਲੰਬੇ ਸਮੇਂ ਤੋਂ ਸੱਤਾ ਵਿਚ ਰਹਿ ਰਹੀ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਦੀ ਗੱਠਜੋੜ ਸਰਕਾਰ ਦੀਆਂ ਨੀਤੀਆਂ ਕਾਰਣ ਪੰਜਾਬ ਇਸ ਤਰ੍ਹਾਂ ਕਰਜ਼ਿਆਂ ਹੋਣ ਦੱਬ ਚੁੱਕਿਆ ਹੈ ਅਤੇ ਪੰਜਾਬ ਦੇ ਵਪਾਰ ਨੂੰ ਲੱਗੀ ਵੱਡੀ ਢਾਹ ਕਾਰਣ ਸੂਬੇ ਦੀ ਆਰਥਿਕ ਸਥਿਤੀ ਉਸ ਸਥਿਤੀ ‘ਤੇ ਪਹੰਚ ਚੁੱਕੀ ਹੈ ਜਿਸ ਨੂੰ ਲੀਹ੍ਹ ‘ਤੇ ਲਿਆਉਣਾ ਸੌਖਾ ਨਹੀਂ ਹੋਵੇਗਾ ਪਰੰਤੂ ਉਨ੍ਹਾਂ ਨੂੰ ਭਰੌਸਾ ਹੈ ਕਿ ਇਹ ਕੰਮ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਕਰ ਸਕਦੇ ਹਨ। ਜਦੋਂ ਉਨ੍ਹਾਂ ਨੂੰ 2017 ਦੀਆਂ ਵਿਧਾਨਸਭਾ ਚੋਣਾਂ ਲਈ ਟਿਕਟਾਂ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਫ ਲਫ਼ਜ਼ਾ ਵਿਚ ਕਿਹਾ ਕਿ ਉਨ੍ਹਾਂ ਨੂੰ ਟਿਕਟਾਂ ਦਾ ਨਹੀਂ ਸਗੋਂ ਪੰਜਾਬ ਸੂਬੇ ਦੇ ਭਲੇ ਦੀ ਚਿੰਤਾ ਹੈ।
ਲੇਖਕ – ਅਰੁਨ ਆਹੂਜਾ, ਮੋਬਾ-80543-07793

Posted in: ਪੰਜਾਬ