ਬਾਦਲਾਂ ਨੇ ਲਿਖਣ, ਬੋਲਣ ਤੇ ਸੁਣਨ ਦੀ ਅਜ਼ਾਦੀ ਵੀ ਖੋਹੀ…

By December 1, 2015 0 Comments


ਜਸਪਾਲ ਸਿੰਘ ਹੇਰਾਂ

ਕੀ ਹੁਣ ਵੀ ਪੰਜਾਬ ਦਾ ਬਜ਼ੁਰਗ ਮੁੱਖ ਮੰਤਰੀ ਇਹ ਦਾਅਵਾ ਕਰ ਸਕੇਗਾ ਕਿ ਉਸਨੇ ਦੇਸ਼ ’ਚ ਲੱਗੀ ਐਮਰਜੈਂਸੀ ਵਿਰੁੱਧ 19 ਮਹੀਨੇ ਜੇਲ

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar

ਕੱਟੀ ਸੀ? ਕੀ ਉਹ ਹੁਣ ਵੀ ਇਹ ਦਾਅਵਾ ਕਰ ਸਕੇਗਾ ਕਿ ਉਹ ਅਤੇ ਉਸਦੀ ਪਾਰਟੀ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਹੈ ਅਤੇ ਕਿਸੇ ਨਾਗਰਿਕ ਤੋਂ ਬੋਲਣ, ਸੁਣਨ ਤੇ ਲਿਖਣ ਦੀ ਅਜ਼ਾਦੀ ਖੋਹਣ ਦੀ ਸਖ਼ਤ ਵਿਰੋਧੀ ਹੈ? ਪੰਥ ਦੋਖੀਆਂ ਦੀ ਕਤਾਰ ’ਚ ਤਾਂ ਬਾਦਲਕੇ ਪਹਿਲਾ ਹੀ ਜਾ ਖੜੇ ਸਨ। ਹੁਣ ਮਨੁੱਖੀ ਅਧਿਕਾਰਾਂ ਦੇ ਕਾਤਲਾਂ ’ਚ ਵੀ ਮੋਹਰੀ ਬਣਕੇ ਆ ਖੜੇ ਹੋਏ ਹਨ। ਬਾਦਲ ਦਲ ਦੇ ਹੀ ਵਰਕਿੰਗ ਕਮੇਟੀ ਮੈਂਬਰ ਪ੍ਰੀਤਮ ਸਿੰਘ ਭਰੋਵਾਲ ਅਤੇ ਉਸਦੇ ਪੁੱਤਰ ਦੇ ਸਾਲੇ ਦੀ ਗਿ੍ਰਫ਼ਤਾਰੀ ਕਰਕੇ, ਬਾਦਲਾਂ ਨੇ ਜਿਥੇ ਮਨੁੱਖੀ ਅਧਿਕਾਰਾਂ ਦੇ ਕਾਤਲ ਹੋਣ ਦਾ ਠੋਸ ਸਬੂਤ ਦੇ ਦਿੱਤਾ ਹੈ, ਉਥੇ ਭਰੋਵਾਲ ਵਰਗੇ ਬਾਦਲਾਂ ਦੇ ਚਾਪਲੂਸਾਂ ਤੇ ਚਮਚਿਆਂ ਨੂੰ ਵੀ ਵੱਡਾ ਸਬਕ ਦੇ ਦਿੱਤਾ ਹੈ ਕਿ ਇਨਾਂ ਦੀ ਚਾਪਲੂਸੀ ਤੇ ਚਮਚਾਗਿਰੀ ਜਿੰਨੀ ਮਰਜ਼ੀ ਕਰ ਲਵੋ, ਪ੍ਰੰਤੂ ਜਦੋਂ ਤੁਹਾਡੇ ਜਾਂ ਤੁਹਾਡੇ ਕਿਸੇ ਨਜ਼ਦੀਕੀ ਕਾਰਣ, ਬਾਦਲਾਂ ਨੂੰ ਮਾੜਾ-ਮੋਟਾ ਵੀ ਸੇਕ ਲੱਗਿਆ, ਇਨਾਂ ਨੇ ਤੁਹਾਡੀ ਚਾਪਲੂਸੀ ਜਾਂ ਵਫ਼ਾਦਾਰੀ ਨੂੰ ਨਹੀਂ ਵੇਖਣਾ, ਝੱਟ ਝਟਕਾ ਦੇਣਾ ਹੈ। ਪ੍ਰੀਤਮ ਸਿੰਘ ਭਰੋਵਾਲ, ਜਿਸ ਬਾਰੇ ਸਾਰੇ ਜਾਣਦੇ ਹਨ ਕਿ ਉਹ ਬਾਦਲਾਂ ਵੱਲੋਂ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਆਖਣ ਤੇ ਸਵੀਕਾਰ ਕਰਨ ਵਾਲਿਆਂ ’ਚ ਸਭ ਤੋਂ ਮੋਹਰੀ ਸੀ। ਪ੍ਰੰਤੂ ਜਦੋਂ ਉਸਦੇ ਪੁੱਤਰ ਰਘਬੀਰ ਸਿੰਘ ਭਰੋਵਾਲ ਨੇ ਵਿਦੇਸ਼ੀ ਧਰਤੀ ’ਤੇ ਅਜ਼ਾਦ, ਸਵੈਮਾਣ ਭਰਪੂਰ ਹਵਾ ’ਚ ਆਪਣੀ ਸੋਚ ਨੂੰ ਸੱਚ ਦੇ ਨੇੜੇ ਲਿਆਂਦਾ ਅਤੇ ਬਾਦਲਾਂ ਦਾ ਸੱਚ ਨੰਗਾ ਕਰਨ ਦੀ ਮੁਹਿੰਮ ’ਚ ਜੁੱਟ ਗਿਆ ਤਾਂ ਉਸਦੇ ਸੱਚ ਦਾ ਸੇਕ ਉਸਦੇ ਲੁਧਿਆਣੇ ਰਹਿੰਦੇ ਬਾਪ ਤੱਕ ਪੁੱਜ ਗਿਆ। ਬਾਦਲਕੇ ਬਿਨਾਂ ਸ਼ੱਕ ਵਿਦੇਸ਼ੀ ਦੀ ਧਰਤੀ ’ਤੇ ਬੈਠੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਤੋਂ ਡਾਢੇ ਦੁਖੀ ਹਨ, ਬਾਦਲਾਂ ਦੀ ਮਿੱਟੀ ਪੁੱਟਣ ’ਚ ਵਿਦੇਸ਼ੀ ਬੈਠੇ ਸਿੱਖਾਂ ਵੱਲੋਂ ਨਿਭਾਏ ਜਾ ਰਹੇ ਰੋਲ ਨੇ ਬਾਦਲਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਵਿਦੇਸ਼ ਗਏ ਬਾਦਲਕਿਆਂ ਦੇ ਮੰਤਰੀਆਂ-ਸੰਤਰੀਆਂ ਨਾਲ ਕੀਤੀ ਕੁੱਤੇ-ਖਾਣੀ ਨੂੰ ਵੀ ਬਾਦਲਕੇ ਹਾਲੇਂ ਤੱਕ ਪਚਾ ਨਹੀਂ ਸਕੇ।

badalsਉਹ ਤਾਂ ਹਾਲੇਂ ਵੀ 2014 ’ਚ ਵਿਦੇਸ਼ੀ ਬੈਠੇ ਸਿੱਖਾਂ ਵੱਲੋਂ ‘ਆਪ’ ਨੂੰ ਦਿਵਾਈ ਜਿੱਤ ਦੇ ਜਖ਼ਮਾਂ ’ਚੋਂ ਉਠਦੀ ਚੀਸ ਭੁੱਲ ਨਹੀਂ ਸਕੇ। ਪ੍ਰੰਤੂ ਹੁਣ ਤਾਂ ਗੁਰੂ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਚੱਲੇ ਸੰਘਰਸ਼, ਸਰਬੱਤ ਖਾਲਸਾ ਦੀ ਸਫ਼ਲਤਾ ਅਤੇ ਬਾਦਲਕਿਆਂ ਦੇ ਬਾਈਕਾਟ ਵਰਗੇ ਬਣੇ ਹਾਲਾਤਾਂ ਨੇ ਬਾਦਲਕਿਆਂ ਦਾ ਗੁੱਸਾ ਸੱਤ ਸਮੁੰਦਰੋਂ ਪਾਰ ਬੈਠੇ ਸਿੱਖਾਂ ਤੇ ਸੱਤਵੇਂ ਅਸਮਾਨ ਪਹੁੰਚਾ ਦਿੱਤਾ ਹੈ। ਉਨਾਂ ਦਾ ਬੱਸ ਨਹੀਂ ਚੱਲਦਾ, ਨਹੀਂ ਤਾਂ ਉਹ ਇਨਾਂ ਜਾਗਦੀ ਜ਼ਮੀਰ ਵਾਲੇ ਸਿੱਖਾਂ ਤੇ ਡ੍ਰੋਨ ਹਮਲੇ ਕਰਵਾ ਕੇ, ਇਨਾਂ ਦਾ ਮੁਕੰਮਲ ਸਫ਼ਾਇਆ ਕਰਵਾਉਣ ਦੀ ਮੁਹਿੰਮ ਵੀ ਵਿੱਢ ਦਿੰਦੇ। ਮਜ਼ਬੂਰੀ ਹੈ। ਪ੍ਰੰਤੂ ਹੁਣ ਉਹ ਗੁੱਸਾ ਵਿਦੇਸ਼ਾਂ ’ਚ ਬੈਠੇ ਪੰਥ ਦਰਦੀ ਸਿੱਖਾਂ ਦੇ ਰਿਸ਼ਤੇਦਾਰਾਂ ਤੇ ਕੱਢਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ’ਚ ਬੈਠਾ ਇਕ ਬਾਲਗ ਪੁੱਤਰ, ਕੀ ਕਰ ਰਿਹਾ ਹੈ, ਉਸਦਾ ਇਧਰ ਬੈਠਾ ਬਾਪ ਭਲਾ ਕਿਹੜੇ ਕਾਨੂੰਨ ਅਨੁਸਾਰ ਦੋਸ਼ੀ ਆਖਿਆ ਜਾ ਸਕਦਾ ਹੈ? ਕੀ ਬਾਦਲਾਂ ਦੀ ਇਹ ਨਿਰੀ ਧੱਕੇਸ਼ਾਹੀ, ਬੇਇਨਸਾਫ਼ੀ ਜਾਂ ਸਹੀ ਸ਼ਬਦਾਂ ’ਚ ਗੁੰਡਾਗਰਦੀ ਨਹੀਂ? ਲੋਕਤੰਤਰੀ ਢਾਂਚੇ ’ਚ ਕਿਸ ਸਰਕਾਰ ਨੂੰ ਕਾਨੂੰਨ ਦਾ ਨੰਗਾ ਚਿੱਟਾ ਕਤਲ ਕਰਨ ਦੀ ਆਗਿਆ ਹੈ? ਜਿਵੇਂ ਆਮ ਸਿੱਖ ਕਹਿੰਦੇ ਹਨ ਕੁਦਰਤ ਨੇ ਪਾਪ ਦੇ ਘੜੇ ਨੂੰ ਭਰਨ ਲਈ ਬਾਦਲਾਂ ਦੀ ਬੁੱਧੀ ਭਿ੍ਰਸ਼ਟ ਕਰ ਦਿੱਤੀ ਹੈ, ਜਾਪਦਾ ਹੈ ਕਿ ਲੋਕਾਂ ਦੇ ਹਿਰਦੇ ’ਚੋਂ ਨਿਕਲੀ ਇਹ ਸੱਚੀ ਗੱਲ, ਸੱਚ ਸਾਬਤ ਹੋਣ ਵਾਲੀ ਹੈ। ਬਾਦਲਾਂ ਦੀ ਇਸ ਧੱਕੇਸ਼ਾਹੀ ਤੇ ਬੇਇਨਸਾਫ਼ੀ ਦਾ ਢੋਲ ਸੱਤ ਸਮੁੰਦਰੋਂ ਪਾਰ ਵੀ ਵੱਜਣਾ ਹੈ। ਪਹਿਲਾ ਹੀ ਬਾਦਲਾਂ ਵਿਰੁੱਧ ਭਰੇ-ਪੀਤੇ ਬੈਠੇ ਐਨ. ਆਰ. ਆਈ. ਸਿੰਘ-ਸਿੰਘਣੀਆਂ ਹੁਣ ਹੋਰ ਜੋਸ਼ ਤੇ ਰੋਹ ਨਾਲ ਬਾਦਲਾਂ ਦੀ ਹਰ ਧੱਕੇਸ਼ਾਹੀ ਦਾ ਵਿਰੋਧ ਕਰਨਗੇ। ਧੱਕਾ ਤੇ ਬੇਇਨਸਾਫ਼ੀ ਨੂੰ ਸਿੱਖ ਕੌਮ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ, ਹਰ ਜਾਬਰ ਦਾ ਹਮੇਸ਼ਾ ਮੂੰਹ ਭੰਨਿਆ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ’ਚ ਇਸ ਸਮੇਂ ਜਿਹੜਾ ਸਿੱਖ ਕੌਮ ਦੇ ਜਜ਼ਬਾਤਾਂ ਦਾ, ਗੁਰੂ ਸਾਹਿਬ ਦਾ ਅਪਮਾਨ ਕਰਵਾ ਕੇ ਕਤਲੇਆਮ ਹੋ ਰਿਹਾ ਹੈ, ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ, ਬੋਲਣ, ਲਿਖਣ ਤੇ ਸੁਣਨ ਦੀ ਅਜ਼ਾਦੀ ਖੋਹੀ ਜਾ ਰਹੀ ਹੈ, ਜਿਸਨੂੰ ਜਦੋਂ ਮਰਜ਼ੀ ਜੇਲਾਂ-ਥਾਣਿਆਂ ’ਚ ਬੰਦ ਕੀਤਾ ਜਾ ਰਿਹਾ ਹੈ, ਉਸ ਵਿਰੁੱਧ ਸਾਰੀਆਂ ਮਨੁੱਖੀ ਅਧਿਕਾਰਾਂ ਦੀਆਂ ਰਾਖ਼ੀਆਂ ਜਥੇਬੰਦੀਆਂ ਇਕ ਜੁੱਟ ਹੋ ਕੇ ਆਵਾਜ਼ ਬੁਲੰਦ ਕਰਨ। ਜੇ ਦੇਸ਼ ਦੀ ਸਰਕਾਰ ਵੀ ਨਹੀਂ, ਜਾਗਦੀ ਤਾਂ ਇਹ ਮਾਮਲਾ ਯੂ. ਐਨ. ਓ. ਤੱਕ ਗੂੰਜਣਾ ਚਾਹੀਦਾ ਹੈ। ਘੱਟੋ-ਘੱਟ ਸਮੁੱਚੇ ਵਿਸ਼ਵ ਨੂੰ ਪਤਾ ਲੱਗ ਸਕੇ ਕਿ ਅੱਜ ਪੰਜਾਬ ਸੱਚੀ-ਮੁੱਚੀ ਐਮਰਜੈਂਸੀ ’ਚੋਂ ਲੰਘ ਰਿਹਾ ਹੈ। ਪੂਰਾ ਪੰਜਾਬ ਜੇਲਖਾਨੇ ’ਚ ਤਬਦੀਲ ਹੋ ਚੁੱਕਾ ਹੈ।

Posted in: ਪੰਜਾਬ