ਜ਼ੁਲਮ ਤੇ ਬੇਇਨਸਾਫ਼ੀ ਦਾ ਸਿਖ਼ਰ…ਪੰਜਾਬ ‘ਚ ਅਣਐਲਾਨੀ ਐਮਰਜੈਂਸੀ

By December 1, 2015 0 Comments


ਜਸਪਾਲ ਸਿੰਘ ਹੇਰਾਂ
ਅਸੀਂ ਵਾਰ -ਵਾਰ ਹੋਕਾ ਦੇ ਰਹੇ ਹਾਂ ਕਿ ਪੰਜਾਬ ‘ਚ ਇਸ ਸਮੇਂ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ,ਜਿਸ ਸਦਕਾ ਪੰਜਾਬ ‘ਚ ਇਸ ਸਮੇਂ ਜੰਗਲ ਰਾਜ ਸਥਾਪਿਤ ਹੋ ਚੁੱਕਾ ਹੈ , ਜਿਸ ‘ਚ ਨਾ ਕੋਈ ਦਲੀਲ , ਨਾ ਕੋਈ ਵਕੀਲ ਤੇ ਨਾ ਕੋਈ ਅਪੀਲ ਦਾ ਅਰਥ ਰਹਿ

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar

ਗਿਆ ਹੈ । ਸਰਕਾਰ ਇੱਕ ਤਰਾਂ ਗੁੰਡਾ ਗਰਦੀ ‘ਤੇ ਉੱਤਰੀ ਹੋਈ ਹੈ,ਜਿਸ ਨੂੰ ਜਦੋਂ ਚਾਹੇ ,ਜਿਵੇਂ ਚਾਹੇ ਚੁੱਕ ਕੇ ਜੇਲ ਸੁੱਟ ਦਿੱਤਾ ਜਾਂਦਾ ਹੈ। ਇਸ ਕਾਰਨ ਖੌਫ਼ ਤੇ ਦਹਿਸ਼ਤ ਦਾ ਮਾਹੌਲ ਚਾਰੇ ਪਾਸੇ ਬਣ ਚੁੱਕਾ ਹੈ। ਗੁਰੂ ਸਾਹਿਬ ਦੀ ਅਤੇ ਗੁਰਬਾਣੀ ਦੀ ਨਿਰੰਤਰ ਹੁੰਦੀ ਬੇਅਦਬੀ , ਮਨੁੱਖੀ ਅਧਿਕਾਰਾਂ ਦੇ ਹੁੰਦੇ ਨੰਗਾ -ਚਿੱਟੇ ਕਤਲੇਆਮ ਦੇ ਬਾਵਜੂਦ ਹਰ ਪਾਸੇ ਤੋਂ ਵਿਰੋਧ ਦੀ ਆਵਾਜ਼ ਉੱਠਣੀ ਬੰਦ ਵਰਗੀ ਹੋ ਗਈ ਹੈ । ਬਠਿੰਡੇ ਦੇ ਪਿੰਡ ਹਮੀਰਗੜ ‘ਚ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਤੋਂ ਦੁਖੀ ਇੱਕ ਜ਼ਜ਼ਬਾਤੀ 63 ਸਾਲਾ ਦੇ ਬਜ਼ੁਰਗ ਜਰਨੈਲ ਸਿੰਘ ਪੰਜਾਬ ਦੇ ਬੜਬੋਲੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਜੜ ਦਿੰਦਾ ਹੈ। ਸਰਕਾਰ ਦੇ ਥੱਪੜ ਵੱਜੇ , ਚਮਚੇ ਭਲਾ ਕਿਵੇਂ ਬਰਦਾਸ਼ਤ ਕਰ ਸਕਦੇ ਹਨ ! ਪਹਿਲਾਂ ਖੁਦ ਮਲੂਕਾ ਨੇ ਉਸ ਬਜ਼ੁਰਗ ਨਾਲ ਧੱਕਾ ਮੁੱਕੀ ਕੀਤੀ, ਫਿਰ ਉਸ ਦੇ ਚਮਚਿਆਂ ਦੀ ਫੌਜ ਨੇ ਸੱਤਾ ਹੰਕਾਰ ‘ਚ ਅੰਨੇ ਹੋ ਕੇ , ਉਸ ਬਜ਼ੁਰਗ ਦੀ ਐਨੀ ਬੁਰੀ ਤਰਾਂ ਕੁੱਟ ਮਾਰ ਕੀਤੀ ਕਿ ਉਹ ਦੋ ਦਿਨ ਹੋਸ਼ ‘ਚ ਨਾ ਆ ਸਕਿਆ ਤੇ ਫਰੀਦਕੋਟ ਦੇ ਵੱਡੇ ਸਰਕਾਰੀ ਹਸਪਤਾਲ ‘ਚ ਕੱਲ ਤੱਕ ਉਸ ਦਾ ਇਲਾਜ ਚੱਲਦਾ ਰਿਹਾ। ਇਸ ਬਜ਼ੁਰਗ ਨੇ ਧਾਰਮਿਕ ਜ਼ਜ਼ਬਾਤਾਂ ‘ਚ ਮਲੂਕੇ ਦੇ ਥੱਪੜ ਜੜਿਆ, ਜਿਸ ਨੂੰ ਮਲੂਕਾ ਖੁਦ ਵੀ ਸਵੀਕਾਰ ਨਹੀਂ ਕਰਦਾ, ਪ੍ਰੰਤੂ ਇਸਦੇ ਬਾਵਜੂਦ ਉਸ ਬਜ਼ੁਰਗ ਨੂੰ ਜਦੋਂ ਕਿ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ , ਮਲੂਕੇ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗਿ੍ਰਫ਼ਤਾਰ ਕਰ ਲਿਆ ਗਿਆ ਹੈ । ਜਦੋਂ ਕਿ ਉਸ ਬਜ਼ੁਰਗ ‘ਤੇ ਜਾਨ ਲੇਵਾ ਹਮਲਾ ਕਰਨ ਵਾਲੇ ਮਲੂਕੇ ਤੇ ਉਸਦੇ ਸਮਰੱਥਕਾਂ ਵਿਰੁੱਧ ਪੁਲਿਸ ਦੀ ਕੋਈ ਕਾਰਵਾਈ ਕਰਨ ਦੀ ਜ਼ੁਅਰਤ ਨਹੀਂ ਪਈ। ਜ਼ੇਰੇ ਇਲਾਜ ਬਜ਼ੁਰਗ ਨੂੰ ਮਲੂਕੇ ‘ਤੇ ਹਮਲਾ ਕਰਨ ਦਾ ਸਬਕ ਦੇਣ ਲਈ , ਸਰਕਾਰ ਦੀ ਤਾਕਤ ਦਾ ਅਹਿਸਾਸ ਕਰਵਾਉਣ ਲਈ ਉਸ ਨੂੰ ਧੱਕੇ ਨਾਲ , ਸੱਚ ਤੇ ਇਨਸਾਫ਼ ਦਾ ਕਤਲ ਕਰਕੇ ਹਸਪਤਾਲੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਤਾਂ ਕਿ ਉਸ ਨੂੰ ਮਲੂਕੇ ਵਿਰੁੱਧ ਹਾਈਕੋਰਟ ‘ਚ ਪਾਏ ਆਪਣੇ ਕੇਸ ਨੂੰ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ ।

ਜਰਨੈਲ ਸਿੰਘ ਦੇ ਪਰਿਵਾਰ ਨੂੰ ਦਿੱਤੀਆਂ ਧਮਕੀਆਂ ਕਿ ਜੇ ਉਹ ਹਸਪਤਾਲ ‘ਚ ਜਰਨੈਲ ਸਿੰਘ ਦੀ ਦੇਖਭਾਲ ਕਰਦੇ ਦਿਖਾਈ ਦਿੱਤੇ ਤਾਂ ਉਹਨਾਂ ਨੂੰ ਵੀ ਜੇਲ ਵਿੱਚ ਡੱਕ ਦਿੱਤਾ ਜਾਵੇਗਾ, ਦਾ ਅਸਰ ਵੀ ਸਾਫ਼ ਵਿਖਾਈ ਦਿੱਤਾ, ਕਿਉਂਕਿ ਜਰਨੈਲ ਸਿੰਘ ਦੀ ਗਿ੍ਰਫਤਾਰੀ ਵੇਲੇ, ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹਸਪਤਾਲ ‘ਚ ਹਾਜ਼ਰ ਨਹੀਂ ਸੀ। ਇੱਕ ਪਾਸੇ ਇਸੇ ਬਾਦਲ ਸਰਕਾਰ ਨੇ ਉਹਨਾਂ ਪੁਲਿਸ ਵਾਲਿਆਂ ‘ਤੇ ਜਿਨਾਂ ਨੇ ਬਹਿਬਲ ਕਲਾਂ ਵਿੱਚ ਸਤਿਨਾਮ -ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਨੂੰ ਗੋਲੀ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ , ਉਹਨਾਂ ਵਿਰੁੱਧ ਨਾਮ ਲਿਖ ਕੇ ਪਰਚੇ ਦਰਜ ਨਹੀਂ ਕੀਤੇ ਗਏ। ਦੋ ਅੰਮਿ੍ਰਤਧਾਰੀ ਸਿੱਖ ਨੌਜਵਾਨਾਂ ਨੂੰ ਝੂਠੇ ਪਰਚੇ ‘ਚ ਨਾਮਜ਼ਦ ਕਰਕੇ , ਉਹਨਾਂ ਦੀਆਂ ਗਿ੍ਰਫ਼ਤਾਰੀ ਕਰ ਕੇ, ਉਹਨਾਂ ‘ਤੇ ਅੰਨਾਂ ਤੱਸ਼ਦਦ ਕਰਨ ਵਾਲੇ ਪੁਲਿਸ ਅਫ਼ਸਰ ਮੁਅਤਲ, ਨਹੀਂ ਕੀਤੇ ਗਏ । ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਵਾਲੇ ਦੁਸ਼ਟ ਦੋਸ਼ੀ ਨਹੀਂ ਲੱਭੇ , ਗੁਰੂ ਸਾਹਿਬ ਦੇ ਪਾਵਨ ਅੰਗਾਂ ਦਾ ਕਤਲੇਆਮ ਕਰਨ ਵਾਲੇ ਕਾਤਲਾਂ ਦਾ ਖੁਰਾ ਖੋਜ ਨਹੀਂ ਲੱਭਿਆ ਗਿਆ। ਉਥੇ ਦੂਜੇ ਪਾਸੇ ਇੱਕ ਬਜ਼ੁਰਗ ਨੂੰ ਜਿਸ ਨੇ ਗੁਰੂ ਸਾਹਿਬ ਦੇ ਨਿੱਤ ਹੁੰਦੇ ਅਪਮਾਨ ਵਿੱਰੁਧ ਰੋਸ ਦਾ ਪ੍ਰਗਟਾਵਾ ਕਰਕੇ ਕੁੱਟ ਖਾਧੀ ਸੀ , ਉਸ ਨੂੰ ਹਸਪਤਾਲ ‘ਚ ਪਏ ਨੂੰ ਗਿ੍ਰਫ਼ਤਾਰ ਕਰ ਲਿਆ ਜਾਣਾ ਕਿਧਰ ਦਾ ਇਨਸਾਫ਼ ਹੈ ? ਕੋਈ ਦਸੱਣ ਪੁੱਛਣ ਵਾਲਾ ਹੀ ਨਹੀਂ? ਅਸੀਂ ਚਾਹੁੰਦੇ ਹਾਂ ਕਿ ਜਿਸ ਤਰਾਂ ਅੱਜ ਪੰਜਾਬ ‘ਚ ਜ਼ਬਰ ਦਾ ਦੌਰ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਅਤੇ ਬੇਅੰਤ ਸਿੰਹੁ ਦੇ ਕਾਲੇ ਦੌਰ ਨੂੰ ਵੀ ਮਾਤ ਪਾ ਰਿਹਾ ਹੈ, ਉਸ ਵਿਰੁੱਧ ਹਰ ਜਿਊਂਦੀ ਜਾਗਦੀ ਜ਼ਮੀਰ ਵਾਲੇ ਸਿੱਖ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦਾ ਜਾਗਣਾ ਤੇ ਮੈਦਾਨ ‘ਚ ਨਿੱਤਰਨਾ ਜ਼ਰੂਰੀ ਹੈ । ਲੋਕ ਏਕੇ ਤੋਂ ਬਿਨਾਂ ਜ਼ਾਬਰ ਹਾਕਮਾਂ ਨੂੰ ਕਦੇ ਨੱਥ ਨਹੀਂ ਪਈ , ਇਹ ਸਦੀਵੀ ਸੱਚ ਹੈ ।