ਦੀਨਾਨਗਰ ‘ਚ ਪੰਜਾਬ ਦੀ ਸਰਹੱਦ ਤੋਂ ਨਹੀਂ ਹੋਏ ਸਨ ਦਾਖ਼ਲ ਅੱਤਵਾਦੀ-ਆਈ.ਜੀ. ਪਾਲੀਵਾਲ

By December 1, 2015 0 Comments


bsfਜਲੰਧਰ-ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ‘ਚ 27 ਜੁਲਾਈ, 2015 ਨੂੰ ਹੋਏ ਅੱਤਵਾਦੀ ਹਮਲੇ ਦੇ ਦੋਸ਼ੀ ਪੰਜਾਬ ਦੀ ਸਰਹੱਦ ਤੋਂ ਦਾਖ਼ਲ ਨਹੀਂ ਹੋਏ ਸਨ | ਇਹ ਦਾਅਵਾ ਬੀ.ਐੱਸ.ਐੱਫ਼ ਪੰਜਾਬ ਫਰੰਟੀਅਰ ਦੇ ਆਈ. ਜੀ. ਸ੍ਰੀ ਅਨਿਲ ਪਾਲੀਵਾਲ ਨੇ ਅੱਜ ਉਸ ਸਮੇਂ ਕੀਤਾ ਜਦੋਂ ਉਹ ਬੀ.ਐੱਸ.ਐੱਫ਼. ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਰੱਖੇ ਗਏ ਗੋਲਡਨ ਜੁਬਲੀ ਸਮਾਗਮਾਂ ਦੀ ਜਾਣਕਾਰੀ ਦੇਣ ਲਈ ਇਕ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਕਰ ਰਹੇ ਸਨ |

ਪਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇਸ ਸਬੰਧੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ, ਜਿਸ ਤੋਂ ਇਹ ਪਤਾ ਲੱਗਾ ਹੈ ਕਿ ਪਾਕਿਸਤਾਨੀ ਅੱਤਵਾਦੀ ਪੰਜਾਬ ਦੀ ਸਰਹੱਦ ਰਾਹੀਂ ਦੀਨਾਨਗਰ ਵਿਚ ਦਾਖ਼ਲ ਨਹੀਂ ਹੋਏ ਸਨ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਤਵਾਦੀਆਂ ਦੇ ਦਾਖ਼ਲ ਹੋਣ ਦਾ ਹੋਰ ਕਿਹੜਾ ਰਸਤਾ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਰਿਪੋਰਟ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ |

ਵਰਨਣ ਯੋਗ ਹੈ ਕਿ ਹਮਲਾਵਰਾਂ ਦਾ ਮੁਕਾਬਲਾ ਕਰਦੇ ਹੋਏ ਐੱਸ.ਪੀ. ਬਲਜੀਤ ਸਿੰਘ ਅਤੇ ਪੁਲਿਸ ਦੇ 2 ਹੋਰ ਜਵਾਨ ਸ਼ਹੀਦ ਹੋ ਗਏ ਸਨ, ਜਦ ਕਿ ਅੱਤਵਾਦੀਆਂ ਨੇ 3 ਨਾਗਰਿਕਾਂ ਦੀ ਹੱਤਿਆ ਕਰਨ ਤੋਂ ਬਾਅਦ ਦੀਨਾਨਗਰ ਦੇ ਪੁਲਿਸ ਥਾਣੇ ‘ਤੇ ਕਬਜ਼ਾ ਕਰ ਲਿਆ ਸੀ | ਇਥੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਮੁਖੀ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਭਾਰਤ-ਪਾਕਿ ਸਰਹੱਦ ਨੂੰ ਪੰਜਾਬ ‘ਚੋਂ ਪਾਰ ਕਰਕੇ ਆਏ ਸਨ |

Posted in: ਪੰਜਾਬ