ਸੁਖਬੀਰ ਦੀ ਆਮਦ ‘ਤੇ ਲੁਧਿਆਣਾ ਹੋਟਲ ਦੇ ਬਾਹਰ ਚੱਲੀਆਂ ਗੋਲੀਆਂ

By November 30, 2015 0 Comments


ਲੁਧਿਆਣਾ, 30 ਨਵੰਬਰ-ਸਥਾਨਕ ਫਿਰੋਜ਼ਪੁਰ ਸੜਕ ‘ਤੇ ਹੋਟਲ ਹਾਯਤ ਦੇ ਬਾਹਰ ਸ਼ੁੱਕਰਵਾਰ ਦੇਰ ਰਾਤ ਚੱਲੀਆਂ ਗੋਲੀਆਂ ਵਿਚ ਇਕ ਸਿਪਾਹੀ ਜ਼ਖਮੀ ਹੋ ਗਿਆ | ਇਸ ਹੋਟਲ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਠਹਿਰੇ ਹੋਏ ਸਨ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਜਖਮੀ ਹੋਏ ਸਿਪਾਹੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 336/188/323 ਅਧੀਨ ਕੇਸ ਦਰਜ ਕੀਤਾ ਹੈ | ਗੁਰਵਿੰਦਰ ਸਿੰਘ ਥਾਣਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਚ. ਓ. ਸ. ਕਮਲਜੀਤ ਸਿੰਘ ਦਾ ਅੰਗ ਰੱਖਿਅਕ ਹੈ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਹੋਟਲ ਵਿਚ ਆਮਦ ਨੂੰ ਵੇਖਦਿਆਂ ਹੋਰ ਪੁਲਿਸ ਮੁਲਾਜ਼ਮਾਂ ਨਾਲ ਉਸ ਨੂੰ ਹੋਟਲ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਘਟਨਾ ਸ਼ੁੱਕਰਵਾਰ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਉਕਤ ਹੋਟਲ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਸਿੱਟੇ ਵਜੋਂ ਇਕ ਗੋਲੀ ਗੁਰਵਿੰਦਰ ਸਿੰਘ ਦੇ ਮੋਢੇ ‘ਤੇ ਲੱਗੀ, ਉਹ ਲਹੂ-ਲੁਹਾਣ ਹੋਇਆ ਹੇਠਾਂ ਡਿਗ ਪਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਉਸ ਨੂੰ ਕਿਹੜੇ ਹਸਪਤਾਲ ਰੱਖਿਆ ਹੈ, ਇਹ ਵੀ ਨਹੀਂ ਦੱਸਿਆ ਜਾ ਰਿਹਾ | ਉਕਤ ਹਮਲਾਵਰ ਵਿਅਕਤੀ ਪਹਿਲਾਂ ਉਥੇ ਜਾ ਰਹੀ ਬਾਰਾਤ ਵਿਚ ਸ਼ਾਮਿਲ ਹੋਏ ਅਤੇ ਬਾਰਾਤ ਦੀ ਆੜ ਵਿਚ ਉਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਰਾਰ ਹੋ ਗਏ | ਇਨ੍ਹਾਂ ਵਿਅਕਤੀਆਂ ਵੱਲੋਂ 32 ਬੋਰ ਦੀ ਪਿਸਤੌਲ ਤੋਂ ਇਹ ਗੋਲੀਆਂ ਚਲਾਈਆਂ ਗਈਆਂ ਹਨ | ਗੋਲੀਆਂ ਚਲਾਉਣ ਤੋਂ ਬਾਅਦ ਇਹ ਨੌਜਵਾਨ ਉਥੋਂ ਫਰਾਰ ਹੋ ਗਏ ਹਨ, ਜਿਸ ਬਾਰੇ ਪੁਲਿਸ ਨੂੰ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ |
ਸੁਖਬੀਰ ਸਿੰਘ ਬਾਦਲ ਦੀ ਆਮਦ ਤੇ ਹੋਈ ਇਸ ਘਟਨਾ ਨੇ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਮਾਮੂਲੀ ਜਿਹੀ ਗੱਲ ਕਹਿ ਕੇ ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਹੈ ਪਰ ਖੁਫੀਆ ਏਜੰਸੀਆਂ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਇਸ ਨੂੰ ਜ਼ਿਲ੍ਹਾ ਪੁਲਿਸ ਦੀ ਵੱਡੀ ਅਣਗਹਿਲੀ ਮੰਨਿਆ ਜਾ ਰਿਹਾ ਹੈ। ਜ਼ਿਲ੍ਹੇ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ ਕੁਝ ਅਧਿਕਾਰੀਆਂ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਨੇੜੇ ਸੁਰੱਖਿਆ ਘੇਰਾ ਤੰਗ ਕੀਤਾ ਗਿਆ ਸੀ ਪਰ ਜਿਸ ਤਰ੍ਹਾਂ ਕੁਝ ਸਥਾਨਕ ਅਕਾਲੀ ਆਗੂ ਸੁਖਬੀਰ ਦਾ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਨੂੰ ਵਰਕਰਾਂ ਵਿਚ ਲੈ ਗਏ, ਉਸ ਦਾ ਵੀ ਸੁਰੱਖਿਆ ਏਜੰਸੀਆਂ ਵੱਲੋਂ ਬੁਰਾ ਮਨਾਇਆ ਜਾ ਰਿਹਾ ਹੈ। ਇਨ੍ਹਾਂ ਹਮਲਾਵਰਾਂ ਦਾ ਗੋਲੀ ਚਲਾਉਣ ਦਾ ਕੀ ਮਕਸਦ ਸੀ, ਇਸ ਬਾਰੇ ਜ਼ਿਲ੍ਹਾ ਪੁਲਿਸ ਦੇ ਨਾਲ ਖੁਫੀਆ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਇਸ ਸਬੰਧੀ ਪੁਲਿਸ ਸਿੱਟੇ ਤੱਕ ਨਹੀਂ ਪਹੁੰਚ ਸੀ ਸਕੀ।
ਡਿਗ ਸਕਦੀ ਹੈ ਪੁਲਿਸ ਅਧਿਕਾਰੀਆਂ ‘ਤੇ ਗਾਜ
ਭਾਵੇਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਮਾਮੂਲੀ ਗੱਲ ਦੱਸਿਆ ਜਾ ਰਿਹਾ ਹੈ ਪਰ ਉਚ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਸ ਮਾਮਲੇ ਨੂੰ ਪੁਲਿਸ ਅਧਿਕਾਰੀਆਂ ਦੀ ਅਣਗਹਿਲੀ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਦੱਬੀ ਜ਼ੁਬਾਨ ਵਿਚ ਸਬੰਧਤ ਅਧਿਕਾਰੀਆਂ ‘ਤੇ ਕਾਰਵਾਈ ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ।
ਕੀ ਕਹਿੰਦੀ ਹੈ ਪੁਲਿਸ ਦੀ ਕਹਾਣੀ
ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ ਇਸ ਮਾਮਲੇ ਵਿਚ ਸਿਪਾਹੀ ਗੁਰਵਿੰਦਰ ਸਿੰਘ/ਨੰਬਰ 3049 ਲੁਧਿਆਣਾ ਪੁੱਤਰ ਸਵਰਨ ਸਿੰਘ ਵਾਸੀ ਨੂਰਪੁਰ ਬੇਦੀ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 336/188/323 ਅਧੀਨ ਕੇਸ ਦਰਜ ਕੀਤਾ ਗਿਆ ਹੈ। ਧਾਰਾ 336 ਹਵਾ ਵਿਚ ਗੋਲੀਆਂ ਚਲਾਉਣੀਆਂ, ਧਾਰਾ 188 ਪੁਲਿਸ ਕਮਿਸ਼ਨਰ ਦੇ ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਅਤੇ ਧਾਰਾ 323 ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਹੁੰਦੀ ਹੈ। ਪੁਲਿਸ ਵੱਲੋਂ ਲਿਖੀ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਹੋਟਲ ਦੇ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਤੈਨਾਤ ਸੀ ਤਾਂ ਸੜਕ ‘ਤੇ ਇਕ ਬਾਰਾਤ ਜਾ ਰਹੀ ਸੀ ਜਿਸ ਵਿਚ ਬਰਾਤੀ ਪਟਾਕੇ ਚਲਾ ਰਹੇ ਸਨ ਤਾਂ ਇਸ ਦੌਰਾਨ ਕੋਈ ਚੀਜ਼ ਮੁਦਈ ਦੇ ਖੱਬੇ ਹੱਥ ‘ਤੇ ਲੱਗੀ ਅਤੇ ਉਸ ਨੂੰ ਦਰਦ ਮਹਿਸੂਸ ਹੋਣ ਲੱਗਾ ਜਿਸ ਤੇ ਉਸ ਨੇ ਜੈਕਟ ਉਤਾਰ ਕੇ ਦੇਖੀ ਤਾਂ ਇਕ ਸਿੱਕੇ ਦਾ ਟੁਕੜਾ ਮਿਲਿਆ ਜਿਸ ਤੋਂ ਲੱਗਦਾ ਸੀ ਕਿ ਕਿਸੇ ਨੇ ਆਪਣੇ ਹਥਿਆਰ ਦੀ ਦੁਰਵਰਤੋਂ ਕਰਕੇ ਦੂਜਿਆਂ ਦੀ ਜਿੰਦਗੀ ਨੂੰ ਖਤਰੇ ਵਿਚ ਪਾਇਆ ਹੈ। ਆਮ ਤੌਰ ਤੇ ਅਜਿਹੇ ਕੇਸਾਂ ਵਿਚ ਪੁਲਿਸ ਵੱਲੋਂ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ ਧਾਰਾ 307 ਅਧੀਨ ਕੇਸ ਦਰਜ ਕੀਤਾ ਜਾਂਦਾ ਹੈ ਪਰ ਇਸ ਮਾਮਲੇ ਵਿਚ ਪੁਲਿਸ ਨੇ ਅਜਿਹਾ ਨਹੀਂ ਕੀਤਾ।