ਅਮਰਿੰਦਰ ਦੀ ਤੀਜੀ ਪਾਰੀ ਉਸਤਰਿਆ ਦੀ ਮਾਲਾ ਸਿੱਧ ਹੋਵੇਗੀ।

By November 29, 2015 0 Comments


ਜਸਬੀਰ ਸਿੰਘ ਪੱਟੀ09356024684
captain
ਪਿਛਲੇ ਕਈ ਦਿਨਾਂ ਤੋ ਉੂਠ ਦੇ ਬੁੱਲ ਵਾਂਗ ਲਮਕੀ ਪੰਜਾਬ ਕਾਂਗਰਸ ਕਮੇਟੀ ਦੀ ਪਰਧਾਨੀ ਦਾ ਤਾਜ ਪਹਿਲਾਂ ਹੀ ਲਗਾਈਆ ਜਾਂਦੀਆ ਕਿਆਸ ਅਰਾਈਆ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਰ ਤੇ ਆਣ ਟਿਕਿਆ ਹੈ ਤੇ ਸਾਰੇ ਪੰਜਾਬ ਦੇ ਕਾਂਗਰਸੀਆ ਨੇ ਜਿਥੇ ਖੁਸ਼ੀਆ ਮਨਾਈਆ ਹਨ ਉਥੇ ਪਾਰਟੀ ਸਫ਼ਾਂ ਵਿੱਚ ਚਲੀ ਆ ਰਹੀ ਅਨਿਸਚਿਤਤਾ ਨੂੰ ਵਿਰਾਮ ਲੱਗ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੀਜੀ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਦੇ ਆਹੁਦਾ ਹਥਿਆਉਣ ਵਿੱਚ ਕਾਮਯਾਬ ਤਾਂ ਹੋ ਗਏ ਹੁ ਪਰ ਇਸ ਵਾਰੀ ਉਹਨਾਂ ਲਈ ਇਹ ਆਹੁਦਾ ਉਸਤਰਿਆ ਦਾ ਮਾਲਾ ਸਿੱਧ ਹੋਵੇਗੀ।
ਸੰਨ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਦੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲਦਿਆ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।ਇਸ ਮਗਰੋਂ ਉਹਨਾਂਂ ਨੂੰ ਆਪਣਾ ਸਿਆਸੀ ਕੱਦ-ਬੁੱਤ ਤੇ ਆਪਣੀ ਹੋਂਦ ਬਣਾਈ ਰੱਖਣ ਲਈ ਹਾਈ ਕਮਾਨ ਨਾਲ ਨਿਰੰਤਰ ਦਸਤ ਪੰਜਾ ਲੈਣਾ ਪੈਦਾ ਰਿਹਾ ਸੀ ਪਰ 2014 ਵਿੱਚ ਹੋਈਆ ਲੋਕ ਸਭਾ ਚੋਣਾਂ ਦੌਰਾਨ ਉਹ ਪੰਜਾਬ ਵਿੱਚ ਦੂਸਰੇ ਨੰਬਰ ਦੀ ਲੀਡ ਲੈ ਕੇ ਭਾਜਪਾ ਦੇ ਉਸ ਮਹਾਂਰਾਥੀ ਨੂੰ ਕਰਾਰੀ ਹਾਰੀ ਦਿੱਤੀ ਸੀ ਜਿਹੜੇ ਅੱਜ ਦੇਸ਼ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਹਨ।ਇਸ ਚੋਣ ਉਪਰੰਤ ਉਹਨਾਂ ਦਾ ਕੱਦਬੁੱਤ ਹੀ ਉੱਚਾ ਨਹੀ ਹੋਇਆ ਸੀ ਸਗੋ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਵਿੱਚ ਵਿਰੋਧੀ ਦਾ ਡਿਪਟੀ ਲੀਡਰ ਵੀ ਬਣਾ ਦਿੱਤਾ ਸੀ।
ਭਾਂਵੇ 2012 ਵਿੱਚ ਕੈਪਟਨ ਦੀ ਹੈਕੜਬਾਜ਼ੀ ਤੇ ਰੁੱਸਿਆ ਨਾ ਮੰਨਾਉਣ ਕਾਰਨ ਹਾਰ ਹੋਈ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਜਦੋ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ੍ਰ ਪ੍ਰਤਾਪ ਸਿੰਘ ਬਾਜਵਾ ਆਪਣੀ ਸੀਟ ਵੀ ਬਚਾਉਣ ਵਿੱਚ ਨਾਕਾਮ ਰਹੇ ਤਾਂ ਕੈਪਟਨ ਹਮਾਇਤੀਆ ਨੇ ਕੈਪਟਨ ਨੂੰ ਪ੍ਰਧਾਨ ਬਣਾਉਣ ਦੀ ਮੁਹਿੰਮ ਵਿੱਢ ਦਿੱਤੀ ਸੀ ਅਤੇ ਉਹ 2017 ਦੀਆ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜਨ ਲਈ ਵਿਉਤਾਂ ਬਣਾਉਣ ਲੱਗ ਪਏ ਸਨ । ਕਾਂਗਰਸੀ ਕਾਰਕੁੰਨਾਂ ਨੂੰ 2017 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਕੈਪਟਨ ਤੋਂ ਵੱਧ ਕੇ ਕੋਈ ਯੋਗ ਤੇ ਅਕਾਲੀਆ ਨੂੰ ਲੋਹੇ ਦੇ ਚਨੇ ਚਬਾਉਣ ਵਾਲਾ ਕੋਈ ਹੋਰ ਆਗੂ ਨਜ਼ਰ ਵੀ ਨਹੀਂ ਆ ਰਿਹਾ ਸੀ ਜਿਸ ਕਰਕੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਸਮੇਤ ਪੰਜਾਬ ਦੇ ਬਹੁਗਿਣਤੀ ਕਾਂਗਰਸੀ ਵਿਧਾਇਕਾਂ ਨੇ ਵੀ ਉਨ•ਾਂ ਨੂੰ ਪੰਜਾਬ ਦੀ ਕਮਾਨ ਸੌਂਪਣ ਦੀ ਮੰਗ ਕਰ ਦਿੱਤੀ ਸੀ।

ਕਾਂਗਰਸ ਹਾਈ ਕਮਾਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਤੁਰੰਤ ਬਾਅਦ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਅਸਿੱਧੇ ਤੌਰ ‘ਤੇ ਬਾਜਵਾ ਦੇ ਪਰਿਵਾਰ ਨੂੰ ਸਮੱਗਲਰ ਵੀ ਗਰਦਾਨਣਾ ਸ਼ੁਰੂ ਕਰ ਦਿੱਤਾ ਸੀ । ਇਸ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਗਾਹੇ-ਬਗਾਹੇ ਆਪਣੇ ਸਮੱਰਥਕ ਵਿਧਾਇਕਾਂ ਅਤੇ ਹੋਰ ਆਗੂਆਂ ਰਾਹੀਂ ਸ਼ਕਤੀ ਪ੍ਰਦਰਸ਼ਨ ਜਾਰੀ ਰੱਖਿਆ ਪਰ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਬਾਜਵਾ ਦੇ ਸਿਰ ਉੱਤੇ ਹੱਥ ਹੋਣ ਕਾਰਨ ਕੈਪਟਨ ਦੀ ਸੁਣਵਾਈ ਨਹੀਂ ਸੀ ਹੋ ਰਹੀ।ਨਿਰਾਸ਼ਾਂ ਦੇ ਆਲਮ ਵਿੱਚ ਕੈਪਟਨ ਨੇ ਕਈ ਵਾਰ ਰਾਹੁਲ ਗਾਂਧੀ ‘ਤੇ ਵੀ ਸਿਆਸੀ ਬਾਣ ਦਾਗੇ ਅਤੇ ਪਾਰਟੀ ਛੱਡ ਕੇ ਅਲੱਗ ਗਰੁੱਪ ਬਣਾਉਣ ਦੇ ਸੰਕੇਤ ਦੇਣ ਵੀ ਚਰਚਾ ਦਾ ਵਿਸ਼ਾ ਬਣਦੇ ਰਹੇ। ਲੋਕ ਸਭਾ ਵਿੱਚ ਪਾਰਟੀ ਨੇ ਕੈਪਟਨ ਨੂੰ ਉਪ ਨੇਤਾ ਬਣਾਇਆ ਪਰ ਉਨ•ਾਂ ਲੋਕ ਸਭਾ ਵਿੱਚ ਕੋਈ ਦਿਲਚਸਪੀ ਨਾ ਦਿਖਾਈ ਅਤੇ ਪੰਜਾਬ ਦੀ ਸਿਆਸਤ ਵਿੱਚ ਹੀ ਸਰਗਰਮ ਰਹਿਣ ਦਾ ਐਲਾਨ ਕਰਦੇ ਰਹੇ। ਘਰੇਲੂ ਕਲੇਸ਼ ਵਿੱਚ ਉਲਝੀ ਪ੍ਰਦੇਸ਼ ਕਾਂਗਰਸ ਬਾਦਲ ਸਰਕਾਰ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦੇ ਬਾਵਜੂਦ ਕਈ ਵੱਡੇ ਮੁੱਦਿਆਂ ‘ਤੇ ਵੀ ਕੋਈ ਵੱਡੀ ਚੁਣੌਤੀ ਖੜ•ੀ ਨਹੀਂ ਕਰ ਸਕੀ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਢੰਗ ਨਾਲ ਸਮੇਂ ਸਮੇਂ ਤੇ ਅਕਾਲੀ ਭਾਜਪਾ ਦਾ ਵਿਰੋਧ ਕਰਕੇ ਉਹਨਾਂ ਨੂੰ ਚੰਗੀ ਤਰ੍ਵਾ ਗੁਲ ਖਿਲਾਉਦੇ ਰਹੇ। ਕਾਂਗਰਸ ਦੀ ਧੜੇਬੰਦਕ ਲੜਾਈ ਅਤੇ ਆਪਸੀ ਫੁੱਟ ਕਾਰਨ ਸੂਬੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਬਿਨਾਂ ਕਿਸੇ ਜਥੇਬੰਦਕ ਢਾਂਚੇ ਦੇ ਹੀ ਚੋਣ ਮੈਦਾਨ ਵਿੱਚ ਉੱਤਰੀ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੋਏ ਜਦ ਕਿ ਲੋਕਾਂ ਨੇ ਅਕਾਲੀ ਦਲ ਦੇ ਖਿਲਾਫ ਰੱਜ ਕੇ ਗੁੱਸਾ ਕੱਢਿਆ।

ਕਾਂਗਰਸ ਹਾਈ ਕਮਾਨ ਵੱਲੋਂ ਸ਼ਾਇਦ ਅਮਰਿੰਦਰ ਸਿੰਘ ਨੂੰ ਇਹੀ ਅਹਿਸਾਸ ਕਰਵਾਉਣ ਲਈ ਪ੍ਰਧਾਨਗੀ ਦਾ ਮਾਮਲਾ ਲਗਾਤਾਰ ਲਟਕਾਇਆ ਜਾਂਦਾ ਰਿਹਾ ਕਿ ਸੂਬੇ ਵਿੱਚ ਜਨਤਕ ਆਧਾਰ ਅਤੇ ਪਾਰਟੀ ਕਾਰਕੁਨਾਂ ਵਿੱਚ ਹਰਮਨ ਪਿਆਰਤਾ ਹੀ ਕਿਸੇ ਉੱਚ ਅਹੁਦੇ ਤਕ ਪੁੱਜਣ ਵਿੱਚ ਸਹਾਈ ਨਹੀਂ ਹੁੰਦੀ ਸਗੋ ਨਿਪਟਾਰਾ ਹਮੇਸ਼ਾਂ ਅਮਲਾ ‘ਤੇ ਹੀ ਹੁੰਦਾ ਹੈ। ਕਰੀਬ ਤਿੰਨ ਮਹੀਨੇ ਪਹਿਲਾਂ ਤੱਕ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅਨਾੜੀ ਕਹਿਣ ਵਾਲੇ ਕੈਪਟਨ ਪ੍ਰਧਾਨਗੀ ਮਿਲਣ ਦਾ ਇਸ਼ਾਰਾ ਮਿਲਦਿਆ ਹੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਸਮੇਤ ਤਮਾਮ ਅਹੁਦਿਆਂ ਦੇ ਸਮਰੱਥ ਹੋਣ ਦਾ ਪ੍ਰਮਾਣ ਪੱਤਰ ਦੇਣ ਲੱਗ ਗਏ ਹਨ। ਇਹ ਪਾਰਟੀ ਦੇ ਅੰਦਰੂਨੀ ਲੋਕਤੰਤਰ ‘ਤੇ ਨਹਿਰੂ-ਗਾਂਧੀ ਪਰਿਵਾਰ ਦੇ ਗ਼ਲਬੇ ਅਤੇ ਹਾਈ ਕਮਾਨ ਦੇ ਸੱਭਿਆਚਾਰ ਦੀ ਪ੍ਰਤੱਖ ਮਿਸਾਲ ਹੈ।
ਬੇਸ਼ੱਕ ਅਮਰਿੰਦਰ ਸਿੰਘ ਦੇ ਪ੍ਰਦੇਸ਼ ਪ੍ਰਧਾਨ ਬਣਨ ਨਾਲ ਕਾਰਕੁਨਾਂ ਅੰਦਰ ਉਤਸ਼ਾਹ ਦਾ ਮਾਹੌਲ ਬਣਿਆ ਹੈ ਪਰ ਪ੍ਰਦੇਸ਼ ਕਾਂਗਰਸ ਦੀਆਂ ਨਵੀਆਂ ਅਹੁਦੇਦਾਰੀਆਂ ਵਿੱਚ ਖੇਤਰੀ ਅਸੰਤੁਲਨ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ। ਮਾਝੇ ਅਤੇ ਦੁਆਬੇ ਦੀ ਨੁਮਾਇੰਦਗੀ ਨਾ ਹੋਣ ਕਾਰਨ ਅੰਦਰੂਨੀ ਵਿਵਾਦ ਜਾਰੀ ਰਹਿਣ ਦੇ ਆਸਾਰ ਬਣਨੇ ਸੁਭਾਵਿਕ ਹੀ ਹਨ।ਕਿਸੇ ਤਰ•ਾਂ ਦੀ ਨੁਮਾਇੰਦਗੀ ਨਾ ਮਿਲਣ ਕਾਰਨ ਬਾਜਵਾ ਗਰੁੱਪ ਫ਼ਿਲਹਾਲ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ ਜਿਹੜਾ ਕੈਪਟਨ ਲਈ ਕਈ ਪ੍ਰਕਾਰ ਦੀਆ ਉਲਝਣਾਂ ਪੈਦਾ ਕਰ ਸਕਦਾ ਹੈ।ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਦਾ ਮੁੱਦਾ ਵੀ ਅਜੇ ਖੁੱਲ•ਾ ਹੈ ਅਤੇ ਉਹ ਆਹੁਦਾ ਕਿਸੇ ਦਲਿੱਤ ਨੂੰ ਸੋਪੇ ਜਾਣ ਦੀ ਚਰਚਾ ਹੈ। ਕੈਪਟਨ ਦੇ ਹੈਕੜਬਾਜ਼ੀ ਕੰਮਕਾਜੀ ਤਰੀਕੇ ਦੇ ਕਾਰਨ ਚੋਣ ਪ੍ਰਚਾਰ ਕਮੇਟੀ ਦੇ ਆਗੂਆਂ ਦੀ ਸੱਦ ਪੁੱਛ ਨਾ ਹੋਣ ਦੇ ਖਦਸ਼ੇ ਵੀ ਹੁਣੇ ਤੋਂ ਪ੍ਰਗਟਾਏ ਜਾ ਰਹੇ ਹਨ ਪਰ ਕੈਪਟਨ ਨੂੰ ਪੰਜਾਬ ਸਰਕਾਰ ਦੀ ਕਪਤਾਨੀ ਲੋਕਤੰਤਰ ਢੰਗ ਤਰੀਕੇ ਨਾਲ ਚਲਾਉਣ ਲਈ ਆਪਣੇ ਸੁਭਾਅ ਵਿੱਚ ਢੇਰ ਸਾਰੀ ਤਬਦੀਲੀ ਕਰਨੀ ਪਵੇਗੀ।ਭਾਂਵੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਕੈਪਟਨ ਲਈ ਪਾਰਟੀ ਨੂੰ ਮਜਬੂਤ ਕਰਨ ਲਈ ਕਈ ਪ੍ਰਕਾਰ ਦੇ ਪਾਪੜ ਵੇਲਣੇ ਪੈਣਗੇ ਅਤੇ ਸਾਰੇ ਧੜਿਆ ਨੂੰ ਨਾਲ ਲੈ ਕੇ ਚੱਲਣਾਂ ਉਹਨਾਂ ਲਈ ਟੇਢੀ ਖੀਰ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਲਈ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਪੂਰੀ ਤਰ•ਾ ਚੁਨੌਤੀ ਭਰਪੂਰ ਹੋਵੇਗੀ ਅਤੇ ਇਹ ਕਾਂਗਰਸ ਨੇ ਆਪ ਸਹੇੜੀ ਮੁਸ਼ਕਲ ਹੈ ਜਿਹੜੀ ਕੈਪਟਨ ਦੇ ਗਲ ਪੈ ਗਈ ਹੈ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਵਿੱਚ ਸੰਗਤ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਲੋਕਾਂ ਨੂੰ ਗਰਾਂਟਾਂ ਵੀ ਜੰਗੀ ਪੱਧਰ ਤੇ ਵੰਡਣੀਆ ਸ਼ੁਰੂ ਕਰ ਦਿੱਤੀਆ ਹਨ ਪਰ ਸੰਗਤ ਦਰਸ਼ਨਾਂ ਵਿੱਚ ਸਿਰਫ ਉਹ ਲੋਕ ਹੀ ਆ ਰਹੇ ਹਨ ਜਿਹਨਾਂ ਨੇ ਚੈਕ ਲੈਣੇ ਹੁੰਦੇ ਹਨ ਜਦ ਕਿ ਆਮ ਲੋਕ ਗੈਰਹਾਜ਼ਰ ਰਹਿੰਦੇ ਹਨ। ਅਕਾਲੀਆ ਲਈ ਇਹ ਚੋਣ ਵਾਟਰਲੂ ਸਾਬਤ ਹੋਵੇਗੀ ਤੇ ਜੇਕਰ ਅਕਾਲੀ ਹਾਰ ਗਏ ਤਾਂ ਫਿਰ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਹਾਕਮ ਧਿਰ ਦੀ ਹਾਰ ਦਾ ਮੁੱਢ ਬੱਝ ਜਾਵੇਗਾ। ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਦੀ ਕਮਾਂਡ ਕੈਪਟਨ ਲਈ ਸੰਭਲਾਣੀ ਉਸਤਰਿਆ ਦੀ ਮਾਲਾ ਦੇ ਬਰਾਬਰ ਹੋਵੇਗੀ ਤੇ ਉਹਨਾਂ ਲਈ ਇੱਕ ਸਾਲ ਤੱਕ ਸਾਰੇ ਧੜਿਆ ਨੂੰ ਖੁਸ਼ ਰੱਖਣਾ ਵੀ ਚੁਨੌਤੀ ਭਰਪੂਰ ਹੋਵੇਗਾ। ਆਮ ਆਦਮੀ ਪਾਰਟੀ ਦਾ ਨੌਜਵਾਨ ਵਰਗ ਵਿੱਚ ਬੜਾ ਵੱਡਾ ਆਧਾਰ ਹੈ ਤੇ ਨੌਜਵਾਨ ਵਰਗ ਦਿੱਲੀ ਦੀ ਤਰ•ਾ ਅਕਾਲੀ-ਭਾਜਪਾ ਤੇ ਕਾਂਗਰਸ ਦਾ ਸਾਂਝੇ ਰੂਪ ਵਿੱਚ ਸਫਾਇਆ ਕਰਕੇ ਸੱਤਾ ਸੰਭਾਲਣ ਲਈ ਯਤਨਸ਼ੀਲ ਹੈ। ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਤਾਂ ਇਹ ਐਲਾਨ ਵੀ ਕਰ ਦਿੱਤਾ ਹੈ ਕਿ 2017 ਵਿੱਚ ਪੰਜਾਬ ਵਿੱਚ ਅਕਾਲੀ ਭਾਜਪਾ ਤੇ ਕਾਂਗਰਸ ਦਾ ਦਿੱਲੀ ਵਰਗਾ ਹਾਲ ਕਰਕੇ ਉਹ ਪੰਜਾਬ ਵਿੱਚ ਲੋਕਾਂ ਦੀ ”ਆਪ” ਦੀ ਸਰਕਾਰ ਬਣਾਉਣਗੇ। ਕੇਜਰੀਵਾਲ ਨੇ 10 ਦਸੰਬਰ ਤੋ ਪੰਜਾਬ ਵਿੱਚ ਰੈਲੀਆ ਤੇ ਮੀਟਿੰਗਾਂ ਕਰਨ ਦਾ ਸਿਲਸਿਲਾ ਵੀ ਆਰੰਭ ਕਰ ਦੇਣ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਅੰਦਰੁਨੀ ਵਿਰੋਧ ਕਰਨ ਵਾਲਿਆ ਦੇ ਨਾਲ ਨਾਲ ਅਕਾਲੀ ਭਾਜਪਾ ਤੋ ਇਲਾਵਾ ਆਮ ਆਦਮੀ ਪਾਰਟੀ ਦਾ ਵੀ ਸਾਹਮਣਾ ਕਰਨਾ ਪਵੇਗਾ ਅਤੇ ਉਹਨਾਂ ਨੂੰ ਸਿਆਸਤ ਦੇ ਇਸ ਪਿੜ ਵਿੱਚ ਹਰ ਕਦਮ ਫੂਕ ਫੂਕ ਕੇ ਰੱਖਣਾ ਪਵੇਗਾ।