ਪੰਜਾਬ ਦੇ ਲੋਕ ਅਮਨ ਤੇ ਭਾਈਚਾਰਕ ਸਾਂਝ ਦੇ ਮੁਦਈ-ਬਾਦਲ

By November 29, 2015 0 Comments


ਮੋਗਾ: ਇਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਦਭਾਵਨਾ ਰੈਲੀ ਵਿੱਚ ਪੰਜਾਬ ਕਾਂਗਰਸ ਦਾ ਨਵਨਿਯੁਕਤ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਗਾਂਧੀ ਪਰਿਵਾਰ ਨਿਸ਼ਾਨੇ ਉੱਤੇ ਰਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਲੋਕਾਂ ਤੋਂ ਹੱਥ ਖਡ਼੍ਹੇ ਕਰਾ ਕੇ ਅਹਿਦ ਲਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਅਦ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਖ਼ਤਮ ਕਰਨ ਲਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਦੇ ਪਿੱਛੇ ਉਹੀ ਤਾਕਤਾਂ ਹਨ, ਜੋ ਸੂਬੇ ਦੇ ਅਮਨ ਨੂੰ ਲਾਂਬੂ ਲਾ ਕੇ ਕਾਲਾ ਦੌਰ ਲਿਆਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੀਅਾਂ ਘਟਨਾਵਾਂ ਦੀ ਸੀਬੀਆਈ ਨੂੰ ਜਾਂਚ ਸੌਂਪੀ ਗਈ ਹੈ ਅਤੇ ਕੁਝ ਮਹੀਨਿਅਾਂ ’ਚ ਦੋਸ਼ੀ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਚੱਬਾ ਵਿੱਚ ਸਰਬੱਤ ਖਾਲਸਾ ਗਾਂਧੀ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ। ਇਸ ਪਰਿਵਾਰ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦਾ ਇਕੱਠ ਬਠਿੰਡਾ ਰੈਲੀ ਤੋਂ ਵੀ ਵੱਡਾ ਹੈ।

ਖੇਤਾਂ ‘ਚ ਸੱਦੇ ਇਕੱਠ ਨੂੰ ਕੋਈ ਸਰਬੱਤ ਖਾਲਸਾ ਨਹੀਂ ਮੰਨ ਸਕਦਾ-ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਗਾ ਰੈਲੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹਨ | ਉਨ੍ਹਾਂ ਜਜ਼ਬਾਤੀ ਹੁੰਦਿਆਂ ਕਿਹਾ ਕਿ ਖੇਤਾਂ ‘ਚ ਸੱਦੇ ਇਕੱਠ ਨੂੰ ਕੋਈ ਸਰਬੱਤ ਖਾਲਸਾ ਨਹੀਂ ਮੰਨ ਸਕਦਾ ਕਿਉਂਕਿ ਸਰਬੱਤ ਖਾਲਸਾ ਬਲਾਉਣ ਦੀ ਮਰਿਯਾਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਹੁੰਦੀ ਹੈ | ਸਰਬੱਤ ਖਾਲਸਾ ਦੇ ਨਾਂਅ ‘ਤੇ ਕਾਂਗਰਸ ਨੇ ਸਾਜਿਸ਼ ਰਚੀ ਹੈ ਅਤੇ ਅਖੌਤੀ ਆਗੂਆਂ ਨੇ ਵੀ ਪੰਜਾਬ ਨੂੰ ਅੱਗ ਦੀ ਭੱਠੀ ‘ਚ ਝੋਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ | ਜੇਕਰ ਪੰਜਾਬ ‘ਚ ਅੱਗ ਮਚਦੀ ਹੈ ਤਾਂ ਉਸ ‘ਚ ਕਾਂਗਰਸੀ ਵੀ ਸੜਨਗੇ | ਸ਼ਰਾਰਤੀ ਅਨਸਰਾਂ ਨੂੰ ਪੰਜਾਬ ‘ਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ |

ਸਰਬੱਤ ਖਾਲਸਾ ਸੱਦ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ-ਬੀਬੀ ਜਗੀਰ ਕੌਰ
ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੋਗਾ ਰੈਲੀ ‘ਚ ਠਾਠਾਂ ਮਾਰਦਾ ਇਕੱਠ ਸੰਸਾਰ ਦੇ ਲੋਕਾਂ ਨੂੰ ਸੰਦੇਸ਼ ਦੇਵੇਗਾ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਅਖੌਤੀ ਆਗੂਆਂ ਨੇ ਸਰਬੱਤ ਖਾਲਸਾ ‘ਚ ਇਕੱਠ ਕਰਕੇ ਲੋਕਾਂ ਨੂੰ ਗੁੰਮਰਾਹ ਹੀ ਨਹੀਂ ਕੀਤਾ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਵੀ ਢਾਹ ਲਾਈ ਹੈ | ਉਨ੍ਹਾਂ ਕਿਹਾ ਕਿ 1920 ਤੋਂ ਬਾਅਦ ਜਿੰਨੇ ਵੀ ਸਰਬੱਤ ਖਾਲਸਾ ਸੱਦੇ ਗਏ ਹਨ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰਨਾ ਸਿੰਘ ਸਾਹਿਬ ਨੇ ਗੁਰਮਿਤਾ ਕਰਕੇ ਸੱਦੇ ਸਨ | ਸਿੱਖ ਕੌਮ ਤੇ ਪੰਥ ‘ਤੇ ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਦੁਬਿਧਾ ਨੂੰ ਖਤਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖ ਕੌਮ ਲਈ ਸੁਪਰੀਮ ਹੈ ਤੋਂ ਹਮੇਸ਼ਾਂ ਸੰਦੇਸ਼ ਜਾਰੀ ਹੁੰਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਾਂ ਸਾਰੇ ਪ੍ਰਣ ਕਰੀਏ ਕਿ ਅਸੀਂ ਅਖੌਤੀ ਆਗੂਆਂ ਦੀਆਂ ਨਾਪਾਕ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ |

ਅਕਾਲੀ-ਭਾਜਪਾ ਸਰਕਾਰ ਪੰਜਾਬ ਦੇ ਭਾਈਚਾਰੇ ਨੂੰ ਕਿਸੇ ਵੀ ਕੀਮਤ ‘ਤੇ ਟੁੱਟਣ ਨਹੀਂ ਦੇਵੇਗੀ-ਤਰੁਨ ਚੁੱਘ
ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਸਕੱਤਰ ਸ੍ਰੀ ਤਰੁਨ ਚੁੱਘ ਨੇ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਕਰਕੇ ਹਰ ਪੰਜਾਬੀ ਦਾ ਦਿਲ ਦੁਖਿਆ ਹੈ ਤੇ ਭਾਰਤੀ ਜਨਤਾ ਪਾਰਟੀ ਇਸ ਦੀ ਘੋਰ ਨਿੰਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਦੇ ਭਾਈਚਾਰੇ ਨੂੰ ਕਿਸੇ ਵੀ ਕੀਮਤ ‘ਤੇ ਟੁੱਟਣ ਨਹੀਂ ਦੇਵੇਗੀ | ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਚੱਬਾ ਵਿਖੇ ਸਰਬੱਤ ਖਾਲਸਾ ਸੱਦਿਆ ਗਿਆ ਉਥੇ ਕਾਂਗਰਸ ਦੇ ਵਿਧਾਇਕ ਤੇ ਆਗੂ ਕਿਉਂ ਪੁੱਜੇ ਹੋਏ ਸਨ | ਚੁੱਘ ਨੇ ਕਿਹਾ ਕਿ ਇਸ ਪਿਛੇ ਰਾਹੁਲ ਗਾਂਧੀ ਦਾ ਹੁਕਮ ਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਸੀ | ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਸੂਬੇ ‘ਚ ਹਲਾਤ ਵਿਗਾੜਨਾ ਚਾਹੁੰਦੀ ਹੈ | ਜਦੋਂ ਕਿ ਅਕਾਲੀ-ਭਾਜਪਾ ਦਾ ਮੁੱਖ ਆਦੇਸ਼ ਪੰਜਾਬ ਨੂੰ ਕਾਲੇ ਦੌਰ ਤੋਂ ਬਚਾਉਣਾ ਹੈ | ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਵੀ ਤਿੱਖੇ ਹਮਲੇ ਕੀਤੇ |

ਲੋਕ ਫੁੱਟ ਪਾਊ ਤਾਕਤਾਂ ਤੋਂ ਸਾਵਧਾਨ ਰਹਿਣ-ਅਵਤਾਰ ਸਿੰਘ ਹਿੱਤ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਸਿੱਖ ਪੰਥ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਉਨ੍ਹਾਂ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਨੂੰ ਸਿੱਖ ਸਿਧਾਂਤਾ ਅਤੇ ਸਿੱਖ ਮਰਿਯਾਦਾ ਦੇ ਉਲਟ ਦੱਸਿਆ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਫੁੱਟ ਪਾਊ ਤਾਕਤਾਂ ਦੇ ਯਤਨਾਂ ਨੂੰ ਠੱਲ੍ਹ ਪਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾਂ ਮੋਗਾ ਰੈਲੀ ਦੀ ਵੱਡੀ ਸਫਲਤਾ ਲਈ ਜਥੇਦਾਰ ਤੋਤਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਵਧਾਈ ਦਿੱਤੀ |