ਮਾਮਲਾ ਪੁੱਤਰ ਵੱਲੋਂ ਸੋਸ਼ਲ ਮੀਡੀਆ ‘ਤੇ ਸਰਕਾਰ ਖਿਲਾਫ਼ ਪ੍ਰਚਾਰ ਕਰਨ ਦਾ

By November 28, 2015 0 Comments


ਸਰਕਾਰ ਖਿਲਾਫ਼ ਪ੍ਰਚਾਰ ਕਰਨ ਦੇ ਦੋਸ਼ ਤਹਿਤ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਭਰੋਵਾਲ ਸਮੇਤ ਦੋ ਗ੍ਰਿਫ਼ਤਾਰ
bharowal cheema
ਲੁਧਿਆਣਾ: ਪ੍ਰਵਾਸੀ ਭਾਰਤੀਆਂ ਵੱਲੋਂ ਸਰਕਾਰ ਖਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਦੁਖੀ ਹੋਈ ਸਰਕਾਰ ਵੱਲੋਂ ਹੁਣ ਉਨ੍ਹਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਖਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ: ਭਰੋਵਾਲ ਦਾ ਕੈਨੇਡਾ ਰਹਿੰਦਾ ਲੜਕਾ ਰਘਵੀਰ ਸਿੰਘ ਭਰੋਵਾਲ ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਚਾਰ ਕਰ ਰਿਹਾ ਸੀ | ਬੀਤੇ ਦਿਨ ਰਘਵੀਰ ਸਿੰਘ ਨੇ ਅਕਾਲੀ ਦਲ ਵੱਲੋਂ ਬਠਿੰਡਾ ਵਿਚ ਰੱਖੀ ਸਦਭਾਵਨਾ ਰੈਲੀ ਦੇ ਰੱਦ ਹੋਣ ਦੀ ਝੂਠੀ ਇਤਲਾਹ ਫੇਸਬੁੱਕ ‘ਤੇ ਪਾ ਦਿੱਤੀ ਸੀ, ਜਿਸ ‘ਤੇ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਸ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ | ਉਸ ਦਿਨ ਤੋਂ ਹੀ ਸਥਾਨਕ ਪੁਲਿਸ ਵੱਲੋਂ ਉਸ ਦੇ ਪਿਤਾ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਕਥਿਤ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਬੀਤੀ ਰਾਤ ਜਥੇਦਾਰ ਭਰੋਵਾਲ ਅਤੇ ਰਘਵੀਰ ਸਿੰਘ ਭਰੋਵਾਲ ਦੇ ਸਾਲੇ ਜਗਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬਿੰਜਲ ਰਾਏਕੋਟ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਨ੍ਹਾਂ ਦੋਵਾਂ ਖਿਲਾਫ ਧਾਰਾ 294/506/120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਬਣਾਈ ਕਹਾਣੀ ਅਨੁਸਾਰ ਇਹ ਦੋਵੇਂ ਕਥਿਤ ਦੋਸ਼ੀ ਬੀਤੀ ਰਾਤ ਫਿਰੋਜ਼ਪੁਰ ਰੋਡ ਨੇੜੇ ਸਰਕਾਰ ਖਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਸਨ ਅਤੇ ਲੋਕਾਂ ਨੂੰ ਸਰਕਾਰ ਖਿਲਾਫ਼ ਭੜਕਾ ਰਹੇ ਸਨ | ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ | ਅਸ਼ਵਨੀ ਕੁਮਾਰ ਨੇ ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਕਿਹਾ ਕਿ ਜਦੋਂ ਉਨ੍ਹਾਂ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਪਾਰਟੀ ਨੂੰ ਧਮਕੀਆਂ ਵੀ ਦਿੱਤੀਆਂ | ਪੁਲਿਸ ਇਨ੍ਹਾਂ ਕੋਲੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ |

ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀਆਂ ਵਿਚੋਂ ਹਨ | ਉਨ੍ਹਾਂ ਦੇ ਕੈਨੇਡਾ ਰਹਿੰਦੇ ਸਪੁੱਤਰ ਰਘਵੀਰ ਸਿੰਘ ਭਰੋਵਾਲ ਦੇ ਵਿਆਹ ਮੌਕੇ ਸ: ਬਾਦਲ ਉਚੇਚੇ ਤੌਰ ‘ਤੇ ਵਿਆਹ ਰਸਮਾਂ ਵਿਚ ਸ਼ਾਮਿਲ ਹੋਏ ਸਨ | ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾ, ਡਾ: ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਰਜੀਤ ਸਿੰਘ ਰੱਖੜਾ, ਅਜੀਤ ਸਿੰਘ ਕੋਹਾੜ, ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਹੀਰਾ ਸਿੰਘ ਗਾਬੜੀਆ, ਪਰਮਜੀਤ ਸਿੰਘ ਸਿੱਧਵਾਂ ਸਮੇਤ ਸਮੁੱਚੇ ਅਕਾਲੀ ਆਗੂ ਸਮੇਂ-ਸਮੇਂ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ | ਜਥੇਦਾਰ ਭਰੋਵਾਲ ਇਕ ਲੇਖਕ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਅਕੈਡਮੀ ਦੀ ਵਰਕਿੰਗ ਕਮੇਟੀ ਦੇ ਮੈਂਬਰ, ਬਾਬਾ ਫਰੀਦ ਯਾਦਗਾਰੀ ਫਾਉਂਡੇਸ਼ਨ ਦੇ ਚੇਅਰਮੈਨ, ਅੰਤਰਰਾਸ਼ਟਰੀ ਸਿੱਖ ਧਰਮ ਪ੍ਰਚਾਰ ਮੰਚ ਦੇ ਚੇਅਰਮੈਨ ਅਤੇ ਕਈ ਭਾਈਚਾਰਕ ਜਥੇਬੰਦੀਆਂ ਦੇ ਵੀ ਆਗੂਆਂ ਵਿਚੋਂ ਹਨ |