ਗੁਰੂ ਨਾਨਕ ਦੇਵ ਜੀ ਦਾ ਵਿਲੱਖਣ ਚਿੱਤਰ

By November 25, 2015 0 Comments


guru nanak dev ji paintingਜਸਵੰਤ ਸਿੰਘ ਨੇ ਗੁਰੂ ਨਾਨਕ ਦੇਵ ਦੇ ਕਈ ਰੂਪਾਂ ਨੂੰ ਰੰਗਾਂ ਰਾਹੀਂ ਚਿਤਰਿਤ ਕੀਤਾ ਹੈ। ਹਰੇਕ ਤਸਵੀਰ ਗੁਰੂ ਜੀ ਦੇ ਵੱਖੋ-ਵੱਖਰੇ ਅਕਸ ਨੂੰ ਉਭਾਰਦੀ ਹੈ। ਇਸ ਚਿੱਤਰਕਾਰ ਦੁਆਰਾ ਤਿਆਰ ਗੁਰੂ ਨਾਨਕ ਦੇਵ ਜੀ ਦੀ ਛਬਿ ਉਹੋ ਜਿਹੀ ਬਿਲਕੁਲ ਨਹੀਂ ਜਿਸ ਤਰ੍ਹਾਂ ਦੀ ਉਸ ਵੇਲੇ ਪ੍ਰਚੱਲਿਤ ਸੀ।
ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਦੇਖਣ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਨੂੰ ਜਸਵੰਤ ਸਿੰਘ ਦੇ ਚਿੱਤਰ ਦੇਖ ਕੇ ਕੁਝ ਓਪਰਾਪਨ ਮਹਿਸੂਸ ਹੋ ਸਕਦਾ ਹੈ। ਇਹੋ ‘ਓਪਰਾਪਨ ਮਹਿਸੂਸ ਹੋਣਾ’ ਜਸਵੰਤ ਸਿੰਘ ਦੀ ਕਲਾ ਦੀ ਵਿਸ਼ੇਸ਼ਤਾ ਹੈ। ਕਦੇ ਉਹ ਗੁਰੂ ਸਾਹਿਬ ਦਾ ਚਿਹਰਾ ਬਣਾੳੁਂਦਾ ਹੈ, ਕਦੇ ਕਾਰਜ- ਵਿਹਾਰ ਵਿੱਚ ਗੁਰੂ ਸਾਹਿਬ ਦੇ ਕਿਸੇ ਅੰਗ-ਅੰਸ਼ ਨੂੰ ਅਰਥਵਾਨ ਬਣਾ ਕੇ ਪੇਸ਼ ਕਰਦਾ ਹੈ ਅਤੇ ਕਦੇ ਪੂਰਾ ਸਰੀਰ।
ਚਿੱਤਰਕਾਰ ਨੇ ਵਲੀ ਕੰਧਾਰੀ ਵਾਲੀ ਸਾਖੀ ਨੂੰ ਸਾਹਮਣੇ ਰੱਖ ਕੇ ਇੱਕ ਚਿੱਤਰ ਤਿਆਰ ਕੀਤਾ ਹੈ। ਸਫ਼ਰ ਦੌਰਾਨ ਪਿਆਸ ਤੋਂ ਪ੍ਰੇਸ਼ਾਨ ਭਾਈ ਮਰਦਾਨਾ ਜਲ ਪ੍ਰਾਪਤੀ ਲਈ ਵਲੀ ਕੰਧਾਰੀ ਕੋਲ ਜਾਂਦਾ ਹੈ। ਅਸਲ ਵਿੱਚ ਉਹ ਗੁਰੂ ਸਾਹਿਬ ਵੱਲੋਂ ਬੱਝਿਆ ਜਾਂਦਾ ਹੈ। ਹੰਕਾਰ ਭਰਿਆ ਵਲੀ ਕੰਧਾਰੀ ਉੱਚਾ ਬੋਲ ਬੋਲਦਿਆਂ ਕਹਿੰਦਾ ਹੈ, ‘‘ਜੇ ਤੇਰਾ ਗੁਰੂ ਤੇਰੇ ਕਹੇ ਅਨੁਸਾਰ ਵੱਡਾ ਹੈ ਤਾਂ ਉਹ ਤੇਰੀ ਪਿਆਸ ਕਿਉਂ ਨਹੀਂ ਬੁਝਾਉਂਦਾ। ਮੇਰੇ ਕੋਲ ਕਿਉਂ ਭੇਜਦਾ ਹੈ?’’
ਗੁਰੂ ਸਾਹਿਬ ੳੁਦੋਂ ਪਹਾੜ ਵਿਚਾਲਿਓਂ ਪੱਥਰ ਕੱਢਦੇ ਹਨ ਤੇ ਉਸੇ ਥਾਂ ਤੋਂ ਪਾਣੀ ਦਾ ਚਸ਼ਮਾ ਨਿਕਲ ਪੈਂਦਾ ਹੈ। ਉੱਪਰ ਸਥਿਤ ਜਲ ਕੁੰਡ ਦੇ ਪਾਣੀ ਦੀ ਮਿਕਦਾਰ ਘਟਦਿਆਂ ਵੇਖ ਕੇ ਵਲੀ ਕੰਧਾਰੀ ਨੇ ਗੁਰੂ ਸਾਹਿਬ ਵੱਲ ਇੱਕ ਪੱਥਰ ਰੋੜ੍ਹ ਦਿੱਤਾ ਤਾਂ ਕਿ ਉਨ੍ਹਾਂ ਦੇ ਜੀਵਨ ਦਾ ਅੰਤ ਹੋ ਜਾਵੇ ਪਰ ਉਸ ਦੇ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ ਤੇ ਗੁਰੂ ਨਾਨਕ ਦੇਵ ਜੀ ਉਸ ਵੱਡੇ ਪੱਥਰ ਨੂੰ ਹੱਥ ਦੇ ਕੇ ਰੋਕ ਲੈਂਦੇ ਹਨ। ਇਹ ਵੇਖ ਕੇ ਵਲੀ ਕੰਧਾਰੀ ਦਾ ਹੰਕਾਰ ਟੁੱਟ ਜਾਂਦਾ ਹੈ ਅਤੇ ਉਹ ਗੁਰੂ ਸਾਹਿਬ ਦੇ ਚਰਨੀਂ ਆ ਪੈਂਦਾ ਹੈ।
ਸਾਖੀ ਦਾ ਨਾਇਕ ਹੀ ਇਸ ਤਸਵੀਰ ਦੇ ਕੇਂਦਰ ਵਿੱਚ ਹੈ। ਗੁਰੂ ਨਾਨਕ ਦੇਵ ਜੀ ਆਪਣਾ ਸੱਜਾ ਹੱਥ ਉਤਾਂਹ ਵੱਲ ਕਰ ਕੇ ਆਪਣੇ ਵੱਲ ਆ ਰਹੇ ਵੱਡੇ ਪੱਥਰ ਨੂੰ ਰੋਕਣ ਦੀ ਮੁਦਰਾ ਵਿੱਚ ਹਨ। ਪੱਥਰ ਅਤੇ ਹੱਥ ਵਿਚਾਲੇ ਅਜੇ ਮੇਲ ਨਹੀਂ ਹੋਇਆ। ਕਥਾ ਸਾਹਿਤ ਵੱਲ ਮੁੜੀਏ ਤਾਂ ਸਭ ਨੂੰ ਪਤਾ ਹੈ ਕਿ ਕੀ ਹੋਇਆ ਸੀ ਪਰ ਚਿੱਤਰਕਾਰ ਕਥਾ ਦੇ ਸਿਰਜਣਾਤਮਕ ਪੱਖ ਤੋਂ ਐਨ ਪਹਿਲਾਂ ਦੀ ਛਬਿ ਉਲੀਕ ਕੇ ਹੋਣ ਜਾਂ ਨਾ ਹੋਣ ਦਾ ਦਵੰਦ ਉਭਾਰ ਦਿੰਦਾ ਹੈ। ਇਹ ਪਹੁੰਚ ਰਚਨਾ ਨੂੰ ਚਿੱਤਰਕਾਰੀ ਦੇ ਪੱਖੋਂ ਆਕਰਸ਼ਕ ਬਣਾਉਂਦੀ ਹੈ।
ਇਹ ਚਿੱਤਰ ਉਸ ਗੁਰੂ ਬਾਰੇ ਕੁਝ ਕਹਿ ਰਿਹਾ ਹੈ, ਜੋ ਘਰ ਦਾ ਤਿਆਗ ਕਰ ਚੁੱਕਾ ਹੈ। ਹੁਣ ‘ਮਾਰਗ’ ਹੀ ਉਸ ਦਾ ਅਸਲ ਘਰ ਹੈ, ਗਾਰੇ-ਪੱਥਰ ਨਾਲ ਬਣਿਆ ਘਰ ਨਹੀਂ। ਜਸਵੰਤ ਸਿੰਘ ਦੇ ਗੁਰੂ ਨਾਨਕ ਦੇਵ ਇਸੇ ਮਾਹੌਲ ਵਿੱਚ ਰੂਪ ਧਾਰਦੇ ਹਨ। ਇਹ ਦ੍ਰਿਸ਼ ਆਪਣੇ-ਆਪ ਵਿੱਚ ਪੂਰਾ ਹੈ ਪਰ ਪ੍ਰਸ਼ਨ ਇਹ ੳੁੱਠਦਾ ਹੈ ਕਿ ਕੀ ਇਹ ਇੱਕ ਇਕਾਈ ਨੂੰ ਸਮਰਪਿਤ ‘ਪੂਰਾ ਦ੍ਰਿਸ਼’ ਹੈ ਜਵਾਬ ਹੈ, ਨਹੀਂ। ਇਹ ਪੂਰੀ ਗੱਲ ਕਹਿਣ ਵਾਲਾ ਅਧੂਰੀਆਂ ਇਕਾਈਆਂ ਵਾਲਾ ਦ੍ਰਿਸ਼ ਹੈ।
ਸਭ ਤੋਂ ਪਹਿਲਾਂ ਪਿਛੋਕੜ ਵਾਲਾ ਜੰਗਲ ਲੈਂਦੇ ਹਾਂ। ਸਾਰੇ ਕੈਨਵਸ ਉੱਪਰ ਇੱਕ ਪਾਸੇ ਤੋਂ ਦੂਜੇ ਪਾਸੇ ਤਕ ਇਹੋ ਜੰਗਲ ਪਸਰਿਆ ਹੋਇਆ ਹੈ ਅਤੇ ਵੱਡੇ ਆਕਾਰ ਦਾ ਨਿਗੁਣਾ ਅੰਸ਼ ਮਾਤਰ ਹੈ। ਦੂਜੀ ਵੱਡੀ ਇਕਾਈ, ਜੋ ਦ੍ਰਿਸ਼ ਦਾ ਕਾਰਣ-ਕਾਰਜ ਸਬੰਧ ਰਚਦੀ ਹੈ, ਵਲੀ ਕੰਧਾਰੀ ਵੱਲੋਂ ਰੋੜ੍ਹਿਆ ਪੱਥਰ ਹੈ। ਇਹ ਵੱਡੇ ਰੂਪ ਦਾ ਅੰਕ ਹੀ ਹੈ। ਜੋ ਦਿਖਦਾ ਹੈ, ਉਸ ਤੋਂ ਜੇ ਅਨੁਮਾਨ ਲਾਇਆ ਜਾਵੇ ਤਾਂ ਪੱਥਰ ਦਾ ਆਕਾਰ ਹੈਰਾਨਕੁਨ ਹੋਵੇਗਾ। ਫਿਰ ਉਸੇ ਅਨੁਰੂਪ ਵਿੱਚ ਮਨੁੱਖੀ ਸਰੀਰਾਂ (ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ) ਨੂੰ ਦੇਖਣਾ ਦਰਸ਼ਕ ਦੀ ਸੋਚ ਨੂੰ ਅਚੰਭਿਤ ਕਰਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਬੈਠੇ ਹੋਏ ਹਨ ਜਾਂ ਖੜ੍ਹੇ ਹੋਏ ਕਿਉਂਕਿ ਮਨੁੱਖੀ ਸਰੀਰ ਪੂਰੇ ਆਕਾਰ ਵਾਲੇ ਨਹੀਂ ਹਨ। ਦੇਖਣ ਵਾਲਾ ਦੋਹਾਂ ਅਵਸਥਾਵਾਂ ਦੀ ਕਲਪਨਾ ਕਰ ਸਕਦਾ ਹੈ।
ਚਿੱਤਰਕਾਰ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸੇਵਕ ਨੂੰ ਇੱਕੋ ਜਿਹੇ ਰੂਪ ਵਿੱਚ ਨਹੀਂ ਬਣਾਇਆ, ਦੋਹਾਂ ਵਿਚਾਲੇ ਅੰਤਰ ਹੈ ਅਤੇ ਇਹ ਸਮ ਪ੍ਰਕਿਰਤੀ ਦਾ ਕਦੇ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੇ ਚਿਹਰੇ ਇੱਕ ਚਸ਼ਮਾ ਹਨ ਅਤੇ ਦੋਹਾਂ ਦੀਆਂ ਨਜ਼ਰਾਂ ਆ ਰਹੇ ਸੰਕਟ (ਪੱਥਰ) ਵੱਲ ਸੇਧੀਆਂ ਹੋਈਆਂ ਹਨ। ਇੰਨੀ ਕੁ ਸਮਾਨਤਾ ਤੋਂ ਬਾਅਦ ਵੱਡੀ ਅਸਮਾਨਤਾ ਦਾ ਆਧਾਰ ਸੰਕਟ ਪ੍ਰਤੀ ਹੋਣ ਵਾਲੇ ਪ੍ਰਤੀਕਰਮ ਵਿੱਚ ਵਿਆਪਤ ਹੈ। ਗੁਰੂ ਸਾਹਿਬ ਦਾ ਚਿਹਰਾ ਅਧਿਆਤਮ, ਯਾਤਰਾਵਾਂ ਦੇ ਅਨੁਭਵਾਂ ਅਤੇ ਚੰਗੇ-ਮਾੜੇ ਮੌਸਮਾਂ ਦੇ ਅਸਰਾਂ ਦੀ ਝਲਕ ਪੇਸ਼ ਕਰਦਾ ਹੈ। ਦੂਜੇ ਪਾਸੇ ਦਿਨ-ਰਾਤ ਗੁਰੂ ਜੀ ਦਾ ਸਾਥ ਦੇਣ ਵਾਲੇ ਭਾਈ ਮਰਦਾਨਾ ਦੇ ਚਿਹਰੇ ਉੱਪਰੋਂ ਦੁਨਿਆਵੀ ਪ੍ਰਤੀਕਰਮ ਉੱਭਰ ਰਹੇ ਹਨ। ਭੈਅਭੀਅ ਚਿਹਰੇ ਕੋਲ ਅਭਿਵਿਅਕਤੀ ਤਾਂ ਹੈ ਪਰ ਸਰੀਰਕ ਪ੍ਰਤੀਕਰਮ ਨਹੀਂ। ਚੱਲ ਤਾਂ ਦੋਵੇਂ ਇੱਕ ਹੀ ਰਸਤੇ ’ਤੇ ਰਹੇ ਹਨ ਪਰ ਇਸ ਦੇ ਬਾਵਜੂਦ ਵੱਖਰਤਾ ਵਿਦਮਾਨ ਹੈ।
ਸੰਕਟ ਨੂੰ ਦੂਰ ਕਰਨ ਲੲੀ ਗੁਰੂ ਨਾਨਕ ਦੇਵ ਮੌਜੂਦ ਹਨ। ਉਨ੍ਹਾਂ ਦਾ ਸੰਗੀ ਤਾਂ ਜਿਵੇਂ ਘਟਨਾ ਦਾ ਸਾਥੀ ਹੈ। ਅੱਗੜ-ਪਿੱਛੜ ਦੋਹਾਂ ਚਿਹਰਿਆਂ ਦੀ ‘ਪਲੇਅਮੈਂਟ’ ਵਿਰੋਧਾਭਾਸ ਰਚਦੀ ਹੈ। ਇਹ ਚਿੱਤਰ ਦਾ ਗੁਣ ਹੈ, ਚਿੱਤਰਕਾਰ ਦੀ ਕਲਪਨਾ ਦੀ ਪੇਸ਼ਕਾਰੀ ਵੀ ਕਹੀ ਜਾ ਸਕਦੀ ਹੈ।
ਰੁੜ੍ਹੇ ਆ ਰਹੇ ਪੱਥਰ ਨੂੰ ਰੋਕਣ ਵਾਸਤੇ ਸੱਜੇ ਹੱਥ ਦਾ ਪੰਜਾ ਅਗਾਂਹ ਵਧਿਆ ਹਇਆ ਹੈ। ਪੂਰੇ ਜਿਸਮ ਦੀ ਬਣਾਵਟ ਅਜਿਹਾ ਪ੍ਰਭਾਵ ਦਿੰਦੀ ਹੈ ਕਿ ਸੰਕਟ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਬਾਂਹ ਬਿਲਕੁਲ ਸਿੱਧੀ ਨਹੀਂ, ਬਹੁਤ ਹਲਕੀ ‘ਕਰਵ’ ਮਹਿਸੂਸ ਕੀਤੀ ਜਾ ਸਕਦੀ ਹੈ। ਚਿੱਤਰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਨਾਲ ਲੱਗਣ ਤੋਂ ਪਹਿਲਾਂ ਹੀ ਉਸ ਚੱਟਾਨ ਨੂੰ ਰੋਕ ਦਿੱਤਾ ਹੈ। ਖੁੱਲ੍ਹਾ ਪੰਜਾ ਆਤਮ- ਵਿਸ਼ਵਾਸ ਤੇ ਆਮਦ ਦਾ ਸੰਕੇਤ ਵੀ ਹੈ।
ਗੁਰੂ ਸਾਹਿਬ ਦੀ ਦ੍ਰਿਸ਼ਟੀ ਸਥਿਰ, ਇੱਕੋ ਥਾਂ ’ਤੇ ਕੇਂਦਰਿਤ ਹੈ। ਦਿੱਖ ਸਹਿਜ ਹੈ, ਭਾਈ ਮਰਦਾਨੇ ਦੀ ਦ੍ਰਿਸ਼ਟੀ ਵਾਂਗ ਅਸਹਿਜ ਨਹੀਂ ਹੈ। ਭਾਵੇਂ ਭਾਈ ਮਰਦਾਨੇ ਦੀ ਦ੍ਰਿਸ਼ਟੀ ਵੀ ਆ ਰਹੇ ਪਹਾੜ ਵੱਲ ਹੀ ਕੇਂਦਰਿਤ ਹੈ। ਦ੍ਰਿਸ਼ਟੀ ਦੇ ਨਾਲ-ਨਾਲ ਤਾਕਤ ਦਾ ਅੰਤਰ ਵੀ ਹੈ। ਇਹ ਚਿੱਤਰ ਵਾਪਰ ਚੁੱਕੇ ਕੌਤਕ ਨੂੰ ‘ਵਾਪਰਦਾ ਹੋਇਆ’ ਪੇਂਟ ਕਰਦਾ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ: ਯਾਤਰਾ ਕਰਦਾ ਵਿਅਕਤੀ ਆਪਣੀਆਂ ਜ਼ਰੂਰਤਾਂ ਨੂੰ ਵਿਸਥਾਰਤ ਨਹੀਂ ਕਰਦਾ ਸਗੋਂ ਸੰਕੋਚਦਾ ਰਹਿੰਦਾ ਹੈ। ਜਸਵੰਤ ਸਿੰਘ ਦੀ ਰਚਨਾ ਇਸ ਨੂੰ ਰੇਖਾਂਕਿਤ ਕਰਦੀ ਹੈ। ਇਸ ਰਚਨਾ ਵਿੱਚ ਗੁਰੂ ਸਾਹਿਬ ਅਤੇ ਭਾਈ ਮਰਦਾਨੇ ਦੇ ਵਸਤਰ ਉਸ ਰੂਪ-ਰੰਗਤ ਵਰਗੇ ਨਹੀਂ, ਜਿਹੜੇ ਦੂਸਰੇ ਕਲਾਕਾਰ ਅਕਸਰ ਦਿਖਾਉਂਦੇ ਰਹਿੰਦੇ ਹਨ। ਗੁਰੂ ਸਾਹਿਬ ਦੇ ਸਿਰ ਸਜੀ ਪੱਗ ਆਮ ਨਾਲੋਂ ਹਟਵੀਂ ਹੈ। ਇਹ ਬਣੀ-ਸੰਵਰੀ ਤੇ ਪੋਚਵੀਂ ਨਹੀਂ ਹੈ। ਗਲ ਪਾਇਆ ਪੀਲਾ ਭਗਵਾਂ ਚੋਲਾ ਵੀ ਖੁੱਲ੍ਹਾ-ਡੁੱਲ੍ਹਾ ਹੈ। ਮੋਢੇ ’ਤੇ ਕੰਬਲੀ ਰੱਖੀ ਹੋਈ ਹੈ। ਇਸੇ ਤਰ੍ਹਾਂ ਭਾਈ ਮਰਦਾਨੇ ਦੇ ਸਿਰ ਸਫੈਦ ਪੱਗ, ਤੇਡ਼ ਚੋਲਾ ਅਤੇ ਮੋਢੇ ਉੱਪਰ ਹਲਕੇ ਮਟਿਆਲੇ ਰੰਗ ਦੀ ਕੰਬਲੀ ਹੈ।
ਚਿੱਤਰ ਵਿੱਚ ਕੁਝ ਵੀ ਸਜਾਵਟੀ ਪ੍ਰਤੀਤ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਦਾ ਚਿਹਰਾ ਬਨਾਵਟੀ ਲਾਲੀ ਵਾਲਾ ਨਹੀਂ ਜਿਵੇਂ ਕਿ ਆਮ ਤੌਰ ’ਤੇ ਚਿੱਤਰਾਂ ਵਿੱਚ ਦਿਖਾਇਆ ਜਾਂਦਾ ਹੈ। ਇਹ ਚਿਹਰਾ ਘੁਮੱਕੜੀ, ਮੌਸਮ ਅਤੇ ਅਧਿਆਤਮਿਕ ਰੰਗ ਨਾਲ ਰੰਗਿਆ ਲੱਗਦਾ ਹੈ। ਇਸ ਦੇ ਮੁਕਾਬਲੇ ਭਾਈ ਮਰਦਾਨੇ ਦਾ ਚਿਹਰਾ ਨਾਟਕੀ ਅਤੇ ਸਿਆਹ ਰੰਗਤ ਵਾਲਾ ਹੈ।
ਭਾਈ ਮਰਦਾਨੇ ਦੇ ਚਿਹਰੇ ਦਾ ਆਕਾਰ ਵੱਡਾ ਹੈ। ਅੱਖਾਂ ਦੇ ਡੇਲੇ ਜਿਵੇਂ ਬਾਹਰ ਨਿਕਲਣ ਵਾਲੇ ਹਨ ਪਰ ਗੁਰੂ ਜੀ ਸ਼ਾਂਤਚਿੱਤ ਹਨ। ਜੋ ਦੇਖ ਰਿਹਾ ਹੈ, ਉਹ ਵਿਚਲਿਤ ਹੈ ਪਰ ਜੋ ਸਮੱਸਿਆ ਨੂੰ ਨਜਿੱਠ ਰਿਹਾ ਹੈ, ੳੁਹ ਸਥਿਰ ਹੈ।
ਸਾਰਾ ਵਾਕਿਆ ਜੰਗਲ ਦਾ ਹੈ, ਜਿੱਥੇ ਹਰ ਪਲ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਪਰ ਹਰ ਬਦਲਾਵ ਨੂੰ ਦੇਖਣ-ਦੱਸਣ ਵਾਲਾ ਕੋਈ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਅਤੇ ਵਲੀ ਕੰਧਾਰੀ ਵਾਲੀ ਘਟਨਾ ਲੋਕ ਮਨ ਦਾ ਇਤਿਹਾਸ ਬਣ ਕੇ ਹੁਣ ਤਕ ਤੁਰੀ ਆ ਰਹੀ ਹੈ। ਚਿੱਤਰਕਾਰ ਉਸੇ ਘਟਨਾਕ੍ਰਮ ਨੂੰ ਦ੍ਰਿਸ਼ ਰੂਪ ਵਿੱਚ ਪੇਸ਼ ਕਰ ਰਿਹਾ ਹੈ।
ਜਗਤਾਰਜੀਤ
ਮੋਬਾੲੀਲ: 98990-91186
Tags:
Posted in: ਸਾਹਿਤ