ਬਾਬਾ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰੇ

By November 25, 2015 0 Comments


gurdwara ber sahib

ਵਿਰਾਸਤੀ ਸ਼ਹਿਰ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਰਹੀ ਹੈ। ਪਹਿਲੀ ਤੋਂ ਛੇਵੀਂ ਸਦੀ ਤਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਕੇਂਦਰ ਰਿਹਾ ਹੈ। ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਾਂ ਸਰਵਮਾਨਪੁਰ ਸੀ। ਬੁੱਧ ਧਰਮ ਦੀ ਪ੍ਰਾਚੀਨ ਪੁਸਤਕ ‘ਅਭਿਨਵ ਪੁਸਤਵਾ’ ਲੇਖਕ ਕਿਤਨਾਇਆ ਨੇ ਇਸੇ ਸ਼ਹਿਰ ਵਿੱਚ ਲਿਖੀ ਸੀ। ਹਿੰਦੂ ਸ਼ਹਿਰ ਹੋਣ ਕਾਰਨ ਮੁਹੰਮਦ ਗ਼ਜ਼ਨਵੀ ਨੇ ਸੁਲਤਾਨਪੁਰ ਨੂੰ ਅੱਗ ਲਾ ਕੇ ਤਬਾਹ ਕਰ ਦਿੱਤਾ ਸੀ ਤੇ ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੀ। ਪੰਜਾਬ ਦੇ ਹਾਕਮ ਮੁਹੰਮਦਖ਼ਾਨ ਸ਼ਹਿਜ਼ਾਦਾ ਸੁਲਤਾਨਖ਼ਾਨ ਇੱਥੋਂ ਦੀ ਲੰਘਿਆ ਤਾਂ ਇਸ ਇਲਾਕੇ ਦੀ ਹਰਿਆਲੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੁਡ਼ ਇਸ ਸ਼ਹਿਰ ਦਾ ਨਿਰਮਾਣ ਸੁਲਤਾਨਪੁਰ ਲੋਧੀ ਦੇ ਨਾਂ ’ਤੇ ਹੋਇਆ। ਸੁਲਤਾਨਪੁਰ ਲੋਧੀ ਦਿੱਲੀ ਤੋਂ ਲਾਹੌਰ ਜਾਣ ਦਾ ਵਪਾਰਕ ਮਾਰਗ ਵੀ ਰਿਹਾ। ਉਸ ਸਮੇਂ ਸ਼ਹਿਰ ਵਿੱਚ 32 ਬਾਜ਼ਾਰ ਤੇ 5600 ਦੁਕਾਨਾਂ ਹੁੰਦੀਆਂ ਸਨ। ਕਿਸੇ ਸਮੇਂ ਇਹ ਇਸਲਾਮਿਕ ਸਿਖਿਆ ਦਾ ਮੁੱਖ ਕੇਂਦਰ ਵੀ ਸੀ। ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਤੇ ਮੌਜੂਦਾ ਸਮੇਂ ਸੁਲਤਾਨਪੁਰ ਲੋਧੀ ਸਿੱਖ ਧਰਮ ਦਾ ਵੱਡਾ ਕੇਂਦਰ ਹੈ।
ਸੁਲਤਾਨਪੁਰ ਲੋਧੀ ਵਿੱਚ ਸੱਤ ਗੁਰਦੁਆਰੇ ਹਨ। ਹਰੇਕ ਗੁਰਦੁਆਰੇ ਦਾ ਆਪਣਾ ਇਤਿਹਾਸ ਹੈ। ੳੁਂਜ ਤਾਂ ਇੱਥੇ ਪੂਰਾ ਸਾਲ ਸੰਗਤਾਂ ਦਰਸ਼ਨਾਂ ਲਈ ਆੳੁਂਦੀਆਂ ਰਹਿੰਦੀਆਂ ਹਨ ਪਰ ਗੁਰੂ ਜੀ ਦੇ ਜਨਮ ਦਿਵਸ ਮੌਕੇ ਇੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਾਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਤੇ ਜੀਜਾ ਜੈ ਰਾਮ ਨੂੰ ਗੁਰੂ ਜੀ ਦੇ ਮਾਤਾ ਪਿਤਾ ਨੇ ਨਵਾਬ ਦੌਲਤ ਖਾਂ ਦੇ ਦਰਬਾਰ ਵਿੱਚ ਨੌਕਰੀ ਲੱਭਣ ਦੀ ਗੁਜ਼ਾਰਿਸ਼ ਕੀਤੀ। ਭਾਈ ਜੈ ਰਾਮ ਦੇ ਸੱਦੇ ’ਤੇ ਗੁਰੂ ਜੀ ਸੁਲਤਾਨਪੁਰ ਲੋਧੀ ਗਏ ਤੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕਰਨ ਲੱਗ ਪਏ। ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਤੇ ਗੁਰੂ ਜੀ ਉਨ੍ਹਾਂ ਨੂੰ ਵੀ ਇੱਥੇ ਹੀ ਲੈ ਆਏ। ਸੁਲਤਾਨਪੁਰ ਦੀ ਧਰਤੀ ਤੋਂ ਹੀ ਗੁਰੂ ਜੀ ਨੇ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕੀਤਾ ਅਤੇ ਇੱਥੋਂ ਵੱਖ-ਵੱਖ ਦਿਸ਼ਾਵਾਂ ਵੱਲ ਜਾ ਕੇ ਮੁਨੱਖਤਾ ਦੇ ਭਲੇ ਲਈ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਇਸੇ ਕਰਕੇ ਸੁਲਤਾਨਪੁਰ ਲੋਧੀ ਨੂੰ ਸਿੱਖ ਪਵਿੱਤਰ ਅਸਥਾਨ ਦਾ ਦਰਜਾ ਦਿੰਦੇ ਹਨ। ਸੁਲਤਾਨਪੁਰ ਲੋਧੀ ਵਿਚਲੇ ਕੁਝ ਪ੍ਰਸਿੱਧ ਗੁਰਦੁਆਰੇ ਇਹ ਹਨ:

gurdwara bebe nanki

ਗੁਰਦੁਆਰਾ ਬੇਰ ਸਾਹਿਬ: ਗੁਰੂ ਨਾਨਕ ਦੇਵ ਜੀ ਪਵਿੱਤਰ ਕਾਲੀ ਵੇਈਂ ਵਿੱਚ ਹਰ ਰੋਜ਼ ਇਸ਼ਨਾਨ ਕਰ ਕੇ ਭਗਤੀ ਕਰਿਆ ਕਰਦੇ ਸਨ। ਇੱਥੇ ਹੀ ਕਾਲੀਂ ਵੇੲੀਂ ਦੇ ਕੰਢੇ ਮੌਜੂਦਾ ਸਮੇਂ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ, ਜਿਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਆਪਣੇ ਹੱਥੀਂ ਬੇਰੀ ਦਾ ਬੂਟਾ ਲਾਇਆ ਸੀ, ਜੋ ਅੱਜ ਵੀ ਮੌਜੂਦ ਹੈ।
ਗੁਰਦੁਆਰਾ ਸੰਤ ਘਾਟ: ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ’ਤੇ ਪ੍ਰਗਟ ਹੋਏ ਸਨ, ਉੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਮੂਲਮੰਤਰ ਦਾ ਉਚਾਰਨ ਕੀਤਾ ਸੀ। ਇੱਥੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ।
ਗੁਰਦੁਆਰਾ ਹੱਟ ਸਾਹਿਬ: ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਹੱਟ ਸਾਹਿਬ ਮੌਜੂਦ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਕੋਲ ਨੌਕਰੀ ਕਰਦੇ ਸਨ। ਦੌਲਤ ਖਾਂ ਨੇ ਗੁਰੂ ਜੀ ਦੇ ਕੰਮ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ ਪਰ ਗੁਰੂ ਸਾਹਿਬ ਨੇ ਇਹ ਲੈਣ ਤੋਂ ਇਨਕਾਰ ਕਰਦਿਆਂ ਇਸ ਨੂੰ ਲੋੜਵੰਦਾਂ ਵਿੱਚ ਵੰਡਣ ਲਈ ਕਿਹਾ। ਜਿਨ੍ਹਾਂ ਵੱਟਿਆਂ ਨਾਲ ਗੁਰੂ ਜੀ ਗ਼ਰੀਬਾ ਲਈ ਤੇਰਾਂ-ਤੇਰਾਂ ਕਰ ਕੇ ਤੋਲਦੇ ਸਨ, ਉਹ ਪਵਿੱਤਰ ਵੱਟੇ ਅੱਜ ਵੀ ਇੱਥੇ ਮੌਜੂਦ ਹਨ।
ਗੁਰਦੁਆਰਾ ਕੋਠੜੀ ਸਾਹਿਬ: ਗੁਰਦੁਆਰਾ ਹੱਟ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ। ਲੋਕਾਂ ਦੀ ਸ਼ਿਕਾਇਤ ’ਤੇ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਕੋਠੜੀ ਵਿੱਚ ਬੰਦ ਕਰ ਕੇ ਰੱਖਿਆ ਸੀ। ਲੋਕਾਂ ਨੇ ਨਵਾਬ ਦੌਲਤ ਖਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰੂ ਜੀ ਵੱਧ ਤੋਲ ਕੇ ਮੋਦੀਖਾਨੇ ਨੂੰ ਘਾਟਾ ਪਾ ਰਹੇ ਹਨ। ਜਦੋਂ ਮੋਦੀਖਾਨੇ ਦਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਗੁਰੂ ਜੀ ਦੇ 760 ਰੁਪਏ ਵੱਧ ਨਿਕਲੇ।
ਗੁਰਦੁਆਰਾ ਗੁਰੂ ਕਾ ਬਾਗ਼: ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਭਾਈ ਜੈ ਰਾਮ ਤੇ ਬੇਬੇ ਨਾਨਕੀ ਦੇ ਬੁਲਾਉਣ ’ਤੇ ਸਭ ਤੋਂ ਪਹਿਲਾਂ ਇਸ ਸਥਾਨ ’ਤੇ ਆਏ ਸਨ। ਇੱਥੇ ਹੀ ਗੁਰੂ ਜੀ ਦਾ ਘਰ ਹੁੰਦਾ ਸੀ ਤੇ ਗੁਰੂ ਜੀ ਦੇ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਦਾ ਜਨਮ ਵੀ ਇੱਥੇ ਹੀ ਹੋਇਆ ਸੀ। ਇੱਥੇ ਹੀ ਬੇਬੇ ਨਾਨਕੀ ਜੀ ਗੁਰੂ ਜੀ ਲਈ ਲੰਗਰ ਤਿਆਰ ਕਰਿਆ ਕ। ਇਸ ਅਸਥਾਨ ’ਤੇ ਗੁਰੂ ਜੀ ਦੇ ਸਮੇਂ ਦਾ ਖੂਹ ਵੀ ਸਥਿਤ ਹੈ।
ਗੁਰਦੁਆਰਾ ਸੇਹਰਾ ਸਾਹਿਬ ਤੇ ਬੇਬੇ ਨਾਨਕੀ ਜੀ: ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਸੇਹਰਾ ਸਾਹਿਬ ਅਤੇ ਗੁਰੂ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨਾਲ ਸਬੰਧਿਤ ਗੁਰਦੁਆਰਾ ਵੀ ਮੌਜੂਦ ਹੈ।
ਪਵਿੱਤਰ ਕਾਲੀ ਵੇਈਂ: ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸੰਤ ਘਾਟ ਕੋਲੋਂ ਲੰਘਦੀ ਪਵਿੱਤਰ ਕਾਲੀ ਵੇਈਂ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ 14 ਸਾਲ 9 ਮਹੀਨੇ 13 ਦਿਨ ਦੀ ਠਹਿਰ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਤੇ ਇਸ ਦੇ ਕਿਨਾਰੇ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਰਹੇ। ਇੱਕ ਦਿਨ ਇਸੇ ਵੇਈਂ ਵਿੱਚ ਟੁੱਭੀ ਮਾਰ ਕੇ ਤਿੰਨ ਦਿਨ ਲੋਪ ਰਹਿਣ ਪਿੱਛੋਂ ਗੁਰੂ ਸਾਹਿਬ ਨੇ 1507 ਈਸਵੀ ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ। ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀ ਕੇ ਪੱਤਣ ਨੇੜੇ ਮੁੜ ਬਿਆਸ ਵਿੱਚ ਸਮਾ ਜਾਣ ਵਾਲੀ ਇਸ ਪਵਿੱਤਰ ਵੇਈਂ ਨੂੰ ਸਿੱਖ ਧਰਮ ਦਾ ਪਹਿਲਾ ਤੀਰਥ ਅਸਥਾਨ ਹੋਣ ਦਾ ਮਾਣ ਵੀ ਹਾਸਲ ਹੈ।
ਇੰਦਰਜੀਤ ਸਿੰਘ
ਮੋਬਾੲੀਲ: 96536-67011




Tags:
Posted in: ਸਾਹਿਤ