ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ

By November 25, 2015 0 Comments


guru nanak dev ji 3
ਗੁਰੂ ਨਾਨਕ ਨੇ ਸੋਚਾਂ ‘ਚੋਂ ਅਡੰਬਰ ਚੂਰ ਕੀਤਾ ਹੈ |
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
ਹੈ ਇਕੋ ਰੱਬ ਐਪਰ ਉਸ ਦੀਆਂ ਬੇਅੰਤ ਰਚਨਾਵਾਂ,
ਇਹ ਸਾਗਰ, ਝੀਲਾਂ, ਪਰਬਤ, ਧਰਤ ਤੇ ਅਸਮਾਨ ਕਿੰਨੇ ਨੇ |
ਇਹ ਜੰਮਣ-ਮਰਨ ਦਾ ਸਿਧਾਂਤ ਵੇਖੋ ਹੈ ਅਜਬ ਕਿੰਨਾ,
ਜ਼ਮੀਂ ‘ਤੇ ਆਉਂਦੇ-ਜਾਂਦੇ ਓਸਦੇ ਮਹਿਮਾਨ ਕਿੰਨੇ ਨੇ |
ਕੋਈ ਰੰਜ਼ੂਰ ਕੀਤਾ ਹੈ ਕੋਈ ਮਸਰੂਰ ਕੀਤਾ ਹੈ |
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
ਜੇ ਸੋਚਾਂ ਵਿਚ ਹੋਏ ਹਨੇਰਾ ਨੇਤਰਹੀਣ ਹੈ ਬੰਦਾ,
ਕਿਸੇ ਰੋਸ਼ਨ ਸਿਤਾਰੇ ਦੀ ਉਹਨੂੰ ਝਿਲਮਿਲ ਨਹੀਂ ਮਿਲਦੀ,
ਹਮੇਸ਼ਾ ਲੋੜ ਰਹਿੰਦੀ ਰਹਿਨੁਮਾ ਦੀ ਹਰ ਮੁਸਾਫਿਰ ਨੂੰ ,
ਜਿਹਨੂੰ ਰਸਤਾ ਨਹੀਂ ਮਿਲਦਾ, ਉਹਨੂੰ ਮੰਜ਼ਿਲ ਨਹੀਂ ਮਿਲਦੀ |
ਇਸੇ ਨਾਜ਼ੁਕ ਖਿਆਲੀ ਨੂੰ ਉਨ੍ਹਾਂ ਭਰਪੂਰ ਕੀਤਾ ਹੈ,
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
ਕਿਸੇ ਦਾ ਕਰਕੇ ਸ਼ੋਸ਼ਣ ਆਪਣਾ ਘਰ-ਬਾਰ ਭਰ ਲੈਣਾ,
ਇਹ ਰੱਬ ਦੇ ਦਿੱਤੇ ਜੀਵਨ ਦੀ ਅਮਾਨਤ ਵਿਚ ਖਿਆਨਤ ਹੈ |
ਕਿਸੇ ਦੇ ਖੂਨ ਵਿਚ ਭਿੱਜੀ ਹੋਈ ਬੁਰਕੀ ਨਹੀਂ ਖਾਣੀ,
ਕਮਾਈ ਹੱਕ ਦੀ ਖਾਣਾ ਇਹੀ ਸੱਚੀ ਇਬਾਦਤ ਹੈ |
ਮਲਿਕ ਭਾਗੋ ਨੂੰ ਇਸੇ ਸਿੱਖਿਆ ਭਰਪੂਰ ਕੀਤਾ ਹੈ |
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
ਕਦੇ ਵੀ ਜ਼ੁਲਮ ਨਾ ਢਾਉਣਾ ਕਿਸੇ ਮਜ਼ਲੂਮ ਦੇ ਉੱਤੇ,
ਕਿਸੇ ਰੋਂਦੇ ਹੋਏ ਤਾਈਾ ਵਰਾਉਣਾ ਕੰਮ ਨੇਕੀ ਦਾ |
ਉਹਨੂੰ ਗਲ ਨਾਲ ਲਾ ਕੇ ਬੋਲਣੇ ਦੋ ਬੋਲ ਮਿੱਠੇ ਵੀ,
ਉਦ੍ਹੇ ਜ਼ਖਮਾਂ ‘ਤੇ ਏਦਾਂ ਮਲ੍ਹਮ ਲਾਉਣਾ ਕੰਮ ਨੇਕੀ ਦਾ |
ਮਨੁੱਖੀ ਆਤਮਾ ਨੂੰ ਇਸ ਤਰ੍ਹਾਂ ਪੁਰਨੂਰ ਕੀਤਾ ਹੈ |
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
ਜ਼ਰੂਰੀ ਹੈ ਸਮਝ ਲੈਣਾ ਦਿਲੀ ਜਜ਼ਬਾਤ ਦੀ ਕੀਮਤ,
ਬਹੁਤ ਛੋਟਾ ਹੈ, ਹਰ ਜਜ਼ਬਾ ਵੀ ਪੱਗ ਦੀ ਲਾਜ ਦੇ ਸਾਹਵੇਂ |
ਮਨੁੱਖੀ ਅਣਖ ਤਾਈਾ ਰੱਖਣਾ ਮਹਿਫੂਜ਼ ਹੈ ਲਾਜ਼ਿਮ,
ਝੁਕਾਉਣਾ ਸਿਰ ਨਹੀਂ ਭੁੱਲ ਕੇ ਵੀ ਤਖ਼ਤੋ ਤਾਜ ਦੇ ਸਾਹਵੇਂ |
ਤੇ ਜ਼ਾਲਮ ਦੀ ਹਕੂਮਤ ਨੂੰ ਵੀ ਨਾ ਮਨਜ਼ੂਰ ਕੀਤਾ ਹੈ |
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
ਗੁਰੁ ਨਾਨਕ ਨੇ ਸੋਚਾਂ ‘ਚੋਂ ਅਡੰਬਰ ਚੂਰ ਕੀਤਾ ਹੈ |
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ |
-ਸਰਦਾਰ ਪੰਛੀ,
259-ਫੇਜ਼ 3, ਅਰਬਨ ਅਸਟੇਟ, ਡੁਗਰੀ, ਲੁਧਿਆਣਾ-141013.
ਮੋਬਾ: 94170-91668
Tags:
Posted in: ਸਾਹਿਤ