ਗੁਰੂ ਨਾਨਕ ਜੀਵਨ ਦਰਸ਼ਨ ਅਤੇ ਅਜੋਕਾ ਮਨੁੱਖ

By November 25, 2015 0 Comments


guru nanak dev ji 2ਵਿਸ਼ਵੀਕਰਨ ਦੀ ਲਹਿਰ ਦੇ ਅਧੀਨ ਹੋਣ ਵਾਲੀਆਂ ਨਿੱਤ ਨਵੀਆਂ ਵਿਗਿਆਨਕ ਖੋਜਾਂ, ਭੌਤਿਕ ਸੁੱਖਾਂ ਅਤੇ ਮਨੁੱਖੀ ਜ਼ਿੰਦਗੀ ਵਿਚ ਵਧ ਰਹੇ ਪੈਸੇ ਦੇ ਮਹੱਤਵ ਕਾਰਨ ਜਿਥੇ ਵਿਸ਼ਵ ਮਾਨਵੀ ਸਮਾਜ ਦਾ ਦਿ੍ਸ਼ ਹੀ ਬਦਲ ਗਿਆ ਹੈ, ਉਥੇ ਅਜੋਕਾ ਮਨੁੱਖ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਕਈ ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਕ ਸਮੱਸਿਆਵਾਂ ਦੇ ਨਾਲ-ਨਾਲ ਨਿੱਜਵਾਦ, ਨਿੱਜ ਲਾਭ ਅਤੇ ਸੰਕੀਰਣ ਰੁਚੀਆਂ ਵਾਲੀ ਸੋਚ ਦਾ ਸ਼ਿਕਾਰ ਵੀ ਹੋ ਰਿਹਾ ਹੈ | ਇਸ ਵਿਸਫੋਟਕ ਸਥਿਤੀ ਦੇ ਸਨਮੁੱਖ ਜਿਥੋਂ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਦਾ ਸਬੰਧ ਹੈ, ਇਸ ਨੂੰ ਪੜ੍ਹ-ਸੁਣ ਕੇ ਮਨੁੱਖੀ ਸੋਚ ਹੈਰਾਨ ਰਹਿ ਜਾਂਦੀ ਹੈ | ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁੁਰੂ ਨਾਨਕ ਦੇਵ ਜੀ ਉੱਚ ਕੋਟੀ ਦੇ ਦਾਰਸ਼ਨਿਕ, ਬਾਣੀ ਦੇ ਰਚੇਤਾ, ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ ਸਨ | ਕਹਿੰਦੇ ਨੇ ਜਦੋਂ ਵੀ ਦੁਨੀਆ ‘ਤੇ ਪਾਪ-ਜ਼ੁਲਮ ਹੱਦੋਂ ਵੱਧ ਪਲਣ-ਫੁਲਣ ਲੱਗਦਾ ਹੈ, ਜਦੋਂ ਰਾਖੇ ਕਹਾਉਣ ਵਾਲੇ ਹੀ ਲੁਟੇਰੇ ਬਣਦੇ ਨੇ ਤਾਂ ਕੋਈ ਨਾ ਕੋਈ ਰੱਬੀ ਅਵਤਾਰ, ਦੁਖੀਆਂ ਦਾ ਦਰਦੀ, ਪਰਉਪਕਾਰੀ ਸੰਤ ਇਸ ਧਰਤੀ ‘ਤੇ ਜਨਮ ਲੈਂਦਾ ਹੈ | ਠੀਕ ਉਨ੍ਹਾਂ ਸਥਿਤੀਆਂ ਵਿਚ ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਜਦੋਂ ਜ਼ੁਲਮ ਦੀ ਕੋਈ ਹੱਦ ਨਹੀਂ ਸੀ, ਹਰ ਪਾਸੇ ਕੂੜ ਦਾ ਪਸਾਰਾ ਸੀ | ਇਸ ਸਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ ਕਿ :
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ¨
ਜਿਉ ਕਰਿ ਸੂਰਜੁ ਨਿਕਲਿਆ
ਤਾਰੇ ਛਪੇ ਅੰਧੇਰੁ ਪਲੋਆ¨
ਉਪਰੋਕਤ ਸਤਰਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਵੇਲੇ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ | ਸੱਚਮੁੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਲੋਕਾਂ ‘ਤੇ ਹੋ ਰਹੇ ਜ਼ੁਲਮ-ਅੱਤਿਆਚਾਰ ਨੂੰ ਠੱਲ੍ਹ ਪਈ | ਜਦੋਂ ਅਕਾਲ ਪੁਰਖ ਨੇ ਧਰਤੀ ਉੱਪਰ ਹੋ ਰਹੇ ਜ਼ੁਲਮਾਂ ਦੀ ਹਾਲਤ ਵੇਖੀ ਤਾਂ ਲੋਕਾਂ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਜੀ ਨੂੰ ਮਨੁੱਖਤਾ ਦਾ ਉਧਾਰ ਕਰਨ ਲਈ ਭੇਜਿਆ |
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ 1469-1539 ਈਸਵੀ ਦੌਰਾਨ ਚਾਰ ਉਦਾਸੀਆਂ ਕੀਤੀਆਂ | ਹੁਣ ਸੋਚਿਆ ਜਾਵੇ ਤਾਂ ਗੁਰੂ ਜੀ ਨੂੰ ਇਹ ਚਾਰ ਉਦਾਸੀਆਂ ਕਰਨ ਦੀ ਕੀ ਲੋੜ ਸੀ? ਇਤਿਹਾਸ ਗਵਾਹ ਹੈ ਕਿ ਗੁਰੂ ਜੀ ਦੇ ਸਮੇਂ ਹਾਕਮ ਲੋਕ ਨਿਰਦਈ ਹੋਣ ਕਰਕੇ ਸਮੁੱਚੀ ਮਨੁੱਖਤਾ ਦਾ ਜੀਵਨ ਪੱਧਰ ਨੀਵਾਂ ਹੋ ਚੁੱਕਾ ਸੀ, ਲੋਕ ਕਈ ਤਰ੍ਹਾਂ ਦੇ ਪਾਪ-ਪੰੁਨ ਦੇ ਪਾਖੰਡਾਂ ‘ਚ ਫਸ ਚੁੱਕੇ ਸਨ ਅਤੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕਰਦੇ ਸਨ | ਲੋਕਾਂ ਦੇ ਜੀਵਨ ਦੇ ਸਮਾਜਿਕ, ਆਰਥਿਕ, ਰਾਜਨੀਤਕ, ਅਧਿਆਤਮਕ, ਨੈਤਿਕਤਾ ਆਦਿ ਸਭ ਖੇਤਰ ਵਿਚ ਗਿਰਾਵਟ ਆ ਚੁੱਕੀ ਸੀ | ਗੁਰੂ ਜੀ ਦੀਆਂ ਉਦਾਸੀਆਂ, ਜੀਵਨ ਦਰਸ਼ਨ ਅਤੇ ਬਾਣੀ ਦਾ ਮੂਲ ਉਦੇਸ਼ ਹੀ ਇਹ ਸੀ ਕਿ ਲੋਕਾਂ ਦੇ ਜੀਵਨ ਅਤੇ ਸ਼ਖ਼ਸੀਅਤ ਵਿਚ ਆਈ ਗਿਰਾਵਟ ਨੂੰ ਦੂਰ ਕੀਤਾ ਜਾਵੇ | ਸਮਾਜ ਨੂੰ ਇਕ ਨਵੀਂ ਸੇਧ ਦੇਣ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਉਨ੍ਹਾਂ ਨੇ ਕਈ ਕ੍ਰਾਂਤੀਕਾਰੀ ਕਦਮ ਚੁੱਕੇ | ਅਜੋਕਾ ਮਨੁੱਖ ਜਿਨ੍ਹਾਂ ਬੁਰਾਈਆਂ, ਸਮੱਸਿਆਵਾਂ ਜਾਂ ਅਲਾਮਤਾਂ ਦਾ ਸ਼ਿਕਾਰ ਹੈ, ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦਾ ਵਿਰੋਧ ਲਗਭਗ 500 ਸਾਲ ਪਹਿਲਾਂ ਕੀਤਾ | ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਇਨ੍ਹਾਂ ਬੁਰਾਈਆਂ ਰੂਪੀ ਅਗਿਆਨਤਾਵਾਂ ਦੇ ਹਨੇਰੇ ਵਿਚੋਂ ਬਾਹਰ ਕੱਢਿਆ |
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਦੇ ਬਹੁਤ ਸਾਰੇ ਅਨਮੋਲ ਰਤਨ ਹਨ, ਜਿਨ੍ਹਾਂ ਵਿਚ ਨਾਮ ਜਪਣ, ਸੱਚੀ ਕਿਰਤ ਕਰਨ, ਵੰਡ ਛਕਣ, ਸਰਬ-ਸਾਂਝੀਵਾਲਤਾ, ਇਸਤਰੀ ਦਾ ਸਨਮਾਨ, ਜਾਤ-ਪਾਤ ਦਾ ਵਿਰੋਧ, ਹਊਮੈ ਦਾ ਤਿਆਗ, ਭਿ੍ਸ਼ਟਾਚਾਰ ਦਾ ਵਿਰੋਧ, ਸਵੈ-ਮਾਣ, ਕਰਮ ਕਾਂਡਾਂ ਦਾ ਵਿਰੋਧ, ਗ੍ਰਹਿਸਥ ਜੀਵਨ ਬਤੀਤ ਕਰਨ, ਨਿਮਰਤਾ, ਪਰਉਪਕਾਰ, ਸੱਚ-ਅਚਾਰ ਅਦਿ ਪ੍ਰਮੁੱਖ ਹਨ | ਗੁਰੂ ਨਾਨਕ ਦੇਵ ਜੀ ਦੀ ਬਾਣੀ, ਜੀਵਨ ਦਰਸ਼ਨ ਅਤੇ ਸਿੱਖਿਆਵਾਂ ਵਿਚ ਇਨ੍ਹਾਂ ਅਨਮੋਲ ਰਤਨਾਂ ਦਾ ਹੀ ਉਲੇਖ ਹੈ ਪਰ ਰੂਹਾਂ ਤਾਂ ਉਦੋਂ ਵਲੂੰਦਰੀਆਂ ਜਾਂਦੀਆਂ ਹਨ, ਜਦੋਂ ਸਾਨੂੰ ਅਜੋਕੇ ਮਨੁੱਖੀ ਜੀਵਨ ਪੱਧਰ ਅਤੇ ਸ਼ਖ਼ਸੀਅਤ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲਦੀ ਹੈ | ਜੋ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਸਮਾਜ 500 ਸਾਲ ਬਾਅਦ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਦੇਸ਼ਾਂ ਉਪਰ ਖਰਾ ਨਹੀਂ ਉਤਰਿਆ | ਅੱਜ ਦੇ ਮਨੁੱਖ ਨੂੰ ਆਪਣੇ ਜੀਵਨ ਨੂੰ ਉੱਚ, ਸਵੱਛ ਅਤੇ ਸ਼ੁੱਧ ਬਣਾਉਣ ਦੇ ਲਈ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਨੂੰ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ |
ਗੁਰੂ ਨਾਨਕ ਜੀਵਨ ਦਰਸ਼ਨ ਦਾ ਇਕ ਅਨਮੋਲ ਰਤਨ ਸਰਬ-ਸਾਂਝੀਵਾਲਤਾ ਹੈ | ਗੁਰੂ ਜੀ ਨੇ ਆਪਣੇ ਜੀਵਨ ਵਿਚ ਸਮੁੱਚੀ ਮਨੁੱਖਤਾ ਨੂੰ ਹਰ ਖੇਤਰ ਵਿਚ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ | ਚਾਹੇ ਉਨ੍ਹਾਂ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ‘ਚ ਨੌਕਰੀ ਕੀਤੀ ਅਤੇ ਤੇਰਾਂ-ਤੇਰਾਂ ਤੋਲਿਆ, ਚਾਹੇ ਚਾਰੋਂ ਦਿਸ਼ਾਵਾਂ ਵਿਚ ਉਦਾਸੀਆਂ ਕਰਕੇ ਸਮਾਜ ਵਿਚ ਆਰਥਿਕ ਅਸਮਾਨਤਾ, ਲੁੱਟ-ਖਸੁੱਟ, ਜਾਤ-ਪਾਤ, ਧਾਰਮਿਕ ਅਤੇ ਸਮਾਜਿਕ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਂਦਿਆਂ ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ | ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਉਨ੍ਹਾਂ ਆਖਿਆ ਕਿ ਸਾਨੂੰ ਸਾਰੇ ਧਰਮਾਂ ਦਾ ਆਦਰ ਕਰਦਿਆਂ ਹਰ ਧਰਮ ਦੇ ਲੋਕਾਂ ਨਾਲ ਪ੍ਰੇਮ-ਪਿਆਰ-ਭਾਈਚਾਰਾ ਪੈਦਾ ਕਰਨਾ ਚਾਹੀਦਾ ਹੈ | ਉਨ੍ਹਾਂ ਦੀ ਪਾਵਨ ਬਾਣੀ ਵਿਚੋਂ ਵੀ ਸਰਬ-ਸਾਂਝੀਵਾਲਤਾ ਦੇ ਪ੍ਰਮਾਣ ਮਿਲਦੇ ਹਨ, ਜਿਵੇਂ-
ਸਾਝ ਕਰੀਜੈ ਗੁਣਹ ਕੇਰੀ
ਛੋਡਿ ਅਵਗਣ ਚਲੀਐ¨
ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਅਤੇ ਬਾਣੀ ਰਾਹੀਂ ਸਮਾਜ ਵਿਚ ਫੈਲੇ ਭਿ੍ਸ਼ਟਾਚਾਰ ਦਾ ਵੀ ਡੱਟ ਕੇ ਵਿਰੋਧ ਕੀਤਾ | ਉਸ ਸਮੇਂ ਸਮਾਜ ਦੇ ਹਰ ਖੇਤਰ ਵਿਚ ਹੇਠਲੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਭਿ੍ਸ਼ਟਾਚਾਰ ਦਾ ਬੋਲਬਾਲਾ ਸੀ | ਲੋਕ ਸੱਚੀ ਕਿਰਤ ਕਰਨ ਦੀ ਬਜਾਏ ਧੋਖੇ ਅਤੇ ਫਰੇਬ ਨਾਲ ਦੂਸਰਿਆਂ ਦਾ ਹੱਕ ਮਾਰਨ ਵੱਲ ਰੁਚਿਤ ਸਨ | ਵੱਖ-ਵੱਖ ਸਰਾਵਾਂ ਦੇ ਮਾਲਕ ਭੋਲੇ-ਭਾਲੇ ਯਾਤਰੀਆਂ ਅਤੇ ਵਪਾਰੀਆਂ ਦਾ ਕਤਲ ਕਰਕੇ ਧਨ-ਦੌਲਤ ਲੁੱਟ ਲੈਂਦੇ ਸਨ | ਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਸਮਝਾਇਆ ਕਿ ਪਰਾਇਆ ਹੱਕ ਖਾਣਾ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਅਤੇ ਹਿੰਦੂ ਲਈ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ |
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ¨
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਬਾਣੀ ਦਾ ਅਨਮੋਲ ਰਤਨ ਇਹ ਵੀ ਹੈ ਕਿ ਉਨ੍ਹਾਂ ਨੇ ਸਮਾਜ ਵਿਚ ਫੈਲੇ ਜਾਤ-ਪਾਤ ਦੇ ਵਖਰੇਵਿਆਂ ਰੂਪੀ ਕੋਹੜ ਦਾ ਵੀ ਵਿਰੋਧ ਕੀਤਾ ਹੈ | ਭਾਰਤੀ ਸਮਾਜ ਬ੍ਰਾਹਮਣ, ਖੱਤਰੀ, ਵੈਸ਼, ਛੂਦਰ ਜਾਤਾਂ ਵਿਚ ਵੰਡਿਆ ਹੋਇਆ ਸੀ | ਮਨੂੰ ਨੇ ਆਪਣੇ ਗ੍ਰੰਥ ਮਨੂੰ ਸਿਮਰਤੀ ਵਿਚ ਸਭ ਤੋਂ ਪਹਿਲੀ ਵਾਰ ਇਨ੍ਹਾਂ ਜਾਤਾਂ ਦਾ ਉਲੇਖ ਕੀਤਾ | ਸਮਾਜ ਵਿਚ ਬ੍ਰਾਹਮਣ ਜਾਤ ਦੇ ਲੋਕਾਂ ਨੂੰ ਸਭ ਤੋਂ ਉੱਚ ਦਰਜਾ ਮਿਲਿਆ ਹੋਇਆ ਸੀ, ਇਸ ਦੇ ਉਲਟ ਛੂਦਰ ਜਾਤ ਦੇ ਲੋਕਾਂ ਨਾਲ ਬਹੁਤ ਭੇਦ-ਭਾਵ ਕੀਤਾ ਜਾਂਦਾ ਸੀ | ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆ ਦੌਰਾਨ ਮਨੁੱਖਤਾ ਨੂੰ ਜਾਤ-ਪਾਤ ਦੇ ਭੇਦ-ਭਾਵ ਵਿਚੋਂ ਕੱਢਣ ਲਈ ਕਿਹਾ ਕਿ ਹਰ ਇਨਸਾਨ ਦੇ ਅੰਦਰ ਪਰਮਾਤਮਾ ਖੁਦ ਬਿਰਾਜਮਾਨ ਹੈ | ਸਾਰੇ ਇਨਸਾਨ ਬਰਾਬਰ ਹਨ, ਇਸ ਲਈ ਸਾਨੂੰ ਕਿਸੇ ਦੀ ਜਾਤ ਨਹੀਂ ਪੁੱਛਣੀ ਚਾਹੀਦੀ, ਸਗੋਂ ਰਲ-ਮਿਲ ਕੇ ਆਪਸੀ ਪ੍ਰੇਮ ਨੂੰ ਬੜਾਵਾ ਦੇਣਾ ਚਾਹੀਦਾ ਹੈ | ਮਨੁੱਖ ਦੀ ਪਹਿਚਾਣ ਉਸ ਦੀ ਜਾਤ-ਪਾਤ ਕਰਕੇ ਨਹੀਂ, ਸਗੋਂ ਉਸ ਦੇ ਕਰਮਾਂ ਕਰਕੇ ਹੋਣੀ ਚਾਹੀਦੀ ਹੈ |
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ¨
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਬਾਣੀ ਦਾ ਇਕ ਅਨਮੋਲ ਰਤਨ ਇਹ ਹੈ ਕਿ ਗੁਰੂ ਜੀ ਨੇ ਸਮਾਜ ਵਿਚ ਔਰਤ ਦੀ ਤਰਸਯੋਗ ਸਥਿਤੀ ਵਿਚ ਸੁਧਾਰ ਲਿਆਉਣ ਲਈ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ | ਭਾਰਤੀ ਸਮਾਜ ਸਦੀਆਂ ਤੋਂ ਹੀ ਮਰਦ ਪ੍ਰਧਾਨ ਸਮਾਜ ਰਿਹਾ, ਜਿਸ ਕਾਰਨ ਲੋਕ ਜੋ ਚਾਹੁਣ ਔਰਤ ਨੂੰ ਕਰਨ ਲਈ ਮਜਬੂਰ ਕਰਦੇ ਸਨ | ਉਸ ਨੂੰ ਪੈਰ ਦੀ ਜੁੱਤੀ ਦੇ ਸਮਾਨ ਸਮਝਿਆ ਜਾਂਦਾ ਸੀ | ਇਸਤਰੀ ਜਾਤੀ ਦੇ ਸੁਧਾਰ ਲਈ ਅਤੇ ਉਸ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਔਰਤ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਮਾੜੀ ਨਹੀਂ ਕਹਿਣਾ ਚਾਹੀਦਾ | ਸਾਨੂੰ ਔਰਤ ਨੂੰ ਮਰਦ ਦੇ ਬਰਾਬਰ ਹੱਕ ਦੇ ਕੇ ਸਮਾਜ ਵਿਚ ਉਸ ਦਾ ਮਾਣ-ਸਨਮਾਨ ਕਾਇਮ ਰੱਖਣਾ ਚਾਹੀਦਾ ਹੈ |
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਦਾ ਅਗਲਾ ਅਨਮੋਲ ਰਤਨ ਨਿਮਰਤਾ ਦਾ ਉਪਦੇਸ਼ ਦੇਣਾ ਹੈ | ਸਾਨੂੰ ਆਪਣੀ ਜ਼ਿੰਦਗੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਵਿਕਾਰ ਦਾ ਤਿਆਗ ਕਰਕੇ ਨਿਮਰਤਾ ਭਰਿਆ ਜੀਵਨ ਬਤੀਤ ਕਰਨਾ ਚਾਹੀਦਾ ਹੈ | ਨਿਮਰਤਾ ਧਾਰਨ ਕਰਨ ਵਾਲੇ ਮਨੁੱਖ ਦੀ ਸ਼ਖ਼ਸੀਅਤ ਵਿਚ ਕਈ ਚੰਗਿਆਈਆਂ ਸ਼ਾਮਿਲ ਹੋ ਜਾਂਦੀਆਂ ਹਨ ਅਤੇ ਅਜਿਹਾ ਮਨੁੱਖ ਗੁਣਵਾਨ ਹੋ ਜਾਂਦਾ ਹੈ |
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ¨
ਪਰਉਪਕਾਰ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਦਾ ਇਕ ਮਹੱਤਵਪੂਰਨ ਰਤਨ ਹੈ | ਉਨ੍ਹਾਂ ਅਨੁਸਾਰ ਮਨੁੱਖ ਨੂੰ ਪਰਉਪਕਾਰੀ ਬਣਨਾ ਚਾਹੀਦਾ ਹੈ, ਤਾਂ ਜੋ ਸਮੁੱਚੀ ਮਨੁੱਖਤਾ ਦੀ ਭਲਾਈ ਹੋ ਸਕੇ |
ਪ੍ਰੋ ਅਸ਼ੋਕ ਕੁਮਾਰ
-ਮੁਖੀ ਪੰਜਾਬੀ ਵਿਭਾਗ, ਟਿ੍ਨਿਟੀ ਕਾਲਜ, ਜਲੰਧਰ | ਮੋਬਾ: 9888197096

originally published in ajit jalandhar

Link : http://beta.ajitjalandhar.com/edition/20151125/28.cms

Posted in: ਸਾਹਿਤ