ਫ਼ਿਰ ਉਠੀ ਆਖਰ ਸਦਾ…

By November 25, 2015 0 Comments


guru nanak dev jiਸਰ ਮੁਹੰਮਦ ਇਕਬਾਲ ਨੇ ਕਿਹਾ ਸੀ ਬਾਬਾ ਨਾਨਕ ‘ਤੋਹੀਦ’ ਦੀ ਆਵਾਜ਼ ਬਣ ਕੇ ਆਏ ਸਨ, ਰੱਬ ਦੀ ਇਕਤਾ ਅਤੇ ਮਨੁੱਖੀ ਏਕਤਾ ਦੇ ਪੈਗ਼ੰਬਰ ਬਣ ਕੇ ਪ੍ਰਗਟ ਹੋਏ ਸਨ | ਫਿਰ ਪੰਜਾਬ ਤੋਂ ਉੱਠੀ ਉਸ ‘ਮਰਦ-ਏ-ਕਾਮਲ’ ਦੀ ਆਵਾਜ਼ ਨੇ ਗਫਲਤ ਦੀ ਨੀਂਦ ਵਿਚ ਸੁੱਤੇ ਹਿੰਦੁਸਤਾਨ ਨੂੰ ਜਗਾ ਦਿੱਤਾ ਸੀ-
ਫ਼ਿਰ ਉਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਵਾਬ ਸੇ¨
ਇਤਿਹਾਸ ਵੱਲ ਝਾਤ ਮਾਰੀਏ ਤਾਂ ਸਾਫ ਨਜ਼ਰ ਆਵੇਗਾ ਕਿ ਗੁਰੂ ਨਾਨਕ ਦੇਵ ਜੀ ਦੇ ਹਰ ਬੋਲ ਤੇ ਹਰ ਵਿਹਾਰ ਵਿਚ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਸਰਬ ਸਾਂਝਾ ਸੰਦੇਸ਼ ਸਮੋਇਆ ਹੋਇਆ ਹੈ | ਉਨ੍ਹਾਂ ਦੇ ਜੀਵਨ ਦੀ ਹਰ ਘਟਨਾ, ਉਨ੍ਹਾਂ ਦੀ ਵਿਆਪਕ ਤੇ ਵਿਸ਼ਾਲ ਦਿ੍ਸ਼ਟੀ ਦਾ ਪ੍ਰਮਾਣ ਦਿੰਦੀ ਹੈ | ਸਮਾਜ ਵਿਚ ਪਈਆਂ ਵੰਡੀਆਂ ਅਤੇ ਵਿਤਕਰਿਆਂ ਨੂੰ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਅਤੇ ਮਨੁੱਖਾਂ ਵਿਚਕਾਰ ਮੌਜੂਦ ਸਾਂਝੇ ਤੇ ਸਦੀਵੀ ਤੱਤ ਨੂੰ ਪਛਾਨਣ ਦਾ ਸੰਕਲਪ ਦਿੱਤਾ ਸੀ | ਇਹੋ ਸੰਕਲਪ ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਦਾ ਮੁੱਖ ਧੁਰਾ ਬਣ ਗਿਆ ਸੀ | ਅੱਜ ਵੀ ਇਹ ਸੰਕਲਪ ਪੂਰੀ ਤਰ੍ਹਾਂ ਪ੍ਰਾਸੰਗਿਕ ਹੈ | ਪਰ ਜ਼ਰੂਰੀ ਹੈ ਇਸ ਸੰਕਲਪ ਦੀ ਪਰਤ-ਦਰ-ਪਰਤ ਤਫਸੀਲ ਸਮਝਣ ਦੀ | ਕੁਝ ਵਿਸ਼ੇਸ਼ ਨੁਕਤੇ ਇਸ ਸੰਦਰਭ ਵਿਚ ਇਥੇ ਸਾਂਝੇ ਕਰਨਾ ਚਾਹੁੰਦਾ ਹਾਂ |
ਗੁਰੂ ਨਾਨਕ ਦੇਵ ਜੀ ਦੀ ਇਕ ਬਹੁਤ ਸੁੰਦਰ ਰਚਨਾ ‘ਆਰਤੀ’ ਦਾ ਗੁਰਦੁਆਰਾ ਸਾਹਿਬਾਨ ਵਿਚ ਨਿਤਾਪ੍ਰਤੀ ਗਾਇਨ ਕੀਤਾ ਜਾਂਦਾ ਹੈ | ਕਿਹਾ ਜਾਂਦਾ ਹੈ ਕਿ nankana sahibਆਰਤੀ ਵਾਲੇ ਸ਼ਬਦ ਦੀ ਰਚਨਾ ਗੁਰੂ ਸਾਹਿਬ ਨੇ ‘ਜਗਨ ਨਾਥ ਪੁਰੀ’ ਦੀ ਧਰਤੀ ‘ਤੇ ਕੀਤੀ ਸੀ | ਇਸ ਰਚਨਾ ਵਿਚ ਪਰਮਾਤਮਾ ਦੇ ਸਰਬ-ਵਿਆਪਕ ਰੂਪ ਦੀ ਸਹਿਜ ਆਰਤੀ ਦੇ ਸਰੂਪ ਦੀ ਅਭਿਵਿਅਕਤੀ ਹੁੰਦੀ ਹੈ | ਦਰਅਸਲ ਹੋਇਆ ਏਦਾਂ ਸੀ ਕਿ ਮੰਦਿਰ ਦੇ ਪੁਜਾਰੀਆਂ ਨੇ ਹੀਰੇ-ਮੋਤੀਆਂ ਨਾਲ ਜੜੇ ਥਾਲ ਵਿਚ ਦੀਵੇ, ਧੂਪ ਬੱਤੀ, ਫੁੱਲ ਆਦਿ ਸਜਾ ਕੇ ਦੇਵਤਿਆਂ ਦੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ | ਪਰ ਗੁਰੂ ਸਾਹਿਬ ਇਸ ਆਰਤੀ ਤੋਂ ਰੱਤਾ ਵੀ ਪ੍ਰਭਾਵਿਤ ਨਹੀਂ ਸਨ ਹੋ ਰਹੇ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਰਤੀ ਵਿਚ ਸ਼ਾਮਿਲ ਕਿਉਂ ਨਹੀਂ ਹੋਏ ਤਾਂ ਗੁਰੂ ਸਾਹਿਬ ਦਾ ਉੱਤਰ ਸੀ ਕਿ ਮੈਂ ਤਾਂ ਪਰਮਾਤਮਾ ਦੀ ਹਮੇਸ਼ਾ ਤੋਂ ਹੋ ਰਹੀ ਅਸਲ ਆਰਤੀ ਵਿਚ ਸ਼ਾਮਿਲ ਸਾਂ | ਗੁਰੂ ਸਾਹਿਬ ਨੇ ਫਰਮਾਇਆ-ਸਾਰਾ ਆਕਾਸ਼ ਥਾਲ ਹੈ, ਸੂਰਜ ਤੇ ਚੰਦਰਮਾ ਉਸ ਵਿਚ ਦੀਵੇ ਹਨ | ਤਾਰਿਆਂ ਦਾ ਸਮੂਹ ਉਸ ਵਿਚ ਮੋਤੀ ਹਨ, ਮਲਯ ਪਰਬਤ ਤੋਂ ਵਗ ਰਹੀ ਹਵਾ ਧੂਪ ਹੈ ਅਤੇ ਪਵਣ ਚਵਰ ਕਰ ਰਹੀ ਹੈ | ਸਾਰੀ ਬਨਸਪਤੀ ਵਿਚ ਖਿੜੇ ਫੁੱਲ, ਪੌਦੇ ਆਦਿ ਜੋਤੀ ਰੂਪ ਹੋ ਕੇ ਸੋਭਾ ਵਧਾ ਰਹੇ ਹਨ | ਇਸ ਤਰ੍ਹਾਂ ਸਮੁੱਚੀ ਕੁਦਰਤ ਵੱਲੋਂ ਉਸ ਪ੍ਰਭੂ ਪਰਮਾਤਮਾ ਦੀ ਦਿਨੇ-ਰਾਤ ਆਰਤੀ ਹੋ ਰਹੀ ਹੈ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ¨
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ¨
ਕੈਸੀ ਆਰਤੀ ਹੋਇ¨
ਭਵ ਖੰਡਨਾ ਤੇਰੀ ਆਰਤੀ¨
ਅਨਹਤਾ ਸਬਦ ਵਾਜੰਤ ਭੇਰੀ¨
ਧਰਤੀ ਤੋਂ ਆਕਾਸ਼ ਤੱਕ, ਸਮੁੱਚੀ ਸਿ੍ਸ਼ਟੀ ਦੀ ਅਦਭੁੱਤ ਰਚਨਾ ਬਾਰੇ ਇਸ ਤੋਂ ਢੁੱਕਵੀਆਂ ਤੇ ਖੂਬਸੂਰਤ ਸਤਰਾਂ ਨਹੀਂ ਲਿਖੀਆਂ ਜਾ ਸਕਦੀਆਂ | ਇਨ੍ਹਾਂ ਸਤਰਾਂ ਨੂੰ ਪੜ੍ਹਨ ਤੋਂ ਗੁਰੂ ਨਾਨਕ ਸਾਹਿਬ ਦੀ ਦਿ੍ਸ਼ਟੀ ਦੀ ਵਿਸ਼ਾਲਤਾ ਦਾ ਅਨੁਭਵ ਸਹਿਜੇ ਹੀ ਕੀਤਾ ਜਾ ਸਕਦਾ ਹੈ |
ਭਾਈ ਲਾਲੋ ਦੇ ਘਰ ਗੁਰੂ ਨਾਨਕ ਦੇਵ ਜੀ ਦਾ ਪੜਾਅ ਇਕ ਵੱਡੇ ਇਤਿਹਾਸਕ ਮਹੱਤਵ ਵਾਲੀ ਘਟਨਾ ਹੈ | ਇਸ ਪੜਾਅ ਦੌਰਾਨ ਸਿੱਖੀ ਦੇ ਮਹਾਨ ਸਿਧਾਂਤਾਂ ਦਾ ਪ੍ਰਤੀਪਾਦਨ ਹੋਇਆ ਸੀ | ਸਾਖੀਕਾਰਾਂ ਮੁਤਾਬਕ ਸੈਦਪੁਰ ਪਹੁੰਚਦਿਆਂ ਹੀ ਗੁਰੂ ਨਾਨਕ ਦੇਵ ਜੀ ਸਿੱਧੇ ਭਾਈ ਲਾਲੋ ਦੇ ਘਰ ਪਹੁੰਚ ਗਏ ਅਤੇ ਜਾ ਬੂਹਾ ਖੜਕਾਇਆ | ਸਾਖਿਆਤ ਦੀਦਾਰ ਕਰਕੇ ਲਾਲੋ ਨਿਹਾਲ ਹੋ ਗਿਆ | ਭਾਈ ਲਾਲੋ ਦੀ ਪਤਨੀ ਵੀ ਬਲਿਹਾਰ ਜਾ ਰਹੀ ਸੀ | ਉਸ ਦੇ ਕਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹੋ ਜਿਹਾ ਸੁਭਾਗਾ ਦਿਨ ਵੀ ਆਵੇਗਾ, ਜਦੋਂ ਆਪ ਗੁਰੂ ਨਾਨਕ ਦੇਵ ਜੀ ਉਸ ਦੇ ਬੂਹੇ ‘ਤੇ ਆਣ ਦਸਤਕ ਦੇਣਗੇ | ਮੁੱਢਲੀ ਆਓ ਭਗਤ ਤੋਂ ਬਾਅਦ ਭਾਈ ਲਾਲੋ ਤੇ ਉਸ ਦੀ ਪਤਨੀ ਸੇਵਾ ਵਿਚ ਲੱਗ ਗਏ | ਸਮੇਂ ਅਨੁਸਾਰ ਬੜੇ ਪਿਆਰ ਸਤਿਕਾਰ ਨਾਲ ਰਸੋਈ ਤਿਆਰ ਕੀਤੀ ਗਈ | ਭਾਈ ਲਾਲੋ ਨੇ ਆ ਕੇ ਕਿਹਾ, ਪਰਸ਼ਾਦ ਤਿਆਰ ਹੈ | ਤੁਹਾਡੀ ਜਾਤ ਉੱਚੀ ਹੈ, ਦੱਸੋ ਅੰਦਰ ਚੱਲ ਕੇ ਪਰਸ਼ਾਦ ਛਕੋਗੇ ਜਾਂ ਵਿਹੜੇ ਵਿਚ ਵੱਖਰਾ ਚਉਕਾ ਲਾਈਏ | ਬਾਬੇ ਨਾਨਕ ਨੇ ਫ਼ਰਮਾਇਆ, ‘ਵਹਿਮ ਨਾ ਕਰ ਲਾਲੋ, ਜਿਤਨੀ ਧਰਤੀ ਹੈ ਓਨਾ ਹੀ ਮੇਰਾ ਚਉਕਾ ਹੈ’ | ਇਹ ਬਚਨ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦੇ ਬੰਧਨਾਂ ਨੂੰ ਤੋੜ ਦਿੱਤਾ ਸੀ | ਜਾਤ-ਪਾਤ ਦੀ ਦਰਜਾਬੰਦੀ ਖ਼ਤਮ ਕਰਕੇ, ਕਿਰਤ ਅਤੇ ਕਿਰਤੀ ਨੂੰ ਮਾਣ ਦੇਣ ਦੀ ਵੱਡੀ ਪਿਰਤ ਪਾਈ ਸੀ |
ਭਾਈ ਲਾਲੋ ਦੇ ਘਰ ਪੜਾਅ ਦੌਰਾਨ ਇਕ ਹੋਰ ਘਟਨਾ ਵੀ ਵਾਪਰੀ ਸੀ | ਹੰਕਾਰੀ ਮਲਕ ਭਾਗੋ ਦੇ ਬ੍ਰਹਮ-ਭੋਜ ਵਿਚ ਜਾਣ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ | ਜਦੋਂ ਕਾਰਨ ਪੁੱਛਿਆ ਗਿਆ ਤਾਂ ਗੁਰੂ ਜੀ ਨੇ ਉਸ ਦੀ ਕਮਾਈ ਵਿਚ ਗ਼ਰੀਬਾਂ ਤੇ ਮਜ਼ਲੂਮਾਂ ਦਾ ਖੂਨ ਹੋਣ ਦੀ ਗੱਲ ਕਹੀ ਸੀ | ਇਸ ਤਰ੍ਹਾਂ ਉੱਚੀ ਕੁਲ, ਉੱਚੇ ਰੁਤਬੇ ਦਾ ਹੰਕਾਰ ਰੱਖਣ ਵਾਲੇ ਮਲਕ ਭਾਗੋ ਦਾ ਹੰਕਾਰ ਤੋੜਿਆ ਸੀ ਅਤੇ ਨੇਕ ਕਮਾਈ ਕਿਸ ਨੂੰ ਕਹਿੰਦੇ ਹਨ, ਉਸ ਦਾ ਖੁਲਾਸਾ ਕੀਤਾ ਸੀ | ਮਹਿਮਾ ਪ੍ਰਕਾਸ਼ ਦੇ ਕਰਤਾ ਸਰੂਪ ਦਾਸ ਭੱਲਾ ਦੀਆਂ ਇਹ ਸਤਰਾਂ ਵੇਖਣ ਵਾਲੀਆਂ ਹਨ :
ਲੇ ਪਿੰਡੀ ਸਾਗ ਕਰ ਮਾਹਿ ਦਬਾਈ |
ਸ੍ਰਵਤ ਦੁਧ ਤਾਂ ਮੋ ਅਧਿਕਾਈ |
ਭੋਜਨ ਜਬ ਕਰ ਮੈ ਲੈ ਮਲਾ |
ਰਕਤ ਕੀ ਧਾਰਾ ਤਾ ਸੋ ਚਲਾ |
ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਹੋਈ ਗੋਸ਼ਟ ਦਾ ਅੰਤਰ-ਧਰਮ ਸੰਵਾਦ ਦੀ ਦੁਨੀਆ ਵਿਚ ਇਕ ਉਚੇਚਾ ਮੁਕਾਮ ਹੈ | ਨਾਲ ਹੀ, ਇਸ ਸੰਵਾਦ ਵਿਚੋਂ ਜਿਹੜਾ ਫਲਸਫਾ ਉਭਰ ਕੇ ਸਾਹਮਣੇ ਆਉਂਦਾ ਹੈ, ਉਸ ਨੇ ਸਿੱਖ ਧਰਮ ਤੇ ਪਰੰਪਰਾ ਨੂੰ ਨਵੀਂ ਸਿਧਾਂਤਕ ਤੇ ਵਿਹਾਰਕ ਸੇਧ ਤੇ ਪਛਾਣ ਦਿੱਤੀ ਸੀ | ਇਕ ਹੋਰ ਨੁਕਤਾ ਵੀ ਸਮਝਣ ਵਾਲਾ ਹੈ | ਇਸ ਗੋਸ਼ਟ ਰਾਹੀਂ ਗੁਰੂ ਨਾਨਕ ਪਾਤਸ਼ਾਹ ਨੇ ਤਫਰਕੇ ਅਤੇ ਤਕਰਾਰ ਦੀ ਬਿਖੜੀ ਸਥਿਤੀ ਵਿਚ, ਜਦੋਂ ਕੋਈ ਇਕ-ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਸੰਵਾਦ ਦੀ ਪਿਰਤ ਪਾਈ ਸੀ ਅਤੇ ਮਨੁੱਖੀ ਸਾਂਝ ਨੂੰ ਪਰਪੱਕ ਕਰਨ ਦਾ ਰਾਹ ਪੱਧਰਾ ਕੀਤਾ ਸੀ | ‘ਸਿਧ ਗੋਸਟਿ’ ਦੇ ਸੁਆਲਾਂ-ਜੁਆਬਾਂ ਦਾ ਸਿਲਸਿਲਾ ਵੇਖਣ ਵਾਲਾ ਹੈ | ਚਰਪਟ ਜੋਗੀ ਪ੍ਰਸ਼ਨ ਕਰਦਾ ਹੈ, ‘ਹੇ ਨਾਨਕ-ਇਹ ਸੰਸਾਰ ਨਾ ਤਰਿਆ ਜਾ ਸਕਣ ਵਾਲਾ ਬੜਾ ਵਿਸ਼ਾਲ ਸਾਗਰ ਹੈ, ਇਸ ਤੋਂ ਪਾਰ ਕਿਵੇਂ ਹੋਇਆ ਜਾਏ? ਇਸ ਬਾਰੇ ਆਪਣੇ ਮਨ ਦੇ ਸੱਚੇ ਵਿਚਾਰ ਦੱਸੋ |’ ਗੁਰੂ ਨਾਨਕ ਜੀ ਉੱਤਰ ਦਿੰਦੇ ਹਨ ਕਿ ‘ਹੇ ਜੋਗੀ, ਤੁਸੀਂ ਜੋ ਮੈਥੋਂ ਪੁੱਛ ਰਹੇ ਹੋ, ਉਸ ਦਾ ਅਰਥ ਆਪ ਚੰਗੀ ਤਰ੍ਹਾਂ ਬੁੱਝ ਰਹੇ ਹੋ | ਇਸ ਲਈ ਇਸ ਦਾ ਕੀ ਉੱਤਰ ਦਿੱਤਾ ਜਾਵੇ | ਮੈਂ ਸੱਚ ਕਹਿੰਦਾ ਹਾਂ ਕਿ ਤੁਸੀਂ ਇਸ ਸੰਸਾਰ ਸਾਗਰ ਨੂੰ ਪਾਰ ਕਰ ਚੁੱਕੇ ਹੋ, ਮੈਂ ਤੁਹਾਡੇ ਮਾਰਗ ਵਿਚ ਕੀ ਦੋਸ਼ ਲੱਭਾਂ? ਹਾਂ, ਤੁਸੀਂ ਮੈਨੂੰ ਮੇਰਾ ਮਾਰਗ ਪੁੱਛਿਆ ਹੈ, ਉਹ ਮੈਂ ਜ਼ਰੂਰ ਦੱਸਾਂਗਾ | ਜਿਸ ਤਰ੍ਹਾਂ ਜਲ ਵਿਚ ਕਮਲ ਆਪਣੇ ਪੱਤੇ ਅਭਿੱਜ ਰੱਖ ਕੇ ਨਿਰਮਲ ਬਣਿਆ ਰਹਿੰਦਾ ਹੈ ਅਤੇ ਮੁਰਗਾਬੀ ਪਾਣੀ ਵਿਚ ਤਰਦੀ ਵੀ ਰਹਿੰਦੀ ਹੈ ਪਰ ਆਪਣੇ ਖੰਭ ਨਹੀਂ ਭਿੱਜਣ ਦਿੰਦੀ, ਇਸੇ ਤਰ੍ਹਾਂ ਸੁਰਤ ਨੂੰ ਸ਼ਬਦ ਵਿਚ ਲੀਨ ਕਰਕੇ, ਸੰਸਾਰ ਵਿਚ ਸਾਰੇ ਕਾਰ-ਵਿਹਾਰ ਕਰਦਿਆਂ ਹੋਇਆਂ, ਸੰਸਾਰ ਸਾਗਰ ਨੂੰ ਪਾਰ ਕਰੀਦਾ ਹੈ |’ ਗੁਰੂ ਨਾਨਕ ਦੇ ਇਸ ਸੰਵਾਦ ਨੂੰ ਬਾਣੀ ਵਿਚ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ :
ਦੁਨੀਆ ਸਾਗਰੁ ਦੁਤਰੁ ਕਹੀਐ ਕਿਓੁ ਕਰਿ ਪਾਈਐ ਪਾਰੋ¨
ਚਰਪਟੁ ਬੋਲੇ ਅਓੁਧੂ ਨਾਨਕ ਦੇਹੁ ਸਚਾ ਬੀਚਾਰੋ¨
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਓੁਤਰੁ ਦੀਜੈ¨
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ¨
ਜੈਸੇ ਜਲਿ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ¨
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ¨
ਇਸ ਸੰਦਰਭ ਵਿਚ, ਹਿੰਦੀ ਜਗਤ ਦੇ ਸਿਰਮੌਰ ਸਾਹਿਤਕਾਰ ਅਤੇ ਕਵੀ ‘ਮੈਥਿਲੀ ਸ਼ਰਣ ਗੁਪਤ’ ਦੁਆਰਾ ਲਿਖੀ, ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਦੀ ਕਾਵਿ ਰਚਨਾ ਦਾ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ | ਉਸ ਦਾ ਕਥਨ ਹੈ-ਗੁਰੂ ਸਾਹਿਬ ਨੇ ਨਿਰਭੈ ਹੋ ਕੇ ਬਰਾਬਰੀ ਦਾ ਸੰਦੇਸ਼ ਦਿੱਤਾ ਸੀ, ਪਿਆਰ ਅਤੇ ਸਦਭਾਵ ਦੇ ਰਾਹ ‘ਤੇ ਤੋਰਿਆ ਸੀ | ਕਰਮ ਕਾਂਡਾਂ ਤੋਂ ਹਟਾ ਕੇ ਸ਼ੁੱਧ ਮਨ ਨਾਲ, ਭਾਵਨਾ ਨਾਲ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਸੀ | ਉਨ੍ਹਾਂ ਨੇ ਦੇਸ਼-ਵਿਦੇਸ਼ ਦਾ ਭਰਮਣ ਕੀਤਾ ਸੀ ਅਤੇ ਅਨੇਕਾਂ ਮਹਾਂਪੁਰਸ਼ਾਂ ਨਾਲ ਮੁਲਾਕਾਤ ਕੀਤੀ ਸੀ | ਸਾਰੀਆਂ ਥਾਵਾਂ ‘ਤੇ ਉਨ੍ਹਾਂ ਦੇ ਪਿਆਰ ਭਰੇ ਉਪਦੇਸ਼ ਬੜੇ ਚਾਅ ਨਾਲ ਸੁਣੇ ਗਏ ਸਨ :
ਨਿਰਭਯ ਹੋ ਕਰ ਕੀਆ ਉਨਹੋ ਨੇ,
ਸਾਮਯ ਧਰਮ ਕਾ ਯਹਾਂ ਪ੍ਰਚਾਰ,
ਪ੍ਰੀਤ ਨੀਤ ਦੇ ਸਾਥ ਸਭੀ ਕੋ,
ਸ਼ੁਭ ਕਰਮੋ ਕਾ ਹੈ ਅਧਿਕਾਰ |
ਸਾਰੇ ਕਰਮ-ਕਾਂਡ ਨਿਸ਼ਫਲ ਹੈ,
ਨਾ ਹੋ ਸ਼ੁਧ ਮਨ ਕੀ ਯਦਿ ਭਗਤੀ,
ਭਵਯ ਭਾਵਨਾ ਤਭੀ ਫਲੇਗੀ, ਜਬ ਹੋਗੀ ਕਰਨੇ ਕੀ ਸ਼ਕਤੀ |
ਮਿਲੇ ਅਨੇਕ ਮਹਾਂਪੁਰਸ਼ੋਂ ਸੇ, ਘੂਮੇ ਨਾਨਕ ਦੇਸ਼-ਵਿਦੇਸ਼,
ਸੁਨੇ ਗਏ ਸਰ©ਵਤ੍ਰ ਚਾਵ ਸੇ, ਭਾਵ ਭਰੇ ਉਨ ਕੇ ਉਪਦੇਸ਼ |
ਹਿੰਦੀ ਸਾਹਿਤ ਦੇ ਇਕ ਹੋਰ ਵੱਡੇ ਵਿਦਵਾਨ ‘ਹਾਜਰੀ ਪ੍ਰਸਾਦ ਦਿਵੇਦੀ’ ਦੀ ਗੁਰੂ ਨਾਨਕ ਦੇਵ ਜੀ ਦੀ ਸਰਬ ਸਾਂਝੇ ਸੰਦੇਸ਼ ਬਾਰੇ ਲਿਖੀ ਇਹ ਖੂਬਸੂਰਤ ਇਬਾਰਤ ਵੀ ਇਥੇ ਦਰਜ ਕਰਨਾ ਚਾਹੁੰਦਾ ਹਾਂ | ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਦਾ ਸੰਦੇਸ਼ ਦਿੱਤਾ ਸੀ | ਉਹ ਮੰਨਦੇ ਸਨ ਕਿ ਮਨੁੱਖ ਜੀਵਨ ਦੀ ਸਰਵੋਤਮ ਪ੍ਰਾਪਤੀ ਉਸ ਦਾ ਆਪਣੇ-ਆਪ ਵਿਚ ਪ੍ਰੇਮਮਈ ਹੋ ਜਾਣਾ ਹੈ | ਅਸਲ ਵਿਚ ਪ੍ਰੇਮ ਹੀ ਉਸ ਦਾ ਸੁਭਾਅ ਹੈ, ਪ੍ਰੇਮ ਹੀ ਉਸ ਦਾ ਸਾਧਨ ਹੈ | ਗੁਰੂ ਸਾਹਿਬ ਫ਼ਰਮਾਉਂਦੇ ਹਨ-ਹੇ ਮੂੜ੍ਹ ਮਨੁੱਖ, ਸੱਚੀ ਪ੍ਰੀਤ ਨਾਲ ਹੀ ਤੇਰਾ ਮਾਨ ਅਭਿਮਾਨ ਨਸ਼ਟ ਹੋਵੇਗਾ, ਤੇਰੇ ਛੋਟੇਪਨ ਦੀ ਸੀਮਾ ਸਮਾਪਤ ਹੋਵੇਗੀ, ਪਰਮ ਮੰਗਲਕਾਰੀ ਰੱਬ ਤੈਨੂੰ ਪ੍ਰਾਪਤ ਹੋਵੇਗਾ | ਉਸ ਦੇ ਸੱਚੇ ਪ੍ਰੇਮ ਦੀ ਸਾਧਨਾ ਤੇਰੇ ਜੀਵਨ ਦਾ ਪਰਮ ਉਦੇਸ਼ ਹੈ | ਬਾਹਰਲੇ ਆਡੰਬਰਾਂ ਨੂੰ ਤੂੰ ਧਰਮ ਸਮਝ ਰਿਹਾ ਹੈਂ, ਬੰਧਨ ਵਾਲੇ ਕਰਮਕਾਂਡਾਂ ਨੂੰ ਆਸਥਾ ਮੰਨ ਰਿਹਾ ਹੈਂ? ਨਹੀਂ ਪਿਆਰੇ, ਇਹ ਸਭ ਕੁਝ ਧਰਮ ਨਹੀਂ ਹਨ, ਧਰਮ ਤਾਂ ਖੁਦ ਦਾ ਰੂਪ ਹੋ ਕੇ, ਭਗਵਾਨ ਰੂਪ ਵਿਚ ਤੇਰੇ ਅੰਦਰ ਵਿਧਮਾਨ ਹੈ, ਉਸੇ ਅਗਮ-ਅਗੋਚਰ ਦੀ ਸ਼ਰਨ ਫੜ | ਕੀ ਪਿਆ ਹੈ ਇਨ੍ਹਾਂ ਛੋਟੇ ਹੰਕਾਰਾਂ ਵਿਚ, ਇਹ ਮੁਕਤੀ ਦੇ ਨਹੀਂ, ਸਗੋਂ ਬੰਧਨ ਦੇ ਕਾਰਨ ਹਨ |’
ਆਪਣੀ ਗੱਲ ਸਮਾਪਤ ਕਰਦਿਆਂ, ਆਖਰ ਵਿਚ ਗੁਰੂ ਨਾਨਕ ਸਾਹਿਬ ਦੀ ਸਰਬ ਸਾਂਝੀ, ਅਦੁੱਤੀ ਸ਼ਖ਼ਸੀਅਤ ਦਾ ਬਿਆਨ ਕਰਦੀਆਂ, ਉਰਦੂ ਦੇ ਮਸ਼ਹੂਰ ਤੇ ਮਕਬੂਲ ਸ਼ਾਇਰ ‘ਅਕਬਰ ਇਲਾਹਾਬਾਦੀ’ ਦੀ ਇਕ ਨਜ਼ਮ ਦੀਆਂ ਕੁਝ ਸਤਰਾਂ ਇਥੇ ਅੰਕਿਤ ਕਰ ਰਿਹਾ ਹਾਂ :
ਤੇਰੀ ਗੁਫਤਗੂ ਸਭ ਕੋ ਭਾਈ ਨਾ ਹੋਤੀ
ਮੁਸੱਲਮ ਤੇਰੀ ਰਹਿਨੁਮਾਈ ਨਾ ਹੋਤੀ
ਅਗਰ ਤੁਝ ਪੈ ਸ਼ੈਦਾ ਖੁਦਾਈ ਨਾ ਹੋਤੀ
ਤੇਰੀ ਦੇਹ ਪੈ ਹਾਥਾ ਪਾਈ ਨਾ ਹੋਤੀ
ਨਾ ਹਿੰਦੂ ਜਲਾਨੇ ਪੈ ਅਸਰਾਰ ਕਰਤੇ
ਨਾ ਮੁਸਲਮ ਪਏ ਦਫਨ ਤਕਰਾਰ ਕਰਤੇ
ਹੈ ਅਪਨੇ ਬਗਾਨੇ ਕਾ ਮਕਬੂਲ ਨਾਨਕ
ਨਹੀ ਜਿਸ ਮੇਂ ਕਾਂਟਾ ਵਹਿ ਹੈ ਫੂਲ ਨਾਨਕ |
jaspal singh
By Dr Jaspal Singh

originally published in ajit jalandhar

Link : http://beta.ajitjalandhar.com/edition/20151125/28.cms
Tags: ,
Posted in: ਸਾਹਿਤ