ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਿਰਕੂ ਦੰਗਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ-ਗ੍ਰਹਿ ਮੰਤਰਾਲਾ

By November 25, 2015 0 Comments


ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ‘ਚ ਭਾਵੇਂ ਵਿਵਾਦਿਤ ਅਤੇ ਭਖਦਾ ਅਸਹਿਣਸ਼ੀਲਤਾ ਦਾ ਮੁੱਦਾ ਇਸ ਵੇਲੇ ਸਿਖਰਾਂ ‘ਤੇ ਹੈ ਪਰ ਗ੍ਰਹਿ ਮੰਤਰਾਲੇ ਨੇ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਕਤੂਬਰ ‘ਚ ਜ਼ਿਆਦਾ ਮੌਤਾਂ ਹੋਈਆਂ ਹਨ | ਗ੍ਰਹਿ ਮੰਤਰਾਲੇ ਵੱਲੋਂ ਪੇਸ਼ ਕੀਤੇ ਅੰਕੜਿਆਂ ਮੁਤਾਬਿਕ ਇਸ ਸਾਲ ਅਕਤੂਬਰ ਤੱਕ ਫਿਰਕੂ ਦੰਗਿਆਂ ‘ਚ 90 ਲੋਕਾਂ ਦੀ ਮੌਤ ਹੋਈ ਹੈ, ਜਦਕਿ ਪਿਛਲੇ ਸਾਲ ਇਸ ਮਹੀਨੇ ਤੱਕ ਇਨ੍ਹਾਂ ਮਾਮਲਿਆਂ ‘ਚ 86 ਲੋਕ ਮਾਰੇ ਗਏ ਸਨ | ਰਿਪੋਰਟ ਮੁਤਾਬਿਕ ਅਕਤੂਬਰ 2015 ਤੱਕ 630 ਮਾਮਲਿਆਂ ‘ਚ 1899 ਲੋਕ ਜ਼ਖ਼ਮੀ ਹੋਏ ਅਤੇ 90 ਲੋਕ ਮਾਰੇ ਗਏ, ਜਦਕਿ ਪਿਛਲੇ ਸਾਲ 56 ਮਾਮਲਿਆਂ ‘ਚ 1688 ਲੋਕ ਜ਼ਖ਼ਮੀ ਹੋਏ ਅਤੇ 86 ਲੋਕ ਮਾਰੇ ਗਏ, ਜਿਸ ਤੋਂ ਪਤਾ ਲਗਦਾ ਹੈ ਕਿ ਫਿਰਕੂ ਦੰਗਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ |
ਮੰਤਰਾਲੇ ਦੀ ਰਿਪੋਰਟ ‘ਚ ਇਸ ਸਾਲ ਅਕਤੂਬਰ ਤੱਕ ਦੋ ਵੱਡੇ ਫਿਰਕੂ ਮਾਮਲੇ ਸਾਹਮਣੇ ਆਏ ਹਨ | ਪਹਿਲਾ ਫਰੀਦਾਬਾਦ ਵਿਖੇ ਇਕ ਪੂਜਾ ਵਾਲੀ ਥਾਂ ਦੀ ਉਸਾਰੀ ਨੂੰ ਲੈ ਕੇ ਹੋਈ ਹਿੰਸਾ ਅਤੇ ਦਾਦਰੀ ‘ਚ ਕਥਿਤ ਤੌਰ ‘ਤੇ ਗਊ ਮਾਸ ਖਾਣ ਕਾਰਨ ਹੋਈ ਅਖਲਾਕ ਦੀ ਹੱਤਿਆ | ਗ੍ਰਹਿ ਮੰਤਰਾਲੇ ਮੁਤਾਬਿਕ ਵੱਡੀ ਫਿਰਕੂ ਘਟਨਾ ਉਹ ਹੁੰਦੀ ਹੈ, ਜਿਸ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋਵੇ ਜਾਂ 10 ਤੋਂ ਵੱਧ ਲੋਕ ਜ਼ਖ਼ਮੀ ਹੋਣ | ਮੰਤਰਾਲੇ ਦੀ ਰਿਪੋਰਟ ‘ਚ ਫਿਰਕੂ ਘਟਨਾਵਾਂ ਦੇ ਵਾਧੇ ਦਾ ਅਹਿਮ ਕਾਰਨ ਸੋਸ਼ਲ ਮੀਡੀਆ ਦੀ ਦੁਰਵਰਤੋਂ ਹੈ | ਇਸ ਤੋਂ ਇਲਾਵਾ ਧਾਰਮਿਕ ਮਸਲੇ, ਜ਼ਮੀਨ-ਜਾਇਦਾਦ ਦੇ ਵਿਵਾਦ ਅਤੇ ਸਿਆਸੀ ਦੁਸ਼ਮਣੀ ਵੀ ਕਾਰਨ ਹਨ |

Posted in: ਰਾਸ਼ਟਰੀ