ਗੁਰੂ ਨਾਨਕ ਸਾਹਿਬ ਦੇ ਨਾਲ ਕਿਰਤ ਨੂੰ ਵੀ ਯਾਦ ਰੱਖੋ. . .

By November 25, 2015 0 Comments


ਜਸਪਾਲ ਸਿੰਘ ਹੇਰਾਂ

ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ। ਸਿੱਖੀ ਸਰਬੱਤ ਦਾ ਭਲਾ ਮੰਗਦੀ, ਇਨਾਂ ਸਿਧਾਂਤਾਂ ਦੀ ਰੋਸ਼ਨੀ ’ਚ ਅਜਿਹੀ ਇਨਕਲਾਬੀ ਜੀਵਨ ਜਾਂਚ ਹੈ, ਜਿਹੜੀ ਮਨੁੱਖ ਨੂੰ ਪਰਮ ਮਨੁੱਖ ਬਣਾ ਕੇ ਇਸ ਸਮੁੱਚੇ ਵਿਸ਼ਵ ’ਚ ਹਲੇਮੀ ਰਾਜ ਦੀ ਸਥਾਪਤੀ ਦਾ ਮਾਰਗ ਹੈ। ਪ੍ਰੰਤੂ ਇਨਾਂ ਸਿਧਾਂਤਾਂ ਨੂੰ ਦੁਨੀਆ ’ਚ ਲੈ ਕੇ ਜਾਣ ਦੀ ਥਾਂ, ਸਿੱਖ ਖ਼ੁਦ ਹੀ ਇਨਾਂ ਨੂੰ ਤਿਆਗ ਬੈਠੇ ਹਨ। ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ’ਚ ਹਾਂ, ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਕੱਢੇ ਜਾ ਰਹੇ ਹਨ, ਤਾਂ ਸਾਨੂੰ ‘ਕਿਰਤ ਕਰੋ-ਨਾਮ ਜਪੋ, ਵੰਡ ਛਕੋ’ ਦੇ ਸਿਧਾਂਤ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਜੀਵਨ ਸੇਧ ਬਾਰੇ ਅਤੇ ਅਸੀਂ ਇਨਾਂ ਤੇ ਕਿੰਨਾ ਕੁ ਚੱਲ ਰਹੇ ਹਾਂ, ਜ਼ਰੂਰ ਸੋਚਣਾ ਚਾਹੀਦਾ ਹੈ। ਕਿਰਤ ਮਨੁੱਖੀ ਜੀਵਨ ਦਾ ਜ਼ਰੂਰੀ guru nanak dev jiਅਤੇ ਮਹਾਨ ਅੰਗ ਹੈ। ਸੱਚੀ ਕਿਰਤ ਪੂਜਾ ਹੈ। ਸਿੱਖੀ ’ਚ ਤਾਂ ਉਸ ਵਿਦਿਆ ਨੂੰ ਹੀ ਅਸਲ ਵਿਦਿਆ ਮੰਨਿਆ ਗਿਆ ਹੈ, ਜਿਹੜੀ ਮਨੁੱਖ ਨੂੰ ਕੁਦਰਤ ਦੀ ਰੂਹ ਨਾਲ ਅਭੇਦ ਹੋ ਕੇ ਕਿਰਤ ਕਰਨਾ ਸਿਖਾਉਂਦੀ ਹੈ।

ਪਿਆਰ, ਮਿੱਤਰਤਾ ਤੇ ਹੋਰ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਲਈ ਤੇ ਮੁੜ ਇਨਾਂ ਦੀ ਸੁਗੰਧੀ ਖਿਲੇਰਨ ਲਈ ਆਦਮੀ ਨੂੰ ਕਦੇ ਵਿਹਲਾ ਨਹੀਂ ਰਹਿਣਾ ਚਾਹੀਦਾ। ਨਿਕੰਮਾ ਆਦਮੀ ਕਦੇ ਵੀ ਜੀਵਨ ਦੇ ਉਚੇਰੇ ਭੇਦਾਂ ਨੂੰ ਅਨੁਭਵ ਨਹੀਂ ਕਰ ਸਕਦਾ। ਅੱਜ ਅਸੀਂ ਨਵੀ ਪੀੜੀ ਨੂੰ ਨਸ਼ੇੜੀ ਤੇ ਨਿਕੰਮੀ ਹੋਣ ਦਾ ਦੋਸ਼ ਦਿੰਦੇ ਹਾਂ, ਪ੍ਰੰਤੂ ਇਸ ਦਾ ਮੁੱਢ ਕਿਸੇ ਨੇ ਬੰਨਿਆ? ਜਿਥੇ ਸਰਕਾਰਾਂ ਤੇ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖ ਜੁਆਨੀ ਦੀ ਤਬਾਹੀ ਲਈ ਉਨਾਂ ਨੂੰ ਨਿਕੰਮੇ-ਨਸ਼ੇੜੀ ਬਣਾਉਣ ਲਈ ਨਸ਼ਿਆਂ ਅਤੇ ਵਿਦਿਆ ਦੀਆਂ ਹੱਟੀਆਂ ਖੋਲ, ਕੇ ਨਿਕੰਮੇ ਬਣਾਉਣ ਦੀ ਸਾਜ਼ਿਸ ਰਚੀ, ਉਥੇ ਅਸੀਂ ਉਨਾਂ ਨੂੰ ਕਿਰਤ ਸੱਭਿਆਚਾਰ ਨਾਲ ਜੋੜੀ ਰੱਖਣ ਤੋਂ ਅੱਖਾਂ ਮੀਚ ਲਈਆਂ। ਗੁਰੂ ਨਾਨਕ ਸਾਹਿਬ ਨੇ ਖ਼ੁਦ ਹੱਥੀ ਖੇਤੀ ਕਰਕੇ, ਕਿਰਤ ਸੱਭਿਆਚਾਰ ਦੀ ਮਹਾਨਤਾ ਦਾ ਸੁਨੇਹਾ ਦਿੱਤਾ ਸੀ। ਅਸੀਂ ਬਾਬੇ ਨਾਨਕ ਦੀ ਉਹ ਫੋਟੋ, ਜਿਹੜੀ ਉਨਾਂ ਦੇ ਹੱਲ ਵਾਹੁੰਦਿਆ ਵਾਲੀ ਸੀ, ਉਸ ਫੋਟੋ ਨੂੰ ਅਲੋਪ ਹੀ ਕਰ ਛੱਡਿਆ ਹੈ।

ਕਿਰਤ ਦੀ ਮਹਾਨਤਾ ਦਾ ਸੁਨੇਹਾ ਦੇਣ ਵਾਲੀ ਉਹ ਫੋਟੋ ਆਖ਼ਰ ਆਲੋਪ ਕਿਉਂ ਹੋ ਗਈ? ਭਾਵੇਂ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੋਂ ਹੀ ਪੂਰੀ ਤਰਾਂ ਭਟਕ ਗਏ ਹਾਂ, ਜਿਸ ਦਲਦਲ ’ਚੋਂ ਗੁਰੂ ਸਾਹਿਬਾਨ ਨੇ ਸਾਨੂੰ ਕੱਢਿਆ ਸੀ, ਅਸੀਂ ਉਸੇ ਦਲਦਲ ’ਚ ਮੁੜ ਤੋਂ ਡਿੱਗਣ ਲਈ ਕਾਹਲੇ ਹਾਂ। ਪਦਾਰਥ ਤੇ ਸੁਆਰਥ ਦੀ ਅੰਨੀ ਦੌੜ ਨੇ ਸਾਨੂੰ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਤੋਂ ਕੋਹਾਂ ਦੂਰ ਕਰ ਛੱਡਿਆ ਹੈ। ਅੱਜ ਸਿਰਫ਼ ਤੇ ਸਿਰਫ਼ ਵਿਖਾਵਾ ਤੇ ਫੋਕੀਆਂ ਰਸਮਾਂ ਰਹਿ ਗਈਆਂ ਹਨ। ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਦਾ ਸਤਿਕਾਰ ਕਰਕੇ ਅਤੇ ਦਸਮੇਸ਼ ਪਿਤਾ ਨੇ ਕਿਰਤ ਨਾਂਹ ਕਰਨ ਵਾਲੇ ਹੱਥਾਂ ਤੋਂ ਪਾਣੀ ਲੈ ਕੇ ਪੀਣ ਤੋਂ ਮਨਾ ਕਰਕੇ ਸਿੱਖਾਂ ਨੂੰ ਕਿਰਤ ਨਾਲ ਪੱਕੇ ਰੂਪ ’ਚ ਜੋੜਨ ਦਾ ਸੁਨੇਹਾ ਦਿੱਤਾ ਸੀ। ਪ੍ਰੰਤੂ ਅੱਜ ਭਾਈ ਲਾਲੋ ਦੇ ਵਾਰਿਸ ਤੱਕ ਵੀ ਇਹ ਭੁੱਲ ਗਏ ਹਨ ਕਿ ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਕਾਰਣ ਹੀ ਗੁਰੂ ਨਾਨਕ ਸਾਹਿਬ ਨੇ ਉਨਾਂ ਨੂੰ ਛਾਤੀ ਨਾਲ ਲਾਇਆ ਸੀ।

ਸਮੇਂ ਦੀ ਰਫ਼ਤਾਰ ਅਨੁਸਾਰ ਬਹੁਤ ਕੁਝ ਬਦਲਦਾ ਹੈ, ਕਿਰਤ ਦਾ ਸਰੂਪ ਬਦਲ ਸਕਦਾ ਹੈ, ਪ੍ਰੰਤੂ ਕਿਰਤ ਆਲੋਪ ਨਹੀਂ ਹੋ ਸਕਦੀ। ਕਿਰਤ ਤੋਂ ਮੂੰਹ ਮੋੜਨ ਵਾਲੇ ਹੀ ਬੇਈਮਾਨੀ ਠੱਗੀ, ਧੋਖਾ, ਫਰੇਬ ਤੇ ਭਿ੍ਰਸ਼ਟਾਚਾਰ ਦੀ ਦਲਦਲ ’ਚ ਡਿੱਗਦੇ ਹਨ। ਦੋ ਨੰਬਰੀ ਕਮਾਈ ਨਾਲ ਐਸ਼ ਦੀ ਭਾਵਨਾ, ਕਦੇ ਕਿਸੇ ਕਿਰਤੀ ’ਚ ਪੈਦਾ ਨਹੀਂ ਹੁੰਦੀ। ਤਰੱਕੀ ਕਰਨਾ ਹਰ ਮਨੁੱਖ ਦੀ ਮੁੱਢਲੀ ਖਾਹਿਸ਼ ਹੈ, ਇਹ ਹੋਣੀ ਵੀ ਚਾਹੀਦੀ ਹੈ। ਪ੍ਰੰਤੂ ਇਸ ਚਾਹਤ ਦੀ ਪੂਰਤੀ ਗਲਤ ਛੋਟਾ ਰਾਹ ਅਪਨਾ ਕੇ ਕਰਨੀ, ਮਨੁੱਖ ਨੂੰ ਗਲਤ ਰਾਹ ਦਾ ਪਾਂਧੀ ਬਣਾਉਂਦੀ ਹੈ, ਜਿਸ ਨਾਲ ਉਹ ਮਾਨਵੀ ਕਦਰਾਂ-ਕੀਮਤਾਂ ਦਾ ਕਾਤਲ ਬਣ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਸਮੇਂ, ਪ੍ਰਭਾਤ ਫੇਰੀਆਂ ਕੱਢਣ ਸਮੇਂ, ਨਗਰ ਕੀਰਤਨ ਸਜਾਉਣ ਸਮੇਂ ਗੁਰੂ ਸਾਹਿਬ ਵੱਲੋਂ ਦੱਸੀ ਜੀਵਨ ਜਾਂਚ ਦੀ ਗੱਲ ਵੀ ਕੀਤੀ ਜਾਵੇ ਅਤੇ ‘ਕਿਰਤ ਕਰੋ-ਨਾਮ ਜਪੋ-ਵੰਡ ਛਕੋ’ ਦੇ ਬੁਨਿਆਦੀ ਸਿਧਾਂਤਾਂ ਨੂੰ ਵੀ ਯਾਦ ਕੀਤਾ ਜਾਵੇ। ਗੁਰਪੁਰਬ ਮਨਾਉਣੇ, ਮਹਿਜ਼, ਪਿਰਤ ਹੀ ਨਾ ਬਣ ਕੇ ਰਹਿ ਜਾਣ, ਇਸ ਤੋਂ ਲਾਹਾ ਪ੍ਰਾਪਤ ਕੀਤਾ ਜਾਵੇ।

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar
Tags:
Posted in: ਸਾਹਿਤ