ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਵਾਰਿਸਾਂ ਨੂੰ ਕੌਣ ਰੋਕੂ ?

By November 22, 2015 0 Comments


ਜਸਪਾਲ ਸਿੰਘ ਹੇਰਾਂ
baba
ਭਾਵੇਂ ਕਿ ਜੋ ਕੁਝ ਭਗਤਾ ਭਾਈ ਕਾ ਨੇੜੇ ਪਿੰਡ ਹਮੀਰਗੜ ’ਚ ਵਾਪਰਿਆ। ਬੇਅਦਬੀ ਕਾਂਡ, ਬਾਦਲਕਿਆਂ ਦੇ ਬੜਬੋਲੇ ਮੰਤਰੀ ਜਿਹੜਾ ਪਹਿਲਾ ਕਾਲੀ ਦੀਵਾਲੀ ਵਿਰੁੱਧ ਬੋਲਿਆ ਸੀ ਅਤੇ ਹੁਣ ਸਰਬੱਤ ਖਾਲਸੇ ਤੋਂ ਪਿੱਛੋਂ ਸੁਖਬੀਰ ਬਾਦਲ ਵੱਲੋਂ ਕੌਮ ਨੂੰ ਦਿੱਤੀਆਂ ਗਿੱਦੜ ਧਮਕੀਆਂ ਤੋਂ ਬਾਅਦ, ਉਸੇ ਸ਼ੈਲੀ ’ਚ ਬੜਕਾ ਮਾਰ ਰਿਹਾ ਸੀ, ਦੇ ਵੱਜੀਆਂ ਚਪੇੜਾਂ ਦੀ ਗੂੰਜ ’ਚ ਗੂੰਜਿਆ, ਅਸੀਂ ਉਸ ਨੂੰ ਅਫ਼ਸੋਸਨਾਕ ਮੰਨਦੇ ਹਾਂ। ਲੋਕਤੰਤਰੀ ਨਿਜ਼ਾਮ ’ਚ ਹਿੰਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪ੍ਰੰਤੂ ਜਦੋਂ ਸਰਕਾਰ ਦਾ ਜਬਰ, ਜ਼ੁਲਮ ਤਸ਼ੱਦਦ ਸਾਰੇ ਹੱਦਾਂ-ਬੰਨੇ ਟੱਪ ਜਾਵੇ, ਫ਼ਿਰ ਲੋਕਾਂ ਦੇ ਸਬਰ ਦਾ ਪਿਆਲਾ ਬਦੋਬਦੀ ਛਲਕ ਜਾਂਦਾ ਹੈ। ਇਹ ਸੁਭਾਵਿਕ ਹੈ, ਜਿਸਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਅਸੀਂ ਇਸ ਟਕਰਾਅ ਤੇ ਵਰਤਾਰੇ ਲਈ ਸੁਖਬੀਰ ਬਾਦਲ ਨੂੰ ਮੁੱਖ ਦੋਸ਼ੀ ਮੰੰਨਦੇ ਹਾਂ। ਕੌਮ ਨੂੰ ਚੁਣੌਤੀ ਦੇਣੀ, ਉਹ ਵੀ ਉਸ ਕੌਮ ਨੂੰ ਜਿਸਨੇ ਕਦੇ ਕਿਸੇ ਜਾਬਰ ਤੋਂ ਜਾਬਰ ਅਤੇ ਜਰਵਾਣੇ ਤੋਂ ਜਰਵਾਣੇ ਹਾਕਮ ਦੀ ਟੈਂਅ ਕਦੇ ਨਹੀਂ ਮੰਨੀ। ਉਸ ਕੌਮ ਨੂੰ ਜਿਹੜੀ ਗੁਰੂ ਦੇ ਨਾਮ ਤੇ ਮੈਦਾਨ ’ਚ ਨਿੱਤਰੀ ਹੋਵੇ, ‘‘ਤੁੰਨ ਦਿੳੂਗਾ, ਠੋਕ ਦਿੳੂਗਾ, ਖੰਗਣ ਨਹੀਂ ਦੇਣਾ’’ ਵਰਗੀ ਭੜਕਾੳੂ ਗੁੰਡਾ ਸ਼ਬਦਾਵਲੀ ’ਚ ਚੁਣੌਤੀ ਦੇਣੀ ਕਿਵੇਂ ਵੀ ਸਿਆਣਪ ਤੇ ਅਕਲਮੰਦੀ ਨਹੀਂ ਆਖੀ ਜਾ ਸਕਦੀ। ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਆਪਣੀ ਜਾਨ ਤੋਂ ਵੱਧ ਚਾਹੁੰਦਾ ਹੈ। ਇਸ ਲਈ ਜਦੋਂ ਦੁਸ਼ਟ ਤਾਕਤਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲੇਆਮ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਤੇ ਆਏ ਦਿਨ ਹਮਲੇ ਕਰ ਰਹੀਆਂ ਹੋਣ, ਪ੍ਰੰਤੂ ਉਨਾਂ ਨੂੰ ਨਕੇਲ ਪਾਉਣਾ, ਦੁਸ਼ਟਾਂ ਨੂੰ ਗਿ੍ਰਫ਼ਤਾਰ ਕਰਨ ਅਤੇ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਰੋਕਣ ਦੀ ਥਾਂ ਸਰਕਾਰ ਉਲਟਾ ਸਿੱਖਾਂ ਨੂੰ ਹੀ ਲਤਾੜਨ ਤੇ ਵੰਗਾਰਨ ਲੱਗ ਪਵੇ, ਫ਼ਿਰ ਮਜ਼ਬੂਰ ਸਿੱਖ ਹੋਰ ਕੀ ਕਰੇਗਾ? ਉਹ ਆਪਣੇ ਰੋਹ ਨੂੰ ਆਪਣੇ ਰੋਸ ਨੂੰ, ਆਖ਼ਰ ਕਿੰਨਾ ਕੁ ਚਿਰ ਦਬਾਅ ਕੇ ਰੱਖ ਸਕਦਾ ਹੈ? ਜਦੋਂ ਆਮ ਲੋਕਾਂ ’ਚ ਕਿਸੇ ਖ਼ਾਸ ਮੁੱਦੇ ਕਾਰਣ ਰੋਹ ਭੜਕ ਜਾਂਦਾ ਹੈ ਤਾਂ ਸਿਆਣੀਆਂ ਸਰਕਾਰ ਹਰ ਹੀਲਾ-ਵਸੀਲਾ ਵਰਤ ਕੇ ਸਭ ਤੋਂ ਪਹਿਲਾ ਉਸਨੂੰ ਠੰਡਾ ਕਰਨ ਦਾ ਯਤਨ ਕਰਦੀਆਂ ਹਨ, ਉਹ ਸਿਆਸੀ ਖੇਡ ਨੂੰ ਇਕ ਪਾਸੇ ਛੱਡ ਕੇ, ਸਿਰਫ਼ ਗੰਭੀਰ ਹੋ ਰਹੀਆਂ ਸਮੱਸਿਆ ਦੇ ਇਮਾਨਦਾਰੀ ਨਾਲ ਹੱਲ ਨੂੰ ਸਭ ਤੋਂ ਵੱਧ ਧਿਆਨ ਦਿੰਦੀਆਂ ਹਨ। ਪ੍ਰੰਤੂ ਪੰਜਾਬ ’ਚ 1 ਜੂਨ ਤੋਂ ਚੋਰੀ ਹੋਏ ਗੁਰੂ ਸਾਹਿਬ ਦੇ ਪਾਵਨ ਸਰੂਪ, ਹਾਲੇਂ ਤੱਕ ਨਹੀਂ ਲੱਭੇ ਜਾ ਸਕੇ, ਦੁਸ਼ਟ ਚੋਰ ਤਾਂ ਕੀ ਫੜਨੇ ਸਨ? ਗੁਰੂ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਬਰਗਾੜੀ ਤੇ ਮੱਲਕੇ ਦੀਆਂ ਗਲੀਆਂ, ਬਜ਼ਾਰਾਂ ’ਚ ਹੋਇਆ, ਦੁਸ਼ਟ ਪਾਪੀ ਹਾਲੇਂ ਤੱਕ ਪਕੜ ’ਚ ਨਹੀਂ ਆਏ। ਸਤਿਨਾਮ, ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਤੇ ਅੰਨੇਵਾਹ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ, ਉਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਝਾਂਸੇ ਤਾਂ ਦਿੱਤੇ ਗਏ, ਪ੍ਰੰਤੂ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਤੇ ਸਿੱਧਾ ਪਰਚਾ ਹਾਲੇਂ ਤੱਕ ਦਰਜ ਨਹੀਂ ਹੋਇਆ। ਕੌਮ ਗੁਰੂ ਤੇ ਆਏ ਦਿਨ ਹੁੰਦੇ ਹਮਲਿਆਂ ਨੂੰ ਆਖ਼ਰ ਕਦੋਂ ਤੱਕ ਸਹਾਰ ਸਕਦੀ ਹੈ? ਬਿਪਤਾ ਦੇ ਸਮੇਂ ਕੌਮ ਨੇ ‘ਸਰਬੱਤ ਖਾਲਸੇ’ ਦੇ ਰੂਪ ’ਚ ਇਕੱਠੀ ਹੋਕੇ ਦੁਸ਼ਟ ਤਾਕਤਾਂ ਨਾਲ ਨਜਿੱਠਣ ਦਾ ਫੈਸਲਾ ਕੀਤਾ। ਸੁਖਬੀਰ ਨੂੰ ਉਹ ਸਰਬੱਤ ਖਾਲਸਾ ਦੇਸ਼ ਧ੍ਰੋਹੀਆਂ ਤੇ ਕਾਂਗਰਸੀਆਂ ਦਾ ਇਕੱਠ ਵਿਖਾਈ ਦਿੱਤਾ।

ਸਾਰੇ ਪ੍ਰਬੰਧਕ ਦੇਸ਼ ਧਿਰੋਹ ਦੇ ਦੋਸ਼ ’ਚ ਅੰਦਰ ਤੁੰਨ ਦਿੱਤੇ ਅਤੇ ਸਮੁੱਚੀ ਕੌਮ ਨੂੰ ‘ਤੁੰਨ ਦੇਣ’ ਦੀ ਗਿੱਦੜਧਮਕੀ ਦੇਣੀ ਸ਼ੁਰੂ ਕਰ ਦਿੱਤੀ। ਕਦੇ ਜ਼ਕਰੀਆਂ ਖਾਨ ਨੇ ਵੀ ਸਿੱਖਾਂ ਦਾ ਅੰਨੇਵਾਹ ਕਤਲੇਆਮ ਕਰਕੇ, ਸਿੱਖਾਂ ਦੇ ਖ਼ਾਤਮੇ ਦੀ ਬੜਕ ਮਾਰੀ ਸੀ। ਉਸ ਸਮੇਂ ਵੀ ਦੋ ਸਿੰਘ ਸੂਰਮੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਮੈਦਾਨ ’ਚ ਨਿੱਤਰੇ ਸਨ ਅਤੇ ਦੱਸ ਦਿੱਤਾ ਸੀ ਕਿ ਸਿੰਘਾਂ ਨੂੰ ਵੰਗਾਰਨ ਵਾਲੀ, ਖ਼ਤਮ ਕਰਨ ਵਾਲੀ ਕੋਈ ਜਾਬਰ ਤਾਕਤ ਹਾਲੇਂ ਤੱਕ ਦੁਨੀਆ ’ਚ ਪੈਦਾ ਨਹੀਂ ਹੋਈ ਅਤੇ ਨਾ ਹੀ ਹੋਵੇਗੀ। ਭਾਈ ਜਰਨੈਲ ਸਿੰਘ ਜੈਲਾ ਨੇ ਵੀ ਉਸੇ ਇਤਿਹਾਸ ਨੂੰ ਦੁਹਰਾਇਆ ਹੈ। ਇਤਿਹਾਸ ਹਮੇਸ਼ਾ ਸਬਕ ਦਿੰਦਾ ਹੈ। ਜਿਹੜੇ ਇਤਿਹਾਸ ਤੋਂ ਸਬਕ ਨਹੀਂ ਲੈਂਦੇ, ਫ਼ਿਰ ਉਨਾਂ ਨਾਲ ਇਹੋ ਕੁਝ ਜੋ ਕੁਝ ਮਲੂਕਾ ਸਾਬ ਨਾਲ ਹੋਇਆ, ਇਹੋ ਕੁਝ ਹੀ ਵਾਪਰਦਾ ਹੈ। ਲੋਕ ਰੋਹ ਨੂੰ ਗਿੱਦੜਧਮਕੀਆਂ ਨਾਲ ਦਬਾਇਆ ਨਹੀਂ ਜਾ ਸਕਦਾ। ਅਜਿਹਾ ਲੋਕ ਰੋਹ, ਲੋਕਾਂ ਦੇ ਰੋਹ ਦਾ ਸਿਖ਼ਰ ਹੁੰਦਾ ਹੈ ਅਤੇ ਲੋਕ ਇਹ ਫੈਸਲਾ ਕਰਕੇ ਕਿ ਇਸ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ, ਅਜਿਹਾ ਕਦਮ ਚੁੱਕਦੇ ਹਨ। ਅਸੀਂ ਸੁਖਬੀਰ ਬਾਦਲ ਨੂੰ ਇਸ ਸਮੇਂ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਸਮਾਂ ਕੱਢ ਕੇ, ਸਿੱਖ ਇਤਿਹਾਸ ਤੇ ਮੋਟੀ-ਮੋਟੀ ਨਜ਼ਰ ਜ਼ਰੂਰ ਮਾਰ ਲੈਣ, ਉਸਤੋਂ ਬਾਅਦ ਜਿਹੜੀਆਂ ਮਰਜ਼ੀ ਗਿੱਦੜ ਧਮਕੀਆਂ ਕੌਮ ਨੂੰ ਦੇਈ ਜਾਣ। ਅਸੀਂ ਸ਼ਿਕਾਇਤ ਨਹੀਂ ਕਰਾਂਗੇ। ਅਸੀਂ ਸਮਝਦੇ ਹਾਂ ਕਿ ਬਾਦਲਕਿਆਂ ਨੂੰ ਇਸ ਸਮੇਂ ਪੰਜਾਬ ’ਚ ਖਾਨਾਜੰਗੀ, ਸੱਤਾ ਤੇ ਬਣੇ ਰਹਿਣ ਲਈ ਜ਼ਰੂਰੀ ਲੱਗਦੀ ਹੈ ਅਤੇ ਉਹ ਗਿਣੀ-ਮਿਥੀ ਸਾਜ਼ਿਸ ਅਧੀਨ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ। ਪ੍ਰੰਤੂ ਅੱਜ ਪੰਜਾਬੀ ਤੇ ਸਿੱਖ ਕੌਮ ਦੋਵੇਂ ਜਾਗਰੂਕ ਹਨ, ਉਸ ਬਾਦਲਾਂ ਦਾ ਬੋਰੀਆਂ ਬਿਸਤਰਾ ਬੰਨਣ ਦਾ ਪੱਕਾ ਮਨ ਬਣਾਈ ਬੈਠੇ ਹਨ। ਇਸ ਲਈ ਅਜਿਹੀ ਕੋਈ ਸਾਜ਼ਿਸ ਨੂੰ ਉਹ ਸਿਰੇ ਨਹੀਂ ਚੜਨ ਦੇਣਗੇ। ਪ੍ਰੰਤੂ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਨੂੰ ਜੇਲਾਂ, ਡਾਗਾਂ ਤੇ ਗੋਲੀਆਂ ਦੇ ਡਰਾਵੇ ਨਾਲ ਨਾ ਤਾਂ ਅੱਜ ਤੱਕ ਕੋਈ ਡਰਾ ਸਕਿਆ ਹੈ ਅਤੇ ਨਾ ਹੀ ਡਰਾ ਸਕੇਗਾ। ਜਰਨੈਲ ਸਿੰਘ ਵਰਗੇ ਜਾਨੂੰਨੀ ਸਿੰਘਾਂ ਦੀ ਲਾਈਨ ਬੇਹੱਦ ਲੰਬੀ ਹੈ। ਕੌਮ ਦੇ ਰੋਹ ਨੂੰ, ਗੁੱਸੇ ਨੂੰ ਭੜਕੇ ਜਜ਼ਬਾਤਾਂ ਨੂੰ ਠੰਡਾ ਕਰਨ ਲਈ ਗੁਰੂ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਕਰ ਰਹੀਆਂ ਦੁਸ਼ਟ ਤਾਕਤਾਂ ਨੂੰ ਬੇਨਕਾਬ ਕਰਨਾ ਇੱਕੋ-ਇੱਕ ਹੱਥਿਆਰ ਹੈ, ਪ੍ਰੰਤੂ ਸ਼ਾਇਦ ਬਾਦਲਕੇ ਇਸ ਹਥਿਆਰ ਦੀ ਵਰਤੋਂ ਕਰਨ ਤੋਂ ਮਜ਼ਬੂਰ ਹਨ।

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar

Posted in: ਸਾਹਿਤ