ਕੈਪਟਨ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਵਾਲਿਆ ਦਾ ਹਮਾਇਤੀ- ਫੂਲਕਾ

By November 22, 2015 0 Comments


ਰਾਜੀਵ ਗਾਂਧੀ ਤੇ ਨਰਿੰਦਰ ਮੋਦੀ ਵੀ ਸਿੱਖਾਂ ਤੇ ਮੁਸਲਮਾਨਾਂ ਦੇ ਕਾਤਲ
phoolka
ਅੰਮ੍ਰਿਤਸਰ 22 ਨਵੰਬਰ (ਜਸਬੀਰ ਸਿੰਘ ਪੱਟੀ) ਉੱਘੇ ਕਨੂੰਨਦਨ ਤੇ ਸੁਪਰੀਮ ਕੋਰਟ ਸੀਨੀਅਕ ਵਕੀਲ ਸ੍ਰ ਹਰਵਿੰਦਰ ਸਿੰਘ ਫੂਲਕਾ ਨੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਤੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਿੱਖਾਂ ਤੇ ਮੁਸਲਮਾਨਾਂ ਦੇ ਕਤਲ ਕਰਨ ਦੇ ਦੋਸ਼ੀ ਗਰਦਾਨਦਿਆ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ 1984 ਵਿੱਚ ਦਿੱਲੀ ਵਿੱਚ ਹੋਈ ਸਿੱਖਾਂ ਦੀ ਨਸ਼ਲਕੁਸ਼ੀ ਨੂੰ ਲੈ ਕੇ ਦੋਸ਼ੀਆ ਦੀ ਹਮਾਇਤ ਕਰਕੇ ਰਾਜੀਵ ਤੇ ਮੋਦੀ ਦੀ ਰਹਿ ਗਈ ਕਸਰ ਨੂੰ ਪੂਰੀ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਫੂਲਕਾ ਨੇ ਕਿਹਾ ਕਿ ਉਹ ਪਿਛਲੇ 31 ਸਾਲਾ ਤੋ ਦਿੱਲੀ ਵਿੱਚ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਦੇ ਕੇਸ ਲੜਦੇ ਆ ਰਹੇ ਹਨ ਅਤੇ ਉਹਨਾਂ ਨੇ ਕਦੇ ਵੀ ਕਿਸੇ ਕੇਸ ਦੀ ਕੋਈ ਫੀਸ ਨਹੀ ਲਈ। ਉਹਨਾਂ ਕਿਹਾ ਕਿ ਸਾਰੀ ਦੁਨੀਆ ਹੀ ਨਹੀ ਸਗੋ ਵੱਖ ਵੱਖ ਸਮਿਆ ਤੇ ਬਣੇ ਜਾਂਚ ਕਮਿਸ਼ਨ ਤੇ ਕਮੇਟੀਆ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਜਗਦੀਸ਼ ਟਾਈਟਲਰ ਤੇ ਕਮਲ ਨਾਥ ਵੀ ਸਿੱਖ ਕਤਲੇਆਮ ਵਿੱਚ ਸ਼ਾਮਲ ਤੇ ਉਹ ਮੁੱਖ ਦੋਸ਼ੀ ਹਨ ਪਰ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਫਿਰ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਨਿਰਦੋਸ਼ ਦੱਸ ਕੇ ਆਪਣੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪੱਕੀ ਕਰਨ ਦੇ ਰੌਅ ਵਿੱਚ ਹਨ ਫਿਰ ਵੀ ਉਹਨਾਂ ਦੀ ਇਹ ਹਸਰਤ ਪੂਰੀ ਹੁੰਦੀ ਹੈ ਜਾਂ ਨਹੀ ਉਹ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਪਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਤਾਂ 1984 ਦੇ ਸਾਕਾ ਨੀਲਾ ਤਾਰਾ ਨੂੰ ਲੈ ਕੇ ਕਾਂਗਰਸ ਪਾਰਟੀ ਤੇ ਮੈਂਬਰ ਪਾਰਲੀਮੈਂਟ ਚੋ ਅਸਤੀਫਾ ਦੇ ਕੇ ਸਿੱਖਾਂ ਦੀ ਹਮਦਰਦੀ ਦੇ ਪਾਤਰ ਬਣੇ ਸੀ ਪਰ ਉਸ ਤੋ ਬਾਅਦ ਜਿਸ ਤਰੀਕੇ ਨਾਲ ਕੈਪਟਨ ਵੱਲੋ ਦੋਸ਼ੀਆ ਦੇ ਹੱਕ ਵਿੱਚ ਬਿਆਨ ਦਿੱਤੇ ਜਾ ਰਹੇ ਹਨ ਉਸ ਤੋ ਸਾਬਤ ਹੁੰਦਾ ਹੈ ਕਿ ਕੈਪਟਨ ਸਾਹਿਬ ਆਪਣਾ ਦਿਮਾਗੀ ਸੰਤੁਲਨ ਗੁਆ ਬੈਠੇ ਹਨ ਤੇ ਉਹਨਾਂ ਨੂੰ ਸੱਤਾ ਦੀ ਨਹੀ ਸਗੋ ਇਲਾਜ ਦੀ ਲੋੜ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਨੰਬਰ ਦਾ ਝੂਠਾ ਬੰਦਾ ਹੈ ਤੇ ਉਸ ਨੇ ਪਹਿਲਾਂ ਅੰਮ੍ਰਿਤਸਰ ਤੋ ਚੋਣ ਲੜੀ ਤੇ ਹੁਣ ਅੰਮ੍ਰਿਤਸਰ ਨੂੰ ਵਿਸਾਰ ਦਿੱਲੀ ਬੈਠਾ ਹੈ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਆਮ ਮੈਂਬਰ ਪਾਰਲੀਮੈਂਟ ਦਾ ਹਰ ਰੋਜ਼ ਵਾਹ ਰਹਿੰਦਾ ਹੈ ਪਰ ਕੈਪਟਨ ਸਾਹਿਬ ਸ਼ਾਇਦ ਇੱਕ ਜਾਂ ਦੋ ਵਾਰੀ ਹਲਕੇ ਵਿੱਚ ਆਏ ਹੋਣਗੇ।
ਉਹਨਾਂ ਕਿਹਾ ਕਿ ਕੈਪਟਨ ਨੇ ਪਹਿਲਾਂ ਝੂਠ ਇਹ ਬੋਲਿਆ ਕਿ ਉਹ 2 ਨਵੰਬਰ 1984 ਨੂੰ ਗੁਰੂਦੁਆਰਾ ਸੀਸ ਗੰਜ ਵਿਖੇ ਗਏ ਤੇ ਪੀੜਤਾਂ ਨੂੰ ਮਿਲੇ ਸਨ ਜੋ ਸਰਾਸਰ ਗਲਤ ਹੋ ਕਿਉਕਿ ਦੋ ਨਵੰਬਰ ਨੂੰ ਉਸ ਜਗ•ਾ ਤੇ ਕਤਲੇਆਮ ਹੋ ਰਿਹਾ ਸੀ ਜਿਥੇ ਸਿੱਖਾਂ ਦਾ ਜਾਣਾ ਮੁਸ਼ਕਲ ਸੀ। ਉਹਨਾਂ ਕਿਹਾ ਕਿ ਫਿਰ ਕੈਪਟਨ ਸਾਹਿਬ ਨੇ ਕਾਂਟਾ ਬਦਲਦਿਆ ਕਿਹਾ ਕਿ ਉਹ ਤਿੰਨ ਨਵੰਬਰ ਨੂੰ ਰਕਾਬ ਗੰਜ ਗਏ ਸਨ ਜਦ ਕਿ ਉਸ ਦਿਨ ਵੀ ਧਾੜਵੀਆ ਨੇ ਗੁਰੂਦੁਆਰੇ ਨੂੰ ਅੱਗ ਲਗਾਈ ਤੇ ਦੋ ਸਿੱਖਾਂ ਦੀ ਕਤਲ ਕੀਤਾ ਜਿਸ ਦੀ ਕਵਰੇਜ ਮੌਕੇ ਤੇ ਮੌਜੂਦ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੰਜੇ ਨੇ ਕੀਤੀ ਸੀ ਤੇ ਅਗਲੇ ਦਿਨ ਅਖਬਾਰ ਵਿੱਚ ਮਾਰੇ ਗਏ ਸਿੱਖਾਂ ਦੀ ਫੋਟੋ ਤੇ ਸਾੜੇ ਗਏ ਗੁਰੂਦੁਆਰੇ ਦੀ ਤਸਵੀਰ ਵੀ ਛੱਪੀ ਸੀ। ਉਹਨਾਂ ਕਿਹਾ ਕਿ ਇੰਨਾ ਝੂਠ ਵਾਲੇ ਬੋਲਣ ਵਾਲੇ ਵਿਅਕਤੀ ਤੇ ਪੰਜਾਬ ਦੇ ਲੋਕ ਕਿਵੇਂ ਵਿਸ਼ਵਾਸ਼ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕੈਪਟਨ ਇਸ ਕਦਰ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਕਿ 21 ਅਪ੍ਰੈਲ 2014 ਨੂੰ ਵੀ ਐਨ.ਡੀ.ਟੀ.ਵੀ ਤੇ ਬਰਖਾ ਦੱਤ ਨੂੰ ਦਿੱਤੀ ਇੰਟਰਵਿਊ ਵਿੱਚ ਕੈਪਟਨ ਨੇ ਕਿਹਾ ਕਿ ਜਗਦੀਸ਼ ਟਾਈਟਲਰ ਨਿਰਦੋਸ਼ ਹੈ ਉਸ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਗਵਾਹੀ ਦੇਣ ਵਾਲੀ ਲਖਵਿੰਦਰ ਕੌਰ ਇੱਕ ਸਕੂਲ ਵਿੱਚ ਅੱਜ ਵੀ ਚਪੜਾਸੀ ਦੀ ਨੌਕਰੀ ਕਰਦੀ ਹੈ ਤੇ ਇੱਕ ਕਮਰੇ ਦਾ ਉਸ ਦਾ ਘਰ ਹੈ। ਉਹਨਾਂ ਕਿਹਾ ਕਿ ਉਹ ਤਾਂ ਲੋਕ ਸੇਵਾ ਸਮਝ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ ਪਰ ਕੈਪਟਨ ਵੀ ਦੱਸੇ ਕਿ ਉਸ ਨੇ ਹੁਣ ਤੱਕ ਪੀੜਤਾਂ ਦਾ ਕੀ ਸੰਵਾਰਿਆ ਹੈ।
ਰਾਹੁਲ ਗਾਂਧੀ ਵੱਲੋ ਪੀੜਤਾਂ ਦੀ ਕਲੌਨੀ ਵਿੱਚ ਜਾ ਕੇ ਉਹਨਾਂ ਨਾਲ ਹਮਦਰਦੀ ਕਰਨ ਬਾਰੇ ਪੁੱਛੇ ਜਾਣ ਤੇ ਸ੍ਰੀ ਫੂਲਕਾ ਨੇ ਕਿਹਾ ਕਿ ਜਖਮਾਂ ਤੇ ਮਲਮ ਲਗਾਈ ਜਾਣੀ ਅੱਛੀ ਪ੍ਰੀਕਿਰਿਆ ਹੈ ਪਰ ਰਾਹੁਲ ਦੇ ਉਸ ਕਲੋਨੀ ਵਿੱਚ ਜਾਣ ਨਾਲ ਰਾਜੀਵ ਗਾਂਧੀ ਨੂੰ ਕਤਲੇਆਮ ਦੇ ਦੋਸ਼ਾ ਤੋ ਮੁਕਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਤੇ ਕਮਲ ਨਾਥ ਅੱਜ ਵੀ ਸਿੱਖ ਕੌਮ ਦੇ ਦੋਸ਼ੀ ਹਨ ਤੇ ਉਹਨਾਂ ਨੂੰ ਕੌਮ ਕਦੇ ਵੀ ਮੁਆਫ ਨਹੀ ਕਰ ਸਕਦੀ। ਉਹਨਾਂ ਕਿਹਾ ਕਿ ਭਲੇ ਉਹਨਾਂ ਨੇ ਕੁਝ ਭਾਜਪਾ ਆਗੂਆ ਨਾਲ ਅੱਛੇ ਸਬੰਧ ਪਰ ਉਹ ਰਾਜੀਵ ਨੂੰ ਸਿੱਖਾਂ ਦਾ ਕਾਤਲ ਤੇ ਮੋਦੀ ਨੂੰ ਮੁਸਲਮਾਨ ਦੇ ਕਤਲਾਂ ਹੋਣ ਤੋ ਬਰੀ ਨਹੀ ਕੀਤਾ ਜਾ ਸਕਦਾ।

ਸਰਬੱਤ ਖਾਲਸਾ ਦੇ ਨਾਮ ‘ਤੇ ਬੁਲਾਏ ਪੰਥਕ ਇਕੱਠ ਬਾਰੇ ਉਹਨਾਂ ਕਿਹਾ ਕਿ ਉਹ ਇਸ ਬਾਰੇ ਕੋਈ ਵੀ ਟਿੱਪਣੀ ਨਹੀ ਕਰਨਾ ਚਾਹੁੰਦੇ ਕਿਉਕਿ 2011 ਵਿੱਚ ਬਣੀ ਪੰਥਕ ਤਾਲਮੇਲ ਕਮੇਟੀ ਦੇ ਉਹ ਮੁੱਢਲੇ ਮੈਂਬਰ ਹਨ ਤੇ ਤਾਲਮੇਲ ਕਮੇਟੀ ਦੀ ਮੀਟੰਗ ਅੱਜ ਇਥੇ ਹੋਈ ਜਿਹੜੀ ਇਸ ਪੰਥਕ ਇਕੱਠ ਦੀ ਚੀਰ ਫਾੜ ਕਰ ਰਹੇ ਹਨ ਤੇ ਉਹ ਹੀ ਇਸ ਬਾਰੇ ਦੱਸ ਸਕਣਗੇ ਪਰ ਇਸ ਇਕੱਠ ਨੂੰ ਸਰਬੱਤ ਖਾਲਸਾ ਨਹੀ ਕਿਹਾ ਜਾ ਸਕਦਾ। ਪੰਜਾਬ ਸਰਕਾਰ ਵੱਲੋ ਇੱਕ ਲੱਖ ਨੌਕਰੀਆ ਦੇਣ ਦੇ ਛੱਡੇ ਗਏ ਸ਼ੋਸ਼ੇ ਬਾਰੇ ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਪਿਛਲੇ ਨੌ ਸਾਲਾ ਦਾ ਹਿਸਾਬ ਦੇਣ ਕਿ ਉਹਨਾਂ ਨੇ ਨੌ ਲੱਖ ਵਿਅਕਤੀਆ ਨੂੰ ਨੌਕਰੀਆ ਦਿੱਤੀਆ ਹਨ। ਜਥੇਦਾਰਾਂ ਦੀ ਨਿਯੁਕਤੀ ਬਾਰੇ ਉਹਨਾਂ ਕਿਸੇ ਵੀ ਪ੍ਰਕਾਰ ਦੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਇਸ ਮਾਮਲੇ ਵਿੱਚ ਉਹ ਨਹੀ ਪੈਣਾ ਚਾਹੁੰਦੇ। ਸ਼੍ਰੋਮਣੀ ਕਮੇਟੀ ਦੇ ਸਹਿਜਧਾਰੀ ਕੇਸ ਬਾਰੇ ਉਹਨਾਂ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਤੇ ਬਾਦਲ ਦਲ ਨੂੰ ਇਸ ਨੂੰ ਇਸ ਕਰਕੇ ਖਤਮ ਨਹੀ ਕਰਨਾ ਚਾਹੁੰਦਾ ਕਿਉਕਿ ਉਹਨਾਂ ਨੂੰ ਇਹ ਢਾਂਚਾ ਪੂਰੀ ਤਰ੍ਵਾ ਫਿੱਟ ਬੈਠਦਾ ਹੈ ਪਰ 10 ਸਾਲ ਜੇਕਰ ਹੋਰ ਕੇਸ ਚੱਲਦਾ ਰਿਹਾ ਤਾਂ ਲੋਕ ਸ਼੍ਰੋਮਣੀ ਕਮੇਟੀ ਦਾ ਨਾਮ ਹੀ ਭੁੱਲ ਜਾਣਗੇ। ਭਾਜਪਾ ਵਿੱਚ ਸ਼ਾਮਲ ਹੋਣ ਤੋ ਇਨਕਾਰ ਕਰਦਿਆ ਉਹਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਤੇ ਇਸੇ ਪਾਰਟੀ ਨਾਲ ਹੀ ਜੁੜੇ ਰਹਿਣਗੇ ਅਤੇ ਸਿੱਖ ਕੌਮ ਦੀ ਆਪਣੀ ਸਮੱਰਥਾ ਮੁਤਾਬਕ ਸੇਵਾ ਕਰਦੇ ਰਹਿਣਗੇ।