ਜਦੋਂ ਸਿਦਕੀ ਸਿੰਘਾਂ ਨੇ ਗੁਰੂ ਕੇ ਬਾਗ਼ ਦਾ ਮੋਰਚਾ ਫ਼ਤਹਿ ਕੀਤਾ

By November 22, 2015 0 Comments


guru ke bagh morchaਸਿੱਖ ਕੌਮ ਦਾ ਇਤਿਹਾਸ ਬੜਾ ਵਿਲੱਖਣ ਹੈ | ਅੰਗਰੇਜ਼ ਹਕੂਮਤ ਨੇ ਸਿੱਖ ਕੌਮ ਦੇ ਸਬਰ ਨੂੰ ਪਰਖਣ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ 21 ਫਰਵਰੀ, 1921 ਨੂੰ ਜਿਸ ਘਿਨਾਉਣੇ ਢੰਗ ਨਾਲ ਦੋ ਸੌ ਤੋਂ ਵੱਧ ਸੂਰਬੀਰ ਸਿੰਘਾਂ ਦੇ ਖ਼ੂਨ ਨਾਲ ਹੋਲੀ ਖੇਡੀ, ਉਸ ਨਾਲ ਸਰਕਾਰ ਦੀ ਪਿਆਸ ਬੁੱਝੀ ਨਹੀਂ, ਸਗੋਂ ਇਹ ਹੋਰ ਵੀ ਭੜਕ ਉੱਠੀ | ਛੇਤੀ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਪ੍ਰਾਪਤ ਕਰਨ ਦੇ ਮੁੱਦੇ ‘ਤੇ ਸਿੱਖ ਪੰਥ ਅਤੇ ਅੰਗਰੇਜ਼ ਸਰਕਾਰ ਦੀ ਸਿੱਧੀ ਟੱਕਰ ਹੋ ਗਈ | ਹੁਣ ਸਰਕਾਰ ਨੇ ਅਯਾਸ਼ ਮਹੰਤਾਂ ਦੀ ਪਿੱਠ ਥਾਪੜਨੀ ਸ਼ੁਰੂ ਕਰਕੇ ਗੁਰਦੁਆਰਾ ਸੁਧਾਰ ਲਹਿਰ ਨੂੰ ਕੁਚਲਣ ਦਾ ਮਨ ਬਣਾ ਲਿਆ | ਇਸ ਦੇ ਫਲਸਰੂਪ ‘ਗੁਰੂ ਕੇ ਬਾਗ਼ ਦੇ ਮੋਰਚੇ’ ਦੀ ਆਰੰਭਤਾ ਹੋਈ | ਇਹ ਪਾਵਨ ਅਸਥਾਨ ਅੰਮਿ੍ਤਸਰ ਸ਼ਹਿਰ ਤੋਂ ਤਕਰੀਬਨ 22 ਕਿਲੋਮੀਟਰ ਦੀ ਦੂਰੀ ਉੱਪਰ ਘੁੱਕੇਵਾਲੀ ਪਿੰਡ ਵਿਖੇ ਸਥਿਤ ਹੈ | ਇਸ ਗੁਰਦੁਆਰਾ ‘ਗੁਰੂ ਕੇ ਬਾਗ਼’ ਸਾਹਿਬ ਨੂੰ ਪੰਚਮ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਦੀ ਚਰਨ-ਛੋਹ ਪ੍ਰਾਪਤ ਹੈ | ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਥੇ ‘ਗੁਰੂ ਘਰ’ ਦੇ ਨਿਰਮਾਣ ਦੇ ਨਾਲ ‘ਗੁਰੂ ਕੇ ਬਾਗ਼’ ਦਾ ਵਿਕਾਸ ਵੀ ਕਰਵਾਇਆ | ਨੌਵੇਂ ਪਾਤਸ਼ਾਹ ਨੇ ਆਪਣੇ ਸਮੇਂ ‘ਚ ਇੱਥੇ ਬਾਗ਼ ਲਗਵਾਇਆ ਸੀ |
1921 ਈ: ਵਿਚ ਉਦਾਸੀ ਮਹੰਤ ਸੁੰਦਰ ਦਾਸ ਦਾ ਇਸ ਉੱਤੇ ਕਬਜ਼ਾ ਸੀ | ਸਿੰਘਾਂ ਨੂੰ ਉਸ ਦੇ ਚਰਿੱਤਰਹੀਣ ਹੋਣ ਅਤੇ ਭਿ੍ਸ਼ਟਾਚਾਰੀ ਵਿਅਕਤੀ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ | ਗੁਰਦੁਆਰਾ ਸੁਧਾਰ ਲਹਿਰ ਦੌਰਾਨ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਇਸ ਪਾਵਨ ਅਸਥਾਨ ਦਾ ਪ੍ਰਬੰਧ ਸੁਧਾਰਨਾ ਚਾਹੁੰਦੀ ਸੀ | ਮਹੰਤ ਸੁੰਦਰ ਦਾਸ ਨੇ 21 ਜਨਵਰੀ, 1921 ਨੂੰ ਅੰਮਿ੍ਤ ਛਕ ਕੇ ਇਕ ਸਮਝੌਤੇ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ 11 ਮੈਂਬਰੀ ਕਮੇਟੀ ਦੀ ਦੇਖ-ਰੇਖ ਹੇਠ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰੀ ਲਈ | ਪਰ ਅੰਗਰੇਜ਼ ਹਕੂਮਤ ਉਸ ਮਹੰਤ ਦੀ ਪਿੱਠ ਪੂਰ ਰਹੀ ਸੀ | ਉਹ ਸਮਝੌਤੇ ਤੋਂ ਪਿੱਛੇ ਹਟ ਕੇ ‘ਗੁਰੂ ਕੇ ਬਾਗ਼’ ਵਾਲੀ ਜ਼ਮੀਨ ਨੂੰ ਆਪਣੀ ਜਗੀਰ ਸਮਝਣ ਲੱਗ ਪਿਆ | ਉਸ ਨੇ ਕੁਝ ਕੁ ਸਿੰਘਾਂ ਵੱਲੋਂ ਲੰਗਰ ਲਈ ਲੱਕੜਾਂ ਕੱਟਣ ‘ਤੇ ਇਤਰਾਜ਼ ਕਰਕੇ 9 ਅਗਸਤ, 1922 ਨੂੰ ਪੰਜ ਸਿੰਘਾਂ ਨੂੰ ਗਿ੍ਫ਼ਤਾਰ ਕਰਵਾ ਦਿੱਤਾ | ਇਸ ਤੋਂ ਅਗਲੇ ਦਿਨ ਹੀ ਇਨ੍ਹਾਂ ਪੰਜਾਂ ਸਿੰਘਾਂ ਨੂੰ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ | ਇਸ ਮੰਦਭਾਗੀ ਘਟਨਾ ਨਾਲ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਫੈਲ ਗਈ | ਸ਼੍ਰੋਮਣੀ ਕਮੇਟੀ ਵੱਲੋਂ ਇਸ ਰੋਸ ਵਜੋਂ ਰੋਜ਼ਾਨਾ ਪੰਜ-ਪੰਜ ਸਿੰਘ ਗੁਰੂ ਕੇ ਬਾਗ਼ ਵਿਚੋਂ ਗੁਰੂ ਘਰ ਦੇ ਲੰਗਰ ਲਈ ਲੱਕੜਾਂ ਕੱਟਣ ਲਈ ਭੇਜਣੇ ਸ਼ੁਰੂ ਕਰ ਦਿੱਤੇ ਗਏ | ਪਹਿਲਾਂ ਕੁਝ ਦਿਨ ਤਾਂ ਸਿੰਘਾਂ ਨੂੰ ਕੁਝ ਨਾ ਕਿਹਾ ਪਰ 22 ਅਗਸਤ ਨੂੰ ਪੁਲਿਸ ਨੇ ਇਨ੍ਹਾਂ ਜਥਿਆਂ ਨੂੰ ਚੋਰੀ, ਦੰਗਾ ਅਤੇ ਨਾਜਾਇਜ਼ ਦਖ਼ਲਅੰਦਾਜ਼ੀ ਦੇ ਜੁਰਮ ਅਧੀਨ ਗਿ੍ਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ | 25 ਅਗਸਤ ਨੂੰ ਮੱਸਿਆ ਵਾਲੇ ਦਿਨ ਸੰਗਤ ਦਾ ਵੱਡਾ ਇਕੱਠ ਹੋਇਆ | ਇਸ ਸੰਗਤ ਦੇ ਇਕੱਠ ਨੂੰ ਖਿੰਡਾਉਣ ਲਈ ਹਕੂਮਤ ਦੇ ਏ.ਐਸ.ਪੀ. ਮਿਸਟਰ ਬੀ.ਟੀ. ਨੇ ਲਾਠੀਚਾਰਜ ਕਰਵਾ ਦਿੱਤਾ | ਸਮੁੱਚੀ ਕੌਮੀ ਪ੍ਰੈੱਸ ਨੇ ਸਿੱਖਾਂ ਨੂੰ ਛੱਲੀਆਂ ਵਾਂਗ ਕੁੱਟ ਖਾਂਦਿਆਂ ਨੂੰ ਵੇਖ ਕੇ ਉਨ੍ਹਾਂ ਦੀ ਸਹਿਣਸ਼ੀਲਤਾ ਦੀ ਪ੍ਰਸੰਸਾ ਕੀਤੀ | ਲਾਠੀਆਂ ਦੀ ਮਾਰ ਖਾਂਦੇ ਵੀ ਵਾਹਿਗੁਰੂ ਦਾ ਉਚਾਰਨ ਕਰ ਰਹੇ ਸਨ | ਜ਼ੁਲਮੋ-ਤਸ਼ੱਦਦ ਹੱਦਾਂ ਪਾਰ ਕਰ ਚੁੱਕਾ ਸੀ | ਉਨ੍ਹਾਂ ਨੂੰ ਲਾਠੀਆਂ ਨਾਲ ਉਦੋਂ ਤੱਕ ਮਾਰਿਆ ਜਾਂਦਾ, ਜਦੋਂ ਤੱਕ ਉਹ ਬੇਹੋਸ਼ ਹੋ ਕੇ ਡਿਗਦੇ ਨਹੀਂ ਸਨ | ਪਵਿੱਤਰ ਕੇਸਾਂ ਤੋਂ ਫੜ ਕੇ ਧੂਹਿਆ ਗਿਆ, ਠੁੱਡੇ ਮਾਰ ਕੇ ਗੰਦੇ ਛੱਪੜਾਂ ਅਤੇ ਰੱਕੜਾਂ ਵਿਚ ਸੁੱਟਿਆ ਗਿਆ | ਗੁਪਤ ਅੰਗਾਂ ‘ਤੇ ਜਾਣਬੁੱਝ ਕੇ ਸੱਟਾਂ ਮਾਰੀਆਂ ਗਈਆਂ |
ਅੰਗਰੇਜ਼ ਹਕੂਮਤ ਨੇ ਅੰਮਿ੍ਤਸਰ ਸ਼ਹਿਰ ਦੀ ਨਾਕਾਬੰਦੀ ਕਰਕੇ ਗਿ੍ਫ਼ਤਾਰੀ ਦੇਣ ਵਾਲੇ ਸਿੰਘਾਂ ਨੂੰ ਰਸਤੇ ਵਿਚ ਹੀ ਰੋਕਣਾ ਸ਼ੁਰੂ ਕਰ ਦਿੱਤਾ, ਪਰ ਸਿੱਖ ਪੁਲਿਸ ਦੀਆਂ ਡਾਂਗਾਂ ਖਿੜੇ-ਮੱਥੇ ਸਹਾਰਦੇ | ਡਿੱਗੇ ਹੋਏ ਸਿੰਘਾਂ ਉੱਪਰ ਘੋੜੇ ਦੌੜਾਏ ਜਾਂਦੇ | 31 ਅਗਸਤ ਨੂੰ ਤਰਨ ਤਾਰਨ ਸਾਹਿਬ ਤੋਂ ਆਏ ਜਥੇ ਉੱਪਰ ਏਨੀ ਬੇਰਹਿਮੀ ਨਾਲ ਲਾਠੀ ਚਲਾਈ ਗਈ ਕਿ ਦੋ ਸਿੰਘ ਸ਼ਹੀਦ ਹੋ ਗਏ | ਇਸ ਤੋਂ ਬਾਅਦ ਰੋਜ਼ਾਨਾ ਸੌ-ਸੌ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ‘ਗੁਰੂ ਕੇ ਬਾਗ਼’ ਨੂੰ ਜਾਣ ਲਗ ਪਿਆ | ਸ਼ਾਂਤਮਈ ਸਿੰਘਾਂ ਉੱਪਰ ਹੋ ਰਹੇ ਤਸ਼ੱਦਦ ਨੂੰ ਅੱਖੀਂ ਤੱਕਣ ਲਈ ਕਾਂਗਰਸੀ ਆਗੂ ਮਦਨ ਮੋਹਨ ਮਾਲਵੀਆ 2 ਸਤੰਬਰ ਨੂੰ ਅੰਮਿ੍ਤਸਰ ਪੁੱਜਾ | ਇਸ ਤੋਂ ਇਲਾਵਾ ਹਿੰਦੂ ਆਗੂ ਸ਼ੰਕਰਾਚਾਰੀਆ ਸ਼ਾਰਧਾਪੀਠ, ਮੁਸਲਿਮ ਨੇਤਾ ਹਕੀਮ ਅਜ਼ਮਲ ਖਾਨ ਅਤੇ ਇਸਾਈਆਂ ਵੱਲੋਂ ਪਾਦਰੀ ਸੀ.ਐਫ. ਐਾਡਰੀਊ ਵੀ ਸਿੱਖਾਂ ਉੱਤੇ ਹੁੰਦੇ ਜ਼ੁਲਮ ਨੂੰ ਦੇਖਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ | ਸਾਰੇ ਧਰਮਾਂ ਨੇ ਇਸ ਤਸ਼ੱਦਦ ਦੀ ਘੋਰ ਨਿੰਦਾ ਕੀਤੀ | 13 ਸਤੰਬਰ, 1922 ਨੂੰ ਪੰਜਾਬ ਦਾ ਲੈਫ. ਗਵਰਨਰ ਐਡਵਰਡ ਮੈਕਲੇਗਨ ਖ਼ੁਦ ਅੰਮਿ੍ਤਸਰ ਪਹੁੰਚਾ ਅਤੇ ਮੋਰਚੇ ‘ਚ ਸ਼ਾਮਿਲ ਹੋ ਰਹੇ ਮਰਜੀਵੜਿਆਂ ਦੀ ਮਾਰਕੁੱਟ ਬੰਦ ਕਰਵਾਈ | 17 ਨਵੰਬਰ ਤੱਕ 5605 ਅਕਾਲੀ ਕੈਦੀ ਸਿੰਘ ਗਿ੍ਫ਼ਤਾਰ ਹੋਏ | 1650 ਸਿੰਘ ਪੁਲਿਸ ਦੀਆਂ ਡਾਂਗਾਂ ਨਾਲ ਬੇਹੋਸ਼ ਹੋ ਚੁੱਕੇ ਸਨ | ਇਸ ਜ਼ੁਲਮ ਅਤੇ ਬੇਰਹਿਮੀ ਨਾਲ ਹੋਏ ਤਸ਼ੱਦਦ ਨੂੰ ਜਿਸ ਸਬਰ ਅਤੇ ਅਨੁਸ਼ਾਸਨ ਨਾਲ ਸਿੰਘਾਂ ਨੇ ਸਹਾਰਿਆ, ਉਸ ਦੀ ਤਾਰੀਫ਼ ਉਸ ਸਮੇਂ ਦੇ ਸਮੁੱਚੇ ਮੀਡੀਆ ਨੇ ਕੀਤੀ | ਆਖ਼ਰ ਇਸ ਮੋਰਚੇ ਨੂੰ ਖ਼ਤਮ ਕਰਨ ਲਈ ਹਕੂਮਤ ਨੇ ਸਰ ਗੰਗਾ ਰਾਮ ਦਾ ਸਹਿਯੋਗ ਲਿਆ | 17 ਨਵੰਬਰ, 1922 ਈ: ਨੂੰ ਮਹੰਤ ਸੁੰਦਰ ਦਾਸ ਪਾਸੋਂ ਬਾਗ਼ ਦੀ ਕੁੱਲ ਜ਼ਮੀਨ 524 ਕਨਾਲ, 12 ਮਰਲੇ ਪਟੇ ਉੱਪਰ ਲੈ ਕੇ ਸਿੱਖਾਂ ਦੇ ਹਵਾਲੇ ਕੀਤੀ ਗਈ | ਅੰਤ ਇਹ ਮੋਰਚਾ ਸਿੰਘਾਂ ਨੇ ਫ਼ਤਹਿ ਕਰਕੇ ਜਿੱਤ ਦੇ ਜੈਕਾਰੇ ਗੰੂਜਾਏ |
ਭਗਵਾਨ ਸਿੰਘ ਜੋਹਲ
ਮੋਬਾ: 98143-24040

Posted in: ਸਾਹਿਤ