ਚਮਕੌਰ ਦੀ ਕੱਚੀ ਗੜ੍ਹੀ ਦੀ ਜੰਗ

By November 22, 2015 0 Comments


chamkaur battleਸ੍ਰੀ ਚਮਕੌਰ ਸਾਹਿਬ ਦੀ ਧਰਤੀ ’ਤੇ 6, 7, 8 ਪੋਹ 1704 ਦੇ ਯਖ਼ ਠੰਢੇ ਦਿਨਾਂ ਵਿਚ ਲੜੀ ਭਿਆਨਕ ਅਤੇ ਅਸਾਵੀਂ ਜੰਗ ਦੀ ਉਦਾਹਰਣ ਸੰਸਾਰ ਵਿਚ ਹੋਰ ਕਿਧਰੇ ਨਹੀਂ ਮਿਲਦੀ। ਨਾ ਹੀ ਇਹ ਕਦੇ ਪੜ੍ਹਿਆ ਜਾਂ ਸੁਣਿਆ ਹੈ ਕਿ ਇਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿਚ ਭੇਜਿਆ ਹੋਵੇ, ਜਿੱਥੋਂ ਪਤਾ ਹੀ ਸੀ ਕਿ ਕੋਈ ਭੇਜਿਆ ਵਾਪਸ ਨਹੀਂ ਮੁੜਿਆ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਇਸ ਕਥਨ:-
‘‘ਸਵਾ ਲਾਖ ਸੇ ਏਕ ਲੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਊਂ’’
ਨੂੰ ਸੱਚ ਕਰ ਵਿਖਾਇਆ। ਤਾਂ ਹੀ ਇਕ ਮੁਸਲਮਾਨ ਫਕੀਰ ਸ਼ਾਇਰ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ:-
ਗਰ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ।
6 ਪੋਹ 1704 ਦੀ ਸ਼ਾਮ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਕਸਬੇ ਦੇ ਬਾਹਰਵਾਰ ਡੇਰਾ ਲਾਇਆ (ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ।) ਤਾਂ ਉੱਥੋਂ ਆਪਣੇ ਪੁਰਾਣੇ ਸਬੰਧਾਂ ਦੇ ਮੋਹ ਵਿਚ ਬੰਨ੍ਹੇ ਹੋਏ ਚੌਧਰੀ ਰਾਏ ਰੂਪ ਚੰਦ ਅਤੇ ਚੌਧਰੀ ਜਗਤ ਸਿੰਘ ਨੇ ਗੁਰੂ ਜੀ, ਸਾਹਿਬਜ਼ਾਦਿਆਂ ਤੇ ਸਿੰਘਾਂ ਨੂੰ ਆਪਣੀ ਉੱਚੇ ਸਥਾਨ ’ਤੇ ਬਣੀ ਕੱਚੀ ਗੜ੍ਹੀ ਵਿਚ ਨਿਵਾਸ ਕਰਵਾ ਕੇ ਗੜ੍ਹੀ ਨੂੰ ਧੰਨਤਾ ਦੇ ਯੋਗ ਬਣਵਾ ਦਿੱਤਾ। ਉੱਧਰ ਮੁਗਲਾਂ ਦੀ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਇਸੇ ਸਥਾਨ ਦੇ ਨਜ਼ਦੀਕ ਪੁੱਜ ਗਈ। ਕੱਚੀ ਗੜ੍ਹੀ ਵਿਚ ਚਾਲੀ ਸਿੰਘ, ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਅਤੇ ਦਸ਼ਮੇਸ਼ ਪਿਤਾ ਆਪ ਸਨ। ਭਾਵੇਂ ਮੁਗਲ ਸੈਨਾ ਨੂੰ ਇਹ ਭਲੀਭਾਂਤ ਪਤਾ ਸੀ ਕਿ ਸਿੰਘ ਬਹੁਤ ਥੋੜ੍ਹੀ ਗਿਣਤੀ ਵਿਚ ਹਨ ਪਰ ਉਹ ਸੂਰਬੀਰ ਸਿੰਘਾਂ ਦੇ ਯੁੱਧ ਸਬੰਧੀ ਕਾਰਨਾਮਿਆਂ ਨੂੰ ਭਲੀਭਾਂਤ ਜਾਣਦੇ ਸਨ। ਉੱਧਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਮਹਿਸੂਸ ਹੋ ਗਿਆ ਕਿ ਗੜ੍ਹੀ ਨੂੰ ਘੇਰਾ ਪੈ ਚੁੁੱਕਾ ਹੈ, ਇਸ ਲਈ ਉਨ੍ਹਾਂ ਗੜ੍ਹੀ ਅੰਦਰ ਹੀ ਯੁੱਧ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਯੋਜਨਾਬੱਧ ਤਰੀਕੇ ਨਾਲ ਚਮਕੌਰ ਸਾਹਿਬ ਦੀ ਧਰਤੀ ’ਤੇ ਭਿਆਨਕ ਯੁੱਧ ਆਰੰਭ ਹੋ ਗਿਆ। ਗੁਰੂ ਜੀ ਨੇ ਦੋ ਬਹਾਦਰ ਸਿੰਘਾਂ ਭਾਈ ਕੋਠਾ ਸਿੰਘ ਅਤੇ ਮਦਨ ਸਿੰਘ ਨੂੰ ਗੜ੍ਹੀ ਦੇ ਪਹਿਰੇਦਾਰ ਨਿਯੁਕਤ ਕਰ ਦਿੱਤਾ। ਗੜ੍ਹੀ ਦੀਆਂ ਚਾਰ ਦਿਸ਼ਾਵਾਂ ’ਤੇ ਅੱਠ-ਅੱਠ ਸਿੰਘਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਉਨ੍ਹਾਂ ਨੇ ਬਹੁਤ ਵਿਉਂਤਬੱਧ ਤਰੀਕੇ ਨਾਲ ਲੜਾਈ ਲੜੀ। ਗੜ੍ਹੀ ਦੇ ਅੰਦਰ ਸਾਰੇ ਸਿੰਘਾਂ ਨੂੰ ‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂੰ ਨਾ ਛਾਡੈ ਖੇਤ।’
ਦੀ ਧਾਰਨਾ ਪਰਿਪੱਕ ਕਰਵਾਈ ਗਈ। ਗੁਰੂ ਜੀ ਦੀ ਅਗਵਾਈ ਵਿਚ ਸਿੰਘਾਂ ਨੇ ਮੁਗਲ ਫੌਜ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਸਿੰਘਾਂ ਦਾ ਜਥਾ ਵੈਰੀਆਂ ਉਤੇ ਬਿਜਲੀ ਦੀ ਤੇਜ਼ੀ ਵਾਂਗ ਟੁੱਟ ਪੈਂਦਾ। ਮੁਗਲ ਸੈਨਾ ਦੇ ਆਹੂ ਲਾਹੁੰਦਾ ਹੋਇਆ ਵੀਰ ਗਤੀ ਨੂੰ ਪ੍ਰਾਪਤ ਕਰ ਲੈਂਦਾ। ਇਸ ਤਰ੍ਹਾਂ ਬਹੁਤ ਸਾਰੇ ਸਿੰਘ ਵੈਰੀਆਂ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਦੇ ਜਾਮ ਪੀ ਗਏ। ਸਿੱਖ ਕੌਮ ਦੀ ਅਗਵਾਈ ਕਰਨ ਦੀ ਲੋੜ ਮਹਿਸੂਸ ਕਰਦਿਆਂ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਅਤੇ ਸਾਹਿਬਜ਼ਾਦੇ ਇੱਥੋਂ ਨਿਕਲ ਜਾਓ। ਗੁਰੂ ਜੀ ਨੇ ਪੁੱਛਿਆ, ‘‘ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।’’ ਇਸ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਰਣ ਵਿਚ ਜਾਣ ਦੀ ਆਗਿਆ ਆਪਣੇ ਪਿਤਾ ਜੀ ਕੋਲੋਂ ਮੰਗੀ। ਗੁਰੂ ਗੋਬਿੰਦ ਸਿੰਘ ਆਪਣੇ ਸਾਹਿਬਜ਼ਾਦੇ ਮੂੰਹੋਂ ਜੰਗ ਵਿਚ ਜਾਣ ਦਾ ਚਾਅ ਸੁਣ ਕੇ ਪ੍ਰਸੰਨ ਹੋਏ ਅਤੇ ਉਨ੍ਹਾਂ ਆਗਿਆ ਦੇ ਦਿੱਤੀ। ਬਾਬਾ ਅਜੀਤ ਸਿੰਘ ਜਿਉਂ ਹੀ ਮੈਦਾਨ ਵਿਚ ਉਤਰੇ, ਮੁਗਲ ਸੈਨਾ ਵਿਚ ਭਗਦੜ ਮਚ ਗਈ। ਗੁਰੂ ਸਾਹਿਬ ਆਪਣੇ ਲਾਡਲੇ ਨੂੰ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਕੱਚੀ ਗੜ੍ਹੀ ਵਿਚ ਦੇਖ ਰਹੇ ਸਨ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਆਪਣੇ ਵੀਰੇ ਵਾਂਗ ਮੈਦਾਨ-ਏ-ਜੰਗ ਵਿਚ ਜਾਣ ਦੀ ਆਪਣੇ ਪਿਤਾ ਜੀ ਕੋਲੋਂ ਆਗਿਆ ਮੰਗੀ। ਇਸ ’ਤੇ ਦਸਮੇਸ਼ ਪਿਤਾ ਜੀ ਨੇ ਆਪਣੀ ਹੱਥੀਂ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜੰਗ ਵਿਚ ਜਾਣ ਲਈ ਪੁਸ਼ਾਕ ਪਹਿਨਾਈ, ਘੋੜਾ ਤਿਆਰ ਕੀਤਾ ਅਤੇ ਸ਼ਸ਼ਤਰ ਸਜਾ ਦਿੱਤੇ। ਜੰਗ ਜਾਣ ਲਈ ਜੈਕਾਰਾ ਛੱਡਿਆ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਵੀ ਵੈਰੀਆਂ ਉਤੇ ਟੁੱਟ ਪਏ। ਲੰਮਾ ਸਮਾਂ ਜੰਗ ਚੱਲੀ।
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ। ਅਖ਼ੀਰ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਆਪ ਵੀ ਸ਼ਹੀਦੀ ਦਾ ਜਾਮ ਪੀ ਗਏ।
ਗੜ੍ਹੀ ਵਿਚ ਬੈਠੇ ਸਿੰਘਾਂ ਦੀ ਗਿਣਤੀ ਘਟ ਰਹੀ ਸੀ। ਬਾਕੀ ਰਹਿੰਦੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਪਹਿਲਾਂ ਵਾਂਗ ਬੇਨਤੀ ਕੀਤੀ ਕਿ ਪਾਤਸ਼ਾਹ ਅਜੇ ਸਿੱਖ ਕੌਮ ਨੂੰ ਆਪ ਦੀ ਅਗਵਾਈ ਦੀ ਬਹੁਤ ਲੋੜ ਹੈ। ਗੁਰੂ ਜੀ ਨੇ ਇਹ ਬੇਨਤੀ ਠੁਕਰਾ ਦਿੱਤੀ ਅਤੇ ਆਪ ਜੰਗ ਵਿਚ ਜਾਣ ਦਾ ਫੈਸਲਾ ਕੀਤਾ। ਇਸ ’ਤੇ ਗੜ੍ਹੀ ਵਿਚ ਬੈਠੇ ਸਿੰਘਾਂ ਨੇ ਪਹਿਲਾਂ ਗੁਰਮਤਾ ਪਾਸ ਕੀਤਾ ਕਿ ਆਪ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਸਾਜਨਾ ਵੇਲੇ ਪੰਜ ਸਿੰਘਾਂ ਨੂੰ ਗੁਰੂ ਦਾ ਰੂਪ ਮੰਨਿਆ ਅਤੇ ਕਿਹਾ ਸੀ- ਮੈਂ ਆਪ ਵੀ ਗੁਰੂ ਪੰਥ ਦਾ ਹੁਕਮ ਨਹੀਂ ਮੋੜਾਂਗਾ। ਇਸ ਪ੍ਰਕਾਰ ਅਸੀਂ ਪੰਜ ਸਿੰਘ ਆਪ ਜੀ ਨੂੰ ਹੁਕਮ ਦਿੰਦੇ ਹਾਂ ਕਿ ਆਪ ਇਸ ਗੜ੍ਹੀ ਨੂੰ ਛੱਡ ਜਾਓ। ਇਸ ’ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਕੀਤੇ ਹੋਏ ਵਾਅਦੇ ਨੂੰ ਨਿਭਾਉਂਦੇ ਹੋਏ ਗੜ੍ਹੀ ਵਿਚੋਂ ਜਾਣ ਦਾ ਫੈਸਲਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮਸ਼ਕਲ ਭਾਈ ਸੰਗਤ ਸਿੰਘ ਦੇ ਸਿਰ ’ਤੇ ਕਲਗੀ ਸਜਾਈ ਅਤੇ ਆਪ ਨੀਲੇ ਘੋੜੇ ’ਤੇ ਸਵਾਰ ਹੋ ਕੇ ਮੁਗਲਾਂ ਨੂੰ ਵੰਗਾਰਦੇ ਹੋਏ ਤਾੜੀ ਮਾਰ ਕੇ ਚਮਕੌਰ ਦੀ ਧਰਤੀ ਨੂੰ ਅਲਵਿਦਾ ਕਹਿ ਗਏ। ਇੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਹੈ।
ਅਗਲੇ ਦਿਨ ਜਦੋਂ ਜੰਗ ਹੋਈ ਤਾਂ ਹੋਰਨਾਂ ਸਿੰਘਾਂ ਦੇ ਨਾਲ-ਨਾਲ ਭਾਈ ਸੰਗਤ ਸਿੰਘ ਵੀ ਸ਼ਹੀਦ ਹੋ ਗਏ। ਗੁਰੂ ਜੀ ਨਾਲ ਸ਼ਕਲ-ਸੂਰਤ ਮਿਲਣ ਕਾਰਨ, ਪੁਸ਼ਾਕ ਅਤੇ ਕਲਗੀ ਦੀ ਪਹਿਚਾਣ ਕਾਰਨ ਮੁਗਲਾਂ ਨੂੰ ਲੱਗਿਆ ਕਿ ਸਿੱਖਾਂ ਦਾ ਗੁਰੂ ਇਸ ਲੜਾਈ ਵਿਚ ਸ਼ਹੀਦ ਹੋ ਗਿਆ ਹੈ। ਉਹ ਜੰਗ ਵਿੱਚੋਂ ਜੇਤੂ ਅੰਦਾਜ਼ ਵਿਚ ਹੋ ਗਏ। ਇਸੇ ਕਲਗੀ ਦੀ ਕੀਮਤ ਉਨ੍ਹਾਂ ਨੂੰ ਸਰਕਾਰੀ ਦਰਬਾਰ ਵਿਚ ਪੈਣ ਦੇ ਫੁਰਨੇ ਆਉਣ ਲੱਗ ਪਏ ਸਨ। ਪਰ ਹੋਰ ਘੋਖ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਕਲਗੀ ਅਤੇ ਪੁਸ਼ਾਕ ਵਾਲਾ ਸਿੰਘ ਗੁਰੂ ਗੋਬਿੰਦ ਸਿੰਘ ਨਹੀਂ ਸਗੋਂ ਭਾਈ ਸੰਗਤ ਸਿੰਘ ਹੈ ਤਾਂ ਮੁਗਲਾਂ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਚਮਕੌਰ ਸਾਹਿਬ ਦੀ ਧਰਤੀ ਉਤੇ ਵਾਪਰੀ ਇਕ ਅਣਹੋਣੀ ਘਟਨਾ ਦਾ ਪਤਾ ਜਦੋਂ ਬੀਬੀ ਸ਼ਰਨ ਕੌਰ ਨੂੰ ਲੱਗਿਆ ਤਾਂ ਉਹ ਬਹਾਦਰੀ ਅਤੇ ਦਲੇਰੀ ਦਾ ਸਬੂਤ ਦਿੰਦੇ ਹੋਏ ਯੁੱਧ ਦੇ ਮੈਦਾਨ ਵਿਚ ਪੁੱਜ ਗਈ। ਉਸ ਨੇ ਸਾਹਿਬਜ਼ਾਦਿਆਂ ਅਤੇ ਸਿੰਘ ਦੇ ਸਰੀਰਾਂ ਨੂੰ ਇਕੱਠਾ ਕੀਤਾ ਅਤੇ ਅੰਗੀਠਾ ਸਜਾਇਆ। ਦੇਰ ਰਾਤ ਗਏ ਜਦੋਂ ਭਾਂਬੜ ਬਣ ਕੇ ਅੱਗ ਮਚਣ ਲੱਗੀ ਤਾਂ ਮੁਗਲਾਂ ਵਿਚ ਇਕ ਵਾਰ ਫਿਰ ਤੋਂ ਭਾਜੜ ਮੱਚ ਗਈ। ਜਦੋਂ ਬੀਬੀ ਸ਼ਰਨ ਕੌਰ ਨੇ ਮੁਗਲ ਫੌਜਾਂ ਨੇੜੇ ਆਉਂਦੀਆਂ ਦੇਖੀਆਂ ਤਾਂ ਉਸ ਮੁਗਲਾਂ ਦੇ ਹੱਥ ਲੱਗਣ ਦੀ ਥਾਂ ਅੰਗੀਠੇ ਵਿਚ ਹੀ ਆਪਣੀ ਜਾਨ ਦੇ ਦਿੱਤੀ। ਇਸ ਪਵਿੱਤਰ ਅਸਥਾਨ ਉੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ। ਸਿੱਖ ਕੌਮ ਦੀ ਅਣਖ ਜਾਗਦੀ ਰੱਖਣ, ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਇਹ ਲਾਸਾਨੀ ਯੁੱਧ ਅਗਲੀ ਸਵੇਰ ਸਮਾਪਤ ਹੋ ਗਿਆ। ਆਓ! ਸ਼ਹੀਦੀ ਜੋੜ ਮੇਲੇ ਦੇ ਸਤਿਕਾਰ ਨੂੰ ਸਮਝਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਕਰੀਏ।
ਗੁਰਪ੍ਰੀਤ ਸਿੰਘ ਸ਼ਾਂਤਪੁਰ (ਵਿਦਿਆਰਥੀ)
ਗੁਰੂ ਨਾਨਕ ਪਬਲਿਕ ਸਕੂਲ, ਖੰਟ
ਰਾਹੀਂ: ਬਲਬੀਰ ਸਿੰਘ ਸ਼ਾਂਤਪੁਰੀ (98143-62066)
Tags: , ,
Posted in: ਸਾਹਿਤ