‘ਸਰਬੱਤ ਖਾਲਸਾ’ ਬਾਰੇ ਨਨਕਾਣਾ ਸਾਹਿਬ ਵਿੱਚ ਮੀਟਿੰਗ ਹੋਣ ਦੇ ਆਸਾਰ

By November 21, 2015 0 Comments


ਅੰਮ੍ਰਿਤਸਰ, 21 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 25 ਨਵੰਬਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਇਕ ਹੋਰ ਸਰਬੱਤ ਖਾਲਸਾ ਸੱਦਣ ਬਾਰੇ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਬਾਰੇ ਚਰਚਾ ਹੋਵੇਗੀ।

ਇਸ ਬਾਰੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਗੁਰਪੁਰਬ ਮੌਕੇ ਪਾਕਿਸਤਾਨ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ, ਜਿਸ ਵਿੱਚ ਭਾਰਤ ਸਮੇਤ ਪਾਕਿਸਤਾਨ ਤੇ ਹੋਰ ਮੁਲਕਾਂ ਤੋਂ ਸਿੱਖ ਸੰਗਤ ਸ਼ਾਮਲ ਹੋਵੇਗੀ। ਇਸ ਮੌਕੇ ਸਰਬੱਤ ਖਾਲਸਾ ਸੱਦੇ ਜਾਣ ਬਾਰੇ ਮੀਟਿੰਗ ਹੋ ਰਹੀ ਹੈ, ਜਿਸ ’ਚ ਦਿੱਲੀ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਭਰਾ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਸ਼ਾਮਲ ਹੋਣਗੇ। ਇਸ ਮੀਟਿੰਗ ’ਚ ਪੀਜੀਪੀਸੀ ਦੇ ਸਹਿਯੋਗ ਨਾਲ ਸਰਬੱਤ ਖਾਲਸਾ ਸੱਦਣ ਬਾਰੇ ਚਰਚਾ ਹੋਵੇਗੀ। ਇਸ ਨੂੰ ਕਿਸ ਢੰਗ ਨਾਲ ਸੱਦਿਆ ਜਾਵੇ ਤੇ ਕਿਸ ਮੁਲਕ ਵਿੱਚ ਸੱਦਿਆ ਜਾਵੇ ਬਾਰੇ ਵੀ ਚਰਚਾ ਹੋਵੇਗੀ।

ਸਰਬੱਤ ਖਾਲਸਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੱਦਣ ਬਾਰੇ ਉਨ੍ਹਾਂ ਆਖਿਆ ਕਿ ਉਥੇ ਜਗ੍ਹਾ ਦੀ ਘਾਟ ਹੈ। ਇਸ ਲਈ ਸਰਬੱਤ ਖਾਲਸਾ ਅਮਰੀਕਾ ਜਾਂ ਕੈਨੇਡਾ ’ਚ ਸੱਦਿਆ ਜਾ ਸਕਦਾ ਹੈ। ਹਾਲ ਹੀ ’ਚ ਹੋਏ ਸਰਬੱਤ ਖਾਲਸਾ ਬਾਰੇ ਉਨ੍ਹਾਂ ਕਿਹਾ ਕਿ ਇਸ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ ਦੀ ਸ਼ਮੂਲੀਅਤ ਨਹੀਂ ਹੋ ਸਕੀ, ਜਿਸ ਕਾਰਨ ਹੁਣ ਯਤਨ ਹੋਵੇਗਾ ਕਿ ਵਿਧੀ ਵਿਧਾਨ ਅਨੁਸਾਰ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਇਸ ਵਿੱਚ ਸ਼ਮੂਲੀਅਤ ਕਰਨ। ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਸਰਬੱਤ ਖਾਲਸਾ ਸੱਦਿਆ ਗਿਆ ਸੀ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਾਮਲ ਹੋਈ ਸੀ।

ਸਰਬੱਤ ਖਾਲਸਾ ’ਚ ਚਾਰ ਤਖ਼ਤਾਂ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। ਨਵੇਂ ਥਾਪੇ ਗਏ ਜਥੇਦਾਰਾਂ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦਾ ਐਲਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਗੈ਼ਰ ਹਾਜ਼ਰੀ ਵਿੱਚ ਕਾਰਜਕਾਰੀ ਜਥੇਦਾਰ ਵਜੋਂ ਭਾਈ ਧਿਆਨ ਸਿੰਘ ਮੰਡ ਨੂੰ ਨਿਯੁਕਤ ਕੀਤਾ ਗਿਆ ਸੀ। ਤਖ਼ਤ ਸ੍ਰੀ ਕੇਸਗੜ੍ਹ ਵਾਸਤੇ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਸਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਕੀਤੇ ਗਏ ਸਨ ਪਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਾਰੇ ਫੈਸਲੇ ਮੁੱਢੋਂ ਰੱਦ ਕਰ ਦਿੱਤੇ ਸਨ। ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਵੱਲੋਂ ਵੀ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਦੀ ਘੋਖ ਕੀਤੀ ਜਾ ਰਹੀ ਹੈ। ਇਹ ਸਿੱਖ ਜਥੇਬੰਦੀਆਂ ਵੀ ਸਰਬੱਤ ਖਾਲਸਾ ਦੇ ਹੱਕ ਵਿੱਚ ਹਨ।

Posted in: ਪੰਜਾਬ