ਕਾਲੀਆਂ ਝੰਡੀਆਂ ਦੇ ਡਰੋਂ ਸੁਖਬੀਰ ਦੇ ਨਾਨਕੇ ਘਰ ਮੀਟਿੰਗ ਕਰ ਕੇ ਖਿਸਕੇ ਅਕਾਲੀ

By November 21, 2015 0 Comments


black flagsਭੁੱਚੋ ਮੰਡੀ, (21 ਨਵੰਬਰ, ਪਵਨ ਗੋਇਲ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਅਕਾਲੀ ਆਗੂਆਂ ਨੇ 23 ਨਵੰਬਰ ਨੂੰ ਬਠਿੰਡਾ ਵਿੱਚ ਕੀਤੀ ਜਾਣ ਵਾਲੀ ਸਦਭਾਵਨਾ ਰੈਲੀ ਦੀ ਸਫ਼ਲਤਾ ਲਈ ਵਰਕਰਾਂ ਨਾਲ ਮੀਟਿੰਗ ਕੀਤੀ।
ਹਲਕਾ ਇੰਚਾਰਜ ਦਰਸ਼ਨ ਸਿੰਘ ਕੋਟਫੱਤਾ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਜਗਸੀਰ ਸਿੰਘ ਕਲਿਆਣ ਅਤੇ ਬਲਾਕ ਸਮਿਤੀ ਚੇਅਰਮੈਨ ਹਰਮੀਤ ਬਾਹੀਆ ਨੇ ਵਰਕਰਾਂ ਨੂੰ ਰੈਲੀ ਦੀ ਕਾਮਯਾਬੀ ਲਈ ਲੋਕਾਂ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸਰਪੰਚ ਗੁਰਬਖ਼ਸ਼ ਸਿੰਘ ਮਾਨ, ਦਰਸ਼ਨ ਸਿੰਘ ਪੰਚ, ਬੂਟਾ ਸਿੰਘ ਪੰਚ, ਮੱਖਣ ਸਿੰਘ ਪੰਚ, ਮਾਸਟਰ ਮਿੱਠਾ ਸਿੰਘ, ਸੁਖਰਾਜ ਸਿੰਘ ਪੰਚ, ਗੁਰਜੀਤ ਸਿੰਘ ਮਾਨ ਅਤੇ ਸੁਰਿੰਦਰ ਸਿੰਘ ਸਿੱਧੂ ਹਾਜ਼ਰ ਸਨ।
ਦੂਜੇ ਪਾਸੇ ਅਕਾਲੀਆਂ ਦੇ ਵਿਰੋਧ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਦੇ ਗੁਰਦੁਆਰੇ ਵਿੱਚ ਇਕੱਠ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਪਿੰਡ ਦੇ ਅਕਾਲੀ ਆਗੂ ਅਤੇ ਵਰਕਰ ਵੀ ਗੁਰਦੁਆਰੇ ਵਿੱਚ ਮੌਜੂਦ ਸਨ। ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੋਧ ਦੇ ਡਰੋਂ ਸਾਰੇ ਅਕਾਲੀ ਗੁਰਦੁਆਰੇ ਵਿੱਚੋਂ ਚਲੇ ਗਏ ਅਤੇ ਕਹਿ ਦਿੱਛਾ ਕਿ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਅਕਾਲੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਭੁਲੇਖੇ ਵਿੱਚ ਰੱਖਦਿਆਂ ਪਹਿਲਾਂ ਤੋਂ ਹੀ ਮੀਟਿੰਗ ਲਈ ਤੈਅ ਸਥਾਨ ਸੁਖਬੀਰ ਸਿੰਘ ਬਾਦਲ ਦੇ ਨਾਨਕੇ ਘਰ ਮੀਟਿੰਗ ਕੀਤੀ। ਪਤਾ ਲੱਗਦਿਆਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੇ ਕਾਲੀਆਂ ਝੰਡੀਆਂ ਲੈ ਕੇ ਮੀਟਿੰਗ ਵਾਲੀ ਥਾਂ ਵੱਲ ਚਾਲੇ ਪਾ ਦਿੱਤੇ। ੳੁਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅਕਾਲੀ ਆਗੂ ਮੀਟਿੰਗ ਕਰ ਕੇ ਚਲੇ ਗਏ।
ਕਿਸਾਨ ਆਗੂ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਅਕਾਲੀਆਂ ਦੇ ਵਿਰੋਧ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ੳੁਨ੍ਹਾਂ ਨੇ ਪਹਿਲਾਂ ਗੁਰਦੁਆਰੇ ਵਿੱਚ ਮੀਟਿੰਗ ਰੱਖੀ ਹੋਈ ਸੀ, ਇਸ ਕਾਰਨ ਹੀ ਕਿਸਾਨ ਅਤੇ ਮਜ਼ਦੂਰ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਆਗੂਆਂ ਦੀ ਉਡੀਕ ਕਰ ਰਹੇ ਸਨ। ਅਕਾਲੀ ਆਗੂ ਜਲਦੀ ਵਿੱਚ ਮੀਟਿੰਗ ਕਰ ਕੇ ਇੱਥੋਂ ਚਲੇ ਗਏ। ਪ੍ਰਦਰਸ਼ਨਕਾਰੀਆਂ ਵਿੱਚ ਸਾਬਕਾ ਪੰਚ ਅਜਮੇਰ ਸਿੰਘ, ਕਰਮਜੀਤ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ, ਬੇਅੰਤ ਸਿੰਘ, ਵੀਰਪਾਲ ਕੌਰ, ਜਸਮੇਲ ਕੌਰ, ਸੁਖਜੀਤ ਕੌਰ, ਗੁਰਮੀਤ ਕੌਰ, ਕੁਲਵੀਰ ਕੌਰ, ਪ੍ਰੀਤਮ ਕੌਰ, ਗੁਰਦੇਵ ਕੌਰ ਅਤੇ ਮਨਜੀਤ ਕੌਰ ਸ਼ਾਮਲ ਸਨ

Source : Punjabi Tribune

Posted in: ਪੰਜਾਬ