ਸਦਭਾਵਨਾ ਰੈਲੀ: ਪੰਥਕ ਤੇ ਕਿਸਾਨ ਆਗੂ ਹੋੲੇ ਰੂਪੋਸ਼, ਪੁਲੀਸ ਵੱਲੋਂ ਛਾਪੇ ਸ਼ੁਰੂ

By November 21, 2015 0 Comments


ਬਠਿੰਡਾ, (21 ਨਵੰਬਰ, ਚਰਨਜੀਤ ਭੁੱਲਰ): securityਸਦਭਾਵਨਾ ਰੈਲੀ ਦੇ ਮੱਦੇਨਜ਼ਰ ਪੁਲੀਸ ਦੀ ਫਡ਼ੋ-ਫਡ਼ੀ ਤੋਂ ਬਚਣ ਲੲੀ ਮਾਲਵੇ ਦੇ ਅਨੇਕਾਂ ਪੰਥਕ ਅਤੇ ਕਿਸਾਨ ਆਗੂ ਰੂਪੋਸ਼ ਹੋ ਗਏ ਹਨ, ਜਿਨ੍ਹਾਂ ’ਤੇ ਪੁਲੀਸ ਨੇ ਨਜ਼ਰ ਰੱਖੀ ਹੋਈ ਸੀ। ੲਿਹ ਆਗੂ ਬੀਤੇ ਦਿਨ ਤੋਂ ਹੀ ਆਪਣੇ ਘਰਾਂ ਤੋਂ ਲਾਂਭੇ ਹਨ, ਕਿਉਂਕਿ ੳੁਨ੍ਹਾਂ ਨੂੰ ਡਰ ਹੈ ਕਿ ਪੁਲੀਸ ਉਨ੍ਹਾਂ ਨੂੰ ਸਦਭਾਵਨਾ ਰੈਲੀ ਤੋਂ ਪਹਿਲਾਂ ਗ੍ਰਿਫਤਾਰ ਕਰ ਸਕਦੀ ਹੈ। ਪਤਾ ਲੱਗਾ ਹੈ ਕਿ ਬਠਿੰਡਾ ਪੁਲੀਸ ਨੇ ਕਈ ਆਗੂਆਂ ਦੇ ਘਰਾਂ ’ਤੇ ਛਾਪੇ ਵੀ ਮਾਰੇ ਹਨ।
ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਭੋਲਾ ਸਿੰਘ ਬੁੱਗਰ ਨੂੰ ਪੁਲੀਸ ਨੇ ਤਪਾ ਮੰਡੀ ਵਿਚ ਗ੍ਰਿਫਤਾਰ ਕਰ ਲਿਆ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਉਸ ਨੂੰ ਛੱਡਣਾ ਪਿਆ। ਗ਼ੌਰਤਲਬ ਹੈ ਕਿ ਕਿਸਾਨ ਅਤੇ ਪੰਥਕ ਧਿਰਾਂ ਤੋਂ ਇਲਾਵਾ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ ਸਦਭਾਵਨਾ ਰੈਲੀ ਵਿਚ ਰੋਸ ਜ਼ਾਹਰ ਕਰਨ ਦਾ ਐਲਾਨ ਕੀਤਾ ਹੋਇਆ ਹੈ। ਮੁਢਲੇ ਪੜਾਅ ’ਤੇ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇੱਕ ਉਚ ਅਧਿਕਾਰੀ ਨੇ ਮੁੱਖ ਮੰਤਰੀ ਨਾਲ ਮਿਲਾਉਣ ਦਾ ਚੋਗਾ ਵੀ ਪਾਇਆ ਪਰ ਗੱਲ ਸਿਰੇ ਨਾ ਲੱਗ ਸਕੀ। ਇਵੇਂ ਹੀ ਇੱਕ ਐਸਪੀ ਨੇ ਅੱਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੁੱਖ ਮੰਤਰੀ ਨਾਲ 27 ਨਵੰਬਰ ਨੂੰ ਮੀਟਿੰਗ ਕਰਾਉਣ ਦੀ ਗੱਲ ਆਖੀ ਹੈ।
ਵੇਰਵਿਆਂ ਅਨੁਸਾਰ ਕਰੀਬ 150 ਲਾਈਨਮੈਨ ਆਪਣੇ ਘਰਾਂ ਤੋਂ ਰੂਪੋਸ਼ ਹੋ ਗਏ ਹਨ ਅਤੇ 50 ਔਰਤਾਂ ਵੀ ਲਾਂਭੇ ਹੋ ਗਈਆਂ ਹਨ। ਲਾਈਨਮੈਨ ਯੂਨੀਅਨ ਪੰਜਾਬ ਦੇ ਪ੍ਰਧਾਨ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਰਕਾਰ ਦਾ ਵਿਰੋਧ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਉਹ 14 ਵਰ੍ਹਿਆਂ ਤੋਂ ਰੁਜ਼ਗਾਰ ਖਾਤਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੇ ਨਹੀਂ ਸੁਣੀ। ੳੁਨ੍ਹਾਂ ਕਿਹਾ ਕਿ ਅੱਜ ਸਰਕਾਰ ਨੇ ਗੱਲਬਾਤ ਦਾ ਰਾਹ ਖੋਲ੍ਹਿਆ ਹੈ। ਜੇ ਕੋਈ ਗੱਲ ਸਿਰੇ ਨਾ ਲੱਗੀ ਤਾਂ ਹਰ ਹਾਲ ਵਿਚ ਰੈਲੀ ਵਿਚ ਰੋਸ ਦਰਜ ਕਰਾੲਿਅਾ ਜਾਵੇਗਾ।
ਜਾਣਕਾਰੀ ਅਨੁਸਾਰ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੇ 27 ਮੈਂਬਰਾਂ ਤੋਂ ਇਲਾਵਾ ਬਲਾਕਾਂ ਦੇ ਆਗੂ ਵੀ ਆਪਣੇ ਘਰਾਂ ਤੋਂ ਗਾਇਬ ਹੋ ਗਏ ਹਨ। ਯੂਨੀਅਨ ਨੇ ਵਿਰੋਧ ਦੇ ਪ੍ਰੋਗਰਾਮ ਨੂੰ ਗੁਪਤ ਰੱਖਿਆ ਹੋਇਆ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪੁਲੀਸ ਆਗੂਆਂ ਦੇ ਪਿਛੇ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਰੂਪੋਸ਼ ਹਨ। ਦਲ ਨੇ ਵੀ ਰੈਲੀ ਦੇ ਵਿਰੋਧ ਦਾ ਫੈਸਲਾ ਕੀਤਾ ਹੋਇਆ ਹੈ। ਪੁਲੀਸ ਨੇ ਪਾਰਟੀ ਆਗੂ ਗੁਰਚਰਨ ਸਿੰਘ ਕੋਟਲੀ ਦੇ ਘਰ ਛਾਪਾ ਵੀ ਮਾਰਿਅਾ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਆਖਿਆ ਕਿ ਉਹ ਵਿਰੋਧ ਦੇ ਫੈਸਲੇ ’ਤੇ ਕਾਇਮ ਹਨ।

ਸੂਤਰਾਂ ਨੇ ਦੱਸਿਆ ਹੈ ਕਿ ਅਕਾਲੀ ਦਲ (ਅੰਮ੍ਰਿਤਸਰ) ਦੀ ਸਦਭਾਵਨਾ ਰੈਲੀ ਵਾਲੇ ਦਿਨ ਮੁੱਖ ਸੜਕਾਂ ’ਤੇ ਜਾਮ ਲਾਉਣ ਦੀ ਵੀ ਯੋਜਨਾ ਹੈ। ਆਗੂ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ 23 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ ਉਹ ਇਸ ਦਿਨ ਮੁੱਖ ਸੜਕਾਂ ਅਤੇ ਲਿੰਕ ਸੜਕਾਂ ’ਤੇ ਟਰੈਫਿਕ ਵੀ ਜਾਮ ਕਰਨਗੇ। ਸੂਤਰਾਂ ਮੁਤਾਬਕ ਉਸੇ ਦਿਨ ਸਦਭਾਵਨਾ ਰੈਲੀ ਹੋਣ ਕਾਰਨ ਕੋਈ ਟਕਰਾਓ ਵੀ ਬਣ ਸਕਦਾ ਹੈ।

ਬਠਿੰਡਾ: ਬਠਿੰਡਾ ਦੀ ਸਦਭਾਵਨਾ ਰੈਲੀ ਦਾ ਇਕੱਠ ਵਿਰੋਧੀ ਤਾਕਤਾਂ ਨੂੰ ਕਰਾਰਾ ਜੁਆਬ ਦੇਵੇਗਾ। ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਨੇ ਅੱਜ ਰੈਲੀ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਨੂੰ ਮਾਤ ਦੇਣ ਲਈ ਸਦਭਾਵਨਾ ਰੈਲੀ ਦੀਆਂ ਤਿਆਰੀਆਂ ਵੀ ਜੁਟੇ ਹੋਏ ਹਨ।

Courtesy: Punjabi Tribune