ਮਲੂਕਾ ਬ੍ਰਿਗੇਡ ਦੀ ਕੁੱਟਮਾਰ ਦੇ ਸ਼ਿਕਾਰ ਜਰਨੈਲ ਸਿੰਘ ਦੀ ਹਾਲਤ ਗੰਭੀਰ

By November 21, 2015 0 Comments


ਫ਼ਰੀਦਕੋਟ, 21 ਨਵੰਬਰ:ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗਡ਼੍ਹ ਵਿੱਚ ਸ਼ੁੱਕਰਵਾਰ ਨੂੰ ਨੁੱਕਡ਼ ਮੀਟਿੰਗ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੇ ਜਰਨੈਲ ਸਿੰਘ (65 ਸਾਲ) ਦੀ ਮੰਤਰੀ ਦੀ ਬ੍ਰਿਗੇਡ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ, ਜਿਸ ਕਾਰਨ ਇਸ ਬਜ਼ੁਰਗ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

jarnail

ਜਰਨੈਲ ਸਿੰਘ ਨੂੰ ਦੇਰ ਰਾਤ ਕਮਿਊਨਿਟੀ ਹੈੱਲਥ ਸੈਂਟਰ, ਭਗਤਾ ਭਾਈਕਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਵਿਖੇ ਤਬਦੀਲ ਕੀਤਾ ਸੀ। ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਜਰਨੈਲ ਸਿੰਘ ਦਾ ਇਲਾਜ ਕਰ ਰਹੇ ਡਾਕਟਰ ਸਮੀਰ ਕਟਾਰੀਆ ਨੇ ਦੱਸਿਆ ਕਿ ਜਰਨੈਲ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਜਰਨੈਲ ਸਿੰਘ ਦੇ ਸਿਰ ਸਮੇਤ ਪੂਰੇ ਸਰੀਰ ਉੱਪਰ ਗੁੱਝੀਆਂ ਸੱਟਾਂ ਹਨ।

ਡਾਕਟਰਾਂ ਨੇ ਜਰਨੈਲ ਸਿੰਘ ਦੀ ਹਾਲਤ ਨੂੰ ਨਾਜ਼ੁਕ ਦੱਸਦਿਆਂ ਅੱਜ ਪੂਰਾ ਦਿਨ ਉਸ ਦੇ ਵੱਖ ਵੱਖ ਟੈਸਟ ਕਰਵਾਏ। ਫਰੀਦਕੋਟ ਪੁਲੀਸ ਦੇ ਉੱਚ ਅਧਿਕਾਰੀ ਚੁੱਪ ਚੁੱਪੀਤੇ ਜਰਨੈਲ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲੈਂਦੇ ਰਹੇ। ਪੂਰਾ ਦਿਨ ਜਰਨੈਲ ਸਿੰਘ ਬਾਰੇ ਅਫ਼ਵਾਹਾਂ ਉੱਡਦੀਆਂ ਰਹੀਆਂ।

ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ, ਅਮਨ ਵੜਿੰਗ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਜਰਨੈਲ ਸਿੰਘ ਦੇ ਇਲਾਜ ਲਈ ਇੱਥੇ ਵਿਸ਼ੇਸ਼ ਪ੍ਰਬੰਧ ਕਰਵਾਏ। ਜਰਨੈਲ ਸਿੰਘ ਦੇ ਪਿੰਡ ਵਾਸੀਅਾਂ ਨੇ ਦੋਸ਼ ਲਾਇਆ ਕਿ ਸ੍ਰੀ ਮਲੂਕਾ ਜਦੋਂ ਪਿੰਡ ’ਚ ਰੈਲੀ ਕਰਨ ਆਏ ਸਨ ਤਾਂ ਉਨ੍ਹਾਂ ਨਾਲ 150 ਦੇ ਕਰੀਬ ਨੌਜਵਾਨ ਸਨ, ਜਿਨ੍ਹਾਂ ਕੋਲ ਡਾਂਗਾਂ ਅਤੇ ਕਹੀ ਦੇ ਦਸਤੇ ਆਦਿ ਸਨ। ਮੀਟਿੰਗ ਵਾਲੀ ਥਾਂ ‘ਤੇ ਵਾਪਰੀ ਅਚਾਨਕ ਘਟਨਾ ਬਾਅਦ ਡਾਂਗਾਂ ਨਾਲ ਲੈਸ ਨੌਜਵਾਨਾਂ ਨੇ ਜਰਨੈਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ।