ਪੰਜਾਬ ਪੁਲੀਸ ਦੇ ਕਾਊਟਰ ਇੰਟੈਲੀਜੈਂਸ ਦੀ ਪੁਲੀਸ ਨੇ ਬੀ.ਐਸ.ਐਫ ਨਾਲ ਸਾਂਝਾ ਆਪਰੇਸ਼ਨ ਕਰਕੇ 21 ਕਿਲੋਗਰਾਮ ਹੈਰੋਇਨ

By November 21, 2015 0 Comments


ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ
21Nov15 Baldev SP.1
ਅੰਮ੍ਰਿਤਸਰ 21 ਨਵੰਬਰ (ਜਸਬੀਰ ਸਿੰਘ ਪੱਟੀ) ਖਾਲੜਾ ਸਰਹੱਦੀ ਖੇਤਰ ਵਿੱਚੋ ਪੰਜਾਬ ਸਰਕਾਰ ਦੇ ਕਾਊਟਰ ਇੰਟੈਲੀਜੈਸ ਵਿੰਗ ਦੀ ਅੰਮ੍ਰਿਤਸਰ ਸ਼ਾਖਾਂ ਦੇ ਏ.ਆਈ.ਜੀ ਸ੍ਰ ਬਲਦੇਵ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਵਿਭਾਗ ਦੀ ਟੀਮ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਾਂਝੀ ਕਾਰਵਾਈ ਕਰਕੇ ਬੀਤੀ ਰਾਤ 21 ਕਿਲੋਗਰਾਮ ਸ਼ੱਕੀ ਹੀਰੋਇਨ, ਹਥਿਆਰ ਤੋ ਗੋਲੀ ਸਿੱਕਾ ਬਰਾਮਦ ਕੀਤਾ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 155 ਕਰੋੜ ਮੰਨੀ ਜਾਂਦੀ ਹੈ।
ਜਾਰੀ ਇੱਕ ਬਿਆਨ ਰਾਹੀ ਪੰਜਾਬ ਪੁਲੀਸ ਦੇ ਏ.ਆਈ.ਜੀ ਸ੍ਰ ਬਲਦੇਵ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਖਾਲੜਾ ਸਰਹੱਦ ਦੇ ਨਜ਼ਦੀਕ ਗ਼ਜ਼ਲ ਸਰਹੱਦੀ ਪੋਸਟ ਦੇ ਨਾਲ ਲੱਗਦੀ ਸਰਹੱਦ ਰਾਹੀ ਹੀਰੋਇਨ ਦੀ ਇੱਕ ਵੱਡੀ ਖੇਪ ਆਉਣ ਵਾਲੀ ਹੈ ਤੇ ਉਹਨਾਂ ਨੇ ਤੁਰੰਤ ਸੀਮਾ ਸੁੱਰਖਿਆ ਬਲ ਦੇ ਅਧਿਕਾਰੀਆ ਨਾਲ ਰਾਬਤਾ ਕਾਇਮ ਕੀਤਾ ਤਾਂ ਸਾਂਝੇ ਆਪਰੇਸ਼ਨ ਦੌਰਾਨ ਉਹਨਾਂ ਨੂੰ 21 ਪੈਕਟ ਹੀਰੋਇਨ ਦੇ ਮਿਲੇ ਜਿਹੜੇ ਪਾਕਿਸਤਾਨ ਸਰਹੱਦ ਤੋ ਸਮੱਗਲ ਹੋ ਕੇ ਆਏ ਸਨ। ਉਹਨਾਂ ਦੱਸਿਆ ਕਿ ਇਸ ਦੇ ਨਾਲ ਇਲਾਕੇ ਦੀ ਛਾਣਬੀਣ ਦੌਰਾਨ ਇੱਕ .30 ਬੋਰ ਦਾ ਪਿਸਤੌਲ, ਪੰਜ ਜਿੰਦਾ ਰੋਂਦ ਅਤੇ .12 ੍ਰਬੋਰ ਦੇ ਚਾਰ ਚੱਲੇ ਹੋਏ ਖੋਲ ਮਿਲੇ ਹਨ। ਉਹਨਾਂ ਦੱਸਿਆ ਕਿ ਬੀਤੀ ਰਾਤ ਜਦੋ ਪਾਕਿਸਤਾਨੀ ਸਮੱਗਲਰ ਖੇਪ ਲੈ ਕੇ ਕੰਡਿਆਲੀ ਤਾਰ ਰਾਹੀ ਭਾਰਤ ਵਾਲੇ ਪਾਸੇ ਭੇਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਹਿਲਜੁਲ ਵੇਖਦਿਆ ਪੰਜਾਬ ਪੁਲੀਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾ ਨੇ ਪਾਕਿਸਤਾਨੀ ਸਮੱਗਲਰਾਂ ਨੂੰ ਲਲਕਾਰਿਆ ਪਰ ਉਹਨਾਂ ਅੱਗੋ ਗੋਲੀ ਚਲਾਉਣੀ ਸ਼ੁਰੂ ਦਿੱਤੀ। ਜਵਾਬੀ ਗੋਲੀਬਾਰੀ ਦੌਰਾਨ ਸਮੱਗਲਰ ਖੇਪ ਛੱਡ ਕੇ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਪਾਕਿਸਤਾਨ ਵਾਲੇ ਪਾਸੇ ਦੌੜਣ ਵਿੱਚ ਸਫਲ ਹੋ ਗਏ। ਇਲਾਕੇ ਦੀ ਛਾਣਬੀਣ ਕਰਨ ‘ਤੇ ਉਪਰੋਕਤ ਸਾਰਾ ਸਾਜੋ ਸਮਾਨ ਹੱਥ ਲੱਗਾ। ਉਹਨਾਂ ਦੱਸਿਆ ਕਿ ਇਹ ਖੇਪ ਪਾਕਿਸਤਾਨੀ ਬਦਨਾਮ ਸਮੱਗਲਰ ਕਾਲੂ ਉਰਫ ਕਾਲਾ ਵਾਸੀ ਸੇਹਜਰਾ ਅਤੇ ਨਾਸਿਰ ਖਾਂ ਪਠਾਣ ਵਾਸੀ ਲਾਹੌਰ ਵੱਲੋ ਆਪਣੇ ਭਾਰਤੀ ਸਮੱਗਲਰ ਸਾਥੀਆ ਨੂੰ ਭੇਜੀ ਗਈ ਸੀ। ਉਹਨਾਂ ਕਿਹਾ ਕਿ ਪਾਕਿਸਤਾਨੀ ਸਮੱਗਲਰਾਂ ਦੇ ਭਾਰਤੀ ਸਾਥੀਆ ਦੀ ਭਾਲ ਜਾਰੀ ਹੈ ਤੇ ਇਸ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 21 ਮਿਤੀ 21 ਨਵੰਬਰ 2105 ਭਾਰਤੀ ਦੰਡਾਵਲੀ ਦੀ ਧਾਰਾ 307 ਆਈ.ਪੀ.ਸੀ, 21,29.61/85 ਐਨ.ਡੀ.ਪੀ.ਐਸ ਐਕਟ ਤੇ 25,54/59 ਆਰਮਜ਼ ਐਕਟ, 14 ਵਿਦੇਸ਼ੀ ਐਕਟ ਅਤੇ3/34 ਆਈ.ਪੀ.ਐਕਟ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਉਹ ਖੇਪ ਮੰਗਵਾਉਣ ਵਾਲੇ ਭਾਰਤੀ ਸਮੱਗਲਰਾਂ ਦੀ ਤਹਿ ਤੱਕ ਪਹੁੰਚ ਕੇ ਇਸ ਰੈਕਿਟ ਨੂੰ ਨੰਗਾ ਕਰਨ ਵਿੱਚ ਸਫਲ ਹੋ ਜਾਣਗੇ। ਉਹ ਕਿਹਾ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ।

Posted in: ਪੰਜਾਬ