ਹਮਿਲਟਨ ਵਿਖੇ ਭਗਵੰਤ ਮਾਨ ਦੇ ‘ਲਾਈਵ ਸ਼ੋਅ’ ‘ਚ ਲੱਗੀਆਂ ਭਾਰੀ ਰੌਣਕਾਂ

By November 21, 2015 0 Comments


ਹਾਸਿਆਂ ਦੇ ਵਿਚ ਛੁਪੇ ਰਹੇ ਪੰਜਾਬੀ ਬਚਪਨ, ਲੋਕ ਰੰਗ, ਘਰੇਲੂ ਟੋਟਕੇ ਅਤੇ ਪੰਜਾਬ ਦੀ ਨਿਘਰਦੀ ਹਾਲਤ
ਆਕਲੈਂਡ-21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਬੀਤੀ ਰਾਤ ਹਮਿਲਟਨ ਵਿਖੇ ਵਿਨਟੈਕ ਐਟਰੀਅਮ ਦੇ ਵਿਚ ਭਗਵੰਤ ਮਾਨ ਦਾ ਲਾਈਵ ਸ਼ੋਅ ਈਵੈਂਟ ਪ੍ਰੋਮੋਟਰ ਅਤੇ ਮੀਡੀਆ ਗੰਨਜ਼ ਦੇ ਪ੍ਰਬੰਧ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ। ਕੋਈ 400 ਦੇ ਕਰੀਬ ਦਰਸ਼ਕਾਂ ਨਾਲ ਭਰੇ ਇਸ ਹਾਲ ਦੇ ਵਿਚ ਗੋਲ ਟੇਬਲਾਂ ਦੇ ਬੈਠੇ ਦਰਸ਼ਕਾਂ ਨੇ ਬੜੇ ਸ਼ਾਂਤ ਚਿਤ ਹੋ ਕੇ, ਹਾਸਿਆਂ ਦੇ ਨਾਲ ਸਾਥ ਦੇ ਕੇ ਅਤੇ ਗੰਭੀਰਤਾ ਵਾਲੇ ਮੁੱਦਿਆਂ ਉਤੇ ਪੰਜਾਬ ਵੱਲ ਉਡਦੀ ਅੰਤਰ ਆਤਮਾ ਨੂੰ ਪੰਜਾਬ ਦੇ ਹੋਰ ਨੇੜੇ ਕਰਕੇ ਸੁਣਿਆ। ਭਗਵੰਤ ਮਾਨ ਨੇ ਲਾਈਵ ਸ਼ੋਅ ਦੀ ਦੌਰਾਨ ਟੋਟਕਿਆਂ ਦੀ ਲੜੀ ਆਪਣੇ ਪੁਰਾਣੇ ਅਤੇ ਨਵੇਂ ਮੈਟਰ ਨਾਲ ਚਲਾਈ ਪਰ ਜਦੋਂ ਕਿਤੇ ਪੰਜਾਬ ਦੇ ਮੌਜੂਦਾ ਹਾਕਮਾਂ ਦੀ ਗੱਲ ਕਰਦਿਆਂ ਕਾਮੇਡੀ ਸੂਈ ਉਧਰ ਮੋੜੀ ਤਾਂ ਹਾਸਿਆਂ ਦਾ ਫੁਹਾਰੇ ਉਨ੍ਹਾਂ ਨੂੰ ਸ਼ਰਮਸਾਰ ਕਰਦੇ ਲੱਗੇ। ਲਗਪਗ 8 ਵਜੇ ਸ਼ੁਰੂ ਹੋਏ ਇਸ ਕਾਮੇਡੀ ਸ਼ੋਅ ਨੂੰ ਭਗਵੰਤ ਮਾਨ ਨੇ ਇਕ ਤਰ੍ਹਾਂ ਨਾਨ-ਸਟਾਪ ਹੀ ਸਵਾ ਦੋ ਘੰਟੇ ਤੱਕ ਖਿੱਚੀ ਰੱਖਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਰਾਜੀਵ ਬਾਜਵਾ ਦੀ ਨਿੱਕੀ ਜਿਹੀ ਬੇਟੀ ਨੇ ਇਕ ਨੇਤਾ ਦੇ ਵਿਚ ਕਿਹੜੇ ਗੁਣ ਹੋਣ, ਉਤੇ ਆਪੇ ਤਿਆਰ ਕੀਤਾ ਭਾਸ਼ਣ ਬੋਲਿਆ, ਜੋ ਕਿ ਸਲਾਹੁਣਯੋਗ ਸੀ। ਸ੍ਰੀ ਬਾਜਵਾ, ਸ. ਖਗੜ ਸਿੰਘ ਅਤੇ ਸ. ਹਰਪਾਲ ਸਿੰਘ ਪਾਲ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ। ਸਾਰੇ ਸਪਾਂਸਰਜ਼ ਦਾ ਪ੍ਰਬੰਧਕਾਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ। ਦਰਸ਼ਕਾਂ ਦੇ ਲਈ ਵਧੀਆ ਰਾਤ ਦੇ ਖਾਣੇ ਦਾ ਪ੍ਰਬੰਧ ਸੀ। ਸ਼ੋਅ ਤੋਂ ਬਾਅਦ ਦਰਸ਼ਕਾਂ ਨੇ ਭਗਵੰਤ ਮਾਨ ਹੋਰਾਂ ਦੇ ਨਾਲ ਗਰੁੱਪ ਫੋਟੋਆਂ ਵੀ ਖਿਚਵਾਈਆਂ। ਇਕ ਛੋਟਾ ਬੱਚਾ ਪੱਗ ਬੰਨ੍ਹ ਕੇ ਪੁਜਿਆ ਹੋਇਆ ਸੀ, ਉਸਨੂੰ ਪੁਛਿਆ ਕਿ ਭਗਵੰਤ ਮਾਨ ਕੋਣ ਹੈ? ਤਾਂ ਉਸ ਬੱਚੇ ਨੇ ਕਿਹਾ ਜੋ ਕਿ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਗਵੰਤ ਮਾਨ ਨੇ ਬੱਚੇ ਨੂੰ ਬੜਾ ਪਿਆਰ ਦਿੱਤਾ। ਇਸ ਦੇ ਨਾਲ ਹੀ ਭਗਵੰਤ ਮਾਨ ਉਤੇ ਵਿਦੇਸ਼ੀ ਲੋਕਾਂ ਤੇ ਨਵੀਂ ਪੀੜ੍ਹੀ ਦੀ ਰੱਖੀ ਹੋਈ ਆਸ ਨੂੰ ਉਸ ਤੱਕ ਪੁੱਜਦਾ ਕਰ ਦਿੱਤਾ ਗਿਆ। ਸ. ਖੜਗ ਸਿੰਘ ਤੇ ਸ੍ਰੀ ਰਾਜੀਵ ਬਾਜਵਾ ਨੇ ਸਾਰੇ ਸਪਾਂਸਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਅੰਤ ਇਹ ਲਾਈਵ ਸ਼ੋਅ ਬਹੁਤ ਹੀ ਸਫਲ ਰਿਹਾ। ਅੱਜ ਆਕਲੈਂਡ ਵਿਖੇ ਸ਼ਾਮ 7.30 ਵਜੇ ਲਾਈਵ ਸ਼ੋਅ ਹੋ ਰਿਹਾ ਹੈ ਇਸ ਵਾਸਤੇ ਪ੍ਰਬੰਧਕਾਂ ਅਤੇ ਭਗਵੰਤ ਮਾਨ ਨੇ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।